Welcome to Canadian Punjabi Post
Follow us on

21

October 2020
ਬ੍ਰੈਕਿੰਗ ਖ਼ਬਰਾਂ :
ਕਾਲੇ ਖੇਤੀ ਕਾਨੂੰਨ ਰਸਮੀ ਤੌਰ 'ਤੇ ਰੱਦ ਕਰਕੇ ਪੰਜਾਬ ਮੁਲਕ ਦਾ ਪਹਿਲਾ ਸੂਬਾ ਬਣ ਕੇ ਉਭਰਿਆਜਦੋਂ ਨਵਜੋਤ ਸਿੱਧੂ ਨੇ ਬੋਲਣਾ ਸ਼ੁਰੂ ਕੀਤਾ ਤਾਂ ਬੰਦ ਹੋਇਆ ਸਿੱਧਾ ਪ੍ਰਸਾਰਣਕੈਪਟਨ ਨੇ ਮਾਰੀ ਮੋਦੀ ਸਰਕਾਰ ਨੂੰ ਲਲਕਾਰ, ਅਸਤੀਫਾ ਦੇਣ ਦਾ ਨਹੀਂ ਕੋਈ ਡਰ, ਜੇ ਚਾਹੋ ਤਾਂ ਸਰਕਾਰ ਬਰਖਾਸਤ ਕਰ ਦਿਓਮੁੱਖ ਮੰਤਰੀ ਦੀ ਅਗਵਾਈ ’ਚ ਪੰਜਾਬ ਵਿਧਾਨ ਸਭਾ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਰੋਸ਼ ਮੁਜ਼ਾਹਰਿਆਂ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ‘ਆਪ’ ‘ਚ ਸ਼ਾਮਲ ਹੋਏ ਉੱਘੇ ਸਮਾਜ ਸੇਵੀ ਅਤੇ ਸਾਬਕਾ ਅਧਿਕਾਰੀ ਸਵਰਨ ਸਿੰਘ ਸੈਂਪਲਾਕਾਲੇ ਕਾਨੂੰਨਾਂ ਅਤੇ ਕਿਸਾਨੀ ਸੰਘਰਸ਼ ਬਾਰੇ ਮੁੱਖ ਮੰਤਰੀ ਦੀ ਨੀਅਤ ਖੋਟੀ : ਹਰਪਾਲ ਚੀਮਾਮਿਸੀਸਾਗਾ ਮਾਲਟਨ ਲਿਬਰਲ ਨੌਮੀਨੇਸ਼ਨ ਉੱਤੇ ਐਨਡੀਪੀ ਨੇ ਕੀਤੇ ਸਵਾਲਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਅਣਮਿੱਥੇ ਸਮੇਂ ਲਈ ਵਧਾਇਆ, ਭਾਜਪਾ ਆਗੂਆਂ ਦੀਆਂ ਮੀਟਿੰਗਾਂ ਦਾ ਵਿਰੋਧ ਕਰਨ ਦਾ ਫੈਸਲਾ
ਨਜਰਰੀਆ

ਇੱਕ ਦੋਸਤ ਦੀ ਯਾਦ

September 24, 2020 09:03 AM

-ਸੱਤਪਾਲ ਸਿੰਘ ਦਿਓਲ
