Welcome to Canadian Punjabi Post
Follow us on

25

October 2020
ਨਜਰਰੀਆ

ਤਾਰ-ਤਾਰ ਹੁੰਦਾ ਰਿਸ਼ਤਿਆਂ ਦਾ ਤਾਣਾ-ਬਾਣਾ

September 15, 2020 09:03 AM

-ਸਿਮਰਜੀਤ ਕੌਰ
ਸਮਾਜ ਵਿੱਚ ਕੁਝ ਇਹੋ ਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ, ਜਿਨਾਂ ਦਾ ਅਸਰ ਸਾਡੇ ਦਿਲੋ-ਦਿਮਾਗ ਉਤੇ ਡੂੰਘਾ ਉਕਰ ਜਾਂਦਾ ਹੈ। ਇੱਕ ਅਮੀਰ ਪਰਵਾਰ ਦੇ ਬੱਚਿਆਂ ਵੱਲੋਂ ਠੁਕਰਾਈ ਹੋਈ ਬਜ਼ੁਰਗ ਔਰਤ ਦੀ ਸਿਰ `ਚ ਕੀੜੇ ਪੈ ਕੇ ਦਿਲ ਦਹਿਲਾਉਣ ਵਾਲੀ ਹਾਲਤ `ਚ ਮੌਤ ਦੀ ਘਟਨਾ ਪਿਛਲੇ ਦਿਨੀਂ ਸੁਰਖੀਆਂ ਵਿੱਚ ਰਹੀ ਹੈ। ਟੀ ਵੀ ਅਤੇ ਸੋਸ਼ਲ ਮੀਡੀਆ `ਤੇ ਵਾਰ-ਵਾਰ ਇਹ ਖਬਰ ਪ੍ਰਸਾਰਿਤ ਹੋਣ ਕਾਰਨ ਇਸ ਨੇ ਮੇਰੇ ਮਨ `ਤੇ ਵੀ ਬੜਾ ਅਸਰ ਪਾਇਆ।
ਉਸ ਬਜ਼ੁਰਗ ਔਰਤ ਦੀ ਹਾਲਤ ਵੇਖ ਕੇ ਮੈਨੂੰ ਆਪਣੀ ਮਰਹੂਮ ਦਾਦੀ ਸੱਸ ਵਾਰ-ਵਾਰ ਚੇਤੇ ਆਉਣ ਲੱਗ ਪਈ ਸੀ। ਜਦ ਮੇਰਾ ਵਿਆਹ ਹੋਇਆ ਤਾਂ ਆਪਣੇ ਸਹੁਰਾ ਪਰਵਾਰ ਦੇ ਮੈਂਬਰਾਂ ਦੇ ਸੁਭਾਅ ਬਾਰੇ ਮੇਰੇ `ਚ ਇੱਕ ਅਜੀਬ ਕਿਸਮ ਦਾ ਤੌਖਲਾ ਸੀ। ਮੈਨੂੰ ਇੰਨਾ ਕੁ ਪਤਾ ਲੱਗ ਗਿਆ ਸੀ ਕਿ ਮੇਰੀ ਦਾਦੀ ਸੱਸ ਬੜੀ ਅੱਖੜ ਸੁਭਾਅ ਦੀ ਮਾਲਕਣ ਹੈ। ਮੇਰਾ ਡਰ ਵਾਜਬ ਵੀ ਸੀ, ਕਿਉਂਕਿ ਮੈਨੂੰ ਸੱਸ ਦੇ ਨਾਲ ਉਸ ਦੀ ਸੱਸ ਦਾ ਵੀ ਸਾਹਮਣਾ ਕਰਨਾ ਪੈਣਾ ਸੀ। ਮਨ `ਚ ਧੁੜਕੂ ਵੀ ਸੀ ਕਿ ਕੀ ਮੈਂ ਉਨ੍ਹਾਂ ਦੇ ਮਨ ਦੇ ਮੇਚ ਦੀ ਸਾਬਤ ਹੋ ਸਕਾਂਗੀ ਕਿ ਨਹੀਂ? ਮੇਰੀ ਦਾਦੀ ਸੱਸ ਦੀ ਉਮਰ ਉਦੋਂ ਬਿਆਸੀ ਸਾਲ ਦੀ ਸੀ, ਪਰ ਉਹ ਸਰੀਰਕ ਹੀ ਨਹੀਂ, ਮਾਨਸਿਕ ਰੂਪ ਤੋਂ ਵੀ ਨੌਂ-ਬਰ-ਨੌਂ ਸੀ। ਉਸ ਨੇ ਘਰ `ਚ ਆਪਣਾ ਪੂਰਾ ਦਬਦਬਾ ਕਾਇਮ ਰੱਖਿਆ ਹੋਇਆ ਸੀ। ਗਲੀ-ਮੁਹੱਲੇ ਦੇ ਲੋਕ ਵੀ ਉਸ ਦੀ ਸਲਾਹ ਨਾਲ ਕੰਮ ਕਰਦੇ ਸਨ। ਕੁਝ ਦਿਨਾਂ ਵਿੱਚ ਹੀ ਮੈਨੂੰ ਪਤਾ ਲੱਗਾ ਕਿ ਉਹ ਥੋੜਾ-ਬਹੁਤ ਪੜ੍ਹਨਾ-ਲਿਖਣਾ ਜਾਣਦੀ ਹੈ। ਰੋਜ਼ ਅਖਬਾਰ ਪੜ੍ਹਦੀ ਹੋਣ ਕਾਰਨ ਉਹ ਲਗਭਗ ਸਾਰੇ ਮਸਲਿਆਂ ਬਾਰੇ ਜਾਣਕਾਰੀ ਰੱਖਦੀ ਸੀ। ਕਈ ਵਾਰ ਕੋਈ ਇਹੋ ਜਿਹੀ ਭਵਿੱਖਬਾਣੀ ਕਰ ਦਿੰਦੀ ਜੋ ਛੇਤੀ ਹੀ ਸੱਚੀ ਸਾਬਤ ਹੋ ਜਾਂਦੀ ਸੀ। ਥੋੜ੍ਹੇ ਦਿਨਾਂ ਵਿੱਚ ਹੀ ਉਹ ਮੇਰੇ ਨਾਲ ਪੂਰੀ ਤਰ੍ਹਾਂ ਘੁਲ-ਮਿਲ ਗਈ। ਮੈਨੂੰ ਉਸ ਦਾ ਸਾਥ ਆਪਣੀ ਸਕੀ ਦਾਦੀ ਵਰਗਾ ਮਹਿਸੂਸ ਹੋਣ ਲੱਗ ਪਿਆ ਸੀ। ਭਾਵੇਂ ਕਿ ਮੈਂ ਆਰਟ ਅਤੇ ਕਰਾਫਟ ਅਧਿਆਪਕਾ ਲੱਗ ਕੇ ਪੂਰੀ ਤਰ੍ਹਾਂ ਖੁਸ਼ ਸਾਂ, ਪਰ ਉਸ ਨੇ ਮੈਨੂੰ ਆਖਣਾ ਸ਼ੁਰੂ ਕਰ ਦਿੱਤਾ ਕਿ ਤੂੰ ਬੀ ਐਡ ਕਰ ਕੇ ਤਰੱਕੀ ਜ਼ਰੂਰ ਕਰਨੀ ਹੈ। ਮੈਂ ਹੈਰਾਨ ਸਾਂ ਕਿ ਉਸ ਅੱਧ-ਪੜ੍ਹ ਜਿਹੀ ਔਰਤ ਨੂੰ ਸਾਡੇ ਮਹਿਕਮੇ ਬਾਰੇ ਇੰਨਾ ਡੂੰਘਾ ਗਿਆਨ ਕਿਵੇਂ ਹਾਸਲ ਸੀ।
