Welcome to Canadian Punjabi Post
Follow us on

05

August 2021
 
ਨਜਰਰੀਆ

ਚਾਲੀ ਰੁਪਏ

October 16, 2020 08:37 AM

-ਕਰਮਜੀਤ ਕੌਰ
ਗਰਮੀ ਦੀਆਂ ਛੁੱਟੀਆਂ ਹੋਣ ਵਿੱਚ ਇੱਕ ਹਫਤਾ ਬਾਕੀ ਰਹਿ ਗਿਆ ਸੀ। ਸਕੂਲ ਬੰਦ ਹੋਣ ਤੋਂ ਬਾਅਦ ਪੁੱਤਰ ਘਰ ਈ ਰਿਹਾ ਕਰੂ, ਤੇ ਛੋਟੇ ਬੱਚੇ ਸਾਰਾ ਦਿਨ ਖਾਣ ਪੀਣ ਨੂੰ ਕੁਝ ਨਾ ਕੁਝ ਮੰਗਦੇ ਰਹਿੰਦੇ ਆ। ਗਰਮੀਆਂ ਦੇ ਦਿਨ ਵੀ ਬਹੁਤ ਵੱਡੇ ਹੁੰਦੇ ਆ, ਇਹ ਸਭ ਸੋਚ ਕੇ ਮੈਂ ਬਿਸਕੁਟ ਕਢਾਉਣ ਬਾਰੇ ਸੋਚਿਆ। ਉਦੋਂ ਮੇਰਾ ਪੁੱਤਰ ਪੰਜਵੀਂ ਕਲਾਸ ਵਿੱਚ ਪੜ੍ਹਦਾ ਸੀ। ਸਵੇਰੇ ਉਠ ਕੇ ਘਰ ਦਾ ਸਾਰਾ ਕੰਮ ਕੀਤਾ ਅਤੇ ਗਿਆਰਾਂ ਕੁ ਵਜੇ ਬਿਸਕੁਟਾਂ ਲਈ ਮੈਨੂੰ ਜੋ ਸਾਮਾਨ ਚਾਹੀਦਾ ਸੀ, ਮੈਂ ਉਹ ਲਿਆ ਤੇ ਪਤੀ ਨੂੰ ਕਿਹਾ ਕਿ ਮੈਨੂੰ ਬਿਸਕੁਟਾਂ ਵਾਲੇ ਭੱਠ ਉਤੇ ਛੱਡ ਆਵੇ। ਉਹ ਮੈਨੂੰ ਉਥੇ ਛੱਡ ਕੇ ਫਿਰ ਆਪਣੇ ਕੰਮ ਚਲੇ ਗਏ। ਮੇਰੇ ਉਥੇ ਪਹੁੰਚਣ ਤੋਂ ਪਹਿਲਾਂ ਤਿੰਨ-ਚਾਰ ਔਰਤਾਂ ਹੋਰ ਬਿਸਕੁਟ ਕਢਾਉਣ ਦੀ ਵਾਰੀ ਉਡੀਕ ਰਹੀਆਂ ਸਨ। ਖੈਰ! ਵਕਤ ਤਾਂ ਲੱਗਣਾ ਹੀ ਸੀ, ਉਨ੍ਹਾਂ ਤੋਂ ਬਾਅਦ ਮੇਰੀ ਵਾਰੀ ਆਈ। ਬਿਸਕੁਟ ਬਣਾ ਕੇ ਉਨ੍ਹਾਂ ਨੇ ਪੈਕ ਕਰ ਕੇ ਗੱਤੇ ਦੇ ਡੱਬੇ ਵਿੱਚ ਪਾ ਦਿੱਤੇ। ਮੈਂ ਉਨ੍ਹਾਂ ਨੂੰ ਬਣਦੇ ਪੈਸੇ ਦਿੱਤੇ ਅਤੇ ਘਰ ਵਾਪਸ ਆਉਣ ਲਈ ਕੋਈ ਰਿਕਸ਼ਾ ਦੇਖਣ ਲੱਗੀ।
