-ਡਾ. ਅਮਜਦ ਅਯੂਬ ਮਿਰਜ਼ਾ
ਪਾਕਿਸਤਾਨ 'ਚ ਪਹਿਲਾਂ ਤੋਂ ਬੁਰੀ ਤਰ੍ਹਾਂ ਫੈਲੇ ਭਿ੍ਰਸ਼ਟਾਚਾਰ ਨੇ ਇਸ ਦੇ ਅਕਾਲ ਨੂੰ ਹੋਰ ਖ਼ਰਾਬ ਕਰ ਦਿੱਤਾ ਹੈ ਅਤੇ ਅਹਿਮਦ ਨੂਰਾਨੀ ਦੀ ਜਾਂਚ ਰਿਪੋਰਟ ਛਪਣ ਨੇ ਇਸ ਨੂੰ ਹੋਰ ਡੂੰਘਾ ਕਰ ਦਿੱਤਾ ਹੈ। ਰਿਪੋਰਟ ਨੇ ਖੁਲਾਸਾ ਕੀਤਾ ਹੈ ਕਿ ਲੈਫਟੀਨੈਂਟ ਜਨਰਲ (ਰਿ.) ਆਸਿਮ ਸਲੀਮ ਬਾਜਵਾ ਦੇ ਪਰਵਾਰ ਕੋਲ ਪਾਕਿਸਤਾਨ ਤੇ ਵਿਦੇਸ਼ 'ਚ ਅਰਬਾਂ ਦੀ ਜਾਇਦਾਦ ਹੈ। ਆਸਿਮ ਬਾਜਵਾ ਸੀ ਪੀ ਈ ਸੀ ਦੇ ਚੇਅਰਮੈਨ ਹੋਣ ਦੇ ਨਾਲ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਸੂਚਨਾ ਦੇਣ ਲਈ ਇੱਕ ਵਿਸ਼ੇਸ਼ ਸਹਾਇਕ ਵੀ ਹਨ। ਇਹ ਅਹੁਦਾ ਇੱਕ ਕੇਂਦਰੀ ਮੰਤਰੀ ਦੇ ਪ੍ਰੋਟੋਕੋਲ ਨੂੰ ਨਿਭਾਉਣ ਵਰਗਾ ਹੈ।
ਰਿਪੋਰਟ ਦੱਸਦੀ ਹੈ ਕਿ ਬਾਜਵਾ ਦੇ ਭਰਾ, ਪਤਨੀ ਅਤੇ ਦੋ ਪੁੱਤਰਾਂ ਕੋਲ ਇੱਕ ਬਹੁਤ ਵੱਡਾ ਕਾਰੋਬਾਰੀ ਸਾਮਰਾਜ ਹੈ। ਉਨ੍ਹਾਂ ਨੇ ਚਾਰ ਦੇਸ਼ਾਂ 'ਚ 99 ਕੰਪਨੀਆਂ ਬਣਾਈਆਂ, ਜਿਨ੍ਹਾਂ 'ਚ 133 ਰੈਸਟੋਰੈਂਟਾਂ ਦੇ ਨਾਲ ਇੱਕ ਪਿੱਜ਼ਾ, ਫੈ੍ਰਚਾਈਜ਼ ਸ਼ਾਮਲ ਹੈ, ਜੋ ਕਿ 39.9 ਮਿਲੀਅਨ ਅਮਰੀਕੀ ਡਾਲਰ ਦੀ ਜਾਇਦਾਦ ਬਣਦੀ ਹੈ। ਇਹ ਖੁਲਾਸੇ ਇਮਰਾਨ ਖ਼ਾਨ ਲਈ ਤਬਾਹਕੁੰਨ ਹੋ ਸਕਦੇ ਹਨ ਕਿਉਂਕਿ ਉਹ ਪਹਿਲਾਂ ਹੀ ਵਿਦੇਸ਼ੀ ਨਿਵੇਸ਼ਕਾਂ ਤੋਂ ਕੌਮਾਂਤਰੀ ਸਮਰਥਨ ਲੈਣ ਦੀ ਕੋਸ਼ਿਸ਼ 'ਚ ਹਨ। ਇਮਰਾਨ ਚਾਹੁੰਦੇ ਹਨ ਕਿ ਵਿਦੇਸ਼ੀ ਨਿਵੇਸ਼ਕ ਪਾਕਿਸਤਾਨ 'ਚ ਆਪਣੀ ਪੂੰਜੀ ਲਾਉਣ ਪਰ ਪਾਕਿਸਤਾਨ ਅਜਿਹਾ ਦੇਸ਼ ਹੈ, ਜੋ ਹਜ਼ਾਰਾਂ ਕਟੌਤੀਆਂ ਦੇ ਕਾਰਨ ਮਰ ਰਿਹਾ ਹੈ। ਵਿਦੇਸ਼ੀ ਨਿਵੇਸ਼ਕਾਂ ਨੂੰ ਆਪਣੇ ਵੱਲ ਖਿੱਚਣ ਦੀ ਪਾਕਿਸਤਾਨੀ ਮੁਹਿੰਮ ਨੂੰ ਆਸਿਮ ਬਾਜਵਾ ਦੇ ਕੇਸ ਨਾਲ ਝਟਕਾ ਲੱਗ ਸਕਦਾ ਹੈ। ਜੇਕਰ ਚੋਟੀ ਦੇ ਰੈਂਕ ਵਾਲਾ ਅਤੇ ਇੱਕ ਸਾਬਕਾ ਫੌਜੀ ਜਨਰਲ ਤੇ ਉਸ ਤੋਂ ਬਾਅਦ ਨੌਕਰਸ਼ਾਹ ਬਣੇ ਅਸਿਮ ਬਾਜਵਾ ਨੂੰ ਆਪਣੇ ਗ੍ਰਹਿ ਦੀ ਅਰਥ ਵਿਵਸਥਾ 'ਤੇ ਲਾਭ ਕਮਾਉਣ ਲਈ ਭਰੋਸਾ ਨਹੀਂ ਤਾਂ ਵਿਦੇਸ਼ੀ ਨਿਵੇਸ਼ਕਾਂ ਤੋਂ ਅਸੀਂ ਇਹ ਗੱਲ ਕਿਵੇਂ ਸੋਚ ਸਕਦੇ ਹਾਂ?
ਪਾਕਿਸਤਾਨ 'ਚ ਭਿ੍ਰਸ਼ਟਾਚਾਰ ਬੇਕਾਬੂ ਹੈ ਅਤੇ ਇਹ ਗੱਲ ਕਿਸੇ ਕੋਲੋਂ ਲੁਕੀ ਨਹੀਂ। ਜਰਨਲ ਜ਼ਿਆ-ਉਲ-ਹੱਕ ਦੇ ਮਾਰਸ਼ਲ ਲਾਅ (1977-1988) ਦੌਰਾਨ ਇਹ ਆਮ ਗਿਆਨ ਦੀ ਗੱਲ ਸੀ ਕਿ ਕੋਈ ਵਿਅਕਤੀ ਕਿਸੇ ਮਿਲਟਰੀ ਜੱਜ ਨੂੰ ਇੱਕ ਲੱਖ ਰੁਪਏ ਦੇ ਕੇ ਆਪਣੀ ਸਜ਼ਾ 'ਚ ਕਟੌਤੀ ਕਰਵਾ ਸਕਦਾ ਹੈ। ਰਿਸ਼ਵਤ ਦਾ ਇਹ ਪੈਸਾ ਸਜ਼ਾ ਨੂੰ ਛੋਟ ਦਿੱਤੇ ਜਾਣ ਤੋਂ ਬਾਅਦ ਅਦਾ ਕੀਤਾ ਜਾਂਦਾ ਸੀ। ਅਪੀਲ ਪ੍ਰਕਿਰਿਆ ਵੇਲੇ ਵੀ ਰਿਸ਼ਵਤ ਲਈ ਜਾਂਦੀ ਸੀ। ਸਿਵਲ ਪੁਲਸ, ਜੋ ਸਾਧਾਰਨ ਤੌਰ 'ਤੇ ਕੈਦੀ ਨੂੰ ਫੌਜੀ ਜੱਜ ਦੇ ਕੋਲ ਪੇਸ਼ੀ ਲਈ ਲਿਜਾਂਦੀ ਸੀ, ਉਹ ਵੀ ਉਸ ਤੋਂ ਰਿਸ਼ਵਤ ਮੰਗਦੀ ਸੀ। ਕੋੜੇ ਮਾਰਨ ਨੂੰ ਘਟਾਉਣ ਲਈ 15,000 ਰੁਪਏ ਦੀ ਰਿਸ਼ਵਤ ਲਈ ਜਾਂਦੀ ਸੀ। ਫੌਜੀ ਅਦਾਲਤਾਂ 'ਚ ਇਹ ਪਾਗਲਪਣ ਸੀ ਕਿ ਲੰਬੀਆਂ ਸਜ਼ਾਵਾਂ ਦਿੰਦੀਆਂ ਸਨ ਅਤੇ 10 ਤੋਂ 15 ਕੋੜੇ ਹਰੇਕ ਸਿਆਸੀ ਵਰਕਰ 'ਤੇ ਵਰ੍ਹਾਉਣ ਦਾ ਹੁਕਮ ਦਿੰਦੀਆਂ ਸਨ।
