Welcome to Canadian Punjabi Post
Follow us on

30

October 2020
ਬ੍ਰੈਕਿੰਗ ਖ਼ਬਰਾਂ :
ਫਰਾਂਸ ਵਿੱਚ ਚਰਚ ਉੱਤੇ ਹਮਲੇ ਕਾਰਨ 3 ਲੋਕਾਂ ਦੀ ਮੌਤਕੈਪਟਨ ਵਲੋਂ 4 ਨਵੰਬਰ ਨੂੰ ਰਾਸ਼ਟਰਪਤੀ ਨਾਲ ਮੁਲਾਕਾਤ ਲਈ ਸਮੂਹ ਪਾਰਟੀਆਂ ਦੇ ਵਿਧਾਇਕਾਂ ਨੂੰ ਨਾਲ ਚੱਲਣ ਦੀ ਅਪੀਲਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਮੰਤਰੀਆਂ ਨਾਲ ਮੀਟਿੰਗ ਕੀਤੀ, ਨਿੱਜੀ ਥਰਮਲਾਂ ਦਾ ਘਿਰਾਓ ਜ਼ਾਰੀ ਰੱਖਣ ਦਾ ਐਲਾਨਆਰ.ਡੀ.ਐੱਫ. ਰੋਕ ਕੇ ਮੋਦੀ ਨੇ ਪੰਜਾਬ 'ਤੇ ਥੋਪਣੇ ਸ਼ੁਰੂ ਕੀਤੇ ਕਾਲੇ ਕਾਨੂੰਨ : ਹਰਪਾਲ ਚੀਮਾਪੇਂਡੂ ਵਿਕਾਸ ਫੰਡ ਬਾਰੇ ਕੇਂਦਰ ਸਰਕਾਰ ਦਾ ਫੈਸਲਾ ਮੰਦਭਾਗਾ, ਅਜਿਹੀ ਕੋਈ ਰਵਾਇਤ ਨਹੀਂ : ਕੈਪਟਨਦੇਸ਼ ਦੀਆਂ 500 ਤੋਂ ਵੱਧ ਕਿਸਾਨ ਜੱਥੇਬੰਦੀਆਂ ਹੋਈਆਂ ਇੱਕਜੁੱਟ, 5 ਨਵੰਬਰ ਨੂੰ ਦੇਸ਼-ਭਰ 'ਚ ਚੱਕਾ-ਜਾਮਮਾਈਕ ਪੈਂਸ ਦੇ ਪੰਜ ਨੇੜਲੇ ਅਧਿਕਾਰੀ ਪਾਏ ਗਏ ਕੋਵਿਡ-19 ਪਾਜ਼ੀਟਿਵਓਨਟਾਰੀਓ ਵਿੱਚ ਇੱਕ ਦਿਨ ਵਿੱਚ ਕੋਵਿਡ-19 ਦੇ 1000 ਮਾਮਲੇ ਆਏ ਸਾਹਮਣੇ
ਨਜਰਰੀਆ

ਇੱਕ ਦਰਾਜ, ਯਾਦਾਂ ਭਰਿਆ

September 18, 2020 08:46 AM

-ਪਰਮਬੀਰ ਕੌਰ