ਅੱਜ ਤੋਂ ਤਿੰਨ ਸਾਲ ਪਹਿਲਾਂ ਸ਼ਹਿਰ ਵਿੱਚ ਬੈਟਰੀ ਵਾਲੇ ਰਿਕਸ਼ੇ ਨਹੀਂ ਸੀ ਆਏ, ਅਗਰ ਕੋਈ ਆਏ ਸੀ ਤਾਂ ਬੱਸ ਦੋ-ਚਾਰ ਵਿਰਲੇ ਟਾਵੇਂ ਦਿਸਦੇ ਸਨ। ਪੰਜ-ਸੱਤ ਮਿੰਟ ਤੋਂ ਬਾਅਦ ਇੱਕ ਰਿਕਸ਼ਾ ਮੇਰੇ ਨੇੜੇ ਤੋਂ ਲੰਘਿਆ, ਤੇ ਮੈਂ ਰਿਕਸ਼ਾ ਚਾਲਕ ਨੂੰ ਇਸ਼ਾਰਾ ਕਰ ਕੇ ਕੋਲ ਬੁਲਾ ਲਿਆ।
‘‘ਹਾਂ ਜੀ ਭੈਣ ਜੀ, ਕਿੱਥੇ ਜਾਣਾ?” ਰਿਕਸ਼ੇ ਵਾਲਾ ਬੋਲਿਆ।
ਮੈਂ ਆਪਣੇ ਘਰ ਦਾ ਪਤਾ ਦੱਸਿਆ ਤਾਂ ਉਸ ਨੇ ਮੇਰੇ ਤੋਂ ਚਾਲੀ ਰੁਪਏ ਮੰਗੇ। ਉਸ ਦੇ ਮੂੰਹੋਂ ਚਾਲੀ ਰੁਪਏ ਸੁਣ ਕੇ ਮੈਨੂੰ ਬਹੁਤ ਹੈਰਾਨੀ ਹੋਈ ਤੇ ਮੈਂ ਕਿਹਾ, ‘‘ਮੇਰਾ ਘਰ ਨੇੜੇ ਈ ਆ, ਖਾਸ ਦੂਰ ਨਹੀਂ। ਇੰਨੇ ਪੈਸੇ ਤਾਂ ਬਹੁਤ ਜ਼ਿਆਦਾ।”
‘‘ਨਹੀਂ ਭੈਣ ਜੀ, ਬਿਲਕੁਲ ਜਾਇਜ਼ ਮੰਗੇ ਆ।” ਰਿਕਸ਼ੇ ਵਾਲਾ ਦੁਬਾਰਾ ਬੋਲਿਆ ਤੇ ਉਹਨੇ ਝੱਟ ਦੇਣੀ ਬਿਸਕੁਟਾਂ ਵਾਲਾ ਡੱਬਾ ਰਿਕਸੇ ਉਤੇ ਰੱਖ ਦਿੱਤਾ। ਨਾਲ ਹੀ ਉਹਨੇ ਚੱਲਣ ਦੇ ਇਸ਼ਾਰੇ ਨਾਲ ਕਿਹਾ, ‘‘ਚਲੋ ਬੈਠੋ ਭੈਣ ਜੀ।”
ਗਰਮੀ ਬਹੁਤ ਜ਼ਿਆਦਾ ਹੋਣ ਕਾਰਨ ਮੈਂ ਕੋਈ ਬਹਿਸ ਨਹੀਂ ਕੀਤੀ ਅਤੇ ਰਿਕਸ਼ੇ 'ਤੇ ਬੈਠ ਗਈ। ਰਿਕਸ਼ੇ ਵਾਲੇ ਨੇ ਪਰਨੇ ਨਾਲ ਆਪਣੇ ਮੱਥੇ ਤੋਂ ਪਸੀਨਾ ਪੂੰਝਿਆ ਅਤੇ ਰਿਕਸ਼ਾ ਸੜਕ 'ਦੇ ਪਾ ਲਿਆ।
ਅਸੀਂ ਅਜੇ ਕੁਝ ਦੂਰ ਗਏ ਸੀ ਕਿ ਫਾਟਕ ਬੰਦ ਹੋ ਗਿਆ। ਡੇਢ ਵਾਲੀ ਗੱਡੀ ਦਾ ਵਕਤ ਹੋ ਗਿਆ। ਕੁਝ ਹੀ ਮਿੰਟਾਂ ਵਿੱਚ ਫਾਟਕ ਦੇ ਦੋਹੀਂ ਪਾਸੀਂ ਵਾਹਨ ਰੁਕਣ ਲੱਗ ਪਏ। ਦੇਖਦੇ ਹੀ ਦੇਖਦੇ ਵੱਡਾ ਜਾਮ ਲੱਗ ਗਿਆ। ਤਿੱਖੀ ਵਰ੍ਹਦੀ ਗਰਮੀ ਵਿੱਚ ਰਿਕਸ਼ੇ ਦੀ ਛਤਰੀ ਨੇ ਮੇਰੇ ਸਿਰ ਨੂੰ ਧੁੱਪ ਤੋਂ ਬਚਾਇਆ ਹੋਇਆ ਸੀ। ਰਿਕਸ਼ੇ ਵਾਲਾ ਕਦੇ ਪਸੀਨਾ ਪੂੰਝਦਾ, ਕਦੇ ਰਿਕਸ਼ੇ ਉੱਤੇ ਬੈਠਦਾ, ਕਦੇ ਸੱਜੇ ਖੱਬੇ ਦੇਖਦਾ। ਰੇਲ ਗੱਡੀ ਉਸ ਦਿਨ ਬਹੁਤ ਲੇਟ ਆਈ। ਮੈਂ ਟਾਈਮ ਦੇਖਿਆ ਤਾਂ ਦੋ ਵੱਜ ਚੁੱਕੇ ਸੀ। ਰੇਲ ਗੱਡੀ ਲੰਘਣ ਤੋਂ ਬਾਅਦ ਫਾਟਕ ਖੁੱਲ੍ਹਿਆ ਤਾਂ ਕਿਤੇ ਜਾ ਕੇ ਉਥੇ ਖੜ੍ਹੇ ਸਾਰੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਉਥੋਂ ਨਿਕਲਦਿਆਂ-ਕਰਦਿਆਂ ਵੀਹ ਪੱਚੀ ਮਿੰਟ ਹੋਰ ਲੱਗ ਗਏ। ਰਿਕਸ਼ੇ ਵਾਲੇ ਨੇ ਉਸ ਸਿਖਰ ਦੁਪਹਿਰ ਵਿੱਚ ਕਾਹਲੀ ਨਾਲ ਪੈਡਲ ਮਾਰਨੇ ਸ਼ੁਰੂ ਕੀਤੇ। ਇੰਨੀ ਗਰਮੀ ਹੋਣ ਕਰ ਕੇ ਮੈਨੂੰ ਬਹੁਤ ਪਿਆਸ ਲੱਗੀ ਹੋਈ ਸੀ। ‘ਇਸ ਵਿਚਾਰੇ ਨੂੰ ਵੀ ਪਿਆਸ ਲੱਗੀ ਹੋਣੀ ਆ’, ਮੈਂ ਆਪਣੇ ਮਨ ਵਿੱਚ ਸੋਚ ਰਹੀ ਸੀ।
