-ਜਸਪਾਲ ਸਿੰਘ
ਕਿਸੇ ਨਾ ਕਿਸੇ ਰੂਪ ਵਿੱਚ ਲੋਕਤੰਤਰ ਦੇ ਹੋ ਰਹੇ ਘਾਣ ਦੇ ਰੋਸ ਵਜੋਂ ਲੋਕਾਈ ਦਾ ਢਿੱਡ ਭਰਨ ਵਾਲਾ ਅੰਨ-ਦਾਤਾ ਸੜਕਾਂ 'ਤੇ ਰੁਲਣ ਨੂੰ ਮਜਬੂਰ ਹੈ। ਭਾਵਨਾਤਮਕ ਬਿਰਤੀ ਤੇ ਕਿਸਾਨ ਹਿਤੈਸ਼ੀ ਸੋਚ ਰੱਖਣ ਵਾਲਾ ਵਰਗ ਉਨ੍ਹਾਂ ਕਾਰਨਾਂ ਤੋਂ ਭਲੀ ਭਾਂਤ ਜਾਣੂ ਹੈ ਜਿਹੜੇ ਕਿਰਤੀ ਨੂੰ ਆਪਣੇ ਹੱਕਾਂ ਤੋਂ ਵਾਂਝਾ ਕਰਦੇ ਹਨ। ਉਨ੍ਹਾਂ ਸਮੁੱਚੇ ਕਾਰਨਾਂ ਅਤੇ ਕਿਰਤੀ ਦੇ ਦਰਦ ਨੂੰ ਪਛਾਣਨ ਵਾਲੇ ਲੋਕ ਕਿਸੇ ਨਾ ਕਿਸੇ ਤਰ੍ਹਾਂ ਇਸ ਦੇ ਸੰਘਰਸ਼ ਲਈ ਆਵਾਜ਼ ਬੁਲੰਦ ਕਰ ਰਹੇ ਹਨ। ਰਾਜਨੀਤਕ ਧਿਰਾਂ ਵੀ ਇਸ ਕਿਸਾਨੀ ਮੁੱਦੇ ਨੂੰ ਮਾਸ ਦਾ ਲੋਥੜਾ ਸਮਝ ਕੇ ਗਿਰਝਾਂ ਵਾਂਗੂੰ ਝਪਟ ਪਈਆਂ ਹਨ। ਵੱਖ-ਵੱਖ ਮਾਧਿਅਮਾਂ ਰਾਹੀਂ ਕਿਸਾਨੀ ਦੀ ਧੁਰ ਅੰਦਰਲੀ ਹੂਕ ਨੂੰ ਲੋਕਾਂ ਦੇ ਸਨਮੁੱਖ ਕਰਨ ਵਾਲਿਆਂ ਦੇ ਹਿੱਸੇ ਵਜੋਂ ਪੰਜਾਬੀ ਗਾਇਕ ਵੀ ਇਸ ਸੰਘਰਸ਼ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ।
ਭਾਵੇਂ ਹਥਿਆਰਾਂ ਵਾਲੀ ਜਾਂ ਭੜਕਾਊ ਗਾਇਕੀ ਤੇ ਫੋਕੀ ਦਿਖਾਵੇਬਾਜ਼ੀ ਵਾਲੇ ਗੀਤ ਵੀ ਪੰਜਾਬੀ ਗਾਇਕੀ ਦਾ ਅੰਗ ਰਹੇ ਹਨ, ਪਰ ਸਮੇਂ-ਸਮੇਂ ਪੰਜਾਬੀ ਗਾਇਕੀ ਕਿਸਾਨੀ ਨਾਲ ਸੰਬੰਧਤ ਸਰੋਕਾਰਾਂ ਨੂੰ ਵੀ ਮੁਖਾਤਬ ਹੁੰਦੀ ਰਹੀ ਹੈ। ਕਿਸਾਨੀ ਦੀ ਮਾੜੀ ਹਾਲਤ ਬਿਆਨ ਕਰਦੀ ਆਈ ਗਾਇਕੀ ਨੂੰ ਹਾਂ ਪੱਖੀ ਰੂਪ ਵਿੱਚ ਵੇਖਣਾ ਬਣਦਾ ਹੈ। ਇਸ ਸਮੇਂ ਚੱਲਦੇ ਕਿਸਾਨ ਅੰਦੋਲਨ ਵਿੱਚ ਗਾਇਕਾਂ ਦੀ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਸ਼ਮੂਲੀਅਤ ਸਾਡੇ ਸਮਾਜ ਲਈ ਸ਼ੁਭ ਸ਼ਗਨ ਹੈ। ਧਰਨਿਆਂ, ਮੁਜ਼ਾਹਰਿਆਂ ਵਿੱਚ ਗਾਇਕਾਂ ਦੀ ਹਿੱਸੇਦਾਰੀ ਨਾਲ ਕਿਸਾਨੀ ਤੇ ਸਮਾਜ ਦੇ ਮਸਲਿਆਂ ਨੂੰ ਉਹ ਬਹੁਤ ਨੇੜਿਉਂ ਜਾਣਨਗੇ ਤੇ ਭਵਿੱਖ ਵਿੱਚ ਉਨ੍ਹਾਂ ਮਸਲਿਆਂ ਨੂੰ ਆਪਣੇ ਗੀਤਾਂ ਵਿੱਚ ਪਰੋ ਕੇ ਕਿਸਾਨੀ ਦਾ ਦਰਦ ਬਿਆਨ ਕਰ ਸਕਦੇ ਹਨ। ਹਰ ਗੀਤ ਮਨੋਰੰਜਨ ਦੇ ਨਾਲ-ਨਾਲ ਸਰੋਤਿਆਂ ਨੂੰ ਉਤਸ਼ਾਹਤ ਤੇ ਪ੍ਰੇਰਿਤ ਕਰਦਾ ਹੋਇਆ ਉਨ੍ਹਾਂ ਵਿੱਚ ਜੋਸ਼ ਭਰਨ ਦਾ ਕੰਮ ਕਰਦਾ ਹੈ। ਇਹ ਨਹੀਂ ਕਿ ਅੱਜ ਹੀ ਗਾਇਕ ਮੁੱਦੇ ਦਾ ਲਾਹਾ ਲੈਣ ਲਈ ਕਿਸਾਨੀ ਮਸਲਿਆਂ ਵੱਲ ਅਹੁਲੇ ਹਨ, ਪਹਿਲਾਂ ਵੀ ਸਮੇਂ-ਸਮੇਂ ਕਿਸਾਨਾਂ ਦੀ ਖਸਤਾ ਹਾਲਤ ਨੂੰ ਵੱਖ-ਵੱਖ ਗਾਇਕਾਂ ਨੇ ਆਪਣੇ ਗੀਤਾਂ ਰਾਹੀਂ ਪੇਸ਼ ਕੀਤਾ ਹੈ। ਅਜਿਹੇ ਗੀਤਾਂ ਵਿੱਚੋਂ ਰਾਜ ਬਰਾੜ ਦਾ ਗੀਤ ‘ਪੁੱਤ ਵਰਗਾ ਫੋਰਡ ਟਰੈਕਟਰ’ ਕਿਸਾਨੀ ਦੀ ਤਰਸ ਯੋਗ ਹਾਲਤ ਦਾ ਬਾਖੂਬੀ ਚਿਤਰਨ ਕਰਦਾ ਹੈ। ਇਹ ਗੀਤ ਅਸਿੱਧੇ ਰੂਪ ਵਿੱਚ ਦਾਜ ਪ੍ਰਥਾ ਉੱਤੇ ਵੀ ਤਨਜ਼ ਕਰਦਾ ਹੈ। ਇਸ ਦੇ ਬੋਲ ਹਨ :
ਪੁੱਤ ਵਰਗਾ ਫੋਰਡ ਟਰੈਕਟਰ
ਜੱਟ ਨੇ ਵੇਚਿਆ ਰੋ-ਰੋ ਕੇ।