ਕੁਝ ਦਿਨ ਪਹਿਲਾਂ ਮੈਂ ਆਪਣੇ ਘਰ, ਸਟੋਰ ਵਿੱਚ ਰੱਖੇ ਇੱਕ ਸਾਈਡ ਟੇਬਲ ਨੂੰ ਸਾਫ ਕਰਨ ਦੀ ਮਨਸ਼ਾ ਨਾਲ ਖਾਲੀ ਕੀਤਾ। ਬੇਸ਼ੁਮਾਰ ਰੁਝੇਵਿਆਂ ਸਦਕਾ ਇਹ ਕੰਮ ਪਿਛਲੇ ਕਾਫੀ ਲੰਮੇ ਅਰਸੇ ਤੋਂ ਲਟਕਦਾ ਰਿਹਾ ਸੀ। ਇਸ ਮੇਜ਼ ਵਿੱਚ ਇੱਕ ਵੱਡਾ ਜਿਹਾ ਦਰਾਜ ਤੇ ਹੇਠਾਂ ਛੋਟੀ ਅਲਮਾਰੀ ਹੈ। ਕਹਿੰਦੇ ਨੇ ਕਿ ਜਿਹੜੀ ਚੀਜ਼ ਤੁਸੀਂ ਪਿਛਲੇ ਸਾਲ-ਡੇਢ ਤੋਂ ਵਰਤੀ ਨਾ ਹੋਵੇ, ਸੁੱਟ ਦੇਣੀ ਚਾਹੀਦੀ ਹੈ। ਮੈਂ ਇਸ ਮਸ਼ਵਰੇ ਦੇ ਹੱਕ ਵਿੱਚ ਹਾਂ ਅਤੇ ਇਸ ਉਤੇ ਅਮਲ ਵੀ ਕਰਦੀ ਹਾਂ ਕਿਉਂਕਿ ਜੀਵਨ ਵਿੱਚ ਬੇਹੱਦ ਲੋੜੀਂਦੀ ਤਰਤੀਬ ਕਾਇਮ ਰੱਖਣ ਦਾ ਇਹੋ ਤਰੀਕਾ ਹੈ, ਪਰ ਕੀ ਮੈਂ ਇਸ ਦਰਾਜ ਵਾਲੇ ਸਾਮਾਨ ਨੂੰ ਅਲਵਿਦਾ ਆਖ ਸਕੀ? ਜੀ ਨਹੀਂ। ਮੈਂ ਗੰਭੀਰਤਾ ਨਾਲ ਸੋਚਿਆ ਕਿ ਦਰਾਜ ਵਾਲਾ ਸਾਮਾਨ ਮੈਂ ਘੱਟੋ-ਘੱਟ ਪਿਛਲੇ ਡੇਢ ਕੁ ਦਹਾਕੇ ਤੋਂ ਬਿਲਕੁਲ ਨਹੀਂ ਵਰਤਿਆ, ਸਿਰਫ ਕਦੇ-ਕਦਾਈਂ ਸਾਫ ਕੀਤਾ ਹੋਵੇਗਾ। ਵੇਖੋ ਉਹਦੇ ਵਿੱਚ ਹੈ ਕੀ-ਕੀ! ਉਸ ਵਿੱਚ ਪੰਜ ਤੇਲ ਚਿੱਤਰ ਬਣਾਉਣ ਬਾਰੇ ਬਹੁਤ ਉਚ ਪਾਏ ਦੀਆਂ ਕਿਤਾਬਾਂ ਸਨ। ਪੁਰਾਣੇ ਸਮਿਆਂ ਵਿੱਚ ਮੈਂ ਬਗੈਰ ਕਿਤੋਂ ਸਿਖਲਾਈ ਲਿਆਂ ਉਨ੍ਹਾਂ ਵਿੱਚੋਂ ਵੇਖ ਕੇ ਮਿਹਨਤ ਨਾਲ ਕਈ ਚਿੱਤਰ ਬਣਾਏ ਸਨ, ਜੋ ਅੱਜ ਵੀ ਸਾਡੇ ਘਰ ਦੀ ਸ਼ੋਭਾ ਵਧਾ ਰਹੇ ਹਨ। ਜਦੋਂ ਕਿਤਾਬਾਂ ਦੇ ਵਰਕੇ ਫਰੋਲੇ ਤਾਂ ਹੋਰ ਚਿੱਤਰ ਬਣਾਉਣ ਨੂੰ ਮਨ ਕਰੀ ਜਾਵੇ। ਮੈਨੂੰ ਆਪਣੇ ਪਿਆਰੇ ਪਿਤਾ ਜੀ ਦਾ ਖਿਆਲ ਆਇਆ ਕਿ ਕਿਵੇਂ ਮੇਰੇ ਪੜ੍ਹਾਈ ਦੇ ਦਿਨਾਂ ਵਿੱਚ ਜਦੋਂ ਸਕੂਲ, ਕਾਲਜ ਤੋਂ ਛੁੱਟੀਆਂ ਹੋਣੀਆਂ, ਉਹ ਮੈਨੂੰ ਅਜਿਹੇ ਕਲਾਤਮਕ ਕੰਮ ਕਰਨ ਲਈ ਉਤਸ਼ਾਹਤ ਕਰਦੇ ਅਤੇ ਉਸ ਨਾਲ ਸੰਬੰਧਤ ਲੋੜੀਂਦਾ ਸਾਮਾਨ ਲੈ ਕੇ ਦਿੰਦੇ ਸਨ।
