Welcome to Canadian Punjabi Post
Follow us on

29

November 2020
ਨਜਰਰੀਆ

ਜਮੂਰੇ ਦੀਆਂ ਚਮਤਕਾਰੀ ਐਨਕਾਂ

October 21, 2020 09:22 AM

-ਰਾਮਦਾਸ ਬੰਗੜ
ਜਮੂਰੇ...
ਬੋਲ ਮਦਾਰੀ...
ਬੋਲ ਦੁਨੀਆ ਗੋਲ ਏ...
ਨਾ ਮਦਾਰੀ ਦੁਨੀਆ ਤਾਂ ਚੌਰਸ ਐ...
ਦਿਮਾਗ ਹਿੱਲ ਗਿਆ ਤੇਰਾ ਵੱਡੇ ਢਿੱਡ ਆਲਿਆ...
ਨਹੀਂ ਮਦਾਰੀ, ਮੇਰੀ ਨਿਗ੍ਹਾ ਹਿੱਲ ਗਈ ਐ, ਮੈਨੂੰ ਐਨਕਾਂ ਦੀ ਲੋੜ ਹੈ।
ਬੋਲ ਫਿਰ ਸ਼ੀਸ਼ਾ ਦੂਰ ਦਾ ਹੋਵੇ ਜਾਂ ਨੇੜੇ ਦਾ?
ਮਦਾਰੀ, ਮੈਨੂੰ ਐਨਕ ਸ਼ੀਸ਼ੇ ਵਾਲੀ ਨਹੀਂ, ‘ਪੈਸੇ ਵਾਲੀ’ ਚਾਹੀਦੀ ਐ।
ਪੈਸੇ ਵਾਲੀ? ਇਹ ਕਿਹੜੀ ਐਨਕ ਹੁੰਦੀ ਐ ਬਈ?
ਇਹ ਚਮਤਕਾਰੀ ਐਨਕ ਹੁੰਦੀ ਐ, ਜਿਸ ਨੂੰ ਲਾ ਕੇ ਉਹ ਕੁਝ ਵੀ ਦਿੱਸ ਜਾਂਦੈ, ਜੋ ਹੁੰਦਾ ਹੀ ਨਹੀਂ ਤੇ ਜੇ ਨਾ ਲੱਗੇ ਤਾਂ ਜੋ ਹੁੰਦੈ, ਉਹ ਵੀ ਨਹੀਂ ਦਿੱਸਦਾ।
ਜਮੂਰੇ ਸਾਫ-ਸਾਫ ਦੱਸ, ਕਹਿਣਾ ਕੀ ਚਾਹੁਨੈ?
ਮਦਾਰੀ, ਤੇਰੇ ਘਰ ਨੂੰ ਜਾਣ ਵਾਲੀ ਗਲੀ ਪਟਵਾਰੀ ਨੂੰ ਕਾਗਜ਼ਾਂ ਵਿੱਚ ਦਿੱਸਦੀ ਸੀ?
ਨਹੀਂ ਜਮੂਰੇ...
ਫਿਰ ਕਿੱਦਾਂ ਦਿੱਸੀ?
ਚੜ੍ਹਾਵਾ ਚਾੜ੍ਹਿਆ ਤਾਂ ਜਾ ਕੇ ਉਸ ਨੂੰ ਕਾਗਜ਼ਾਂ 'ਚੋਂ ਗਲੀ ਲੱਭੀ ਸੀ।
ਬੱਸ ਫਿਰ ਉਹੀ ਹੁੰਦੀ ਐ ‘ਪੈਸੇ ਵਾਲੀ ਐਨਕ’....
