Welcome to Canadian Punjabi Post
Follow us on

30

October 2020
ਬ੍ਰੈਕਿੰਗ ਖ਼ਬਰਾਂ :
ਫਰਾਂਸ ਵਿੱਚ ਚਰਚ ਉੱਤੇ ਹਮਲੇ ਕਾਰਨ 3 ਲੋਕਾਂ ਦੀ ਮੌਤਕੈਪਟਨ ਵਲੋਂ 4 ਨਵੰਬਰ ਨੂੰ ਰਾਸ਼ਟਰਪਤੀ ਨਾਲ ਮੁਲਾਕਾਤ ਲਈ ਸਮੂਹ ਪਾਰਟੀਆਂ ਦੇ ਵਿਧਾਇਕਾਂ ਨੂੰ ਨਾਲ ਚੱਲਣ ਦੀ ਅਪੀਲਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਮੰਤਰੀਆਂ ਨਾਲ ਮੀਟਿੰਗ ਕੀਤੀ, ਨਿੱਜੀ ਥਰਮਲਾਂ ਦਾ ਘਿਰਾਓ ਜ਼ਾਰੀ ਰੱਖਣ ਦਾ ਐਲਾਨਆਰ.ਡੀ.ਐੱਫ. ਰੋਕ ਕੇ ਮੋਦੀ ਨੇ ਪੰਜਾਬ 'ਤੇ ਥੋਪਣੇ ਸ਼ੁਰੂ ਕੀਤੇ ਕਾਲੇ ਕਾਨੂੰਨ : ਹਰਪਾਲ ਚੀਮਾਪੇਂਡੂ ਵਿਕਾਸ ਫੰਡ ਬਾਰੇ ਕੇਂਦਰ ਸਰਕਾਰ ਦਾ ਫੈਸਲਾ ਮੰਦਭਾਗਾ, ਅਜਿਹੀ ਕੋਈ ਰਵਾਇਤ ਨਹੀਂ : ਕੈਪਟਨਦੇਸ਼ ਦੀਆਂ 500 ਤੋਂ ਵੱਧ ਕਿਸਾਨ ਜੱਥੇਬੰਦੀਆਂ ਹੋਈਆਂ ਇੱਕਜੁੱਟ, 5 ਨਵੰਬਰ ਨੂੰ ਦੇਸ਼-ਭਰ 'ਚ ਚੱਕਾ-ਜਾਮਮਾਈਕ ਪੈਂਸ ਦੇ ਪੰਜ ਨੇੜਲੇ ਅਧਿਕਾਰੀ ਪਾਏ ਗਏ ਕੋਵਿਡ-19 ਪਾਜ਼ੀਟਿਵਓਨਟਾਰੀਓ ਵਿੱਚ ਇੱਕ ਦਿਨ ਵਿੱਚ ਕੋਵਿਡ-19 ਦੇ 1000 ਮਾਮਲੇ ਆਏ ਸਾਹਮਣੇ
ਨਜਰਰੀਆ

ਜੀਓ ਤੇ ਜਿਊਣ ਦਿਓ...

