Welcome to Canadian Punjabi Post
Follow us on

21

October 2020
ਬ੍ਰੈਕਿੰਗ ਖ਼ਬਰਾਂ :
ਕਾਲੇ ਖੇਤੀ ਕਾਨੂੰਨ ਰਸਮੀ ਤੌਰ 'ਤੇ ਰੱਦ ਕਰਕੇ ਪੰਜਾਬ ਮੁਲਕ ਦਾ ਪਹਿਲਾ ਸੂਬਾ ਬਣ ਕੇ ਉਭਰਿਆਜਦੋਂ ਨਵਜੋਤ ਸਿੱਧੂ ਨੇ ਬੋਲਣਾ ਸ਼ੁਰੂ ਕੀਤਾ ਤਾਂ ਬੰਦ ਹੋਇਆ ਸਿੱਧਾ ਪ੍ਰਸਾਰਣਕੈਪਟਨ ਨੇ ਮਾਰੀ ਮੋਦੀ ਸਰਕਾਰ ਨੂੰ ਲਲਕਾਰ, ਅਸਤੀਫਾ ਦੇਣ ਦਾ ਨਹੀਂ ਕੋਈ ਡਰ, ਜੇ ਚਾਹੋ ਤਾਂ ਸਰਕਾਰ ਬਰਖਾਸਤ ਕਰ ਦਿਓਮੁੱਖ ਮੰਤਰੀ ਦੀ ਅਗਵਾਈ ’ਚ ਪੰਜਾਬ ਵਿਧਾਨ ਸਭਾ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਰੋਸ਼ ਮੁਜ਼ਾਹਰਿਆਂ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ‘ਆਪ’ ‘ਚ ਸ਼ਾਮਲ ਹੋਏ ਉੱਘੇ ਸਮਾਜ ਸੇਵੀ ਅਤੇ ਸਾਬਕਾ ਅਧਿਕਾਰੀ ਸਵਰਨ ਸਿੰਘ ਸੈਂਪਲਾਕਾਲੇ ਕਾਨੂੰਨਾਂ ਅਤੇ ਕਿਸਾਨੀ ਸੰਘਰਸ਼ ਬਾਰੇ ਮੁੱਖ ਮੰਤਰੀ ਦੀ ਨੀਅਤ ਖੋਟੀ : ਹਰਪਾਲ ਚੀਮਾਮਿਸੀਸਾਗਾ ਮਾਲਟਨ ਲਿਬਰਲ ਨੌਮੀਨੇਸ਼ਨ ਉੱਤੇ ਐਨਡੀਪੀ ਨੇ ਕੀਤੇ ਸਵਾਲਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਅਣਮਿੱਥੇ ਸਮੇਂ ਲਈ ਵਧਾਇਆ, ਭਾਜਪਾ ਆਗੂਆਂ ਦੀਆਂ ਮੀਟਿੰਗਾਂ ਦਾ ਵਿਰੋਧ ਕਰਨ ਦਾ ਫੈਸਲਾ
ਨਜਰਰੀਆ

ਕਦੋਂ ਤੱਕ ਹੁੰਦਾ ਰਹੇਗਾ ਇਹ ਜ਼ੁਲਮੋ-ਸਿਤਮ

October 15, 2020 09:30 AM

-ਅਮਨਦੀਪ ਸਿੰਘ ਸੇਖੋਂ
ਹਰ ਵਾਰ ਜਦੋਂ ਵੀ ਲੱਗਦਾ ਹੈ ਕਿ ਬਹੁਤ ਹੋ ਚੁੱਕਾ, ਹੁਣ ਹੋਰ ਨਹੀਂ ਤਾਂ ਹੋਰ ਹੁੰਦਾ ਹੈ। ਪਹਿਲਾਂ ਤੋਂ ਵੀ ਭਿਆਨਕ। ਪਹਿਲਾਂ ਤੋਂ ਵੀ ਘ੍ਰਿਣਿਤ। ਜਾਪਦਾ ਹੈ ਕਿ ਭਾਰਤ ਇੱਕ ਜਿਊਂਦਾ ਜਾਗਦਾ ਮਿਊਜ਼ੀਅਮ ਬਣ ਚੁੱਕਾ ਹੈ ਉਸ ਤਕਲੀਫ ਦਾ ਜੋ ਇੱਕ ਔਰਤ ਹੋ ਕੇ ਜੰਮਣ ਦਾ ਭੁਗਤਾਨ ਹੈ। ਜਿਵੇਂ ਇਹ ਦੇਸ਼ ਇੱਕ ਬਿਆਨ ਹੈ, ਜੋ ਹਾਥਰਸ ਕਾਂਡ ਦੀ ਪੀੜਤਾ ਦੀ ਕੱਟੀ ਹੋਈ ਜੀਭ ਲਿਖਾ ਰਹੀ ਹੈ, ਨਿਰਭੈਆ ਦੀਆਂ ਪੇਟ ਚੀਰ ਕੇ ਬਾਹਰ ਕੱਢੀਆਂ ਆਂਦਰਾਂ ਦੱਸ ਰਹੀਆਂ ਹੈ, ਹੈਦਰਾਬਾਦ ਦੀ ਇੱਕ ਡਾਕਟਰ ਧੀ ਦੀ ਸੜੀ ਹੋਈ ਲਾਸ਼ ਲਿਖਾ ਰਹੀ ਹੈ ਅਤੇ ਇਸ ਬਿਆਨ ਉੱਤੇ ਉਹ ਅਸੰਖ ਬੇਚਿਹਰਾ, ਬੇਨਾਮ ਧੀਆਂ ਆਪਣੇ ਖੂਨ ਨਾਲ ਹਰ ਘੜੀ ਮੋਹਰ ਲਗ ਰਹੀਆਂ ਹਨ, ਜਿਨ੍ਹਾਂ ਨਾਲ ਹੋਈ ਬੀਤੀ ਕਦੇ ਖਬਰ ਨਹੀਂ ਬਣਦੀ। ਉਹ ਅਸੰਖ ਜ਼ੁਬਾਨਾਂ ਇੱਕ ਹੀ ਤਰਲਾ ਆਪਣੇ ਰਚਣਹਾਰੇ ਨੂੰ ਪਾਉਂਦੀਆਂ ਹਨ ਕਿ ‘ਅਗਲੇ ਜਨਮ ਮੋਹੇ ਬਿਟਿਆ ਨਾ ਕੀਜੋ।’
ਯੂ ਪੀ ਦੇ ਜ਼ਿਲਾ ਹਾਥਰਸ ਦੀ ਤਾਜ਼ਾ ਵਹਿਸ਼ੀਆਨਾ ਘਟਨਾ 'ਚ ਪੀੜਤਾ ਦੀ ਜ਼ੁਬਾਨ ਕੱਟ ਲਈ ਗਈ, ਤਾਂ ਕਿ ਉਹ ਬੋਲ ਨਾ ਸਕੇ। ਸਾਡੇ ਦੇਸ਼ ਦਾ ਮੀਡੀਆ ਜੋ ਹਜ਼ਾਰਾਂ ਦੀ ਜ਼ੁਬਨਾਂ ਨਾਲ ਚੌਵੀ ਘੰਟੇ ਸੱਤੇ ਦਿਨ ਬੋਲਦਾ ਹੈ, ਕੀ ਬੋਲ ਰਿਹਾ ਹੈ? ਜ਼ਰਾ ਧਿਆਨ ਲਾ ਕੇ ਸੁਣੋ। ਸੁਸ਼ਾਂਤ, ਕੰਗਨਾ, ਰੀਆ ਤੇ ਦੀਪਿਕਾ ਵਰਗੇ ਖੋਖਲੇ ਸ਼ਬਦਾਂ ਪਿੱਛੇ ਤੁਹਾਨੂੰ ਉਨ੍ਹਾਂ ਖਬਰਾਂ ਦੀਆਂ ਕਰਾਹਾਂ ਸੁਣ ਜਾਣਗੀਆਂ, ਜਿਨ੍ਹਾਂ ਨੂੰ ਦਬਾਉਣ ਲਈ ਇਨ੍ਹਾਂ ਖੋਖਲੇ ਸ਼ਬਦਾਂ ਦਾ ਖੌਰੂ ਪਾਇਆ ਜਾਂਦਾ ਹੈ। ਇਨ੍ਹਾਂ ਵਿੱਚੋਂ ਕਿਹੜੀ ਚੀਕ ਹਾਥਰਸ ਵਾਲੀ ਕੱਟੀ ਜ਼ੁਬਾਨ ਵਾਲੀ ਨਿਰਭੈਆ ਦੀ ਹੈ, ਕਿਹੜੀ ਬੇਰੁਜ਼ਗਾਰ ਨੌਜਵਾਨਾਂ ਦੀ, ਕਿਹੜੀ ਪੇਟ 'ਤੇ ਪਈ ਲੱਤ ਦਾ ਦਰਦ ਲੈ ਕੇ ਸੜਕਾਂ ਉੱਤੇ ਆਏ ਕਿਸਾਨਾਂ ਦੀ, ਜੋ ਅੱਤਵਾਦੀ ਹੋਣ ਦਾ ਖਿਤਾਬ ਲੈ ਕੇ ਘਰਾਂ ਨੂੰ ਮੁੜੇ ਹਨ।
ਹਾਥਰਸ ਵਾਲੀ ਪੀੜਤਾ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਗਈ। ਸਾਡੀ ਰੀੜ੍ਹ ਦੀ ਹੱਡੀ ਹੈ ਜਾਂ ਉਹ ਵੀ ਟੁੱਟ ਗਈ ਹੈ? ਕੀ ਸਾਡੇ ਹੱਥ ਪੈਰ ਸਲਾਮਤ ਨੇ ਜਾਂ ਉਹ ਵੀ ਟੁੱਟ ਗਏ? ਇਨਕਲਾਬੀ ਕਵੀ ਪਾਸ਼ ਲਿਖਦਾ ਹੈ :
ਹੱਥ ਜੇ ਹੋਣ ਤਾਂ ਜੋੜਨ ਲਈ ਹੀ ਨਹੀਂ ਹੁੰਦੇ
ਨਾ ਦੁਸ਼ਮਣ ਸਾਹਮਣੇ ਚੁੱਕਣ ਲਈ ਹੀ ਹੁੰਦੇ ਹਨ
ਇਹ ਗਿੱਚੀਆਂ ਮਰੋੜਨ ਲਈ ਵੀ ਹੁੰਦੇ ਹਨ
ਹੱਥ ਜੇ ਹੋਣ ਤਾਂ ਹੀਰ ਦੇ ਹੱਥੋਂ
ਚੂਰੀ ਫੜਨ ਲਈ ਹੀ ਨਹੀਂ ਹੁੰਦੇ
ਸੈਦੇ ਦੀ ਜਨੇਤ ਡੱਕਣ ਲਈ ਵੀ ਹੁੰਦੇ ਹਨ
ਕੈਦੋ ਦੀਆਂ ਵੱਖੀਆਂ ਤੋੜਨ ਲਈ ਵੀ ਹੁੰਦੇ ਹਨ
ਹੱਥਾਂ ਦਾ ਧਰਮ ਕਿਵੇਂ ਨਿਭਾਇਆ ਜਾਂਦਾ ਹੈ। ਇਸ ਦੀ ਇੱਕ ਮਿਸਾਲ ਸ਼ਹੀਦ ਸੁਖਦੇਵ ਦੇ ਭਰਾ ਮਥਰਾਦਾਸ ਥਾਪਰ ਨੇ ਆਪਣੀਆਂ ਯਾਦਾਂ ਵਿੱਚੋਂ ਦਿੱਤੀ ਹੈ। ਉਹ ਲਿਖਦੇ ਹਨ ਕਿ ਲਾਹੌਰ ਦੇ ਕਈ ਅਖਬਾਰਾਂ ਵਿੱਚ ਇੱਕ ਖਬਰ ਛਪੀ ਸੀ। ਲਾਹੌਰ ਦੇ ਕਾਲਜਾਂ ਦੀਆਂ ਵਿਦਿਆਰਥਣਾਂ ਨੇ ਆਪਣੇ ਹੋਸਟਲ ਵਾਰਡਨਾਂ ਨੂੰ ਸ਼ਿਕਾਇਤ ਕੀਤੀ ਸੀ ਕਿ ਜਦੋਂ ਉਹ ਲਾਰੈਂਸ ਗਾਰਡਨ ਵਿੱਚੋਂ ਲੰਘਦੀਆਂ ਹਨ ਤਾਂ ਅੰਗਰੇਜ਼ ਫੌਜੀ ਉਨ੍ਹਾਂ ਨਾਲ ਛੇੜਛਾੜ ਕਰਦੇ ਹਨ। ਚੌਥੇ ਦਿਨ ਖਬਰ ਛਪੀ ਕਿ ਲਾਰੈਂਸ ਗਾਰਡਨ ਵਿੱਚ ਕੁਝ ਸ਼ਰਾਬੀ ਅੰਗਰੇਜ਼ ਫੌਜੀਆਂ ਨੂੰ ਨੌਜਵਾਨਾਂ ਨੇ ਕੁੱਟ-ਕੁੱਟ ਕੇ ਮਰਨਾਊ ਕਰ ਦਿੱਤਾ। ਇਹ ਕੰਮ ਭਗਤ ਸਿੰਘ, ਸੁਖਦੇਵ, ਭਗਤਵਤੀ ਚਰਨ ਵੋਹਰਾ ਤੇ ਦੇਸ ਰਾਜ ਦਾ ਸੀ, ਜੋ ਚਾਰ ਦਿਨ ਤੱਕ ਲਾਰੈਂਸ ਗਾਰਡਨ ਦੀਆਂ ਘਟਨਾਵਾਂ ਦੀ ਟੋਹ ਲੈਂਦੇ ਰਹੇ ਅਤੇ ਦੋਸ਼ੀਆਂ ਦੀ ਪਛਾਣ ਕਰਦੇ ਰਹੇ ਸਨ।
ਜਦੋਂ ਅਰਰੀਆ ਦੀ ਇੱਕ ਅਦਾਲਤ ਬਲਾਤਕਾਰ ਦੀ ਪੀੜਤ ਲੜਕੀ ਨੂੰ ਹੀ ਜੇਲ੍ਹ ਭੇਜ ਦਿੰਦੀ ਹੈ ਕਿ ਉਸ ਨੇ ਉਚੀ ਆਵਾਜ਼ ਵਿੱਚ ਮੈਜਿਸਟਰੇਟ ਨਾਲ ਗੱਲ ਕਿਉਂ ਕੀਤੀ, ਜਦੋਂ ਯੂ ਪੀ ਦਾ ਮੁੱਖ ਮੰਤਰੀ ਆਪਣੇ ਵਿਰੁੱਧ ਦਾਇਰ ਫਿਰਕੂ ਅਤੇ ਜਿਨਸੀ ਹਿੰਸਾ ਭੜਕਾਉਣ ਦੇ ਕੇਸ ਆਪ ਹੀ ਵਾਪਸ ਲੈ ਲੈਂਦਾ ਹੈ, ਜਦੋਂ ਕਿਰਨਜੀਤ ਕਾਂਡ ਵਿੱਚ ਇਨਸਾਫ ਦੀ ਲੜਾਈ ਲੜਨ ਵਾਲੇ ਮਨਜੀਤ ਸਿੰਘ ਧਨੇਰ ਨੂੰ ਪੁਲਸ ਝੂਠੇ ਕਤਲ ਕੇਸ ਵਿੱਚ ਫਸਾਉਂਦੀ ਹੈ ਅਤੇ ਉਸ ਦੀ ਉਮਰ ਕੈਦ ਦੀ ਸਜ਼ਾ ਸੁਪਰੀਮ ਕੋਰਟ ਤੱਕ ਕਾਇਮ ਰਹਿੰਦੀ ਹੈ ਤਾਂ ਦੇਸ਼ ਦੀ ਕਾਨੂੰਨ ਵਿਵਸਥਾ ਇਹ ਐਲਾਨ ਕਰ ਰਹੀ ਹੁੰਦੀ ਹੈ ਕਿ ਇਨਸਾਫ ਕਰਨ ਯੋਗ ਅਸੀਂ ਨਹੀਂ ਰਹਿ ਗਏ, ਓਦੋਂ ‘ਹੱਥ ਧਰਮ’ ਕੁਝ ਕਰੇ।