ਅਜਿਹੇ ਗੀਤਾਂ ਦੀ ਲੜੀ 'ਚ ਐਮੀ ਵਿਰਕ ਦਾ ਗੀਤ ‘ਖੇਤ’ ਜਿੱਥੇ ਕਿਸਾਨ ਦੇ ਜ਼ਮੀਨ ਨਾਲ ਮਾਂ-ਪੁੱਤ ਵਾਲੇ ਰਿਸ਼ਤੇ ਨੂੰ ਦਰਸਾਉਂਦਾ ਹੈ, ਉਥੇ ਕਿਸਾਨ ਅਤੇ ਸੀਰੀ ਦੀ ਗਹਿਰੀ ਤੇ ਪੀਡੀ ਸਾਂਝ ਨੂੰ ਵੀ ਬਾਖੂਬੀ ਜ਼ਾਹਰ ਕਰਦਾ ਹੈ। ਇਹ ਗੀਤ ਕਰਜ਼ੇ ਦੀ ਸਮੱਸਿਆ, ਜ਼ਮੀਨ ਵਿਕਣ ਦੇ ਦੁੱਖ ਤੇ ਆਸਾਂ-ਉਮੀਦਾਂ ਢਹਿ-ਢੇਰੀ ਕਰ ਚੁੱਕੇ ਕਿਸਾਨ ਦੀ ਖੁਦਕੁਸ਼ੀ ਨੂੰ ਬੜੀ ਦਿਲ ਵਿੰਨ੍ਹਵੀਂ ਸ਼ੈਲੀ ਅਤੇ ਵੀਡੀਓ ਰਾਹੀਂ ਪੇਸ਼ ਕਰਦਾ ਹੈ :
ਅੱਧੀ ਉਮਰੇ ਬਾਪ ਗੁਜ਼ਰ ਗਿਆ,
ਕੈਂਸਰ ਦੇ ਨਾਲ ਲੜਦਾ
ਕਹਿਰ ਗਰੀਬੀ ਵਾਲਾ ਚੰਦਰਾ
ਰਿਹਾ ਦਿਨੋਂ-ਦਿਨ ਵਰ੍ਹਦਾ
ਸਿਰ 'ਤੇ ਜੋ ਪੰਡ ਸੀ ਕਰਜ਼ੇ ਦੀ,
ਉਹ ਨਾਲ ਵਿਆਜਾਂ ਵਧਦੀ ਰਹੀ
ਮੈਂ ਤੇ ਸੀਰੀ ਰੋਂਦੇ ਰਹੇ
ਜਦੋਂ ਖੇਤ ਦੀ ਬੋਲੀ ਲੱਗਦੀ ਰਹੀ।
ਬੱਬੂ ਮਾਨ ਦਾ ਗੀਤ ‘ਮੰਡੀਆਂ 'ਚ ਜੱਟ ਰੁਲਦਾ’ ਵੀ ਕਰਜ਼ੇ ਕਾਰਨ ਖੁਆਬਾਂ ਦੀ ਬਲੀ ਦੇਣ ਵਾਲੇ ਮਾਪਿਆਂ ਅਤੇ ਮੰਡੀਆਂ ਵਿਚਲੇ ਬੇਤਰਤੀਬੇ ਸਿਸਟਮ ਕਾਰਨ ਰੁਲ ਰਹੇ ਕਿਸਾਨ ਦੀ ਬਾਤ ਪਾਉਂਦਾ ਹੈ :
ਮਾਵਾਂ ਦੀ ਜਵਾਨੀ ਖਾ ਗਈ,
ਬਾਪੂਆਂ ਦੀ ਚੰਦਰੀ ਸ਼ਰਾਬ
ਬਾਪੂ ਵੀ ਵਿਚਾਰੇ ਕਿੱਥੇ ਜਾਣ,
ਕਰਜ਼ੇ ਨੇ ਖਾ ਲਏ ਖੁਆਬ।
ਇਸ ਤੋਂ ਬਿਨਾ ਬਾਬੂ ਮਾਨ ਦੇ ਗੀਤ ‘ਜੱਟ ਦੀ ਜੂਨ ਬੁਰੀ’ ਅਤੇ ‘ਹੋਲੀ’ ਵੀ ਕਿਰਸਾਨੀ ਦੀ ਬੜੀ ਸੂਖਮ ਤਸਵੀਰ ਉਲੀਕਦੇ ਹਨ। ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੀ ਮਿਲੀਭੁਗਤ ਬਾਰੇ ‘ਸਰਦਾਰ’ ਗੀਤ ਵੀ ਵਿਚਾਰਨ ਯੋਗ ਹੈ। ਕੁਦਰਤੀ ਆਫਤਾਂ ਅਤੇ ਆੜ੍ਹਤੀਏ ਦੇ ਸਤਾਏ ਕਿਸਾਨ ਦੀ ਹਾਲਤ ਰਾਜਾ ਸਿੱਧੂ ਤੇ ਰਾਜਵਿੰਦਰ ਕੌਰ ‘ਕਿਸਾਨ’ ਗੀਤ ਵਿੱਚ ਕਿਸਾਨ ਤੇ ਭਾਰਤ ਮਾਤਾ ਦੇ ਆਪਸੀ ਸੰਵਾਦ ਰਾਹੀਂ ਸਾਡੇ ਸਨਮੁੱਖ ਕਰਦੇ ਹਨ :