September 18, 2020 08:47 AM

-ਡਾਕਟਰ ਅਰਵਿੰਦਰ ਸਿੰਘ
ਜਿਸ ਤਰ੍ਹਾਂ ਕਿਸੇ ਰੋਗ ਦੇ ਦੂਰ ਹੋਣ ਦੇ ਹਾਲਾਤ ਬਹੁਤ ਹੱਦ ਤੱਕ ਇਸ ਗੱਲ 'ਤੇ ਨਿਰਭਰ ਕਰਦੇ ਹਨ ਕਿ ਰੋਗੀ ਦਾ ਇਲਾਜ ਕਿਸ ਵਿਧੀ ਨਾਲ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਸਾਡੇ ਵਿਚਾਰ, ਕਿਰਿਆਵਾਂ ਅਤੇ ਪ੍ਰਤੀਕਿਰਿਆਵਾਂ ਵੀ ਇਸ 'ਤੇ ਨਿਰਭਰ ਕਰਦੀਆਂ ਹਨ ਕਿ ਸੱਚ ਦੀ ਭਾਲ ਅਤੇ ਗਿਆਨ ਹਾਸਲ ਕਰਨ ਲਈ ਅਸੀਂ ਕਿਹੜੀਆਂ ਅਧਿਐਨ ਵਿਧੀਆਂ ਜਾਂ ਗਿਆਨ ਪ੍ਰੰਪਰਾਵਾਂ ਤੋਂ ਸੇਧ ਲੈਂਦੇ ਹਾਂ। ਇਹ ਸਥਾਪਤ ਸੱਚ ਹੈ ਕਿ ਜ਼ਰੂਰੀ ਨਹੀਂ ਕਿ ਸਾਰੇ ਰਸਤੇ ਤੁਹਾਨੂੰ ਇੱਕੋ ਮੰਜ਼ਿਲ ਵੱਲ ਲੈ ਕੇ ਜਾਣ। ਤੁਹਾਡੀ ਰਸਤਿਆਂ ਦੀ ਚੋਣ ਬਹੁਤ ਹੱਦ ਤੱਕ ਇਹ ਫੈਸਲਾ ਕਰਦੀ ਹੈ ਕਿ ਤੁਸੀਂ ਆਪਣੇ ਪਹਿਲੇ ਮਿਥੇ ਹੋਏ ਮਨੋਰਥ ਤਹਿਤ ਮਨਚਾਹੀ ਮੰਜ਼ਿਲ ਨੂੰ ਹਾਸਲ ਕਰ ਸਕੋਗੇ ਕਿ ਨਹੀਂ?
ਮਨੁੱਖ ਜਦੋਂ ਇਕਪਾਸੜ ਸੋਚ ਅਪਣਾਉਂਦਾ ਹੋਇਆ ਸਮਾਜੀ, ਸਭਿਆਚਾਰਕ, ਧਾਰਮਿਕ, ਆਰਥਿਕ ਤੇ ਰਾਜਸੀ ਵਰਤਾਰਿਆਂ, ਸਿਧਾਂਤਾਂ, ਲੋਕਾਂ ਦੇ ਅਮਲਾਂ ਅਤੇ ਉਨ੍ਹਾਂ ਦੇ ਵਿਹਾਰਾਂ ਨੂੰ ਤੰਗਦਿਲ ਅਤੇ ਸੌੜੇ ਨਜ਼ਰੀਏ ਦੇ ਨਾਲ-ਨਾਲ ਖੰਡਾਂ, ਭਾਗਾਂ ਤੇ ਸ਼੍ਰੇਣੀਆਂ ਵਿੱਚ ਵੰਡ ਕੇ ਦੇਖਣਾ ਆਰੰਭ ਕਰਦਾ ਹੈ ਤਾਂ ਇਉਂ ਜਾਪਦਾ ਹੈ ਕਿ ਉਹ ਸਮੁੱਚੇ ਬ੍ਰਹਿਮੰਡ ਦੇ ਰਹੱਸ ਨੂੰ ਇੱਕ ਕਿਣਕੇ 'ਚੋਂ ਦੇਖਣਾ ਚਾਹੁੰਦਾ ਹੈ ਜਾਂ ਸਮੁੱਚੇ ਸਾਗਰ ਦੀ ਗਹਿਰਾਈ ਨੂੰ ਪਾਣੀ ਦੇ ਇੱਕ ਕਤਰੇੇ 'ਚੋਂ ਮਾਪਣ ਦਾ ਯਤਨ ਕਰ ਰਿਹਾ ਹੋਵੇ। ਸਮੁੱਚਤਾ ਤੋਂ ਟੁੱਟ ਕੇ ਜਦੋਂ ਅਸੀਂ ਵਸਤਾਂ, ਵਿਅਕਤੀਆਂ, ਵਿਹਾਰਾਂ ਤੇ ਵਰਤਾਰਿਆਂ ਨੂੰ ਖੰਡਾਂ ਵਿੱਚ ਵੰਡ ਕੇ ਦੇਖਣਾ ਸ਼ੁਰੂ ਕਰਦੇ ਹਾਂ ਤਾਂ ਅਸੀਂ ਕਿਤੇ ਨਾ ਕਿਤੇ ਅੰਦਰੋਂ-ਅੰਦਰ ਸੰਕਰੀਨਤਾ ਦਾ ਸ਼ਿਕਾਰ ਹੁੰਦੇ ਹੋਏ ਕਿਸੇ ਇੱਕ ਪੱਖ, ਗੁੱਟ, ਸਮੂਹ, ਧਿਰ ਜਾਂ ਧੜੇ ਦੇ ਹੱਕ ਵਿੱਚ ਹਮਾਇਤੀ ਅਤੇ ਦੂਜੇ ਪੱਖ, ਧਿਰ ਜਾਂ ਸਮੂਹ ਦਾ ਵਿਰੋਧ ਜਾਂ ਖੰਡਨ ਕਰਦੇ ਹੋਏ ਇੱਕ ਕੱਟੜ ਵਿਰੋਧੀ ਜਾਂ ਆਲੋਕ ਦਾ ਰੂਪ ਧਾਰਨ ਕਰ ਲੈਂਦੇ ਹਾਂ।
ਆਪਣੇ ਆਸ ਪਾਸ ਦੇ ਲੋਕਾਂ, ਗਰੁੱਪਾਂ, ਵਰਤਾਰਿਆਂ, ਵਸਤਾਂ ਤੱਥਾਂ ਆਦਿ ਨੂੰ ਜਦੋਂ ਅਸੀਂ ਆਪਣੀਆਂ ਪਹਿਲਾਂ ਤੋਂ ਮਿਥੀਆਂ ਕਲਪਨਾਵਾਂ ਦੀ ਕਸੌਟੀ 'ਤੇ ਪਰਖਣ ਦਾ ਯਤਨ ਕਰਦੇ ਹਾਂ ਤੇ ਜਦੋਂ ਸੀਮਿਤ ਸੋਚ ਦੇ ਦਾਇਰਿਆਂ ਵਿੱਚ ਰਹਿ ਕੇ ਨਿਰਪੱਖ ਜਾਂ ਵਿਸ਼ਾਲ ਨੁਕਤਾ-ਨਿਗਾਹ ਤੋਂ ਬਿਨਾਂ ਅਸੀਂ ਕਿਸੇ ਉਲਾਰ ਵਿੱਚ ਬਿਨਾਂ ਸੋਚੇ-ਸਮਝੇ ਸੱਚ ਤੇ ਹਕੀਕਤ ਤੋਂ ਦੂਰ ਜਾ ਕੇ ਕੁਝ ਮਨਚਾਹੇ ਨਤੀਜੇ ਕੱਢਦੇ ਹਾਂ ਤਾਂ ਪਲਕ ਝਪਕਦੇ ਸਾਨੂੰ ਇਸ ਦਾ ਅਹਿਸਾਸ ਤੱਕ ਨਹੀਂ ਰਹਿੰਦਾ ਕਿ ਵਿਚਾਰਾਂ, ਅਮਲਾਂ ਤੇ ਸਿਧਾਂਤਾਂ ਦੀ ਵਿਭਿੰਨਤਾ ਦਾ ਤਿ੍ਰਸਕਾਰ ਕਰਨਾ ਆਪਹੁਦਰੇਪਣ ਦਾ ਪ੍ਰਤੀਕ ਹੁੰਦਾ ਹੈ, ਜੋ ਕੁਦਰਤ ਦੇ ਨਿਯਮਾਂ ਦੇ ਅਨੁਕੂਲ ਨਹੀਂ ਹੁੰਦਾ। ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਪਰਬਤਾਂ ਦੀਆਂ ਟੀਸੀਆਂ 'ਤੇ ਜਦੋਂ ਗਲੇਸ਼ੀਅਰ ਪਿਘਲ ਕੇ ਜਾਂ ਬਾਰਿਸ਼ਾਂ ਦਾ ਪਾਣੀ ਅਨੇਕਾਂ ਚਸ਼ਮਿਆਂ, ਨਦੀਆਂ, ਦਰਿਆਵਾਂ ਅਤੇ ਜਲ-ਧਾਰਾਵਾਂ 'ਚੋਂ ਗੁਜਰਦੇ ਹੋਏ ਸਮੁੰਦਰ ਵਿੱਚ ਮਿਲਦਾ ਹੈ ਤਾਂ ਸਾਗਰ ਉਨ੍ਹਾਂ ਸਾਰੀਆਂ ਧਾਰਾਵਾਂ ਦੇ ਪਾਣੀ ਨੂੰ ਆਪਣੇ ਅੰਦਰ ਸਮਾ ਲੈਂਦਾ ਹੈ। ਇਹੀ ਸਾਗਰ ਦੀ ਮਹਾਨਤਾ, ਵਿਲੱਖਣਤਾ ਤੇ ਪਛਾਣ ਬਣਦੀ ਹੈ। ਇਨਸਾਨ ਨੂੰ ਵੀ ਆਪਣਾ ਨੁਕਤਾ-ਨਜ਼ਰ ਵਿਸ਼ਾਲ ਬਣਾਉਣ ਦੀ ਲੋੜ ਹੁੰਦੀ ਹੈ।
ਤੰਗਦਿਲੀ ਅਤੇ ਸੌੜੀ ਸੋਚ ਵਿਅਕਤੀ ਨੂੰ ਦੂਜੇ ਤੋਂ ਭਾਵਨਾਤਮਕ ਅਤੇ ਵਿਚਾਰਾਤਮਕ ਪੱਧਰ 'ਤੇ ਕੋਹਾਂ ਦੂਰ ਕਰ ਦਿੰਦੀ ਹੈ। ਅੱਜ ਅਸੀਂ ਆਪਣੇ ਦੇਸ਼ ਵਿੱਚ ਇਸ ਤ੍ਰਾਸਦੀ ਦਾ ਸ਼ਿਕਾਰ ਹਾਂ ਕਿ ਅਸੀਂ ਨਾ ਆਪਣੀ ਆਜ਼ਾਦ ਸੋਚ ਜਾਂ ਰਾਏ ਨੂੰ ਬਰਦਾਸ਼ਤ ਕਰਦੇ ਹਾਂ। ਅਸੀਂ ਇਹ ਭੁੱਲ ਜਾਂਦੇ ਹਾਂ ਕਿ ਮਨੁੱਖੀ ਏਕਤਾ, ਸਦਭਾਵਨਾ, ਅਮਨ ਅਤੇ ਸ਼ਾਂਤਮਈ ਸਹਿਹੋਂਦ ਦੇ ਆਦਰਸ਼ਾਂ ਨੂੰ ਤਦੇ ਅਮਲੀ ਜਾਮਾ ਪਹਿਨਾਇਆ ਜਾ ਸਕਦਾ ਹੈ, ਜਦੋਂ ਸਮਾਜਕ-ਸਭਿਆਚਾਰਕ ਤੇ ਧਾਰਮਿਕ ਵਖਰੇਵਿਆਂ ਨੂੰ ਸਮਝਣ ਲਈ ਵਿਚਾਰਾਤਮਕ ਵਿਭਿੰਨਤਾਵਾਂ ਅਤੇ ਵਿਰੋਧ ਦਾ ਵੀ ਸਤਿਕਾਰ ਕਰਨ ਦੀ ਕਲਾ ਸਿੱਖਾਂਗੇ। ਤਕਰਾਰ ਸੰਵਾਦ ਦਾ ਰਾਹ ਬੰਦ ਕਰਦਾ ਹੈ, ਜਦ ਕਿ ਸੰਵਾਦ ਅਮਨ ਦਾ ਪੈਗਾਮ ਦਿੰਦਾ ਹੋਇਆ ਮਨੁੱਖ ਨੂੰ ਸਹਿਣਸ਼ੀਲਤਾ ਤੇ ਇੱਕ ਦੂਜੇ ਦੇ ਵਿਚਾਰਾਂ ਨੂੰ ਸਮਝਣ ਲਈ ਆਸਾਨੀ ਨਾਲ ਪੈਦਾ ਕਰਦਾ ਹੈ। ਸੋਚ ਦੇ ਤੰਗ ਦਾਇਰਿਆਂ ਵਿੱਚ ਰਹਿ ਕੇ ਅਸੀਂ ਇੱਕ ਦੂਜੇ ਦੇ ਕਰੀਬ ਆਉਣ ਦੇ ਸਾਰੇ ਰਸਤਿਆਂ ਨੂੰ ਆਪਣੇ ਹੱਥੀਂ ਆਪ ਬੰਦ ਕਰਨ ਦੇ ਨਾਲ ਖੁਦ ਨੂੰ ਤੇ ਦੂਜਿਆਂ ਨੂੰ ਸ਼੍ਰੇਣੀਆਂ, ਭਾਗਾਂ, ਖੰਡਾਂ, ਧਿਰਾਂ ਤੇ ਧੜਿਆਂ ਵਿੱਚ ਵੰਡ ਕੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ, ਗਲਤ ਸਿੱਧ ਕਰਨ ਜਾਂ ਹਰ ਹਾਲ ਵਿੱਚ ਆਪਣੇ ‘ਮਤ ਅਤੇ ਮਤੇ’ ਨੂੰ ਸਹੀ ਸਾਬਤ ਕਰਨ ਦੀ ਦੌੜ ਵਿੱਚ ਸ਼ਾਮਲ ਹੋ ਕੇ ਹੁੱਲੜਬਾਜ਼ਾਂ ਹਜ਼ੂਮ ਦੀ ਫਿਤਰਤ ਦੇ ਧਾਰਨੀ ਬਣ ਜਾਂਦੇ ਹਾਂ। ਦੂਜਿਆਂ ਦੀਆਂ ਪ੍ਰੰਪਾਰਵਾਂ, ਰਵਾਇਤਾਂ, ਮਜ਼੍ਹਬਾਂ, ਸੰਸਕ੍ਰਿਤੀ ਅਤੇ ਕਦਰਾਂ ਕੀਮਤਾਂ ਨੂੰ ਨਿੰਦਣ ਅਤੇ ਨਕਾਰਨ ਦੀ ਬਜਾਏ ਸਮਝਣ ਦੀ ਲੋੜ ਹੈ। ਜਦੋਂ ਤੱਕ ਅਸੀਂ ਆਪਣੇ ਤੋਂ ਵੱਖ ਕਿਸੇ ਦੂਸਰੇ ਹੋਰ ਦੀ ਆਜ਼ਾਦ ਹਸਤੀ ਅਤੇ ਉਸ ਦੇ ਸੋਚਣ-ਸਮਝਣ ਦੇ ਢੰਗ, ਰਹਿਣ-ਸਹਿਣ ਦੇ ਵੱਖੋ-ਵੱਖਰੇ ਤਰੀਕੇ ਅਤੇ ਸੰਸਕਾਰ ਆਦਿ ਨੂੰ ਦਿਲੋਂ ਸਵੀਕਾਰ ਨਹੀਂ ਕਰਦੇ ਤਦ ਤੱਕ ਆਪੋ-ਆਪਣੇ ਰਾਗ ਅਲਾਪਦੇ ਹੋਏ ਇੱਕ ਛੱਤ ਥੱਲੇ ਰਹਿੰਦੇ ਅਤੇ ਇੱਕ ਦੂਜੇ ਦੇੇ ਹਮਸਾਏ ਹੁੰਦੇ ਹੋਏ ਵੀ ਇੱਕ ਦੂਜੇ ਦੇ ਦਰਮਿਆਨ ਫਾਸਲਿਆਂ ਨੂੰ ਏਨਾ ਵਧਾਉਂਦੇ ਰਹਾਂਗੇ ਕਿ ਇੱਕ ਦੂਜੇ ਨਾਲ ਰਹਿਣਾ ਮੁਹਾਲ ਹੋ ਜਾਵੇਗਾ।