ਅਖੀਰ ਮੇਰਾ ਘਰ ਆ ਗਿਆ। ਗੇਟ ਤੋਂ ਬਾਹਰ ਉਸ ਨੇ ਰਿਕਸ਼ਾ ਰੋਕਿਆ। ਰਿਕਸ਼ੇ ਤੋਂ ਉਤਰ ਕੇ ਮੈਂ ਕਾਹਲੀ ਨਾਲ ਗੇਟ ਖੋਲ੍ਹਿਆ ਅਤੇ ਉਸ ਨੇ ਬਿਸਕੁਟਾਂ ਦਾ ਡੱਬਾ ਚੁੱਕ ਕੇ ਘਰ ਦੇ ਵਿਹੜੇ ਵਿੱਚ ਜਾਮਣ ਦੇ ਦਰੱਖਤ ਹੇਠਾਂ ਪਏ ਹੋਏ ਮੰਜੇ ਉੱਤੇ ਰੱਖ ਦਿੱਤਾ। ਇੰਨੇ ਸਮੇਂ ਵਿੱਚ ਮੈਂ ਉਸ ਲਈ ਠੰਢੇ ਪਾਣੀ ਵਿੱਚ ਸ਼ਰਬਤ ਮਿਲਾ ਲਿਆਈ। ਰਿਕਸ਼ੇ ਵਾਲੇ ਨੇ ਰੱਜ ਕੇ ਪਾਣੀ ਪੀਤਾ। ਮੈਂ ਉਸ ਨੂੰ ਚਾਲੀ ਰੁਪਏ ਫੜਾਏ, ਉਹਨੇ ਪੈਸੇ ਆਪਣੀ ਜੇਬ ਵਿੱਚ ਪਾਏ ਅਤੇ ਗੇਟ ਤੋਂ ਬਾਹਰ ਚਲਾ ਗਿਆ।
ਉਹਦੇ ਨਿਕਲਣ ਸਾਰ ਮੈਂ ਬੰਦ ਕਰਨ ਲਈ ਗੇਟ ਵੱਲ ਵਧੀ ਤਾਂ ਦੇਖਿਆ ਕਿ ਰਿਕਸ਼ੇ ਵਾਲਾ ਮੇਰੇ ਘਰੋਂ ਥੋੜ੍ਹਾ ਦੂਰ ਜਾ ਚੁੱਕਾ ਸੀ। ਮੈਂ ਆਪਣੇ ਦਿਲ ਵਿੱਚ ਸੋਚਿਆ ਕਿ ਜੇ ਮੈਂ ਅੱਜ ਇਸ ਦੀ ਮਿਹਨਤ ਦੇ ਪੈਸਿਆਂ ਵਿੱਚੋਂ ਕਟੌਤੀ ਕਰਦੀ ਤਾਂ ਸ਼ਾਇਦ ਮੈਂ ਖੁਦ ਨੂੰ ਕਦੀ ਮੁਆਫ ਨਾ ਕਰ ਸਕਦੀ। ਇਹ ਵੀ ਸੋਚਿਆ ਕਿ ਅਸੀਂ ਡਾਢੀ ਮਿਹਨਤ ਮੁਸ਼ੱਕਤ ਕਰਦੇ ਅਜਿਹੇ ਕਿਰਤੀਆਂ ਦਾ ਮਿਹਨਤਾਨਾ ਘਟਾਉਣ ਲਈ ਪੱਬਾਂ ਭਾਰ ਹੋਏ ਰਹਿੰਦੇ ਹਾਂ, ਉਂਝ ਭਾਵੇਂ ਆਪਣੇ ਲਈ ਮਹਿੰਗੀ ਤੋਂ ਮਹਿੰਗੀ ਚੀਜ਼ ਖਰੀਦਣ ਲਈ ਭਾਅ ਵੀ ਨਾ ਕਰੀਏ! ਗਰਮੀ ਦੇ ਕਹਿਰ ਵਿੱਚ ਉਸ ਦੇ ਚਾਲੀ ਰੁਪਏ ਬਿਲਕੁਲ ਜਾਇਜ਼ ਸਨ।

 

 
Have something to say? Post your comment