ਅੱਜ ਭਿ੍ਰਸ਼ਟਾਚਾਰ ਪਾਕਿਸਤਾਨੀ ਫੌਜ 'ਚ ਵੀ ਫੈਲਿਆ ਹੋਇਆ ਹੈ। ਇੱਕ ਸਿਪਾਹੀ ਸੂਬੇਦਾਰ ਨੂੰ ਰਿਸ਼ਵਤ ਦਿੰਦਾ ਹੈ, ਜੇ ਉਸ ਨੇ ਪਿੰਡ 'ਚ ਆਪਣੇ ਪਰਵਾਰ ਨੂੰ ਮਿਲਣ ਲਈ ਛੁੱਟੀ ਲੈਣੀ ਹੁੰਦੀ ਹੈ। ਯੂਨੀਵਰਸਿਟੀਆਂ ਤੋਂ ਲੈ ਕੇ ਸਾਇੰਸ ਰਿਸਰਚ ਲੈਬ, ਇਲੈਕਟ੍ਰੀਸਿਟੀ ਪਾਵਰ ਕੰਪਨੀਆਂ ਤੋਂ ਲੈ ਕੇ ਮਿਊਜ਼ੀਅਮ ਅਤੇ ਪਾਰਕਾਂ ਤੱਕ ਅਜਿਹਾ ਸ਼ਾਇਦ ਹੀ ਕੋਈ ਸਿਵਲ ਅਦਾਰਾ ਹੋਵੇਗਾ, ਜਿਸ ਦਾ ਮੁਖੀ ਸਾਬਕਾ ਫੌਜੀ ਅਧਿਕਾਰੀ ਨਹੀਂ। ਫੌਜ ਦੀ ਕਾਰੋਬਾਰ ਵਿੱਚ ਭਾਈਵਾਲੀ ਓਨੀ ਪੁਰਾਣੀ ਹੈ, ਜਿੰਨਾ ਪਾਕਿਸਤਾਨ ਖੁਦ ਹੈ। ਸਾਲ 1980 ਦੌਰਾਨ ਇਸ ਦਾ ਵਪਾਰਕ ਸਾਮਰਾਜ ਬਹੁਤ ਵੱਧ ਹੋ ਗਿਆ ਅਤੇ ਇਹ ਜਨਰਲ ਮੁਸ਼ੱਰਫ ਦੇ ਕਾਰਜਕਾਲ (1998-2008) ਦੌਰਾਨ ਆਪਣੀ ਸਿਖਰ 'ਤੇ ਸੀ।
ਆਪਣੀ ਕਿਤਾਬ ‘ਮਿਲਟਰੀ ਆਈ ਐਨ ਸੀ', ਵਿੱਚ ਆਯਾਸ਼ਾ ਸਦੀਕਾ ਨੇ ਅਨੁਮਾਨ ਲਾਇਆ ਕਿ ਫੌਜੀ ਕਾਰੋਬਾਰ 2007 'ਚ 10 ਬਿਲੀਅਨ ਪੌਂਡ ਦਾ ਸੀ, ਜੋ ਉਸੇ ਸਾਲ ਕੁਲ ਐਫ ਡੀ ਆਈ ਤੋਂ ਚਾਰ ਗੁਣਾ ਵੱਧ ਸੀ। ਉਸ ਨੇ ਦਾਅਵਾ ਕੀਤਾ ਹੈ ਕਿ 100 ਉਚ ਫੌਜੀ ਜਨਰਲਾਂ ਕੋਲ 3.5 ਬਿਲੀਅਨ ਪੌਂਡ ਦੀ ਸਮੂੁਹਿਕ ਜਾਇਦਾਦ ਹੈ।
