Welcome to Canadian Punjabi Post
Follow us on

21

October 2020
ਬ੍ਰੈਕਿੰਗ ਖ਼ਬਰਾਂ :
ਕਾਲੇ ਖੇਤੀ ਕਾਨੂੰਨ ਰਸਮੀ ਤੌਰ 'ਤੇ ਰੱਦ ਕਰਕੇ ਪੰਜਾਬ ਮੁਲਕ ਦਾ ਪਹਿਲਾ ਸੂਬਾ ਬਣ ਕੇ ਉਭਰਿਆਜਦੋਂ ਨਵਜੋਤ ਸਿੱਧੂ ਨੇ ਬੋਲਣਾ ਸ਼ੁਰੂ ਕੀਤਾ ਤਾਂ ਬੰਦ ਹੋਇਆ ਸਿੱਧਾ ਪ੍ਰਸਾਰਣਕੈਪਟਨ ਨੇ ਮਾਰੀ ਮੋਦੀ ਸਰਕਾਰ ਨੂੰ ਲਲਕਾਰ, ਅਸਤੀਫਾ ਦੇਣ ਦਾ ਨਹੀਂ ਕੋਈ ਡਰ, ਜੇ ਚਾਹੋ ਤਾਂ ਸਰਕਾਰ ਬਰਖਾਸਤ ਕਰ ਦਿਓਮੁੱਖ ਮੰਤਰੀ ਦੀ ਅਗਵਾਈ ’ਚ ਪੰਜਾਬ ਵਿਧਾਨ ਸਭਾ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਰੋਸ਼ ਮੁਜ਼ਾਹਰਿਆਂ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ‘ਆਪ’ ‘ਚ ਸ਼ਾਮਲ ਹੋਏ ਉੱਘੇ ਸਮਾਜ ਸੇਵੀ ਅਤੇ ਸਾਬਕਾ ਅਧਿਕਾਰੀ ਸਵਰਨ ਸਿੰਘ ਸੈਂਪਲਾਕਾਲੇ ਕਾਨੂੰਨਾਂ ਅਤੇ ਕਿਸਾਨੀ ਸੰਘਰਸ਼ ਬਾਰੇ ਮੁੱਖ ਮੰਤਰੀ ਦੀ ਨੀਅਤ ਖੋਟੀ : ਹਰਪਾਲ ਚੀਮਾਮਿਸੀਸਾਗਾ ਮਾਲਟਨ ਲਿਬਰਲ ਨੌਮੀਨੇਸ਼ਨ ਉੱਤੇ ਐਨਡੀਪੀ ਨੇ ਕੀਤੇ ਸਵਾਲਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਅਣਮਿੱਥੇ ਸਮੇਂ ਲਈ ਵਧਾਇਆ, ਭਾਜਪਾ ਆਗੂਆਂ ਦੀਆਂ ਮੀਟਿੰਗਾਂ ਦਾ ਵਿਰੋਧ ਕਰਨ ਦਾ ਫੈਸਲਾ
ਨਜਰਰੀਆ

ਬੰਦਾ ਤਾਂ ਕੋਈ ਨਾ ਬਣਿਆ

September 24, 2020 09:02 AM

-ਸੁਪਿੰਦਰ ਸਿੰਘ ਰਾਣਾ
ਕਰੀਬ ਦੋ ਕੁ ਦਹਾਕੇ ਪਹਿਲਾਂ ਵੀਰ ਦੇ ਵਿਆਹ ਵਿੱਚ ਇੱਕ ਜੋੜਾ ਨੱਚਦਾ ਹੋਇਆ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਸੀ, ਇਸ ਦਾ ਕਾਰਨ ਸ਼ਾਇਦ ਉਨ੍ਹਾਂ ਦਾ ਕੱਦ ਸੀ। ਹਰ ਮੇਲੀ ਉਨ੍ਹਾਂ ਨੂੰ ਦੇਖ ਰਿਹਾ ਸੀ। ਅਸਲ ਵਿੱਚ ਵਿਆਹ ਦੀ ਪਾਰਟੀ ਵੇਲੇ ਸਾਰਾ ਮੇਲਾ ਇਸ ਜੋੜੇ ਨੇ ਲੁੱਟ ਲਿਆ ਸੀ। ਇੰਝ ਜਾਪਦਾ ਸੀ ਕਿ ਮੁੰਡਾ ਭੰਗੜੇ ਦਾ ਕਪਤਾਨ ਤੇ ਕੁੜੀ ਗਿੱਧਿਆਂ ਦੀ ਰਾਣੀ ਰਹੀ ਹੋਵੇ। ਦੋਵਾਂ ਦੇ ਕਦਮ ਤੇ ਤਾਲ ਬਰਾਬਰ ਚੱਲ ਰਹੇ ਸਨ। ਇਹ ਮੇਰੀ ਮਾਸੀ ਦੇ ਪੁੱਤ-ਨੂੰਹ ਸਨ।
ਪਾਰਟੀ ਦੇਰ ਰਾਤ ਤੱਕ ਚੱਲਦੀ ਰਹੀ। ਹਰ ਰਿਸ਼ਤੇਦਾਰ ਉਨ੍ਹਾਂ ਨੂੰ ਦੇਖ ਕੇ ਮਾਸੀ ਨੂੰ ਆਖ ਰਿਹਾ ਸੀ, ‘ਭੈਣ ਤੂੰ ਪੁੱਤ ਲਈ ਨੂੰਹ ਬਹੁਤ ਸੋਹਣੀ ਲੱਭੀ ਹੈ।’ ਜੋੜੇ ਕੋਲ ਛੋਟੀ ਜਿਹੀ ਬੱਚੀ ਸੀ, ਜਿਸ ਨੂੰ ਮਾਸੀ ਨੇ ਸਾਂਭਿਆ ਹੋਇਆ ਸੀ। ਵਿਆਹ ਕਈ ਦਿਨ ਚੱਲਿਆ। ਮਗਰੋਂ ਹੌਲੀ-ਹੌਲੀ ਰਿਸ਼ਤੇਦਾਰ ਆਪੋ-ਆਪਣੇ ਘਰਾਂ ਨੂੰ ਜਾਣ ਲੱਗੇ। ਮਾਸੀ ਦੀ ਨੂੰਹ ਅਤੇ ਪੁੱਤ ਚਲੇ ਗਏ। ਮਾਸੀ ਦੋ-ਚਾਰ ਦਿਨ ਰਹਿ ਕੇ ਗਈ। ਸਾਡੀ ਮਾਂ ਨਾ ਹੋਣ ਕਾਰਨ ਮਾਸੀਆਂ, ਮਾਮੀਆਂ ਅਤੇ ਤਾਈ ਨੇ ਵਿਆਹ ਦੇ ਚਾਅ-ਲਾਡ ਪੂਰੇ ਕੀਤੇ। ਮਹੀਨੇ ਮਗਰੋਂ ਮਾਸੀ ਦਾ ਸੁਨੇਹਾ ਆ ਗਿਆ। ਉਸ ਨੇ ਕਿਹਾ ਕਿ ਪੁੱਤ ਪਰਸੋਂ ਆ ਜਾਵੀਂ, ਜ਼ਰੂਰੀ ਕੰਮ ਹੈ। ਮੈਂ ਬਥੇਰਾ ਪੁੱਛਿਆ, ਪਰ ਉਨ੍ਹਾਂ ਕੰਮ ਨਹੀਂ ਦੱਸਿਆ। ਮਿਥੇ ਮੈਂ ਸਕੂਟਰ ਲੈ ਕੇ ਉਨ੍ਹਾਂ ਦੇ ਘਰ ਪਹੁੰਚ ਗਿਆ।
ਘਰ ਵਿੱਚ ਹੋਰ ਰਿਸ਼ਤੇਦਾਰ ਆਏ ਹੋਏ ਸਨ। ਰਿਸ਼ਤੇਦਾਰਾਂ ਤੇ ਘਰ ਦੇ ਜੀਆਂ ਵਿੱਚੋਂ ਮੈਨੂੰ ਉਨ੍ਹਾਂ ਦੀ ਨੂੰਹ ਤੇ ਪੋਤੀ ਨਜ਼ਰ ਨਹੀਂ ਆ ਰਹੀ ਸੀ। ਚਾਹ ਪੀਣ ਮਗਰੋਂ ਮੈਂ ਮਾਸੜ ਤੋਂ ਪੁੱਛਿਆ, ‘ਭਾਬੀ ਤੇ ਭਤੀਜੀ ਦਿਖਾਈ ਨਹੀਂ ਦੇ ਰਹੀਆਂ। ਕੀ ਗੱਲ ਵਾਂਢੇ ਗਈਆਂ ਨੇ।’ ਉਹ ਆਖਣ ਲੱਗੇ, ‘ਉਨ੍ਹਾਂ ਕਰ ਕੇ ਪੰਚਾਇਤ ਸੱਦੀ ਹੈ। ਪੁੱਤਰ-ਨੂੰਹ ਦਾ ਆਪੋ ਵਿੱਚ ਕਲੇਸ਼ ਪੈ ਗਿਆ। ਬਹੂੰ ਸਾਨੂੰ ਦੇਖ ਕੇ ਰਾਜ਼ੀ ਨਹੀਂ। ਮੁੰਡੇ ਨੂੰ ਵੀ ਚੰਗਾ ਨਹੀਂ ਸਮਝਦੀ। ਲੜ ਕੇ ਪੇਕੇ ਚਲੇ ਗਈ ਹੈ।’ ਮੈਂ ਕਾਫੀ ਹੈਰਾਨ ਹੋਇਆ। ਅਜੇ ਮਹੀਨਾ ਪਹਿਲਾਂ ਵਿਆਹ ਵੇਲੇ ਹਰ ਕੋਈ ਮਾਸੀ ਦੇ ਨੂੰਹ-ਪੁੱਤ ਦੀਆਂ ਸਿਫਤਾਂ ਕਰਦਾ ਸੀ। ਇਹ ਕੀ ਭਾਣਾ ਵਰਤ ਗਿਆ। ਮਾਸੀ ਦੀ ਕੁੜੀ ਪਹਿਲਾਂ ਹੀ ਵਿਆਹ ਮਗਰੋਂ ਆਪਣੀ ਧੀ ਨਾਲ ਉਨ੍ਹਾਂ ਦੇ ਘਰ ਬੈਠੀ ਸੀ।
ਥੋੜ੍ਹੇ ਸਮੇਂ ਬਾਅਦ ਪੰਚਾਇਤ ਜੁੜ ਗਈ। ਮੁੰਡੇ ਦੇ ਸਹੁਰੇ ਪਰਵਾਰ ਦੇ ਕਈ ਸੱਜਣ ਆਏ। ਚਾਹ ਪਾਣੀ ਪੀਣ ਪਿੱਛੋਂ ਗੱਲਬਾਤ ਸ਼ੁਰੂ ਹੋਈ। ਸਿਆਣਿਆਂ ਨੇ ਬਥੇਰਾ ਦੋਵਾਂ ਧਿਰਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਪਤਾ ਨਹੀਂ ਦੋਵਾਂ ਧਿਰਾਂ ਨੂੰ ਕੀ ਘੋਲ ਕੇ ਪਿਲਾਇਆ ਗਿਆ ਸੀ ਕਿ ਦੋਵੇਂ ਗੱਲ ਭੁੰਜੇ ਨਹੀਂ ਪੈਣ ਦੇ ਰਹੇ ਸਨ। ਮੁੰਡੇ ਵਾਲੇ ਆਪਣੇ ਵਿੱਚ ਕਸੂਰ ਬਰਦਾਸ਼ਤ ਨਹੀਂ ਕਰ ਰਹੇ ਸਨ ਤੇ ਕੁੜੀ ਵਾਲੇ ਆਪਣੇ ਵਿੱਚ। ਇੰਨੇ ਨੂੰ ਕੁੜੀ ਦਾ ਪਿਤਾ ਮੁੰਡੇ ਵਾਲਿਆਂ ਨੂੰ ਸੰਬੋਧਨ ਕਰਦਾ ਹੋਇਆ ਕਹਿਣ ਲੱਗਿਆ, ‘ਮੈਂ ਤੁਹਾਨੂੰ ਸਾਰਿਆਂ ਨੂੰ ਬੰਦੇ ਦਾ ਪੁੱਤ ਬਣਾ ਕੇ ਹਟੂੰ। ਕੋਰਟ ਵਿੱਚ ਕੇਸ ਪਾਊਂ। ਕੁੜੀ ਦਾ ਮੈਂ ਹੋਰ ਕਿਤੇ ਵਿਆਹ ਕਰਨਾ ਨਹੀਂ, ਤੁਹਾਡੇ ਮੁੰਡੇ ਦਾ ਵੀ ਹੋਣ ਨਹੀਂ ਦੇਣਾ।’
ਇਧਰੋਂ ਮਾਸੜ ਤੈਸ਼ ਵਿੱਚ ਆ ਗਿਆ। ਕਹਿਣ ਲੱਗਾ, ‘ਬੰਦਾ ਬਣ ਕੇ ਪਹਿਲਾਂ ਆਪਣੀਆਂ ਗਲਤੀਆਂ ਮੰਨ, ਨਹੀਂ ਤਾਂ ਕੁੜੀ ਨੂੰ ਦੇਹਲੀ ਨਹੀਂ ਵੜਨ ਦਿੰਦਾ।’ ਸਾਰਿਆਂ ਨੇ ਦੋਵਾਂ ਧਿਰਾਂ ਨੂੰ ਬਹੁਤ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਪੰਚਾਇਤ ਮੈਂਬਰਾਂ ਨੇ ਕਿਹਾ ਕਿ ਜੋ ਸਾਡੀ ਸੁਣਨੀ ਨਹੀਂ ਤਾਂ ਬੁਲਾਇਆ ਕਿਉਂ ਸੀ। ਕੁੜੀ ਵਾਲੇ ਉਠ ਕੇ ਤੁਰ ਪਏ। ਲੋਕਾਂ ਨੇ ਬਥੇਰਾ ਉਨ੍ਹਾਂ ਨੂੰ ਬੈਠਣ ਲਈ ਆਖਿਆ, ਪਰ ਉਨ੍ਹਾਂ ਕਿਸੇ ਦੀ ਨਾ ਸੁਣੀ। ਉਨ੍ਹਾਂ ਦੇ ਜਾਣ ਮਗਰੋਂ ਬੈਠਕ ਵਿੱਚ ਘਰ ਦੀਆਂ ਔਰਤਾਂ ਆ ਗਈਆਂ। ਪਰਵਾਰ ਵਾਲੇ ਸਾਰੇ ਇੱਕਮੁੱਠ ਸਨ ਕਿ ਬਹੂ ਨੂੰ ਲੈ ਕੇ ਨਹੀਂ ਆਉਣਾ, ਚਾਹੇ ਜੋ ਮਰਜ਼ੀ ਹੋ ਜਾਵੇ। ਸਿਆਣੇ ਵਿਅਕਤੀਆਂ ਨੇ ਕਿਹਾ ਕਿ ਇੰਝ ਨਹੀਂ ਕਰੀਦਾ। ਘਰ ਵਿੱਚ ਦੋ ਭਾਂਡੇ ਹੁੰਦੇ ਹੋਣ, ਖੜਕਦੇ ਵੀ ਹਨ। ਇਸ ਲਈ ਪਿਛਲੀਆਂ ਗੱਲਾਂ ਨੂੰ ਮਿੱਟੀ ਪਾਓ ਅਤੇ ਬਹੂ ਨੂੰ ਘਰ ਲਿਆਉਣ ਦੀ ਗੱਲ ਕਰੋ। ਪਰਵਾਰ ਵਾਲੇ ਇਸ ਲਈ ਰਾਜ਼ੀ ਨਹੀਂ ਸਨ। ਹੌਲੀ-ਹੌਲੀ ਸਾਰੇ ਉਠ ਕੇ ਆਪਣੇ ਘਰਾਂ ਨੂੰ ਤੁਰ ਪਏ।
ਮੈਂ ਕਾਫੀ ਦੇਰ ਤੱਕ ਮਾਸੜ-ਮਾਸੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਕਿਹਾ ਕਿ ਬਹੂ ਦੇ ਲਿਆਉਣ ਦੀ ਤੂੰ ਗੱਲ ਹੀ ਨਾ ਕਰ, ਹੋਰ ਗੱਲ ਕਰੋ। ਥੋੜ੍ਹੀ ਦੇਰ ਬਾਅਦ ਮੈਂ ਜਾਣ ਦੀ ਇਜਾਜ਼ਤ ਲਈ ਤੇ ਸਕੂਟਰ ਚੁੱਕ ਕੇ ਘਰ ਨੂੰ ਚੱਲ ਪਿਆ। ਘਰ ਆ ਕੇ ਸਾਰੀ ਗੱਲ ਪਿਤਾ ਜੀ ਨੂੰ ਦੱਸੀ। ਉਨ੍ਹਾਂ ਮਾਸੀ-ਮਾਸੜ ਨੂੰ ਕਾਫੀ ਲਾਹਨਤਾਂ ਪਾਈਆਂ। ਸਮਾਂ ਆਪਣੀ ਤੋਰ ਚਲਦਾ ਗਿਆ। ਕੁਝ ਸਮੇਂ ਬਾਅਦ ਪਤਾ ਲੱਗਾ ਕਿ ਕੁੜੀ ਵਾਲਿਆਂ ਨੇ ਪੁਲਸ ਨੂੰ ਇਸ ਦੀ ਅਰਜ਼ੀ ਦਿੱਤੀ। ਕੁਝ ਸਮਾਂ ਕੇਸ ਵਿਮੈਨ ਸੈੱਲ ਵਿੱਚ ਚੱਲਿਆ ਤੇ ਮਗਰੋਂ ਦੋਵਾਂ ਧਿਰਾਂ ਦੇ ਨਾ ਮੰਨਣ ਕਾਰਨ ਅਦਾਲਤ ਵਿੱਚ ਚਲੇ ਗਿਆ। ਅਦਾਲਤ ਨੇ ਮੁੰਡੇ ਨੂੰ ਉਸ ਦੀ ਪਤਨੀ ਤੇ ਕੁੜੀ ਦਾ ਖਰਚਾ ਦੇਣ ਨੂੰ ਆਖ ਦਿੱਤਾ। ਕੇਸ ਕਾਫੀ ਦੇਰ ਹੇਠਲੀ ਅਦਾਲਤ ਵਿੱਚ ਚੱਲਿਆ ਤੇ ਮਗਰੋਂ ਉਪਰਲੀ ਅਦਾਲਤ ਵਿੱਚ ਚਲੇ ਗਿਆ। ਅੱਜਕੱਲ੍ਹ ਹਾਈ ਕੋਰਟ ਵਿੱਚ ਚੱਲ ਰਿਹਾ ਹੈ। ਵੀਹ ਸਾਲ ਬੀਤ ਗਏ ਹਨ।
ਰਿਸ਼ਤੇਦਾਰਾਂ ਤੇ ਸਕੇ ਸੰਬੰਧੀਆਂ ਨੇ ਦੋਵਾਂ ਧਿਰਾਂ ਨੂੰ ਇਕੱਠੇ ਕਰਨ ਦੀ ਬੜੀ ਕੋਸ਼ਿਸ਼ ਕੀਤੀ, ਪਰ ਗੱਲ ਤਣ ਪੱਤਣ ਨਾ ਲੱਗੀ। ਮਾਸੜ ਮਾਸੀ ਦੀ ਪੋਤੀ ਜਵਾਨ ਹੋ ਗਈ ਹੋਵੇਗੀ। ਉਹ ਆਪਣੀ ਮਾਂ ਕੋਲ ਹੈ। ਮਾਸੜ ਜੀ ਪੂਰੇ ਹੋ ਗਏ ਹਨ ਤੇ ਕੁੜੀ ਵਾਲਿਆਂ ਵਿੱਚੋਂ ਵੀ ਕਈ ਮੈਂਬਰ ਪ੍ਰਲੋਕ ਸਿਧਾਰ ਗਏ ਹੋਣਗੇ। ਅਜੇ ਮਸਲੇ ਦਾ ਹੱਲ ਨਹੀਂ ਹੋਇਆ। ਕਈ ਵਾਰ ਸੋਚਦਾਂ ਹਾਂ ਕਿ ਉਹ ਨੰਨ੍ਹੀ ਬੱਚੀ ਦਾ ਕੀ ਕਸੂਰ ਹੈ, ਜਿਹੜੀ ਵੀਹ ਸਾਲ ਆਪਣੇ ਦਾਦਾ ਦਾਦੀ, ਭੂਆ ਅਤੇ ਪਿਤਾ ਤੋਂ ਦੂਰ ਰਹੀ। ਐਨਾ ਸਮਾਂ ਬੀਤਣ ਮਗਰੋਂ ਮੈਨੂੰ ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਦੋਵੇਂ ਧਿਰਾਂ ਇੱਕ ਦੂਜੇ ਨੂੰ ਬੰਦਾ ਬਣਾਉਣ ਦੀਆਂ ਗੱਲਾਂ ਕਰਦੀਆਂ ਸਨ, ਪਰ ਅੱਜ ਤੱਕ ਉਨ੍ਹਾਂ ਵਿੱਚੋਂ ਕੋਈ ਬੰਦਾ ਬਣਿਆ ਜਾਪਦਾ ਨਹੀਂ। ਜੇ ਬੰਦੇ ਬਣ ਜਾਂਦੇ ਤਾਂ ਸ਼ਾਇਦ ਦੋਵੇਂ ਆਪਣੀਆਂ ਗਲਤੀਆਂ ਭੁਲਾ ਕੇ ਬੱਚਿਆਂ ਦੀ ਨਵੀਂ ਜ਼ਿੰਦਗੀ ਸ਼ੁਰੂ ਕਰ ਦਿੰਦੇ।

Have something to say? Post your comment