ਤੇਰੇ ਨਿੱਕੇ-ਨਿੱਕੇ ਨੰਨ੍ਹੇ ਜਿਹੇ ਮਾਸੂਮ ਨੀਂ,
ਅੱਜ ਰੂੜੀਆਂ 'ਤੇ ਫਿਰਦੇ ਰੁਲਦੇ
ਢਿੱਡੋਂ ਭੁੱਖਾ ਰਹਿ ਕੇ ਦੇਸ਼ ਦਾ ਕਿਸਾਨ ਨੀਂ,
ਦਾਣੇ ਖੇਤਾਂ 'ਚ ਉਗਾਵੇ ਮਹਿੰਗੇ ਮੁੱਲ ਦੇ।
ਕੁਲਬੀਰ ਝਿੰਜਰ ਦਾ ਗੀਤ ‘ਧਰਨਾ' ਵੀ ਕਿਸਾਨੀ ਮਸਲਿਆਂ ਦੀ ਗਾਥਾ ਛੋਂਹਦਾ ਹੈ। ਇਸ ਗੀਤ ਵਿੱਚ ਹੱਕ ਮੰਗਣ ਵਾਲੇ ਅਤੇ ਹੱਕ ਮਾਰਨ ਵਾਲੇ ਦੋਵਾਂ ਵਰਗਾਂ ਦੇ ਹਿੱਤਾਂ ਅਤੇ ਅੰਤਰ ਵਿਰੋਧਾਂ ਨੂੰ ਰੂਪਮਾਨ ਕੀਤਾ ਗਿਆ ਹੈ :
ਅਸੀਂ ਨਿੱਤ ਡਾਗਾਂ ਖਾਈਏ ਸਾਡੇ ਹੱਕਾਂ ਦੇ ਲਈ
ਤੁਸੀਂ ਵੰਡਦੇ ਖ਼ੈਰਾਤ ਪੈਸਾ ਰਾਜ ਸੱਤਾ ਦੇ ਲਈ
ਸਾਡੇ ਮੁੱਕ ਜਾਂਦੇ ਦੇ-ਦੇ ਸ਼ਹੀਦੀਆਂ
ਥੋਡੇ ਤਖਤਾਂ 'ਤੇ ਬਹਿਣ ਲਈ ਤਿਆਰ ਨੇ
ਅਸੀਂ ਉਹ ਜਿਹੜੇ ਧਰਨੇ 'ਤੇ ਰਹਿੰਨੇ ਆਂ,
ਤੁਸੀਂ ਉਹ ਜੋ ਚਲਾਉਂਦੇ ਸਰਕਾਰ ਨੇ।
ਸਰਕਾਰਾਂ ਦੀ ਮਨਸ਼ਾ ਪ੍ਰਤੀ ਚਿੰਤਾ ਅਤੇ ਖਦਸ਼ਾ ਜ਼ਾਹਰ ਕਰਨ ਵਾਲੇ ਗਾਇਕਾਂ ਵਿੱਚੋਂ ਰਾਜ ਕਾਕੜਾ ਵੀ ਮੋਹਰੀ ਗਾਇਕ ਹੈ ਜਿਹੜਾ ਆਪਣੇ ਗੀਤਾਂ ਤੇ ਫਿਲਮਾਂ ਰਾਹੀਂ ਲੋਕਾਂ ਦੇ ਹੱਕਾਂ ਦੀ ਗੱਲ ਕਰਦਾ ਹੈ। ਉਸ ਦੇ ਗੀਤ ‘ਸਰਕਾਰ’ ਅਤੇ ‘ਮੇਰਾ ਪਿੰਡ’ ਸਭਿਆਚਾਰ, ਕਿਸਾਨੀ, ਪਿੰਡਾਂ 'ਤੇ ਮਹਾਨਗਰਾਂ ਦਾ ਅਸਿੱਧਾ ਕਬਜ਼ਾ, ਕਾਰਪੋਰੇਟ ਘਰਾਣਿਆਂ ਤੇ ਸਰਕਾਰਾਂ ਦੀਆਂ ਕਿਸਾਨ ਅਤੇ ਸਭਿਆਚਾਰ ਵਿਰੋਧੀ ਨੀਤੀਆਂ ਆਦਿ ਪੱਖਾਂ ਨੂੰ ਭਲੀ-ਭਾਂਤ ਉਜਾਗਰ ਕਰਦੇ ਹਨ। ਗੀਤ ‘ਸਰਕਾਰ' ਲੋਕਾਂ ਨੂੰ ਚੇਤੰਨ ਰਹਿਣ ਤੇ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਪ੍ਰੇਰਨਾ ਦਿੰਦਾ ਹੈ। ਕਿਰਤੀ ਦੇ ਮੂੰਹੋਂ ਰੋਟੀ ਦੀ ਬੁਰਕੀ ਖੋਹਣ ਵਾਲੀ ਸਥਾਪਤੀ ਦੀਆਂ ਕੋਝੀਆਂ ਚਾਲਾਂ ਪ੍ਰਤੀ ਫਿਕਰਮੰਦ ਰਾਜ ਕਾਕੜੇ ਦੇ ਇਸ ਗੀਤ ਦੇ ਬੋਲ ਇਸ ਪ੍ਰਕਾਰ ਹਨ :
ਤੇਰੇ ਹੱਕ 'ਚ ਨਾ ਬੋਲਦੇ ਕਿਸਾਨਾਂ ਇਹੇ ਤੱਥ
ਉਨ੍ਹਾਂ ਫਸਲਾਂ ਖਰੀਦਣੋਂ ਵੀ ਖਿੱਚ ਲਏ ਹੱਥ
ਅੱਖਾਂ ਖੋਲ੍ਹ ਤੂੰ ਵੀ ਤੱਕ, ਦਿੱਸੀ ਜਾਵੇ ਪ੍ਰਤੱਖ
ਲਾਈ ਬੈਠਾ ਏ ਵਪਾਰੀ ਤੇ ਜ਼ਮੀਨ ਉਤੇ ਅੱਖ।
ਪਹਿਲੇ ਸਮੇਂ ਵਿੱਚ ਕਿਸਾਨੀ ਦੀ ਗੱਲ ਸਮੇਂ ਦੇ ਅੰਤਰਾਲ ਨਾਲ ਵੱਖ-ਵੱਖ ਗਾਇਕਾਂ ਵੱਲੋਂ ਹੁੰਦੀ ਰਹੀ ਹੈ, ਅਜੋਕੇ ਕਿਸਾਨੀ ਘੋਲ ਦੇ ਆਰੰਭ ਹੋਣ ਨਾਲ ਇਸ ਮਸਲੇ ਨੂੰ ਹੋਰ ਗੰਭੀਰਤਾ ਨਾਲ ਲਿਆ ਜਾਣ ਲੱਗਾ ਹੈ। ਕਿਸਾਨੀ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਵਜੋਂ ਵੀ ਗਾਇਕਾਂ ਨੇ ਕਿਸਾਨੀ ਨਾਲ ਸੰਬੰਧਤ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਹਨ। ਖੇਤੀ ਆਰਡੀਨੈਂਸਾਂ ਦੀ ਆਮਦ ਉੱਤੇ ਉਨ੍ਹਾਂ ਦੇ ਮਾਰੂ ਨਤੀਜਿਆਂ ਦੇ ਖਦਸ਼ੇ ਵਿੱਚੋਂ ਉਪਜਿਆ ਵਾਰਸ ਭਰਾਵਾਂ (ਮਨਮੋਹਨ ਵਾਰਸ ਤੇ ਕਮਲ ਹੀਰ) ਦੀ ਗੀਤ ‘ਪੰਜਾਬ ਦੀ ਕਿਸਾਨੀ’ ਵਿਚਾਰਨ ਯੋਗ ਹੈ। ਇਹ ਗੀਤ ਸਰਕਾਰ ਦੀਆਂ ਲਾਗੂ ਹੋਣ ਜਾ ਰਹੀਆਂ ਮਾਰੂ ਨੀਤੀਆਂ ਬਾਰੇ ਅੰਦੋਲਨ ਤੋਂ ਪਹਿਲਾਂ ਸਮਝਣ ਤੇ ਸਮਝਾਉਣ ਦਾ ਯਤਨ ਹੈ। ਇਹ ਗੀਤ ਜਿੱਥੇ ਇੱਕ ਪਾਸੇ ਆਪਣੇ ਹੱਕਾਂ ਲਈ ਸੰਘਰਸ਼ ਕਰਨ ਵਾਲੇ ਕਿਸਾਨਾਂ ਦੀ ਬਾਤ ਪਾਉਂਦਾ ਹੈ, ਉਥੇ ਨਾਲ ਹੀ ਲੋਕਤੰਤਰ ਦਾ ਘਾਣ ਕਰਨ ਵਾਲੀਆਂ ਸਰਕਾਰਾਂ ਦਾ ਮੁਖੌਟਾ ਵੀ ਉਤਾਰਦਾ ਹੈ :
ਪੱਕੇ ਮੁੱਲ ਵਾਲੀ ਸਾਡੀ ਜਮ੍ਹਾਂ ਟੁੱਟ ਗਈ ਉਮੀਦ
ਝੋਨਾ ਕਣਕ ਨ੍ਹੀਂ ਲੈਣੀ ਕਹਿੰਦੇ ਤੋੜ 'ਤੀ ਖਰੀਦ
ਮਾਰੂ ਫੈਸਲੇ ਦੇ ਹੜ੍ਹਾਂ ਮਿਹਰਬਾਨੀ ਡੋਬ 'ਤੀ
ਅੱਛੇ ਦਿਨਾਂ ਨੇ ਪੰਜਾਬ ਦੀ ਕਿਸਾਨੀ ਡੋਬ 'ਤੀ।
ਕਿਸਾਨੀ ਮਸਲਿਆਂ ਦੇ ਨਾਲ ਸਰਕਾਰੀ ਨੀਤੀਆਂ ਬਾਰੇ ਚਾਨਣਾ ਪਾਉਣ ਬਿਨਾ ਅੰਦੋਲਨ ਸ਼ੁਰੂ ਹੋਣ ਨਾਲ ਪੰਜਾਬੀ ਗੀਤਾਂ ਵਿੱਚ ਜੋਸ਼ੀਲੀ ਸੁਰ ਆਉਣੀ ਸ਼ੁਰੂ ਹੁੰਦੀ ਹੈ। ਸਮਕਾਲੀ ਦੌਰ ਵਿੱਚ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਨਿਕਲਣ ਵਾਲੇ ਲੋਕ ਵਿਰੋਧੀ ਨਤੀਜਿਆਂ 'ਤੇ ਚਿੰਤਾ ਜ਼ਾਹਰ ਕਰਨ ਵਾਲਾ ਜੱਸ ਬਾਜਵਾ ਦਾ ਗੀਤ ‘ਜੱਟਾ ਤਕੜਾ ਹੋਜਾ’ ਵਿਚਾਰਨ ਯੋਗ, ਖੇਤੀ ਆਰਡੀਨੈਂਸਾਂ ਦਾ ਅੰਸ਼ਕ ਰੂਪ ਵਿੱਚ ਨਿਚੋੜ ਅਤੇ ਕਿਸਾਨੀ ਅੰਦੋਲਨ ਲਈ ਪ੍ਰੇਰਨਾ ਦੇਣ ਵਾਲਾ ਗੀਤ ਹੈ। ਵਿਦਰੋਹੀ ਸੁਰ ਵਾਲਾ ਇਹ ਗੀਤ ਜਿੱਥੇ ਇੱਕ ਪਾਸੇ ਅੰਦੋਲਨਕਾਰੀਆਂ ਨੂੰ ਹੋਰ ਤਕੜੇ ਹੋਣ ਲਈ ਸੁਨੇਹਾ ਦਿੰਦਾ ਹੈ, ਉਥੇ ਨਾਲ ਹੀ ਸੱਤਾਧਾਰੀ ਧਿਰਾਂ ਨੂੰ ਵੰਗਾਰਦਾ ਵੀ ਹੈ :
ਇਹ ਖੇਤ ਸਾਡੇ ਪੜਦਾਦਿਆਂ ਨੇ
ਬੜੀ ਮਿਹਨਤਾਂ ਨਾਲ ਕਮਾਏ ਨੇ