ਜਮੂਰੇ, ਮੈਂ ਤੇਰੀਆਂ ਗੱਲਾਂ 'ਤੇ ਯਕੀਨ ਨਹੀਂ ਕਰਦਾ
ਮਦਾਰੀ, ਤੂੰ ਹੋਰ ਸੁਣ, ਕਿੰਨੇ ਬੈਂਕ ਡਿਫਾਲਟਰ ਲੋਕ ਸਾਡਾ ਅਰਬਾਂ ਰੁਪਏ ਲੈ ਵਿਦੇਸ਼ਾਂ ਨੂੰ ਜਾ ਉੱਡੇ ਤੇ ਜਾਂਦੇ ਹੋਏ ਸਾਡੇ ਸਿਆਸਤਦਾਨਾਂ ਦੇ ਇਹ ਪੈਸੇ ਵਾਲੀ ਚਮਤਕਾਰੀ ਐਨਕ ਲਾ ਗਏ।
ਜਮੂਰੇ, ਲੀਡਰਾਂ ਵਾਂਗ ਮੈਨੂੰ ਆਪਣੀਆਂ ਗੱਲਾਂ ਵਿੱਚ ਨਾ ਉਲਝਾ।
ਮਦਾਰੀ, ਮੈਂ ਉਲਝਾ ਨਹੀਂ ਰਿਹਾ, ਮੈਂ ਦੱਸ ਰਿਹੈਂ ਕਿ ਅੱਜ ਕੱਲ੍ਹ ਥਾਣੇ ਕਚਹਿਰੀਆਂ ਤੇ ਹੋਰ ਦਫਤਰਾਂ ਵਿੱਚ ਬੈਠੇ ਵੱਡੇ ਢਿੱਡਾਂ ਵਾਲੇ ਬਹੁਤੇ ਲੋਕਾਂ ਦੀ ਨਿਗ੍ਹਾ ਇਸ ਚਮਤਕਾਰੀ ਐਨਕ 'ਤੇ ਟਿਕ ਚੁੱਕੀ ਐ।
ਜਮੂਰੇ, ਜਿ਼ਦ ਨਾ ਕਰ, ਨਹੀਂ ਤਾਂ ਮੈਂ ਨਿਗ੍ਹਾ ਦੇ ਨਾਲ-ਨਾਲ ਤੇਰਾ ਦਿਮਾਗ ਵੀ ਠੀਕ ਕਰ ਦੇਣੈ।
ਮਦਾਰੀ, ਅੱਜ ਗੁੱਸੇ ਨਾ ਹੋ, ਠੰਢਾ ਹੋ ਕੇ ਸੁਣੀ ਚੱਲ, ਇਹ ਐਨਕ ਤਾਂ ਸਾਡੇ ਕਈ ਡਾਕਟਰ ਵੀ ਲਾਉਣ ਲੱਗ ਪਏ ਨੇ, ਜੋ ਕਈ-ਕਈ ਦਿਨ ਮਰੇ ਪਏ ਬੰਦੇ ਦਾ ਹੀ ਇਲਾਜ ਕਰੀ ਜਾਂਦੇ ਨੇ।
ਜਮੂਰੇ, ਤੂੰ ਤਾਂ ਮੈਨੂੰ ਅੱਜ ਬੜੇ ਅਚੰਭੇ ਵਿੱਚ ਪਾ ਦਿੱਤੈ।
ਮਦਾਰੀ, ਤੂੰ ਇੱਕ ਹੋਰ ਗੱਲ ਸੁਣ, ਸਾਡੇ ਬਹੁਤੇ ਲੀਡਰ ਆਪਣੀ ਪਾਰਟੀ ਲਈ ਉਮੀਦਵਾਰ ਖੜੇ ਕਰਨ ਲਈ ਵੀ ਇਹ ਚਮਤਕਾਰੀ ਐਨਕ ਲਾਉਂਦੇ ਨੇ।
ਉਹ ਕਿੱਦਾਂ ਜਮੂਰੇ?
ਇਸ ਚਮਤਕਾਰੀ ਐਨਕ ਰਾਹੀਂ ਉਨ੍ਹਾਂ ਨੂੰ ਉਮੀਦਵਾਰ ਦਾ ਸਮਾਜਕ ਕੱਦ ਵੱਡਾ ਲੱਗਣ ਲੱਗ ਜਾਂਦਾ ਹੈ, ਉਂਝ ਭਾਵੇਂ ਉਹ ਪੰਚੀ ਦੀ ਚੋਣ ਵੀ ਜਿੱਤਣ ਦੇ ਲਾਇਕ ਨਾ ਹੋਣ।
ਜਮੂਰ,ੇ ਤੂੰ ਤਾਂ ਮੇਰੀਆਂ ਅੱਖਾਂ ਖੋਲ੍ਹ ਕੇ ਰੱਖ ਦਿੱਤੀਆਂ।
ਮਦਾਰੀ, ਤੇਰੀਆਂ ਅੱਜ ਅੱਖਾਂ ਹੀ ਨਹੀਂ, ਦਿਮਾਗ ਦੇ ਫਾਟਕ ਖੋਲ੍ਹ ਦਿਆਂਗਾ।
ਕਿਉਂ, ਅਗਲੀ ਕਿਹੜੀ ਨਵੀਂ ਮਿਜ਼ਾਈਲ ਛੱਡਣ ਲੱਗਿਆਂ ਤੂੰ?
ਮਦਾਰੀ, ਅੱਜ ਤੂੰ ਵੋਟਾਂ ਤੋਂ ਪਹਿਲਾਂ ਚੋਣ ਰੈਲੀ 'ਚ ਬੈਠੇ ਵੋਟਰਾਂ ਵਾਂਗੂ ਬੱਸ ਮੇਰੀਆਂ ਹੀ ਸੁਣਦਾ ਰਹਿ।
ਜਮੂਰੇ, ਤੂੰ ਜੋ ਸੁਣਾਉਣੈ, ਸੁਣਾ ਛੱਡ, ਵੈਸੇ ਵੀ ਸਾਡੀ ਸੁਣਨ ਦੀ ਆਦਤ ਨੇ ਸਾਡਾ ਬੋਲਣਾ ਬੰਦ ਕਰ ਰੱਖਿਐ।
ਸੁਣ ਫਿਰ, ਸਾਡੇ ਦੇਸ਼ 'ਚ ਚਮਤਕਾਰੀ ਐਨਕਾਂ ਵਾਲੇ ਬੰਦਿਆਂ ਨੂੰ ਫੜਨ ਲਈ ਵੀ ਇੱਕ ਮਹਿਕਮਾ ਬਣਿਐ।
ਹਲਾ..., ਜਮੂਰੇ ਇਹ ਤਾਂ ਮੈਨੂੰ ਅੱਜ ਪਤਾ ਲੱਗੈ, ਫਿਰ ਇਹ ਮਹਿਕਮਾ ਇਨ੍ਹਾਂ ਨੂੰ ਕੰਨ ਤੋਂ ਜ਼ਰੂਰ ਫੜਦਾ ਹੋਣੈ?
ਨਹੀਂ ਮਦਾਰੀ, ਇਹ ਵੀ ਤੇਰਾ ਵਹਿਮ ਐ, ਤੈਨੂੰ ਪਤੈ ਇਹ ਚਮਤਕਾਰੀ ਐਨਕਾਂ ਵਾਲੇ ਲੋਕ ਤਾਂ ਉਸ ਮਹਿਕਮੇ ਵਾਲਿਆਂ ਦੇ ਵੀ ਆਪਣੇ ਵਰਗੀਆਂ ਐਨਕਾਂ ਲਾ ਦਿੰਦੇ ਨੇ।
...ਤੇ ਫਿਰ ਕੀ ਹੁੰਦੈ ਜਮੂਰੇ?
ਹੋਣਾ ਕੀ ਐ ਮਦਾਰੀ? ਉਨ੍ਹਾਂ ਨੂੰ ਇਹ ਲੁਟੇਰੇ ਲੋਕ ਫਿਰ ਸਾਧ ਨਜ਼ਰ ਆਉਣ ਲੱਗ ਜਾਂਦੇ ਨੇ।
ਮੈਨੂੰ ਲਗਦੈ ਜਮੂਰੇ ਕਿ ਤੂੰ ਲੋੜ ਤੋਂ ਵੱਧ ਬੋਲਣ ਲੱਗ ਗਿਐਂ, ਤੂੰ ਪੁਲਸ ਤੋਂ ਡੰਡਾ ਪਰੇਡ ਕਰਵਾ ਕੇ ਦਮ ਲਵੇਂਗਾ।
ਮਦਾਰੀ, ਤੈਨੂੰ ਕੀ ਲੱਗਦੈ ਪੁਲਸ ਦੀਆਂ ਅੱਖਾਂ 'ਤੇ ਇਹ ਐਨਕ ਫਿੱਟ ਨਹੀਂ ਆਉਂਦੀ? ਤੈਨੂੰ ਮੈਂ ਦੱਸਾਂ, ਸਭ ਤੋਂ ਮਹਿੰਗੀ ਐਨਕ ਅੱਜ ਕੱਲ੍ਹ ਪੁਲਸ ਵਾਲੇ ਵਰਤਦੇ ਨੇ, ਬਹੁਤੇ ਪੁਲਸ ਵਾਲੇ ਤਾਂ ਇਸ ਚਮਤਕਾਰੀ ਐਨਕ ਨੂੰ ਹਰ ਵਕਤ ਹੀ ਲਾ ਕੇ ਰੱਖਦੇ ਹਨ। ਤਾਂ ਹੀ ਨਾਕੇ ਉੱਤੇ ਖੜੇ ਉਨ੍ਹਾਂ ਪੁਲਸ ਵਾਲਿਆਂ ਨੂੰ ਬਗੈਰ ਕਾਗਜ਼ਾਂ ਅਤੇ ਪਰਮਟਾਂ ਤੋਂ ਚੱਲਣ ਵਾਲੀਆਂ ਗੱਡੀਆਂ ਦੇ ਪੇਪਰ ਵੀ ਪੂਰੇ ਨਜ਼ਰ ਆਉਣ ਲੱਗ ਪੈਂਦੇ ਨੇ।
ਓਹ ਤੇਰਾ ਬੇੜ੍ਹਾ ਤਰਜੇ..., ਜਮੂਰੇ, ਤੂੰ ਤਾਂ ਅੱਜ ਮੇਰੇ ਪੈਰਾਂ ਹੇਠੋਂ ਜ਼ਮੀਨ ਹੀ ਖਿੱਚ ਦਿੱਤੀ ਐ।
ਇਥੇ ਮਦਾਰੀ ਜ਼ਮੀਨਾਂ ਦੇ ਵੱਡੇ-ਵੱਡੇ ਟੱਕ ਸਰਕਾਰ ਦੇ ਪੈਰਾਂ ਹੇਠੋਂ ਖਿਸਕਾ ਕੇ ਅਗਲਿਆਂ ਨੇ ਆਪਣੇ ਨਾਂਅ ਲਗਵਾ ਲਏ ਨੇ, ਤੂੰ ਆਪਣੇ ਪੈਰਾਂ ਹੇਠਲੀ ਜ਼ਮੀਨ ਨੂੰ ਰੋਈ ਜਾਨੈ।
ਜਮੂਰੇ, ਤੂੰ ਮੈਨੂੰ ਖੂਹ 'ਚ ਧੱਕਾ ਦੇ ਦੇ, ਪੈਰਾਂ ਦੀ ਜ਼ਮੀਨ ਦਿਆ ਲੱਗਦਿਆ, ਜੇ ਤੂੰ ਅਜੇ ਵੀ ਮੇਰਾ ਸਾਥ ਨਾ ਦਿੱਤਾ ਤਾਂ ਲੋਕਾਂ ਨੇ ਮੇਰਾ ਸਿਰ ਕੁੱਟ ਦੇਣੈ, ਜਮੂਰੇ, ਤੂੰ ਮੇਰੀ ਬੇਇੱਜ਼ਤੀ ਨਾ ਕਰਵਾ, ਵੇਖ ਕਿੰਨੇ ਲੋਕ ਆਪਣਾ ਤਮਾਸ਼ਾ ਦੇਖ ਰਹੇ ਨੇ, ਮੈਂ ਤੇਰੀ ਤਨਖਾਹ ਦੁੱਗਣੀ ਕਰ ਦਿੰਦਾ ਹਾਂ ਤੇ ਨਾਲ ਕਮਿਸ਼ਨ ਵੀ ਦੇਵਾਂਗਾ।
ਠੀਕ ਐ ਮਦਾਰੀ, ਆਹ ਬਣੀ ਐ ਗੱਲ, ਤੂੰ ਤਾਂ ਜਮਾਂ ਈ ਸੱਚ ਬੋਲਦੈਂ, ਦੁਨੀਆ ਗੋਲ ਹੈ ਇਹ ਦੁਨੀਆ ਗੋਲ ਹੈ...

Have something to say? Post your comment