Welcome to Canadian Punjabi Post
Follow us on

15

June 2021
 
ਨਜਰਰੀਆ

ਜ਼ਿੰਦਗੀ ਦੀ ਦੌੜ

October 20, 2020 10:19 AM

-ਡਾਕਟਰ ਅਰਵਿੰਦਰ ਸਿੰਘ ਨਾਗਪਾਲ

ਅੱਜਕੱਲ੍ਹ ਦੇ ਪਦਾਰਥਵਾਦੀ ਯੁੱਗ ਵਿੱਚ ਜਦੋਂ ਅਸੀਂ ਆਪਣੇ ਸੁਆਰਥੀ ਹਿੱਤਾਂ ਲਈ ਦਿਨ ਰਾਤ ਇੱਕ ਦੌੜ ਵਿੱਚ ਲੱਗੇ ਹੋਏ ਹਾਂ ਤਾਂ ਉਹ ਜ਼ਮਾਨਾ ਬਹੁਤ ਯਾਦ ਆਉਂਦਾ ਹੈ ਜਦੋਂ ਲੋਕ ਬਿਨਾਂ ਕਿਸੇ ਸਵਾਰਥ ਦੇ ਇੱਕ ਦੂਸਰੇ ਦਾ ਫਿਕਰ ਕਰਦੇ ਸਨ ਅਤੇ ਮਿਲਜੁਲ ਕੇ ਸਾਂਝੇ ਰਾਹ 'ਤੇ ਚੱਲਦੇ ਹੁੰਦੇ ਸਨ।
ਮੈਨੂੰ ਅੱਜ ਤੋਂ ਕੁਝ ਦਹਾਕੇ ਪਹਿਲਾਂ ਦਾ ਆਪਣੇ ਬਚਪਨ ਦਾ ਸਮਾਂ ਅੱਜ ਤੱਕ ਯਾਦ ਹੈ, ਜੋ ਮੈਂ ਜ਼ਿਲਾ ਹੁਸ਼ਿਆਰਪੁਰ ਦੇ ਛੋਟੇ ਜਿਹੇ ਪਿੰਡ ਬੋਦਲ ਗਰਨਾ ਸਾਹਿਬ ਵਿੱਚ ਗੁਜ਼ਾਰਿਆ ਸੀ। ਉਸ ਪਿੰਡ ਦੇ ਬਾਗ਼ਾਂ ਤੋਂ ਤੋੜੇ ਹੋਏ ਅੰਬਾਂ ਦੀ ਮਿਠਾਸ ਤੇ ਪਿੰਡ ਵਿੱਚ ਲੱਗੇ ਗੰਨੇ ਤੇ ਉਸ ਤੋਂ ਬਣਾਏ ਤਾਜ਼ੇ ਗੁੜ ਦੇ ਸਵਾਦ ਦੀ ਯਾਦ ਅੱਜ ਵੀ ਮੂੰਹ ਵਿੱਚ ਪਾਣੀ ਲਿਆ ਦਿੰਦੀ ਹੈ। ਮੇਰੇ ਮਾਤਾ ਜੀ 1958 ਵਿੱਚ ਬੋਦਲਾਂ ਦੇ ਸਰਕਾਰੀ ਸਕੂਲ ਵਿੱਚ ਅਧਿਆਪਕ ਸਨ। ਸਾਡਾ ਪਰਵਾਰ ਉਸ ਪਿੰਡ ਲਗਾਤਾਰ ਪੰਜ ਸਾਲ ਰਿਹਾ। ਉਹ ਇਲਾਕਾ ਅੰਬਾਂ ਦੇ ਬਾਗ਼ ਅਤੇ ਗੰਨੇ ਦੀ ਫਸਲ ਲਈ ਮਸ਼ਹੂਰ ਸੀ। ਪਿੰਡ ਦਾ ਇਹ ਰਿਵਾਜ ਸੀ ਕਿ ਬਾਗ਼ ਵਿੱਚੋਂ ਆਈ ਅੰਬਾਂ ਦੀ ਪਹਿਲੀ ਟੋਕਰੀ ਸਕੂਲ ਦੇ ਅਧਿਆਪਕ ਤੇ ਪਿੰਡ ਵਾਸੀਆਂ ਨਾਲ ਵੰਡ ਕੇ ਸਾਂਝੀ ਕੀਤੀ ਜਾਂਦੀ ਸੀ। ਇਸੇ ਤਰ੍ਹਾਂ ਤਾਜ਼ੇ ਗੁੜ ਦੀ ਪਹਿਲੀ ਖੇਪ ਵੀ ਸਾਰਿਆਂ ਵਿੱਚ ਵੰਡ ਕੇ ਖੁਸ਼ੀ ਮਨਾਈ ਜਾਂਦੀ ਸੀ।
ਅੱਜ ਵੀ ਮੇਰੀਆਂ ਅੱਖਾਂ ਸਾਹਮਣੇ ਉਹ ਨਜ਼ਾਰਾ ਤਾਜ਼ਾ ਹੋ ਜਾਂਦਾ ਹੈ, ਜਦੋਂ ਅੰਬਾਂ ਦੀ ਟੋਕਰੀ ਸਾਡੇ ਘਰ ਪਹੁੰਚਦੀ ਸੀ। ਮੇਰੇ ਮਾਤਾ ਜੀ ਅੰਬਾਂ ਨੂੰ ਠੰਢੇ ਪਾਣੀ ਵਾਲੀ ਬਾਲਟੀ ਵਿੱਚ ਪਾ ਦਿੰਦੇ ਸਨ। ਫਿਰ ਸਾਰੇ ਬੱਚਿਆਂ ਦੇ ਕੱਪੜੇ ਉਤਾਰ ਕੇ ਬਾਲਟੀ ਉਨ੍ਹਾਂ ਦੇ ਵਿਚਕਾਰ ਰੱਖ ਦਿੱਤੀ ਜਾਂਦੀ। ਅਸੀਂ ਬਾਲਟੀ ਵਿੱਚੋਂ ਇੱਕ ਇੱਕ ਕਰ ਕੇ ਅੰਬ ਕੱਢ ਕੇ ਉਸ ਨੂੰ ਚੂਪ ਕੇ ਉਸ ਦੇ ਰਸ ਦਾ ਸੁਆਦ ਲੈਂਦੇ ਸੀ ਤੇ ਗੁਟੀਆਂ ਅਤੇ ਛਿੱਲੜ ਇੱਕ ਪਾਸੇ ਸੁੱਟ ਦਿੰਦੇ ਸੀ। ਦਿਨ ਖਤਮ ਹੋਣ ਤੱਕ ਅੰਬ ਦਾ ਰਸ ਸਾਡੇ ਪਿੰਡੇ ਅਤੇ ਚਿਹਰੇ 'ਤੇ ਹਰ ਜਗ੍ਹਾ ਚਿਪਕ ਜਾਂਦਾ। ਫਿਰ ਮਾਤਾ ਜੀ ਸਾਨੂੰ ਚੰਗੀ ਤਰ੍ਹਾਂ ਨੁਹਾਉਂਦੇ ਹੁੰਦੇ ਸਨ। ਮੈਂ ਅਤੇ ਮੇਰੀਆਂ ਭੈਣਾਂ ਹਰ ਸਾਲ ਅੰਬਾਂ ਦੇ ਸੀਜ਼ਨ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰਦੇ।