ਲੋਕਾਂ ਵੱਲ ਮੁੜ ਕੇ ਦੇਖੀਏ ਤਾਂ ਜੰਮੂ ਦੀਆਂ ਸੜਕਾਂ ਉੱਤੇ ਨਿਕਲੀਆਂ ਉਹ ਭੀੜਾਂ ਨਜ਼ਰ ਆਉਂਦੀਆਂ ਨੇ, ਜੋ ਹੱਥ ਵਿੱਚ ਤਿਰੰਗੇ ਫੜੀ ਆਸਿਫਾ ਦੇ ਕਾਤਲਾਂ ਨੂੰ ਬਚਾਉਣ ਲਈ ਜਲੂਸ ਕੱਢ ਰਹੀਆਂ ਹਨ। ਕੋਈ ਭੀੜ ਆਪਣੇ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੇ ਹੱਕ ਵਿੱਚ, ਕੋਈ ਆਪਣੇ ‘ਪਿਤਾ ਜੀ’ ਗੁਰਮੀਤ ਰਾਮ ਰਹੀਮ ਤੇ ਕੋਈ ਆਪਣੇ ‘ਬਾਪੂ’ ਆਸਾ ਰਾਮ ਦੇ ਹੱਕ ਵਿੱਚ ਨਿਤਰਦੀ ਹੈ। ਕੀ ਇਹ ਭੀੜਾਂ, ਜੋ ਧਰਮ ਅਤੇ ਜਾਤ ਨੂੰ ਪਛਾਣ ਕੇ ਇਹ ਫੈਸਲਾ ਕਰਦੀਆਂ ਹਨ ਕਿ ਪੀੜਤ ਦੇ ਹੱਕ ਵਿੱਚ ਖਲੋਣਾ ਹੈ ਕਿ ਬਲਾਤਕਾਰੀ ਦੇ, ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਇਨਸਾਫ ਕਰਨ ਦੀ ਯੋਗਤਾ ਰੱਖਦੀਆਂ ਹਨ? ਸਵਾਲ ਤੋਂ ਚੱਲ ਕੇ, ਸਵਾਲ ਤੱਕ ਹੀ ਪਹੁੰਚਣ ਅਤੇ ਸਵਾਲਾਂ ਦੇ ਹਨੇਰੇ ਵਿੱਚ ਹੱਥ-ਪੈਰ ਮਾਰਨ ਦਾ ਸਫਰ ਅਸੀਂ ਵਾਰ-ਵਾਰ ਕੀਤਾ ਹੈ। ਇਸ ਦੇਸ਼ ਵਿੱਚ ਹਰ ਸੰਵੇਦਨਸ਼ੀਲ ਬੰਦੇ ਦੇ ਇਹੀ ਹੋਣੀ ਹੈ। ਅਸੀਂ ਇਸੇ ਤਰ੍ਹਾਂ ਹਨੇਰੇ ਵਿੱਚ ਟੱਕਰਾਂ ਮਾਰਦੇ ਰਹਾਂਗੇ। ਨਫਰਤਾਂ ਦੇ ਬੀਜ, ਵੋਟਾਂ ਦੀ ਫਸਲ ਪੈਦਾ ਕਰਦੇ ਰਹਿਣਗੇ।