ਇਸ ਦਰਿਆ-ਦਿਲ ਦਰਾਜ ਨੇ ਇੱਕ ਹੋਰ ਵੱਡਮੁੱਲੇ ਸ਼ੌਕ ਵੱਲ ਮੇਰਾ ਧਿਆਨ ਦਿਵਾਇਆ। ਕੁਝ ਕਢਾਈ ਦੇ ਨਮੂਨਿਆਂ ਦੀਆਂ ਪੁਸਤਕਾਂ ਤੇ ਨਾਲ ਦੋ ਕਢਾਈ ਵਾਲੇ ਫਰੇਮ ਵੀ ਸਨ ਇਸ ਵਿੱਚ। ਵਾਹ, ਇਨ੍ਹਾਂ ਨੇ ਉਹ ਵੇਲੇ ਚੇਤੇ ਕਰਵਾ ਦਿੱਤੇ ਜਦੋਂ ਮੈਨੂੰ ਕਢਾਈ ਕਰਨ ਦਾ ਜਨੂੰਨ ਜਿਹਾ ਹੁੰਦਾ ਸੀ। ਉਦੋਂ ਤਾਂ ਬਹਾਨਾ ਚਾਹੀਦਾ ਹੁੰਦਾ ਸੀ ਕਿਸੇ ਵੀ ਕੱਪੜੇ 'ਤੇ ਕੋਈ ਸੋਹਣਾ ਜਿਹਾ ਨਮੂਨਾ ਕੱਢਣ ਦਾ। ਬਹੁਤ ਖੁਸ਼ੀ ਮਿਲਦੀ ਸੀ ਇਸ ਕੰਮ ਤੋਂ। ਕਰਨਾ ਵੀ ਇੰਨੀ ਸਫਾਈ ਨਾਲ ਕਿ ਮਾਪਿਆਂ ਤੋਂ ਸ਼ਾਬਾਸ਼ੀ ਮਿਲ ਜਾਂਦੀ ਤੇ ਹੋਰ ਕਈ ਵਾਕਿਫ ਵੀ ਸਲਾਹੁੰਦੇ। ਮੈਂ ਫੁੱਲੀ ਨਾ ਸਮਾਉਣਾ। ਪਿੱਛੋਂ ਆਪਣੇ ਬੱਚਿਆਂ ਦੇ ਕੱਪੜਿਆਂ 'ਤੇ ਵੀ ਚਿੜੀਆਂ, ਖਰਖੋਸ਼, ਪੀਂਘ ਝੂਟਦੀ ਗੁੱਡੀ, ਰੰਗ ਬਿਰੰਗੇ ਫੁੱਲਾਂ ਨਾਲ ਭਰੀ ਬੱਘੀ ਅਤੇ ਹੋਰ ਬੇਸ਼ੁਮਾਰ ਦਿਲਕਸ਼ ਨਮੂਨੇ ਬਣਾਏ, ਜਿਹੜੇ ਅੱਜ ਵੀ ਚੇਤਿਆਂ ਵਿੱਚ ਵੱਸੇ ਹੋਏ ਨੇ। ਸਵੈਟਰ ਬੁਣਨ ਵਾਲੀਆਂ ਢੇਰਾਂ ਸਲਾਈਆਂ ਤੇ ਨਾਲ ਹੀ ਨਮੂਨਿਆਂ ਲਈ ਕਈ ਮੈਗਜ਼ੀਨ ਵੀ ਸੁਰੱਖਿਅਤ ਪਏ ਸਨ। ਜਿਹੜੇ ਸਵੈਟਰ ਇਨ੍ਹਾਂ ਤੋਂ ਪੜ੍ਹ-ਪੜ੍ਹ ਕੇ ਮੈਂ ਬੁਣੇ, ਉਨ੍ਹਾਂ ਬਾਰੇ ਵੀ ਕਿੰਨਾ ਕੁਝ ਚੰਗਾ-ਚੰਗਾ ਸੁਣਨ ਨੂੰ ਮਿਲਦਾ ਰਿਹਾ। ਮੰਮੀ ਨੇ ਹੈਰਾਨ ਰਹਿ ਜਾਣਾ ਮੇਰੀ ਕਾਰਗੁਜ਼ਾਰੀ ਵੇਖ ਕੇ। ਇਹ ਸ਼ੌਕ ਡੇਢ ਕੁ ਦਹਾਕੇ ਪਹਿਲਾਂ ਤੱਕ ਮੇਰਾ ਸਾਥ ਨਿਭਾਉਂਦਾ ਰਿਹਾ। ਬੁਣਤੀ ਵਿੱਚ ਆਪਣੀਆਂ ਕੁਝ ਖਾਸ ‘ਕਲਾ ਕਿਰਤਾਂ’ ਮੈਂ ਅੱਜ ਵੀ ਸਾਂਭੀਆਂ ਹੋਈਆਂ ਹਨ, ਜਿਨ੍ਹਾਂ ਨੂੰ ਵੇਖ ਕੇ ਮਨ ਖੁਸ਼ੀ ਵਿੱਚ ਉਡਾਰੀ ਮਾਰ ਕੇ ਉਨ੍ਹਾਂ ਵਕਤਾਂ ਵਿੱਚ ਪੁੱਜ ਜਾਂਦਾ ਹੈ, ਜਿਨ੍ਹਾਂ ਨੂੰ ਹਵਾ ਲਿਜਾ ਕੇ ਖਬਰੇ ਕਿੱਥੇ ਛੱਡ ਆਈ। ਛੇ ਦਹਾਕੇ ਤੋਂ ਵਿਦੇਸ਼ ਰਹਿ ਰਹੇ ਵੱਡੇ ਵੀਰ ਜੀ ਦੀਆਂ ਪੁਰਾਣੇ ਵਕਤਾਂ ਦੀਆਂ ਢੇਰਾਂ ਚਿੱਠੀਆਂ ਇੱਕ ਲਿਫਾਫੇ ਵਿੱਚ ਸਾਂਭ ਕੇ ਰੱਖੀਆਂ ਹੋਈਆਂ ਸਨ।
ਇਹ ਖ਼ਤ ਉਸ ਜ਼ਮਾਨੇ ਦੀ ਸ਼ਾਹਦੀ ਭਰਦੇ ਨੇ ਜਦੋਂ ਆਪਣੇੇ ਨਜ਼ਦੀਕੀਆਂ ਨਾਲ ਰਾਬਤਾ ਕਾਇਮ ਰੱਖਣ ਦਾ ਇਹੋ ਮੁੱਖ ਵਸੀਲਾ ਹੋਇਆ ਕਰਦਾ ਸੀ, ਪਰ ਇਨ੍ਹਾਂ ਨੂੰ ਸੁੱਟਣ ਨੂੰ ਮਨ ਨਹੀਂ ਮੰਨਿਆ, ਕਿਉਂ ਜੋ ਇਹ ਚਿੱਠੀਆਂ ਮੈਨੂੰ ਆਪਣਾ ਵਡਮੁੱਲਾ ਵਿਰਸਾ ਜਾਪਦੀਆਂ ਨੇ ਤੇ ਸਾਦਾ ਸਮਿਆਂ ਦੀ ਇੱਕ ਵਡਮੁੱਲੀ ਯਾਦ ਵੀ। ਵਿਹਲ ਦੇ ਵਕਤ ਮਿਆਰੀ ਕਿਤਾਬਾਂ, ਮੈਗਜ਼ੀਨਾਂ ਤੇ ਅਖਬਾਰਾਂ ਆਦਿ ਪੜ੍ਹਨਾ ਮੇਰਾ ਮਨਭਾਉਂਦਾ ਰੁਝੇਵਾਂ ਹੈ। ਸ਼ਾਇਦ ਇਸੇ ਲਈ ਹੋਰਨਾਂ ਨੂੰ ਵੀ ਕਿਸੇ ਮੌਕੇ ਤੋਹਫੇ ਵਜੋਂ ਕੋਈ ਪੜ੍ਹਨ ਸਮੱਗਰੀ ਦੇਣਾ ਸਦਾ ਚੰਗਾ ਲੱਗਦਾ ਰਿਹਾ। ਪੁਰਾਣੇ ਸਮਿਆਂ ਵਿੱਚ ਜਿਵੇਂ ਮੈਂ ਕਿਸੇ ਨਜ਼ਦੀਕੀ ਨੂੰ ਇੱਕ ਸਾਲ ਲਈ ਇੱਕ ਰਸਾਲਾ ਤੋਹਫੇ ਵਜੋਂ ਲਗਵਾਇਆ ਤਾਂ ਮੈਗਜ਼ੀਨ ਵਾਲਿਆਂ ਦੀ ਡਾਇਰੀ ਸ਼ੁਕਰਾਨੇ ਵਜੋਂ ਭੇਜਣ ਦੀ ਰਵਾਇਤ ਸੀ। ਅਜਿਹੀਆਂ ਦੋ ਨਵੀਆਂ ਡਾਇਰੀਆਂ ਇਹ ਦਰਾਜ ਸਾਂਭੀ ਬੈਠਾ ਸੀ। ਅੱਜ ਮੈਂ ਇਹ ਦੋਵੇਂ ਆਪਣੇ ਬੱਚਿਆਂ ਦੇ ਬੱਚਿਆਂ ਨੂੰ ਦੇ ਕੇ ਖੁਸ਼ੀ ਪ੍ਰਾਪਤ ਕੀਤੀ। ਨਿੱਕੇ ਬੱਚੇ ਤਾਂ ਇੰਝ ਟੱਪੇ ਜਿਵੇਂ ਖਬਰੇ ਖਜ਼ਾਨਾ ਮਿਲ ਗਿਆ ਹੋਵੇ। ਫੁਰਸਤ ਦੇ ਸਮੇਂ ਨੂੰ ਅਜਾਈਂ ਨਾ ਗੁਆਉਣ ਬਾਰੇ ਮੈਨੂੰ ਮੰਮੀ-ਪਾਪਾ ਬਹੁਤ ਸੁਚੇਤ ਕਰਦੇ ਸਨ। ਇਸ ਨਸੀਹਤ ਦਾ ਐਸਾ ਅਸਰ ਹੋਇਆ ਕਿ ਹਰ ਸਮੇਂ ਕਿਸੇ ਨਾ ਕਿਸੇ ਉਸਾਰੂ ਕੰਮ ਵਿੱਚ ਮਸ਼ਰੂਫ ਰਹਿਣਾ ਮੇਰਾ ਸੁਭਾਅ ਬਣ ਗਿਆ। ਇਸੇ ਸਦਕਾ ਵੰਨ-ਸੁਵੰਨੀਆਂ, ਮਿਆਰੀ ਰੁਚੀਆਂ ਪ੍ਰਫੁੱਲਤ ਹੋਈਆਂ। ਜਿਹੜਾ ਵੀ ਕੰਮ ਕੀਤਾ ਆਪਣੀ ਸਮਰੱਥਾ ਦੀ ਹੱਦ ਤੱਕ ਕੀਤਾ।
ਪ੍ਰਸ਼ੰਸਾ ਮਿਲਣ ਦੇ ਨਾਲ ਉਤਸ਼ਾਹ ਵਿੱਚ ਬੇਅੰਤ ਵਾਧਾ ਹੋਇਆ, ਜਿਵੇਂ ਖੰਭ ਲੱਗ ਜਾਂਦੇ ਹੋਣ। ਇਹ ਸਾਰੇ ਕੰਮ ਆਪਣੀ ਪੜ੍ਹਾਈ ਦੇ ਨਾਲ-ਨਾਲ, ਪਰ ਪੜ੍ਹਾਈ ਦੀ ਕੀਮਤ 'ਤੇ ਕਦੇ ਨਹੀਂ ਕੀਤੇ। ਪੜ੍ਹਨ ਦੀ ਵੀ ਬੇਹੱਦ ਲਗਨ ਹੋਇਆ ਕਰਦੀ ਸੀ। ਉਹੀ ਮਾਨਸਿਕ ਅਵਸਥਾ ਅੱਜ ਵੀ ਬਰਕਰਾਰ ਹੈ। ਜੇ ਮੈਂ ਕਿਸੇ ਅਰਥ ਪੂਰਨ ਕੰਮ ਵਿੱਚ ਰੁੱਝੀ ਨਾ ਹੋਵਾਂ ਤਾਂ ਅੰਦਰ ਇੱਕ ਖਲਾਅ ਜਿਹਾ ਮਹਿਸੂਸ ਹੋਣ ਲੱਗਦਾ ਹੈ। ਲਾਭ ਇਹ ਕਿ ਮੈਂ ਬਹੁਤ ਸਾਰੇ ਅਰਥ ਪੂਰਨ ਕੰਮ ਨੇਪਰੇ ਚਾੜ੍ਹ ਲੈਂਦੀ ਹਾਂ, ਜੋ ਮੇਰੇ ਲਈ ਬੇਹੱਦ ਸੰਤੁਸ਼ਟੀ ਦਾ ਸਬੱਬ ਬਣਦੇ ਨੇ। ਉਸ ਸਮੇਂ ਨਾਲ ਸਾਡੀਆਂ ਤਰਜੀਹਾਂ ਤੇ ਲੋੜਾਂ ਬਦਲਦੀਆਂ ਰਹਿੰਦੀਆਂ ਹਨ। ਮੌਜੂਦਾ ਸਮਿਆਂ ਵਿੱਚ ਬੱਸ ਲਫਜ਼ਾਂ ਨਾਲ ਚਿੱਤਰਕਾਰੀ ਕਰਨਾ, ਲਫਜ਼ਾਂ ਦੀ ਬੁਣਤੀ ਬੁਣਨੀ ਅਤੇ ਵੰਨ-ਸੁਵੰਨੇ ਡਿਜ਼ਾਈਨ ਬਣਾਉਣਾ ਪਸੰਦ ਕਰਦੀ ਹਾਂ। ਲਫਜ਼ਾਂ ਨਾਲ ਹੀ ਤਰ੍ਹਾਂ-ਤਰ੍ਹਾਂ ਦੇ ਨਮੂਨਿਆਂ ਵਾਲੀ ਕਢਾਈ ਕਰਨ ਦਾ ਵੀ ਜਨੂੰਨ ਹੈ। ਭਾਵ ਇਹੀ ਕਿ ਲਫਜ਼ਾਂ ਦੇ ਸੰਸਾਰ ਦੀ ਮਿਕਨਾਤੀਸੀ ਖਿੱਚ ਦਾ ਮੇਰੇ ਮਨ-ਮਸਤਿਕ 'ਤੇ ਨਿਰੰਤਰ ਕਬਜ਼ਾ ਰਹਿੰਦਾ ਹੈ।
ਇਹ ਤਾਂ ਭਲਾ ਹੋਵੇ ਇਸ ਉਦਾਰ-ਚਿੱਤ ਦਰਾਜ ਦਾ, ਜਿਸ ਵੱਲੋਂ ਅਤੀਤ ਅਤੇ ਉਸ ਨਾਲ ਸੰਬੰਧਤ ਪੁਰਾਣੇ ਰੁਝੇਵਿਆਂ ਦੇ ਕਰਵਾਏ ਚੇਤੇ ਨੇ ਮੇਰੀ ਰੂਹ ਨੂੰ ਇੱਕ ਅਪੂਰਵ ਖੇੜੇ ਨਾਲ ਸਰਸ਼ਾਰ ਕਰ ਦਿੱਤਾ। ਜਿਵੇਂ ਇਸ ਨੇ ਇੱਕ ਗੁਜ਼ਰ ਚੁੱਕੇ ਵੱਖਰੇ ਯੁੱਗ ਨਾਲ ਸੰਬੰਧਤ ਸਾਮਾਨ, ਵਧੀਆ ਹਾਲਤ ਵਿੱਚ ਸਾਂਭ ਕੇ ਰੱਖਿਆ ਹੈ, ਕੋਈ ਮਾੜੀ-ਮੋਟੀ ਗੱਲ ਨਹੀਂ ਹੈ। ਸਮਝੋ ਕਿ ਮੁੱਢ ਤੋਂ ਲੈ ਕੇ ਮੇਰੀਆਂ ਕਾਫੀ ਰੁਚੀਆਂ ਦਾ ਚਸ਼ਮਦੀਦ ਗਵਾਹ ਹੈ ਇਹ ਦਰਾਜ।
ਮੇਰੇ ਲਈ ਇਹ, ਇੱਕ ਲੱਕੜੀ ਤੋਂ ਬਣੀ ਬੇਜਾਨ ਵਸਤ ਨਾ ਹੋ ਕੇ, ਕੋਈ ਭਾਵਨਾਵਾਂ-ਭਰਪੂਰ ਸਜੀਵ ਹਸਤੀ ਬਣ ਚੁੱਕਾ ਹੈ। ਮਨ ਤਾਂ ਮੁੜ-ਮੁੜ ਇਸ ਦਾ ਸ਼ੁਕਰੀਆ ਅਦਾ ਕਰਨ ਨੂੰ ਕਰਦਾ ਹੈ।

Have something to say? Post your comment