ਇਹੀ ਹਾਲ ਗੁੜ ਦੇ ਸੀਜ਼ਨ ਦਾ ਸੀ। ਪਿੰਡਾਂ ਵਿੱਚ ਕਹਾਵਤ ਹੈ, ‘ਜੱਟ ਗੰਨਾ ਨਹੀਂ ਦਿੰਦਾ, ਗੁੜ ਦੀ ਰੋੜੀ ਦੇ ਦਿੰਦਾ ਹੈ'। ਇਸ ਦਾ ਮਤਲਬ ਹੈ ਕਿ ਕਿਸਾਨ ਨੂੰ ਆਪਣੀ ਗੰਨੇ ਦੀ ਫਸਲ ਬਹੁਤ ਪਿਆਰੀ ਹੁੰਦੀ ਹੈ, ਇਸ ਲਈ ਉਸ ਦੇ ਪੱਕਣ ਤੋਂ ਪਹਿਲਾਂ ਉਹ ਕਿਸੇ ਨੂੰ ਹੱਥ ਨਹੀਂ ਲਗਾਉਣ ਦਿੰਦਾ, ਪੱਕਣ ਤੋਂ ਬਾਅਦ ਉਸ ਦੇ ਰਸ ਤੋਂ ਤਿਆਰ ਹੋਏ ਗੁੜ ਦਾ ਸੁਆਦ ਉਹ ਸਾਰਿਆਂ ਨੂੰ ਚਖਾਉਂਦਾ ਹੈ। ਮੈਨੂੰ ਰਸ ਤੋਂ ਗੁੜ ਬਣਨ ਦੇ ਨਜ਼ਾਰੇ ਦੇਖਣ ਦਾ ਬਹੁਤ ਸ਼ੌਕ ਸੀ। ਕਿਸਾਨਾਂ ਨੇ ਖੇਤਾਂ ਵਿੱਚ ਗੰਨਾ ਪੀੜਨ ਵਾਲੀ ਕੁਲਾੜੇ ਲਾਏ ਹੁੰਦੇ ਸਨ। ਵੱਡੀ ਭੱਠੀ (ਚੁੰਭਾ) ਉਤੇ ਗੰਨੇ ਦੇ ਰਸ ਨੂੰ ਗੁੜ ਵਿੱਚ ਬਦਲਿਆ ਜਾਂਦਾ ਸੀ। ਉਸ ਦੀ ਉਪਰਲੀ ਤਹਿ ਦੀ ਚਮਕ ਸੂਰਜ ਦੀ ਰੋਸ਼ਨੀ ਨੂੰ ਮਾਤ ਕਰਦੀ ਸੀ। ਇਹ ਮਿਹਨਤਕਸ਼ ਲੋਕ ਤਾਜ਼ਾ ਗੁੜ ਦੀਆਂ ਭੇਲੀਆਂ ਨੂੰ ਕੱਪੜੇ ਵਿੱਚ ਬੰਨ੍ਹ ਕੇ ਸਾਡੇ ਘਰ ਪੁਚਾ ਜਾਂਦੇ ਸਨ। ਸਾਡੇ ਸ਼ਹਿਰਾਂ ਵਿੱਚ ਰਹਿੰਦੇ ਰਿਸ਼ਤੇਦਾਰ ਅੰਬ ਅਤੇ ਗੁੜ ਦੇ ਸੀਜ਼ਨ ਵਿੱਚ ਸਾਡੇ ਕੋਲ ਆਉਣ ਦਾ ਪ੍ਰੋਗਰਾਮ ਬਣਾਉਂਦੇ ਸਨ ਤਾਂ ਕਿ ਉਹ ਤਾਜ਼ਾ ਅੰਬ ਤੇ ਗੁੜ ਦਾ ਸੁਆਦ ਲੈ ਸਕਣ।
ਜਦੋਂ ਮੇਰੇ ਮਾਤਾ ਜੀ ਦੀ ਬਦਲੀ ਲੁਧਿਆਣੇ ਹੋ ਗਈ ਤਾਂ ਸਾਨੂੰ ਲੱਗਿਆ ਕਿ ਤਾਜ਼ਾ ਅੰਬ ਅਤੇ ਗੁੜ ਤੋਂ ਵਾਂਝੇ ਹੋ ਗਏ ਹਾਂ, ਪਰ ਸਾਨੂੰ ਉਦੋਂ ਬੜੀ ਹੈਰਾਨੀ ਹੋਈ, ਜਦੋਂ ਅੰਬਾਂ ਦੇ ਸੀਜ਼ਨ ਵਿੱਚ ਬੋਦਲਾਂ ਦਾ ਇੱਕ ਕਿਸਾਨ ਅੰਬਾਂ ਦੀ ਟੋਕਰੀ ਲੈ ਕੇ ਸਾਡੇ ਘਰ ਆ ਗਿਆ। ਉਸ ਨੇ ਕਿਹਾ, ‘‘ਭੈਣ ਜੀ, ਇਹ ਮੇਰੇ ਅੰਬਾਂ ਦੀ ਪਹਿਲੀ ਟੋਕਰੀ ਹੈ, ਤਾਂ ਕੀ ਹੋਇਆ, ਜੇ ਤੁਸੀਂ ਸਾਡੇ ਪਿੰਡ ਨਹੀਂ ਪੜ੍ਹਾਉਂਦੇ, ਸਾਡੇ ਦਿਲ ਵਿੱਚ ਤੁਹਾਡੇ ਲਈ ਸਤਿਕਾਰ ਨਹੀਂ ਘਟਿਆ। ਜਦੋਂ ਤੱਕ ਮੈਂ ਜਿਊਂਦਾ ਹਾਂ ਤੁਹਾਡੇ ਹਿੱਸੇ ਦੇ ਅੰਬ ਪਹੁੰਚਾਉਣ ਜ਼ਰੂਰ ਆਇਆ ਕਰਾਂਗਾ।” ਇਹ ਸੁਣ ਕੇ ਮੇਰੇ ਮਾਤਾ ਜੀ ਦੀਆਂ ਅੱਖਾਂ ਵਿੱਚ ਹੰਝੂ ਭਰ ਆਏ। ਫਿਰ ਗੁੜ ਦੇ ਸੀਜ਼ਨ ਵੇਲੇ ਵੀ ਇੰਝ ਹੀ ਹੋਇਆ। ਕਈ ਜਾਣਕਾਰ ਤਾਜ਼ਾ ਗੁੜ ਸਾਡੇ ਘਰ ਆ ਕੇ ਦੇ ਗਏ।
ਕੀ ਅੱਜਕੱਲ੍ਹ ਦੇ ਜ਼ਮਾਨੇ 'ਚ ਅਸੀਂ ਸੋਚ ਸਕਦੇ ਹਾਂ ਕਿ ਏਦਾਂ ਬਿਨਾਂ ਸਵਾਰਥ ਕੋਈ ਆਪਣੀਆਂ ਚੀਜ਼ਾਂ ਦੂਸਰਿਆਂ ਨਾਲ ਵੰਡਦਾ ਹੋਵੇ। ਅਸੀਂ ਸ਼ਾਇਦ ਗੁਰੂ ਨਾਨਕ ਜੀ ਦੀ ਸਿੱਖਿਆ ਭੁੱਲ ਗਏ ਹਾਂ ਜਿਨ੍ਹਾਂ ਨੇ ਕਿਹਾ ਸੀ-ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਮੈਂ ਅੱਜ ਵੀ ਲੋਚਦਾ ਹਾਂ ਕਿ ਕਦੇ ਬੋਦਲਾਂ ਦੇ ਬਾਗ਼ਾਂ ਦੇ ਤਾਜ਼ੇ ਅੰਬ ਚੂਪਣ ਨੂੰ ਮਿਲ ਜਾਣ ਜਾਂ ਖੇਤ ਵਿੱਚ ਬਣਦੇ ਤਾਜ਼ੇ ਗੁੜ ਦਾ ਸੁਆਦ ਮਾਣ ਸਕਾਂ, ਪਰ ਜ਼ਿੰਦਗੀ ਦੀ ਦੌੜ ਨੇ ਇਹ ਸਾਰਾ ਕੁਝ ਬਹੁਤ ਪਿੱਛੇ ਛੱਡ ਦਿੱਤਾ ਹੈ।

 
Have something to say? Post your comment