ਆਓ ਇਸ ਹਨੇਰੇ ਵਿੱਚ ਇਕੱਲੇ-ਇਕੱਲੇ ਕਰਾਹੁਣਾ ਛੱਡ ਕੇ ਇੱਕ ਦੂਜੇ ਦੇ ਹੱਥ ਫੜ ਲਈਏ। ਆਪੋ ਆਪਣੇ ਦਰਦ ਦੇ ਗੀਟੇ ਅਤੇ ਪੱਥਰ ਇਕੱਠੇ ਕਰ ਕੇ ਇੱਕ ਥਾਂ ਰੱਖੀਏ। ਸ਼ਾਇਦ ਸਾਡੀ ਪੀੜ ਦਾ ਅੰਬਾਰ ਪਰਬਤ ਦਾ ਰੂਪ ਲੈ ਲਵੇ ਅਤੇ ਉਸ ਵਿੱਚੋਂ ਦੁਸ਼ਿਅੰਤ ਕੁਮਾਰ ਦੇ ਕਹਿਣ ਮੁਤਾਬਕ ਕੋਈ ਗੰਗਾ ਫੁੱਟ ਪਵੇ, ਪਰ ਉਸ ਦਰਦ ਦਾ ਕੀ ਇਲਾਜ ਹੋਵੇ ਜੋ ਦੱਸਣਾ ਵੀ ਵਰਜਿਤ ਹੈ? ਕੀ ਇਕੱਠੇ ਹੋ ਕੇ ਇੱਕ ਹੋਣਗੇ ਉਹੀ ਗੀਟੇ, ਉਹ ਪੱਥਰ, ਜਿਨ੍ਹਾਂ ਦਾ ਨਾਂਅ ਲੈਣਾ ਵੀ ਕਾਨੂੰਨੀ ਤੌਰ 'ਤੇ ਵਰਜਿਤ ਹੈ? ਬਲਾਤਕਾਰ ਦੀਆਂ ਸ਼ਿਕਾਰ ਚੰਦ ਕੁ ਔਰਤਾਂ, ਜੋ ਸੁਰਖੀਆਂ ਵਿੱਚ ਆ ਜਾਣ, ਨੂੰ ਨਕਲੀ ਨਾਂਅ ਦੇ ਦਿੱਤੇ ਜਾਂਦੇ ਹਨ। ਬਲਾਤਕਾਰ ਇੱਕ ਔਰਤ ਤੇ ਉਸ ਦੇ ਪਰਵਾਰ ਲਈ ਸ਼ਰਮ ਦੀ ਗੱਲ ਹੈ, ਪਰ ਬਲਾਤਕਾਰੀ ਲਈ ਨਹੀਂ। ਸ਼ਾਇਦ ਇਸ ਸਮੱਸਿਆ ਬਾਰੇ ਖੁੱਲ੍ਹ ਕੇ ਗੱਲ ਕਰਨ ਨਾਲ ਵੀ ਸਾਡੇ ਦੇਸ਼ ਦੀ ਥੋਥੀ ਨੈਤਿਕਤਾ ਨੰਗੀ ਹੁੰਦੀ ਹੈ। ਇਸੇ ਲਈ ਡਾਕੂਮੈਂਟਰੀ ਫਿਲਮ ‘ਇੰਡੀਆਜ਼ ਡਾਟਰ’ ਉੱਤੇ ਰੋਕ ਲਾ ਦਿੱਤੀ ਗਈ ਸੀ। ਇਸ ਫਿਲਮ ਵਿੱਚ ਨਿਰਭੈਆ ਦੇ ਦੋਸ਼ੀਆਂ, ਉਨ੍ਹਾਂ ਦੇ ਪਰਵਾਰਾਂ ਤੇ ਵਕੀਲਾਂ ਨਾਲ ਗੱਲਬਾਤ ਦਰਜ ਹੈ, ਜੋ ਇਹ ਸਾਬਤ ਕਰਦੀ ਹੈ ਕਿ ਬਲਾਤਕਾਰ ਦੀ ਮਾਨਸਿਕਤਾ ਮਰਦ ਪ੍ਰਧਾਨਤਾ ਨਾਲ ਜੁੜੀ ਹੈ ਅਤੇ ਸਾਡਾ ਸਮਾਜ ਬੁਰੀ ਤਰ੍ਹਾਂ ਇਸ ਮਾਨਸਿਕਤਾ ਦਾ ਸ਼ਿਕਾਰ ਹੈ। ਅਜਿਹੀਆਂ ਫਿਲਮਾਂ ਨੂੰ ਸਾਂਝੇ ਤੌਰ 'ਤੇ ਦੇਖਣਾ ਅਤੇ ਵਿਚਾਰ-ਚਰਚਾ ਕਰਨਾ ਸਮੇਂ ਦੀ ਲੋੜ ਹੈ।