ਮੇਰੀ ਹੈਰਾਨੀ ਭਾਂਪ ਕੇ ਮੇਰੇ ਪਤੀ ਨੇ ਮੈਨੂੰ ਦੱਸਿਆ ਕਿ ਉਹ ਆਪਣੇ ਬੀ ਐਸ ਸੀ ਦੀ ਤੀਜੇ ਸਾਲ ਦੇ ਪੇਪਰ ਦੇ ਕੇ ਕਲਕੱਤੇ ਚਲੇ ਗਏ ਸਨ। ਇਸ ਮਗਰੋਂ ਉਨ੍ਹਾਂ ਦਾ ਨਤੀਜਾ ਆ ਗਿਆ। ਮੇਰੀ ਦਾਦੀ ਸੱਸ ਨੇ ਵਾਰ-ਵਾਰ ਫੋਨ ਕਰ ਕੇ ਉਨ੍ਹਾਂ ਨੂੰ ਘਰ ਵਾਪਸ ਬੁਲਾ ਲਿਆ ਸੀ। ਇਹੀ ਨਹੀਂ, ਉਹ ਖੁਦ ਉਨ੍ਹਾਂ ਦਾ ਨਤੀਜਾ ਕਾਰਡ ਕਾਲਜ ਤੋਂ ਲੈ ਕੇ ਆਉਣ ਦੇ ਨਾਲ ਬੀ ਐਡ ਦੇ ਫਾਰਮ ਲੈ ਆਈ ਸੀ। ਕਲਕੱਤੇ ਤੋਂ ਵਾਪਸ ਆਉਂਦਿਆਂ ਨੂੰ ਦਾਦੀ ਸੱਸ ਨੇ ਮੇਰੇ ਪਤੀ ਨੂੰ ਬੀ ਐਡ ਦੀ ਤਿਆਰੀ ਦਾ ਹੁਕਮ ਚਾੜ੍ਹ ਦਿੱਤਾ ਸੀ, ਜਿਸ ਨੂੰ ਟਾਲਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ। ਮੇਰੀ ਦਾਦੀ ਸੱਸ ਦੀ ਕਰੜਾਈ ਕਾਰਨ ਹੀ ਮੇਰੇ ਪਤੀ ਬੀ ਐਡ ਕਰ ਕੇ ਗਣਿਤ ਅਧਿਆਪਕ ਨਿਯੁਕਤ ਹੋਏ ਸਨ।
ਮੇਰੇ ਲਈ ਇਹ ਗੱਲਾਂ ਬੜੀਆਂ ਹੈਰਾਨੀ ਭਰੀਆਂ ਸਨ। ਕੁਝ ਦਿਨਾਂ ਵਿੱਚ ਮੈਂ ਵੇਖਿਆ ਕਿ ਮੇਰੀ ਦਾਦੀ ਸੱਸ ਆਪਣੇ ਪੜ-ਪੋਤਿਆਂ ਦੀ ਪੜ੍ਹਾਈ-ਲਿਖਾਈ ਪ੍ਰਤੀ ਕਿੰਨੀ ਚਿੰਤਤ ਸੀ? ਉਸ ਨੂੰ ਪਰਾਰ ਦੇ ਹਰ ਬੱਚੇ ਤਾਂ ਕੀ, ਆਂਢ ਗੁਆਂਢ ਦੇ ਬੱਚਿਆਂ ਬਾਰੇ ਵੀ ਜਾਣਕਾਰੀ ਸੀ ਕਿ ਉਹ ਪੜ੍ਹਾਈ ਵੱਲ ਧਿਆਨ ਦੇ ਰਿਹਾ ਹੈ ਜਾਂ ਨਹੀਂ। ਉਸ ਨੂੰ ਵੇਖ ਕੇ ਮੈਨੂੰ ਕਿਸੇ ਦੀ ਆਖੀ ਗੱਲ ਚੇਤੇ ਆ ਰਹੀ ਸੀ ਕਿ ਇੱਕ ਲੜਕੇ ਦੇ ਪੜ੍ਹਨ ਨਾਲ ਇੱਕ ਜਣਾ ਹੀ ਪੜ੍ਹਦਾ ਹੈ, ਪਰ ਲੜਕੀ ਦੇ ਪੜ੍ਹਨ ਨਾਲ ਕਈ ਪਰਵਾਰ ਪੜ੍ਹ ਜਾਂਦੇ ਹਨ। ਮੇਰੀ ਦਾਦੀ ਸੱਸ ਨੇ ਮੈਨੂੰ ਬੀ ਐਡ ਕਰਨ ਦਾ ਹੁਕਮ ਸੁਣਾ ਦਿੱਤਾ। ਉਸੇ ਸਾਲ ਜਦ ਮੈਨੂੰ ਬੀ ਐਡ ਦਾ ਦਾਖਲਾ ਮਿਲ ਗਿਆ ਤਾਂ ਉਸ ਨੇ ਘਰ ਦਾ ਸਾਰਾ ਕੰਮ ਆਪਣੇ ਮੋਢਿਆਂ ਉਤੇ ਚੁੱਕ ਲਿਆ। ਉਸ ਨੇ ਟੱਬਰ ਦੇ ਬਾਕੀ ਜੀਆਂ ਨੂੰ ਹਦਾਇਤ ਕਰ ਦਿੱਤੀ ਕਿ ਇਸ ਸਮੇਂ ਦੌਰਾਨ ਮੈਨੂੰ ਕੋਈ ਵੀ ਵਾਧੂ ਕੰਮ ਨਹੀਂ ਕਹਿਣਾ। ਇਹੀ ਕਾਰਨ ਸੀ ਕਿ ਮੈਂ ਘਰੇਲੂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਕੇ ਆਰਾਮ ਨਾਲ ਪੜ੍ਹਾਈ ਕਰਦੀ ਰਹੀ।
ਭਾਵੇਂ ਮੇਰੀ ਦਾਦੀ ਸੱਸ ਅੱਡ ਸੀ ਤੇ ਸਾਡੇ ਵਿੱਚ ਨਹੀਂ ਹੈ, ਪਰ ਉਸ ਦਾ ਪਰਵਾਰ ਪ੍ਰਤੀ ਮੋਹ, ਪਿਆਰ, ਤਿਆਗ, ਤਾਂਘ ਅਤੇ ਜਜ਼ਬਾ ਚੇਤੇ ਕਰ ਕੇ ਮੇਰੀਆਂ ਅੱਖਾਂ ਅੱਜ ਵੀ ਭਰ ਆਉਂਦੀਆਂ ਹਨ। ਉਹ ਔਰਤ, ਜਿਸ ਤੋਂ ਮੈਂ ਡਰਦੀ ਰਹੀ ਸਾਂ, ਉਹੀ ਮੈਨੂੰ ਅਗਲੇਰੀ ਪੜ੍ਹਾਈ ਲਈ ਪ੍ਰੇਰਿਤ ਕਰ ਕੇ ਮੇਰੀ ਮਹਿਕਮੇ ਵਿੱਚ ਤਰੱਕੀ ਦਾ ਵੱਡਾ ਕਾਰਕ ਤੇ ਕਾਰਨ ਬਣੀ ਸੀ। ਅੱਜ ਮੈਂ ਜੋ ਵੀ ਹਾਂ, ਉਹ ਉਸ ਦਾਨਿਸ਼ਮੰਦ ਬਜ਼ੁਰਗ ਔਰਤ ਦੀਆਂ ਅਸੀਸਾਂ ਅਤੇ ਛੱਤਰ-ਛਾਇਆ ਸਦਕਾ ਹਾਂ। 93 ਸਾਲ ਦੀ ਉਮਰ ਭੋਗ ਕੇ ਜਦ ਉਹ ਇਸ ਫਾਨੀ ਸੰਸਾਰ ਤੋਂ ਰੁਖਸਤ ਹੋਈ ਤਾਂ ਮੈਨੂੰ ਇੰਞ ਜਾਪਿਆ ਸੀ ਜਿਵੇਂ ਮੇਰੇ ਸਰੀਰ ਦਾ ਕੋਈ ਅੰਗ ਮੇਰੇ ਤੋਂ ਵੱਖ ਹੋ ਗਿਆ ਹੋਵੇ। ਆਪਣਾ ਆਪ ਸੰਭਾਲਣ `ਚ ਮੈਨੂੰ ਕਈ ਮਹੀਨੇ ਲੱਗ ਗਏ ਸਨ।
ਇਹ ਅਟੱਲ ਸੱਚਾਈ ਹੈ ਕਿ ਸਾਰੇ ਬਜ਼ੁਰਗ ਆਪਣੇ ਪਰਵਾਰ ਦੀ ਤਰੱਕੀ ਤੇ ਖੁਸ਼ਹਾਲੀ ਵੇਖਣਾ ਚਾਹੁੰਦੇ ਹੁੰਦੇ ਹਨ। ਮੈਂ ਉਸ ਬਜ਼ੁਰਗ ਔਰਤ ਦੀ ਮਾਨਸਿਕ ਹਾਲਤ ਵਾਰ-ਵਾਰ ਚਿਤਵ ਰਹੀ ਹਾਂ ਜਿਸ ਦੀ ਮੌਤ ਬੜੇ ਹੀ ਦਰਦਨਾਕ ਹਾਲਾਤ ਵਿੱਚ ਹੋਣ ਕਾਰਨ ਸੁਰਖੀਆਂ `ਚ ਆਈ ਸੀ। ਜਦ ਉਸ ਦੇ ਆਪਣੇ ਬੱਚੇ ਤਰੱਕੀ ਦੀਆਂ ਨਵੀਆਂ ਪੈੜਾਂ ਪਾ ਰਹੇ ਹੋਣਗੇ ਉਹ ਕਿੰਨੀ ਖੁਸ਼ ਹੁੰਦੀ ਹੋਵੇਗੀ? ਉਸ ਨੇ ਵੀ ਆਪਣੇ ਪਰਵਾਰ ਦੀ ਤਰੱਕੀ ਲਈ ਕਿੰਨੇ ਸੁਫਨੇ ਵੇਖੇ ਹੋਣਗੇ ਅਤੇ ਉਹ ਸੱਚ ਵੀ ਹੋ ਨਿਬੜੇ ਸਨ। ਅਫਸੋਸ ਕਿ ਅਜੋਕੀ ਪੀੜ੍ਹੀ ਨੇ ਰਿਸ਼ਤਿਆਂ ਦੇ ਮਹੱਤਵ ਨੂੰ ਭੁਲਾ ਦਿੱਤਾ। ਉਸ ਲਈ ਪੈਸਾ ਅਤੇ ਜਾਇਦਾਦ ਹੀ ਟੀਚਾ ਬਣ ਕੇ ਰਹਿ ਗਿਆ ਹੈ। ਉਹ ਨਹੀਂ ਜਾਣਦੇ ਕਿ ਜੜ੍ਹ ਨਾਲੋਂ ਟੁੱਟ ਚੁੱਕੇ ਰੁੱਖ ਸਦਾ ਹਰੇ-ਭਰੇ ਨਹੀਂ ਰਹਿ ਸਕਦੇ। ਇਹ ਘਟਨਾ ਸਾਨੂੰ ਇੱਕ ਵੱਡੀ ਸਿੱਖਿਆ ਵੀ ਦਿੰਦੀ ਹੈ ਕਿ ਸਾਨੂੰ ਆਪਣੇ ਬੱਚਿਆਂ ਨੂੰ ਕਿਤਾਬੀ ਪੜ੍ਹਾਈ ਦੇ ਨਾਲ ਨੈਤਿਕ ਸਿੱਖਿਆ `ਤੇ ਵੀ ਜ਼ੋਰ ਦੇਣਾ ਚਾਹੀਦਾ ਹੈ। ਸਰਕਾਰ ਅਤੇ ਸਮਾਜ ਵਿਗਿਆਨੀਆਂ ਨੂੰ ਇਸ ਮਸਲੇ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ ਨਹੀਂ ਤਾਂ ਕੱਲ੍ਹ ਨੂੰ ਅਜਿਹੀ ਮਨਹੂਸ ਘਟਨਾ ਕਿਸੇ ਨਾਲ ਵੀ ਵਾਪਰ ਸਕਦੀ ਹੈ।