ਸਾਨੂੰ ਇਹ ਸਮਝਣ ਅਤੇ ਵਿਚਾਰਨ ਦੀ ਜ਼ਰੂਰਤ ਹੈ ਕਿ ਜੇ ਕੋਈ ਸਾਡੇ ਤੋਂ ਵੱਖ ਦਿਸਦਾ ਹੈ ਜਾਂ ਕਿਸੇ ਦੇ ਸਾਡੇ ਤੋਂ ਵੱਖ ਵਿਚਾਰ ਹਨ ਤਾਂ ਇਸ ਤਰ੍ਹਾਂ ਦੇ ਵਖਰੇਵਿਆਂ ਦੇ ਹੋਣ ਦਾ ਅਰਥ ਇਹ ਨਹੀਂ ਕਿ ਦੂਸਰਾ ਮਨੁੱਖ ਜਾਂ ਕੋਈ ਗਰੁੱਪ ਸਾਡਾ ਵਿਰੋਧੀ ਹੈ। ਵਿਚਾਰਾਤਮਕ, ਧਾਰਮਿਕ ਤੇ ਸਮਾਜਕ-ਸਭਿਆਚਾਰਕ ਭਿੰਨਤਾਵਾਂ ਦੀ ਮੌਜੂਦਗੀ ਨੂੰ ਵੀ ਆਪਣੇ ਲਈ ਖਤਰਾ ਸਮਝਣਾ ਸਾਡੀ ਮਾਨਸਿਕ ਸੰਕਰੀਨਤਾ ਨੂੰ ਹੀ ਪ੍ਰਗਟਾਉਂਦਾ ਹੈ। ‘ਜੀਓ ਤੇ ਜਿਉਣ ਦਿਓ’ ਇੱਕ ਸਰਵ ਪ੍ਰਵਾਨਤ ਜੀਵਨ-ਜਾਚ ਹੈ, ਪਰ ਇਹ ਸੱਚਾਈ ਹੈ ਕਿ ਇਸ ਜੀਵਨ-ਜਾਚ ਨੂੰ ਵੀ ਤਦੇ ਅਪਣਾਇਆ ਜਾ ਸਕਦਾ ਹੈ, ਜਦੋਂ ਅਸੀਂ ਇੱਕ ਦੂਜੇ ਨੂੰ ਖਿੜੇ ਮੱਥੇ ਮਾਨਸਿਕ ਤੌਰ 'ਤੇ ਪ੍ਰਵਾਨ ਕਰੀਏ। ‘ਜੀਓ ਅਤੇ ਜਿਉਣ ਦਿਓ’ ਦੇ ਆਦਰਸ਼ ਨੂੰ ਅਮਲ ਵਿੱਚ ਲਿਆਉਣ ਖਾਤਰ ਸਮਾਜਕ, ਸਭਿਆਚਾਰਕ ਤੇ ਧਾਰਮਿਕ ਭਿੰਨਤਾਵਾਂ ਪ੍ਰਤੀ ਉਦਾਰ ਤੇ ਵਿਸ਼ਾਲ ਨਜ਼ਰੀਆ ਅਪਣਾਏ ਬਿਨਾਂ ਧਾਰਮਿਕ ਸਹਿਣਸ਼ੀਲਤਾ, ਮਨੁੱਖੀ ਏਕਤਾ, ਸਮਾਜਕ ਸਦਭਾਵਨਾ ਅਤੇ ਸ਼ਾਂਤੀ ਦਾ ਉਦੇਸ਼ ਕਦੇ ਵੀ ਹਾਸਲ ਨਹੀਂ ਕੀਤਾ ਜਾ ਸਕਦਾ।

 

Have something to say? Post your comment