ਮੇਰਾ ਬਹੁਤ ਹੀ ਖਾਸ ਮਿੱਤਰ, ਜੋ ਪੰਜਾਬ ਦੇ ਵਿਚਕਾਰਲੇ ਜ਼ਿਲੇ ਦਾ ਵਸਨੀਕ ਸੀ ਅਤੇ ਵਕਾਲਤ ਦੇ ਕੋਰਸ ਸਮੇਂ ਮੇਰੇ ਨਾਲ ਕੁਝ ਸਮਾਂ ਰਿਹਾ ਸੀ। ਪੰਜਾਬ ਦੇ ਕਿਸਾਨ ਪਰਵਾਰ ਨਾਲ ਸੰਬੰਧਤ ਸੀ ਤੇ ਮੇਰੀ ਉਸ ਨਾਲ ਚੰਗੀ ਦੋਸਤੀ ਸੀ। ਉਸ ਦਾ ਬਚਪਨ ਵੀ ਮੇਰੇ ਵਾਂਗ ਬੀਤਿਆ ਸੀ। ਪੜ੍ਹਨ ਵਿੱਚ ਬੜਾ ਹੁਸ਼ਿਆਰ ਸੀ। ਵਕਾਲਤ ਦੇ ਪਹਿਲੇ ਸਾਲ ਹੀ ਉਹ ਮੇਰੇ ਸੰਪਰਕ ਵਿੱਚ ਆਇਆ ਸੀ, ਪਰ ਦੌਰਾਨੇ ਕੋਰਸ ਹੀ ਉਸ ਨੂੰ ਕੋਈ ਸਰਕਾਰੀ ਨੌਕਰੀ ਮਿਲ ਗਈ ਤੇ ਵਕਾਲਤ ਦਾ ਕੋਰਸ ਵਿਚਾਲੇ ਛੱਡ ਕੇ ਉਹ ਨੌਕਰੀ ਕਰਨ ਲੱਗਾ। ਉਹ ਸਿੱਖ ਧਰਮ ਦੀ ਚੰਗੀ ਜਾਣਕਾਰੀ ਰੱਖਦਾ ਸੀ ਤੇ ਜੇ ਮੈਂ ਕਹਿ ਸਕਦਾ ਹਾਂ ਕਿ ਉਹ ਬਹੁਤ ਹੀ ਸੱਚਾ ਸਿੱਖ ਸੀ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਸੁਭਾਅ ਪੱਖੋਂ ਹਰ ਚੀਜ਼ ਨੂੰ ਤਰਕ 'ਤੇ ਪਰਖਦਾ ਸੀ। ਪਖੰਡ ਦਾ ਉਹ ਕੱਟੜ ਵਿਰੋਧੀ ਸੀ। ਇਸੇ ਕਾਰਨ ਉਸ ਦੇ ਕੁਝ ਸਾਥੀ ਉਸ ਨੂੰ ‘ਕਾਮਰੇਡ' ਕਹਿ ਦਿੰਦੇ, ਜਿਸ ਦਾ ਉਹ ਬੁਰਾ ਮਨਾ ਜਾਂਦਾ ਸੀ, ਪਰ ਉਸ ਦਾ ਇਹ ਰੋਸਾ ਕੁਝ ਚਿਰ ਲਈ ਹੁੰਦਾ ਤੇ ਫਿਰ ਸਾਰੇ ਉਵੇਂ ਹੀ ਹੋ ਜਾਂਦੇ।
ਮੇਰਾ ਉਸ ਨਾਲ ਉਸ ਦੇ ਕੋਰਸ ਛੱਡਣ ਤੋਂ ਬਾਅਦ ਜ਼ਿਆਦਾ ਮੇਲ-ਜੋਲ ਨਹੀਂ ਰਿਹਾ, ਪਰ ਉਸ ਦੇ ਲੈਂਡਲਾਈਨ ਫੋਨ ਉਪਰ ਕਈ ਵਾਰ ਉਸ ਨਾਲ ਦੇਰ ਤੱਕ ਗੱਲ ਹੋ ਜਾਂਦੀ ਸੀ। ਉਸ ਨੇ ਕਿਸੇ ਨੂੰ ਆਪਣੇ ਵਿਆਹ ਉਪਰ ਨਹੀਂ ਸੱਦਿਆ ਸੀ। ਉਨ੍ਹਾਂ ਦਿਨਾਂ ਵਿੱਚ ਖਾੜਕੂ ਲਹਿਰ ਅੰਤਿਮ ਚਰਨ ਵਿੱਚ ਸੀ। ਉਸ ਦੇ ਸ਼ਰੀਕੇ ਤੇ ਪਰਵਾਰ ਨੇ ਕਿਹਾ ਸੀ; ‘ਸਰਕਾਰੀ ਨੌਕਰੀ ਪੇਸ਼ਾ ਸਾਡਾ ਮੁੰਡਾ ਹੈ, ਅਸੀਂ ਵੱਡਾ ਇਕੱਠ ਕਰ ਕੇ ਪੂਰੇ ਜ਼ੋਰ ਸ਼ੋਰ ਨਾਲ ਵਿਆਹ ਕਰਨਾ ਹੈ।’ ਵੈਸੇ ਵੀ ਉਹ ਚੰਗੀ ਜਾਇਦਾਦ ਵਾਲੇ ਜ਼ਿਮੀਂਦਾਰ ਸਿੱਖ ਪਰਵਾਰ ਨਾਲ ਸੰਬੰਧਤ ਸੀ। ਇਸ ਦੇ ਬਾਵਜੂਦ ਉਸ ਨੇ ਸਿਰਫ ਗਿਆਰਾਂ ਬੰਦਿਆਂ ਦੀ ਬਰਾਤ ਲਿਜਾ ਕੇ ਸਾਦਾ ਵਿਆਹ ਕਰ ਲਿਆ। ਉਹ ਮੈਨੂੰ ਵਿਆਹ ਤੋਂ ਬਾਅਦ ਬਠਿੰਡਾ ਅਦਾਲਤ ਦੇ ਬਾਹਰ ਮਿਲਿਆ ਜਿੱਥੇ ਮੈਂ ਆਪਣੇ ਕਿਸੇ ਸਾਇਲ ਨਾਲ ਆਇਆ ਸੀ। ਮੈਂ ਉਸ ਨਾਲ ਵਿਆਹ 'ਤੇ ਨਾ ਬੁਲਾਉਣ ਦਾ ਗਿਲਾ ਕੀਤਾ। ਜਵਾਬ ਵਿੱਚ ਉਸ ਨੇ ਕਿਹਾ ਕਿ ਬਹੁਤ ਪਾਪੜ ਵੇਲ ਕੇ ਉਹ ਸਾਦਾ ਵਿਆਹ ਕਰਨ 'ਚ ਕਾਮਯਾਬ ਹੋਇਆ ਸੀ। ਬਹੁਤੇ ਸ਼ਰੀਕੇ ਵਾਲੇ ਅੱਜ ਵੀ ਉਹਨੂੰ ਤਾਹਨੇ ਦਿੰਦੇ ਨੇ। ਹੋਇਆ ਇਹ ਕਿ ਉਸ ਨੇ ਆਪਣੇ ਕਿਸੇ ਜਾਣਕਾਰ ਰਾਹੀਂ ਆਪਣੇ ਘਰ ਖਾੜਕੂਆਂ ਵੱਲੋਂ ਲਿਖੀ ਚਿੱਠੀ ਪਵਾਈ ਕਿ ਤੁਹਾਡੇ ਮੰੁਡੇ ਦਾ ਜੋ ਵਿਆਹ ਹੈ, ਉਹ ਸਾਦਾ ਢੰਗ ਨਾਲ ਸਿਰਫ ਗਿਆਰਾਂ ਬੰਦੇ ਬਰਾਤ ਲਿਜਾ ਕੇ ਕੀਤਾ ਜਾਵੇ, ਨਹੀਂ ਤਾਂ ਸੋਧਾ ਲਾਇਆ ਜਾਵੇਗਾ। ਜੇ ਬਰਾਤ ਵੱਧ ਗਈ ਤਾਂ ਪਿੰਡ ਦੇ ਗੰਦੇ ਪਾਣੀ ਵਾਲੇ ਛੱਪੜ ਵਿੱਚੋਂ ਬਰਾਤ ਲੰਘਾਈ ਜਾਵੇਗੀ। ਹਾਲਾਂਕਿ ਉਹ ਚਿੱਠੀ ਫਰਜ਼ੀ ਸੀ, ਪਰ ਘਰ ਵਾਲਿਆਂ ਨੇ ਕਿਸੇ ਕੋਲ ਭਾਫ ਵੀ ਬਾਹਰ ਨਹੀਂ ਕੱਢੀ। ਇੰਞ ਉਹ ਸਾਦਾ ਵਿਆਹ ਕਰਨ ਵਿੱਚ ਕਾਮਯਾਬ ਹੋਇਆ।
ਸਮੇਂ ਦੇ ਨਾਲ-ਨਾਲ ਅਸੀਂ ਦੋਵੇਂ ਘਰ ਗ੍ਰਹਿਸਥੀ ਵਿੱਚ ਰੁੱਝ ਗਏ। ਇੱਕ ਦੋ ਵਾਰ ਉਹ ਮੈਨੂੰ ਕਿਸੇ ਸਾਂਝੇ ਮਿੱਤਰਾਂ ਦੇ ਬਜ਼ੁਰਗਾਂ ਦੇ ਭੋਗ 'ਤੇ ਮਿਲਿਆ। ਇੱਕ ਭੋਗ 'ਤੇ ਬਹੁਤ ਵੱਡਾ ਇਕੱਠ ਸੀ ਤੇ ਬਹੁਤ ਸਾਰੇ ਲੀਡਰ ਆਏ ਸੀ। ਬਹੁਤ ਸਾਰੇ ਪਕਵਾਨ ਬਣਾ ਕੇ ਖਰਚ ਦੀ ਕਸਰ ਬਾਕੀ ਨਹੀਂ ਛੱਡੀ ਸੀ। ਉਸ ਨੂੰ ਅਜਿਹਾ ਚੰਗਾ ਨਹੀਂ ਲੱਗਦਾ ਸੀ। ਅਸੀਂ ਪਿੱਛੇ ਬੈਠ ਕੇ ਆਪੋ ਵਿੱਚ ਹੌਲੀ-ਹੌਲੀ ਗੱਲਾਂ ਕਰਨ ਲੱਗੇ। ਇੱਕ ਲੀਡਰ ਨੇ ਬੋਲਦਿਆਂ ਕਿਹਾ ਕਿ ਇਸ ਸਰਦਾਰ ਦੀ ਸ਼ਖਸੀਅਤ ਤੇ ਪਰਵਾਰ ਦਾ ਰਸੂਖ ਇਸ ਭੋਗ 'ਤੇ ਹੋਏ ਇਕੱਠ ਤੋਂ ਪਤਾ ਲੱਗਦਾ ਹੈ। ਕੋਲ ਹੀ ਦੋ ਵਿਅਕਤੀ ਗੱਲ ਕਰ ਰਹੇ ਸੀ ਕਿ ਜਵਾਨੀ ਪਹਿਰੇ ਇਹਨੇ ਸਾਰਾ ਪਿੰਡ ਤਪਾ ਮਾਰਿਆ ਸੀ। ਕਿਹੜਾ ਗਲਤ ਕੰਮ ਹੈ, ਜੋ ਇਸ ਮਰਨ ਵਾਲੇ ਨੇ ਨਹੀਂ ਕੀਤਾ। ਮੇਰਾ ਮਿੱਤਰ ਉਨ੍ਹਾਂ ਦੀ ਗੱਲ ਸੁਣ ਕੇ ਮੇਰੇ ਵੱਲ ਵੇਖ ਕੇ ਮੁਸਕੁਰਾਇਆ। ਮੈਂ ਸਮਝ ਗਿਆ ਕਿ ਇਕੱਠ ਉਸ ਨੂੰ ਚਾਪਲੂਸ ਲੋਕਾਂ ਦਾ ਤੇ ਸਮਾਜਕ ਦਿਖਾਵਾ ਕਰਨ ਵਾਲਾ ਜਾਪਦਾ ਸੀ। ਮੈਂ ਉਸ ਦੀ ਸੋਚ ਤੋਂ ਚੰਗੀ ਤਰ੍ਹਾਂ ਵਾਕਫ ਸੀ। ਉਸ ਦਾ ਵਿਚਾਰ ਸੀ ਕਿ ਜੇ ਤੁਸੀਂ ਹਰ ਗੱਲ ਸਹੀ ਤੇ ਤਰਕ ਦੇ ਆਧਾਰ 'ਤੇ ਕਰਦੇ ਹੋ ਤਾਂ ਤੁਹਾਡੇ ਆਸਪਾਸ ਲੋਕਾਂ ਦਾ ਘੇਰਾ ਬਹੁਤ ਛੋਟਾ ਹੁੰਦਾ ਜਾਵੇਗਾ। ਚਾਪਲੂਸ ਲੋਕ ਤੁਹਾਡੇ ਤੋਂ ਦੂਰ ਰਹਿਣ ਲੱਗਣਗੇ। ਇਹੀ ਗੱਲ ਰਿਸ਼ਤੇਦਾਰਾਂ ਤੇ ਈਰਖਾਲੂ ਲੋਕਾਂ 'ਤੇ ਲਾਗੂ ਹੁੰਦੀ ਹੈ। ਰਿਸ਼ਤੇਦਾਰਾਂ ਦਾ ਘੇਰਾ ਹੌਲੀ-ਹੌਲੀ ਤੁਹਾਡੇ ਤੋਂ ਦੂਰ ਹੁੰਦਾ ਜਾਵੇਗਾ। ਭੋਗ ਦੇ ਇਕੱਠ ਤੋਂ ਤੁਹਾਡੀ ਸ਼ਖਸੀਅਤ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਤੁਸੀਂ ਖਰੀ ਗੱਲ ਕਹਿਣ ਦੀ ਹਿੰਮਤ ਰੱਖਦੇ ਹੋ ਤਾਂ ਚਾਪਸੂਸ ਤੇ ਮਤਲਬ ਪ੍ਰਸਤ ਲੋਕ ਆਪੇ ਦੂਰ ਭੱਜ ਜਾਣਗੇ। ਇਸ ਲਈ ਤੁਹਾਡੇ ਭੋਗ 'ਤੇ ਜਿੰਨੇ ਲੋਕ ਹੋਣਗੇ ਉਹ ਤੁਹਾਡੀ ਸੋਚ ਦੇ ਹੋਣਗੇ। ਜੇ ਦਾਲ ਨਾਲ ਭੋਗ 'ਤੇ ਪ੍ਰਸ਼ਾਦਾ ਹੋਵੇਗਾ ਤਾਂ ਛਕਣ ਵਾਲੇ ਵੀ ਨਰੋਈ ਸੋਚ ਵਾਲੇ ਹੋਣਗੇ। ਜੋ ਭੋਗ ਉਤੇ ਵਧੀਆ ਪਕਵਾਨਾਂ ਦੀ ਉਮੀਦ ਰੱਖਦੇ ਨੇ, ਉਹ ਉਥੇ ਨਹੀਂ ਆਉਣਗੇ। ਉਹ ਕਹਿੰਦਾ ਸੀ, ‘ਮੇਰੇ ਨਾਲ ਮੇਲ ਮਿਲਾਪ ਉਹੀ ਰੱਖੇਗਾ, ਜੋ ਮੇਰੀ ਸੋਚ ਵਾਲਾ ਹੋਵੇਗਾ, ਦੂਜੇ ਨਹੀਂ ਰੱਖਣਗੇ।”
ਇੱਕ ਦਿਨ ਦੁਖੀ ਮਨ ਨਾਲ ਉਸ ਦੇ ਭੋਗ 'ਤੇ ਵੀ ਮੈਨੂੰ ਜਾਣਾ ਪਿਆ। ਸੰਖੇਪ ਬਿਮਾਰੀ ਤੋਂ ਬਾਅਦ ਉਹ ਪਿਛਲੇ ਸਾਲ ਚਲ ਵਸਿਆ। ਆਪਣੇ ਕਿਸੇ ਬੱਚੇ ਦਾ ਉਸ ਨੇ ਵਿਆਹ ਨਹੀਂ ਵੇਖਿਆ, ਪਰ ਸਿੱਖਿਆ ਵਜੋਂ ਬੱਚਿਆਂ ਵਿੱਚ ਆਪਣੇ ਉਹ ਗੁਣ ਵਿਕਸਤ ਕਰ ਗਿਆ। ਭੋਗ ਤੇ ਸੀਮਿਤ ਇਕੱਠ ਸੀ। ਇੱਕ ਖਾਸ ਮਿੱਤਰ ਨੇ ਆਏ ਹੋਏ ਰਿਸ਼ਤੇਦਾਰਾਂ ਤੇ ਦੋਸਤਾਂ ਦਾ ਧੰਨਵਾਦ ਕੀਤਾ। ਸੀਮਿਤ ਇਕੱਠ ਦਰਸਾ ਰਿਹਾ ਸੀ ਕਿ ਉਹ ਨਿੱਗਰ ਸੋਚ ਦਾ ਧਾਰਨੀ ਇਨਸਾਨ ਸੀ। ਉਪਦੇਸ਼ ਦੇਣ ਦੀ ਬਜਾਏ ਉਹ ਖੁਦ ਅਮਲ ਕਰਨ ਵਿੱਚ ਯਕੀਨ ਰੱਖਦਾ ਸੀ। ਪਰਵਾਰ ਨੇ ਵੀ ਉਸ ਦੀ ਸੋਚ ਮੁਤਾਬਕ ਅੰਤਿਮ ਰਸਮਾਂ ਕਰ ਕੇ ਉਸ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਸੀ।

Have something to say? Post your comment