ਪਾਕਿਸਤਾਨੀ ਫੌਜ, ਹਵਾਈ ਫੌਜ ਅਤੇ ਸਮੁੰਦਰੀ ਫੌਜ ਤਿੰਨਾਂ ਕੋਲ ਸਭ ਤੋਂ ਵੱਡਾ ਵਪਾਰਕ ਭਾਈਚਾਰਾ ਹੈ, ਜਿਨ੍ਹਾਂ ਦੇ ਨਾਂ ਹਨ: ਫੌਜੀ ਫਾਊਂਡੇਸ਼ਨ, ਸ਼ਾਹੀਨ ਅਤੇ ਬਾਹਰੀਆ ਫਾਊਂਡੇਸ਼ਨਜ਼। ਆਰਮੀ ਵੈਲਫੇਅਰ ਟਰੱਸਟ (1971 'ਚ ਸਥਾਪਿਤ) ਪਾਕਿਸਤਾਨ ਦਾ ਸਭ ਤੋਂ ਵੱਡਾ ਕਰਜ਼ਦਾਤਾ ਗੈਰ ਸਰਕਾਰੀ ਬੈਂਕ ਹੈ। ਮਿਲਟਰੀ ਨੈਸ਼ਨਲ ਲਾਜਿਸਟਿਕ ਸੈਲ (ਐਨ ਐਲ ਸੀ) ਪਾਕਿਸਤਾਨ 'ਚ ਸਭ ਤੋਂ ਵੱਡੀ ਸ਼ਿਪਿੰਗ ਤੇ ਮਾਲ ਭਾੜੇ ਦੀ ਟਰਾਂਸਪੋਰਟਰ ਹੈ। ਅਜਿਹੀਆਂ ਵੀ ਰਿਪੋਰਟਾਂ ਹਨ ਕਿ ਰਿਟਾਇਰਮੈਂਟ 'ਤੇ ਇੱਕ ਮੇਜਰ ਜਨਰਲ ਨੂੰ 240 ਏਕੜ ਦੀ ਖੇਤੀ ਯੋਗ ਜ਼ਮੀਨ ਮਿਲਦੀ ਹੈ, ਜਿਸ ਦੀ ਲਾਗਤ ਅੱਧਾ ਮਿਲੀਅਨ ਪੌਂਡ ਬਣਦੀ ਹੈ। ਇਸ ਦੇ ਨਾਲ-ਨਾਲ ਸੱਤ ਲੱਖ ਪੌਂਡ ਦੀ ਕੀਮਤ ਵਾਲਾ ਸ਼ਹਿਰੀ ਰੀਅਲ ਅਸਟੇਟ ਪਲਾਟ ਵੀ ਉਨ੍ਹਾਂ ਨੂੰ ਮਿਲਦਾ ਹੈ।
ਮਾਰਕੀਟ ਅਰਥਵਿਵਸਥਾ ਨੂੰ ਹੜੱਪਣ 'ਚ ਪਾਕਿਸਤਾਨੀ ਫੌਜ ਦੀ ਭਲਾਈ ਨੇ ਸਿੱਧੇ ਤੌਰ 'ਤੇ ਸਥਾਨਕ ਸਿਵਲੀਅਨ ਨਿਵੇਸ਼ਕਾਂ ਅਤੇ ਉਦਯੋਗਪਤੀਆਂ 'ਚ ਟਕਰਾਅ ਲਿਆ ਦਿੱਤਾ ਹੈ। ਇਸ ਝਰੋਖੇ 'ਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਮਿਲਟਰੀ ਜਨਰਲ ਸੀ ਪੀ ਸੀ ਦੇ ਬਿਲੀਅਨ ਡਾਲਰਾਂ ਦੀ ਕੀਮਤ ਵਾਲੇ ਸਮਝੌਤੇ ਨੂੰ ਅਲਾਟ ਕਰਨ ਦੇ ਮਾਮਲੇ 'ਚ ਮੂਰਖ ਬਣਾਉਂਦੇ ਰਹੇ। ਪਾਕਿਸਤਾਨੀ ਫੌਜ ਕਦੇ ਵੀ ਨਵਾਜ਼ ਸ਼ਰੀਫ ਜਾਂ ਪਾਰਲੀਮੈਂਟ ਨੂੰ ਲੱਖਾਂ-ਕਰੋੜਾਂ ਡਾਲਰਾਂ ਦੇ ਪ੍ਰਾਜੈਕਟ ਦਾ ਚਾਰਜ ਨਹੀਂ ਸੌਂਪ ਸਕਦੀ ਸੀ, ਇਸ ਲਈ ਉਨ੍ਹਾਂ ਨੂੰ ਵਿਵਾਦਿਤ ਆਮ ਚੋਣ ਰਾਹੀਂ ਸੱਤਾ ਤੋਂ ਬਾਹਰ ਕੀਤਾ ਅਤੇ ਉਨ੍ਹਾਂ ਦੀ ਜਗ੍ਹਾ ਇੱਕ ਸਿਆਸੀ ਸਿਖਾਂਦਰੂ ਇਮਰਾਨ ਖਾਨ ਨੂੰ ਅੱਗੇ ਲੈ ਆਈ। ਲੈਫਟੀਨੈਂਟ ਜਨਰਲ (ਰਿਟਾ.) ਆਸਿਮ ਸਲੀਮ ਬਾਜਵਾ ਨੂੰ ਸੀ ਪੀ ਈ ਸੀ ਦਾ ਚੇਅਰਮੈਨ ਬਣਾਇਆ, ਪਰ ਫੌਜ ਇਮਰਾਨ ਖ਼ਾਨ 'ਤੇ ਭਰੋਸਾ ਨਹੀਂ ਕਰਦੀ। ਇਸ ਕਾਰਨ ਕੁਝ ਮਹੀਨੇ ਪਹਿਲਾਂ ਉਨ੍ਹਾਂ ਨੇ ਇਮਰਾਨ ਖ਼ਾਨ ਨੂੰ ਫਿਰਦੌਸ ਆਸ਼ਿਕ ਆਵਾਂ ਨੂੰ ਹਟਾਉਣ ਲਈ ਮਜ਼ਬੂਰ ਕੀਤਾ ਜੋ ਸੂਚਨਾ ਲਈ ਇਮਰਾਨ ਦੇ ਵਿਸ਼ੇਸ਼ ਸਹਾਇਕ ਸਨ। ਉਨ੍ਹਾਂ ਦੀ ਥਾਂ 'ਤੇ ਆਸਿਮ ਸਲੀਮ ਬਾਜਵਾ ਨੂੰ ਨਿਯੁਕਤ ਕੀਤਾ ਗਿਆ।
ਪਾਕਿਸਤਾਨੀ ਫੌਜ ਪੂਰੀ ਤਰ੍ਹਾਂ ਆਮ ਨਾਗਰਿਕ ਦੀਆਂ ਨਜ਼ਰਾਂ 'ਚ ਆਪਣੀ ਭਰੋਸੇਯੋਗਤਾ ਗੁਆ ਚੁੱਕੀ ਹੈ। ਲੋਕ ਫੌਜ ਤੋਂ ਨਫ਼ਰਤ ਕਰਦੇ ਹਨ ਅਤੇ ਇਸ ਨੂੰ ਪਾਕਿਸਤਾਨੀ ਜਾਇਦਾਦ ਨੂੰ ਲੁੱਟਣ ਵਾਲਾ ਦੱਸਦੇ ਹਨ। ਉਹ ਮੰਨਦੇ ਹਨ ਕਿ ਉਨ੍ਹਾਂ ਦੇ ਨਿਮਰ ਜੀਵਨ ਜਿਊਣ ਦਾ ਪਾਕਿਸਤਾਨੀ ਫੌਜ ਹੀ ਵੱਡਾ ਕਾਰਨ ਹੈ। ਜ਼ਿੱਦੀ ਪਾਕਿਸਤਾਨੀ ਫੌਜ ਦੇਸ਼ ਦੇ ਕੁਦਰਤੀ ਸੋਮਿਆਂ ਨੂੰ ਚੁਰਾ ਰਹੀ ਹੈ ਅਤੇ ਬਲੋਚ ਅਤੇ ਸਿੰਧੀ ਨਾਗਰਿਕਾਂ ਨਾਲ ਫੌਜੀ ਝੜਪ ਕਰਨ 'ਚ ਤੁਲੀ ਹੋਈ ਹੈ ਅਤੇ ਵੱਧ ਖੁਦਮੁਖਤਿਆਰੀ ਦੀ ਮੰਗ ਮੁਕੰਮਲ ਆਜ਼ਾਦੀ ਦੀ ਮੰਗ 'ਚ ਤਬਦੀਲ ਹੋ ਚੁੱਕੀ ਹੈ।