ਸਾਡਾ ਸਮਾਜ, ਪੁਲਸ ਅਤੇ ਅਦਾਲਤਾਂ ਆਪਣੇ ਸਾਰੇ ਦੰਭ ਦੇ ਬਾਵਜੂਦ ਪੁਰਸ਼ ਪ੍ਰਧਾਨ ਹਨ। ਔਰਤਾਂ ਦਾ ਮਰਦਾਂ ਦੇ ਬਰਾਬਰ ਕੰਮ ਕਰਨਾ, ਉਨ੍ਹਾਂ ਬਰਾਬਰ ਹੱਕ ਮੰਗਣਾ ਸਮਾਜ ਨੂੰ ਮਨਜ਼ੂਰ ਨਹੀਂ। ਜਦੋਂ ਕੋਈ ਪੁਲਸ ਅਫਸਰ, ਜੱਜ, ਨੇਤਾ ਜਾਂ ਧਰਮ ਗੁਰੂ ਰੇਪ ਦੀ ਸ਼ਿਕਾਰ ਔਰਤ ਨੂੰ ਇਹ ਆਖਦਾ ਹੈ ਕਿ ਉਹ ਉਸੇ ਮਾਨਸਿਕਤਾ ਵਿੱਚੋਂ ਬੋਲ ਰਿਹਾ ਹੁੰਦਾ ਹੈ, ਜਿਸ ਵਿੱਚੋਂ ਰੇਪ ਹੁੰਦੇ ਹਨ। ‘ਆਜ਼ਾਦੀ ਮੇਰਾ ਬ੍ਰਾਂਡ’ ਲਿਖਣ ਵਾਲੀ ਅਨੁਰਾਧਾ ਬੈਣੀਵਾਲ ਲਿਖਦੀ ਹੈ ਕਿ ਯੂਰਪ ਅਤੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਔਰਤਾਂ ਰਾਤ ਨੂੰ ਵੀ ਸੁਰੱਖਿਅਤ ਮਹਿਸੂਸ ਕਰਦੀਆਂ ਹਨ। ਭਾਰਤ ਵਿੱਚ ਘਰਾਂ ਤੋਂ ਬਾਹਰ ਔਰਤਾਂ ਦੀ ਘੱਟ ਗਿਣਤੀ ਉਨ੍ਹਾਂ ਦੀ ਅਸੁਰੱਖਿਆ ਦਾ ਕਾਰਨ ਹੈ। ਔਰਤ ਦੀ ਆਜ਼ਾਦੀ ਵਿੱਚ ਹੀ ਉਸ ਦੀ ਸੁਰੱਖਿਆ ਹੈ। ਸਾਡੇ ਸਮਾਜ ਨੇ ਔਰਤਾਂ ਨੂੰ ਸੁਰੱਖਿਅਤ ਕਰਨਾ ਹੈ ਤਾਂ ਆਜ਼ਾਦੀ ਜਾਂ ਸੁਰੱਖਿਆ ਵਿੱਚੋਂ ਕਿਸੇ ਇੱਕ ਨੂੰ ਚੁਣਨ ਦੀ ਸਲਾਹ ਦੇਣੀ ਛੱਡਣੀ ਪਵੇਗੀ ਅਤੇ ‘ਮਜਾਜ਼ ਲਖਨਵੀ’ ਵਾਂਗ ਇਹ ਆਖਣਾ ਪਵੇਗਾ :
ਤੇਰੇ ਮਾਥੇ ਪੇ ਯਹ ਆਂਚਲ ਖੂਬ ਹੈ ਲੇਕਿਨ
ਤੂ ਇਸ ਆਂਚਲ ਸੇ ਏਕ ਪਰਚਮ ਬਨਾ ਲੇਤੀ ਤੋ ਅੱਛਾ ਥਾ।

 

Have something to say? Post your comment