ਬਜ਼ੁਰਗਾਂ ਦੇ ਹੱਕ ਵਿੱਚ ਕਈ ਕਾਨੂੰਨ ਬਣੇ ਹੋਏ ਹਨ, ਪਰ ਜਾਣਕਾਰੀ ਦੀ ਅਣਹੋਂਦ ਕਾਰਨ ਉਹ ਅਜੇ ਵੀ ਨਰਕ ਵਰਗੀ ਜ਼ਿੰਦਗੀ ਜਿਊਣ ਨੂੰ ਮਜਬੂਰ ਹਨ। ਇਨ੍ਹਾਂ ਕਾਨੂੰਨਾਂ ਦੀ ਜਾਣਕਾਰੀ ਦੇਣ ਲਈ ਸਰਕਾਰ ਨੂੰ ਵਿਸ਼ੇਸ਼ ਜਾਗਰੂਕਤਾ ਮੁਹਿੰਮ ਵਿੱਢਣੀ ਚਾਹੀਦੀ ਹੈ। ਮੈਂ ਉਮੀਦ ਕਰਦੀ ਹੋਈ ਦੂਆ ਕਰਦੀ ਹਾਂ ਕਿ ਕਿਸੇ ਵੀ ਵਿਅਕਤੀ ਨੂੰ ਆਪਣੀ ਜ਼ਿੰਦਗੀ ਦਾ ਸੂਰਜ ਅਸਤ ਹੋਣ ਵੇਲੇ ਪਸ਼ੂਆਂ ਤੋਂ ਬਦਤਰ ਅਜਿਹੀ ਜ਼ਿੰਦਗੀ ਬਤੀਤ ਨਾ ਕਰਨੀ ਪਵੇ। ਇਨ੍ਹਾਂ ਮਾੜੇ ਕੀਤੇ ਕੰਮਾਂ ਦਾ ਫਲ ਹਰ ਹਾਲਤ ਵਿੱਚ ਸਾਡੇ ਕੋਲ ਪਹੁੰਚਦਾ ਹੈ। ਪਤਾ ਨਹੀਂ, ਅਜਿਹੇ ਲੋਕ ਕਿਵੇਂ ਭੁੱਲ ਜਾਂਦੇ ਹਨ ਕਿ ਜੇ ਉਨ੍ਹਾਂ ਦੇ ਮਾਪੇ ਬੁੱਢੇ ਹੋਏ ਹਨ ਤਾਂ ਕੱਲ੍ਹ ਨੂੰ ਉਨ੍ਹਾਂ ਨੇ ਵੀ ਅਜਿਹੀ ਅਵਸਥਾ ਹੰਢਾਉਣੀ ਹੈ। ਇਹ ਇਤਿਹਾਸ ਸਾਡੇ ਉੱਤੇ ਪਰਮਾਤਮਾ ਵੱਲੋਂ ਦੁਹਰਾਇਆ ਗਿਆ ਤਾਂ ਸਾਡਾ ਕੀ ਹਸ਼ਰ ਹੋਵੇਗਾ, ਸ਼ਾਇਦ ਇਸ ਤੋਂ ਵੀ ਬੁਰਾ।
ਇੱਕ ਗੱਲ ਹੋਰ, ਜੋ ਇਨਸਾਨ ਆਪਣੇ ਮਾਪਿਆਂ ਦਾ ਨਹੀਂ ਬਣਿਆ, ਉਹ ਹੋਰ ਕਿਸੇ ਦਾ ਵੀ ਨਹੀਂ ਬਣ ਸਕਦਾ। ਇਨ੍ਹਾਂ ਨੇ ‘ਦੁੱਧਾਂ ਨਾਲ ਪੁੱਤ ਪਾਲ ਕੇ ਫੇਰ ਪਾਣੀ ਨੂੰ ਤਰਸਦੀਆਂ ਮਾਵਾਂ` ਨੂੰ ਪੂਰ ਤਰ੍ਹਾਂ ਸਾਬਤ ਕਰ ਦਿੱਤਾ ਹੈ। ਜੋ ਆਪਣੇ ਖੂਨ ਤੇ ਪਿਆਰ ਦੇ ਰਿਸ਼ਤਿਆਂ ਦੀ ਕਦਰ ਨਹੀਂ ਕਰ ਸਕੇ, ਉਨ੍ਹਾਂ ਨੂੰ ਸਮਾਜਕ ਤੌਰ `ਤੇ ਵੀ ਦੁਰਕਾਰਾਂ ਮਿਲਦੀਆਂ ਹਨ। ਸਮਝ ਨਹੀਂ ਆ ਰਹੀ ਕਿ ਮਨੁੱਖ ਇਖਲਾਕੀ ਤੌਰ `ਤੇ ਏਨਾ ਹੇਠਾਂ ਡਿੱਗ ਚੁੱਕਾ ਹੈ ਕਿ ਉਹ ਮਾਵਾਂ ਵਰਗੇ ਘਣਛਾਵੇਂ ਬੂਟੇ ਨੂੰ ਕਿਵੇਂ ਜੜ੍ਹੋਂ ਪੁੱਟ ਕੇ ਬਾਹਰ ਸੁੱਟ ਦਿੰਦਾ ਹੈ। ਉਹ ਕਿਉਂ ਨਹੀਂ ਸਮਝਦਾ ਕਿ ‘ਬਜ਼ੁਰਗ ਜ਼ਿੰਦਗੀ ਦੇ ਤਜਰਬਿਆਂ ਦਾ ਖਜ਼ਾਨਾ ਹੁੰਦੇ ਹਨ, ਜਿਨ੍ਹਾਂ ਨਾਲ ਘਰ ਮਹਿਕਦਾ ਤੇ ਟਹਿਕਦਾ ਹੈ। ਉਨ੍ਹਾਂ ਕੋਲ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸੰਭਾਲਣ ਤੇ ਸੰਵਾਰਨ ਦਾ ਬਹੁਤ ਜ਼ਿਆਦਾ ਸਮਾਂ ਹੁੰਦਾ ਹੈ। ਉਨ੍ਹਾਂ ਤੋਂ ਬਿਨਾਂ ਅਸੀਸਾਂ ਮੁੱਕ ਜਾਂਦੀਆਂ ਹਨ। ਸਾਡੀ ਬੀਬੀ ਭਾਵੇਂ 93 ਸਾਲ ਦੀ ਉਮਰ ਭੋਗ ਕੇ ਗਈ, ਪਰ ਸਾਨੂੰ 39 ਸਾਲਾਂ ਦੇ ਜਵਾਨ ਵਿਅਕਤੀ ਦੇ ਜਾਣ ਵਰਗਾ ਘਾਟਾ ਮਹਿਸੂਸ ਹੋਇਆ। ਚੰਗੇ ਕਰਮ ਵਾਲੇ ਵਿਅਕਤੀ ਸ਼ਾਂਤੀ ਭਰੀ ਜ਼ਿੰਦਗੀ ਜਿਊਂਦੇ ਹੀ ਨਹੀਂ, ਉਨ੍ਹਾਂ ਦਾ ਅੰਤਲਾ ਸਮਾਂ ਬੜਾ ਸੁਖਾਲਾ ਹੁੰਦਾ ਹੈ। ਅਕਸਰ ਲੋਕ ਕਹਿੰਦੇ ਹਨ ਕਿ ਜਾਣਾ ਸਭ ਨੂੰ ਹੈ, ਪਰ ਮੈਨੂੰ ਵੀ ਫਲਾਣੇ ਵਿਅਕਤੀ ਵਰਗੀ ਮੌਤ ਆਵੇ। ਕੋਈ ਫਰਕ ਨਹੀਂ ਪੈਂਦਾ ਕਿ ਅਸੀਂ ਕਿੰਨੇ ਸਾਲ ਜਿਉ ਕੇ ਗਏ, ਪਰ ਕਿੱਦਾਂ ਜਿਉਂ ਕੇ ਗਏ, ਬਹੁਤ ਫਰਕ ਪੈਂਦਾ ਹੈ। ਵਧੀਆ ਜ਼ਿੰਦਗੀ ਜਿਊਣ ਵਾਲੇ ਲੋਕ ਅਕਸਰ ਦੂਜਿਆਂ ਦੇ ਚੇਤਿਆਂ ਵਿੱਚ ਜਿਊਂਦੇ ਹਨ।

 

Have something to say? Post your comment