ਓਏ ਉਚੇ ਨੀਵੇਂ ਟਿੱਬੇ ਸੀ,
ਜਿਹੜੇ ਬਲਦਾਂ ਦੇ ਨਾਲ ਵਾਹੇ ਨੇ
ਹੱਕ ਅੜ ਕੇ ਆਪੇ ਲੈ ਲਾਂਗੇ,
ਤੇਰੇ ਤਰਲੇ ਤੁਰਲੇ ਕੱਢਦੇ ਨਹੀਂ
ਓਏ ਇਹ ਜ਼ਮੀਨ ਜੱਟਾਂ ਦੀ ਐ,
ਤੇ ਜੱਟ ਛੱਡਦੇ ਨਹੀਂ।
ਅਜੋਕੇ ਕਿਸਾਨੀ ਅੰਦੋਲਨ ਵਿੱਚੋਂ ਸਿੱਧੇ ਰੂਪ ਵਿੱਚ ਨਿਕਲਿਆ ਹਿੰਮਤ ਸੰਧੂ ਦਾ ਗੀਤ ‘ਅਸੀਂ ਵੱਢਾਂਗੇ’ ਦੇਖਿਆ ਜਾ ਸਕਦਾ ਹੈ। ਮਾਂ ਸਮਝੀ ਜਾਂਦੀ ਜ਼ਮੀਨ ਖੁੱਸਣ ਦੇ ਡਰ 'ਚੋਂ ਉਪਜਿਆ ਇਹ ਗੀਤ ਕਿਸਾਨੀ ਅੰਦੋਲਨ ਨੂੰ ਉਤਸ਼ਾਹ ਅਤੇ ਬਲ ਦੇਣ ਵਾਲਾ ਗੀਤ ਹੈ :
ਕਿਸੇ ਦੇ ਪਿਓ ਦੀ ਨੀ ਜਾਗੀਰ, ਵੱਟਾਂ ਸਾਡੀਆਂ
ਆਸ਼ਕ ਅਸੀਂ ਤੇ ਸਾਡੀ ਹੀਰ, ਵੱਟਾਂ ਸਾਡੀਆਂ।
ਕਿਸਾਨੀ ਘੋਲ ਦੌਰਾਨ ਸਰਕਾਰਾਂ ਨੂੰ ਵੰਗਾਰਨ, ਲਲਕਾਰਨ ਭਾਵ ਵਿਦਰੋਹੀ ਸੁਰ ਵਾਲੇ ਗੀਤਾਂ ਤੋਂ ਇਲਾਵਾ ਕਿਸਾਨੀ ਦੀ ਮਾੜੀ ਹਾਲਤ ਨੂੰ ਸਮਝਣ, ਸਮਝਾਉਣ ਵਾਲੇ ਗੀਤ ਵੀ ਆਉਂਦੇ ਹਨ। ਅਮਰਿੰਦਰ ਗਿੱਲ ਦਾ ਗੀਤ ‘ਸੂਰਜਾਂ ਵਾਲੇ' ਕਿਸਾਨੀ ਨਾਲ ਜੁੜੇ ਪਰਵਾਰ ਦੁਆਰਾ ਬੇਰੁਜ਼ਗਾਰੀ, ਮਾੜੀ ਆਰਥਿਕ ਹਾਲਤ, ਸਰਕਾਰਾਂ ਦੁਆਰਾ ਕਿਸਾਨੀ ਹੱਕਾਂ ਦੀ ਅਣਦੇਖੀ ਦੇ ਰੂਪ 'ਚ ਹੰਢਾਏ ਜਾ ਰਹੇ ਮਾਨਸਿਕ ਤਸ਼ੱਦਦ ਦੀ ਝਲਕ ਹੈ :
ਕਾਲੀ ਬੱਦਲੀ ਹਨ੍ਹੇਰੀ ਜਿਹੀ ਰਾਤ ਏ,
ਨੀ ਫਿੱਕੀ ਪੈਂਦੀ ਦੀਵਿਆਂ ਦੀ ਲੋਅ
ਕਦੇ ਸੂਰਜਾਂ ਵਾਲੇ ਵੀ ਦਿਨ ਆਉਣਗੇ
ਤੂੰ ਐਵੇਂ ਬਿੱਟੂ ਚੀਮਿਆਂ ਨਾ ਰੋ।
ਇਸ ਤੋਂ ਇਲਾਵਾ ਕਿਸਾਨੀ ਦੀ ਬਾਤ ਪਾਉਂਦੇ ਗੀਤਾਂ ਵਿੱਚ ਹਰਫ ਚੀਮੇ ਦਾ ‘ਸਰਕਾਰੇ’, ਕੋਰ ਆਲੇ ਮਾਨ ਦਾ ‘ਕਿਸਾਨ’, ਕੰਵਰ ਗਰੇਵਾਲ ਦਾ ‘ਅੱਖਾਂ ਖੋਲ੍ਹ’, ਰਾਜਾ ਸਿੱਧੂ ਦਾ ‘ਦਰਦ ਕਿਸਾਨ ਦਾ’, ਸਿੱਪੀ ਗਰੇਵਾਲ ਦਾ ‘ਆਸ਼ਕ ਮਿੱਟੀ ਦੇ’ ਆਦਿ ਗੌਲਣ ਯੋਗ ਗੀਤ ਹਨ। ਸਮੁੱਚੇ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਗਾਇਕੀ ਵੰਨ-ਸੁਵੰਨੇ ਵਿਸ਼ਿਆਂ ਨੂੰ ਆਪਣੀ ਕਲਮ ਦਾ ਵਾਹਨ ਬਣਾਉਂਦੀ ਆਈ ਹੈ, ਜਿਨ੍ਹਾਂ ਵਿੱਚੋਂ ਕਿਸਾਨੀ ਇੱਕ ਅਹਿਮ ਸਰੋਕਾਰ ਹੈ। ਅਜੋਕੇ ਕਿਸਾਨੀ ਅੰਦੋਲਨ ਦੀ ਸ਼ੁਰੂਆਤ ਤੋਂ ਪਹਿਲਾਂ ਵੀ ਇਨ੍ਹਾਂ ਵਿਸਿ਼ਆਂ ਦੀ ਗੱਲ ਪੰਜਾਬੀ ਗਾਇਕੀ ਵਿੱਚੋਂ ਸਮੇਂ-ਸਮੇਂ ਹੁੰਦੀ ਰਹੀ ਹੈ, ਪਰ ਕਿਸਾਨੀ ਅੰਦੋਲਨ ਦੇ ਸ਼ੁਰੂ ਹੋਣ ਪਿੱਛੋਂ ਇਨ੍ਹਾਂ ਵਿਸ਼ਿਆਂ ਦੇ ਨਾਲ ਕਿਸਾਨੀ ਸੰਘਰਸ਼ ਨਾਲ ਸਿੱਧੇ ਰੂਪ ਵਿੱਚ ਜੁੜੇ ਮਸਲਿਆਂ ਕਾਰਨ ਵਿਦਰੋਹ ਦੀ ਸੁਰ ਵਿੱਚ ਤੀਬਰਤਾ ਆਈ ਹੈ। ਇਸ ਕਰ ਕੇ ਪੰਜਾਬੀ ਗਾਇਕੀ ਨੂੰ ਮਹਿਜ਼ ਮਨੋਰੰਜਨ ਦਾ ਸਾਧਨ ਜਾਂ ਭੜਕਾਊ ਗਾਇਕੀ ਸਮਝਣ ਵਾਲੀ ਸੋਚ ਨੂੰ ਤਿਆਗ ਕੇ ਕਿਸਾਨੀ ਜਾਂ ਕਿਸਾਨੀ ਸੰਘਰਸ਼ ਨਾਲ ਜੁੜੇ ਗੀਤਾਂ ਦਾ ਖਿੜੇ ਮੱਥੇ ਸਵਾਗਤ ਕਰਨ ਦੀ ਵੀ ਲੋੜ ਹੈ। ਅਜਿਹੇ ਗੀਤ ਜਿੱਥੇ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਕਿਸਾਨੀ ਅੰਦੋਲਨ ਨੂੰ ਹੁਲਾਰਾ ਦੇਣ ਵਿੱਚ ਭੂਮਿਕਾ ਅਦਾ ਕਰ ਸਕਦੇ ਹਨ, ਉਥੇ ਪੰਜਾਬੀ ਗੀਤਕਾਰੀ ਦੇ ਮਿਆਰ ਵਿੱਚ ਵੀ ਨਿੱਗਰ ਵਾਧਾ ਕਰਨ ਵਾਲੇ ਹਨ।