Welcome to Canadian Punjabi Post
Follow us on

31

October 2020
ਬ੍ਰੈਕਿੰਗ ਖ਼ਬਰਾਂ :
ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਮੁਲਾਜ਼ਮਾਂ ’ਤੇ ਕੀਤਾ ਕਰਾਸ ਕੇਸ ਰੱਦ ਕਰਨ ਲਈ ਭਾਈ ਲੌਂਗੋਵਾਲ ਦੀ ਅਗਵਾਈ ’ਚ ਮੈਂਬਰਾਂ ਨੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾਕੇਂਦਰ ਸਰਕਾਰ ਕਿਸਾਂਨਾਂ ਨੂੰ ਜ਼ੁਰਮਾਨੇ ਅਤੇ ਜੇਲ੍ਹ ਦਾ ਡਰਾਵਾ ਦੇਣ ਦੀ ਥਾਂ ਪਰਾਂਲੀ ਪ੍ਰਬੰਧਨ ਦਾ ਕੋਈ ਹੱਲ ਕੱਢੇ : ਢੀਂਡਸਾਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਲਈ ਐੱਲ.ਪੀ.ਏ.ਆਈ.ਨੂੰ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਲਈ ਹਦਾਇਤ ਦੇਣ ਪ੍ਰਧਾਨ ਮੰਤਰੀ : ਸੁਖਬੀਰ ਬਾਦਲਬਿਜਲੀ ਮਾਫ਼ੀਆ ਹੱਥੋਂ ਲੋਕਾਂ ਦੀ ਅੰਨ੍ਹੀ, ਲੁੱਟ ਕਰਵਾ ਰਹੀ ਹੈ ਅਮਰਿੰਦਰ ਸਰਕਾਰ : ਅਮਨ ਅਰੋੜਾਲੋਟੂ ਨਿਜ਼ਾਮ ਤੋਂ ਨਿਜਾਤ ਦਿਵਾਉਣ ਲਈ ਨਵੇਂ ਅਹੁਦੇਦਾਰਾਂ ਨੂੰ ਭਗਵੰਤ ਮਾਨ ਨੇ ਸਹੁੰ ਚੁਕਾਈਭਾਜਪਾ ਨੂੰ ਤਕੜਾ ਝਟਕਾ, ਦਲਿਤ ਅਤੇ ਕਿਸਾਨ ਆਗੂ ਭਾਜਪਾ ਛੱਡ ਹੋਏ 'ਆਪ' 'ਚ ਹੋਏ ਸ਼ਾਮਿਲਕੈਪਟਨ ਵੱਲੋਂ ਬਸ ਆਪਰੇਟਰਾਂ ਲਈ 100 ਫੀਸਦੀ ਕਰ ਮੁਆਫੀ 31 ਦਸੰਬਰ ਤੱਕ ਵਧਾਈ ਗਈ, ਬਕਾਏ ਦੀ ਅਦਾਇਗੀ 31 ਮਾਰਚ ਤੱਕ ਅੱਗੇ ਪਾਈਫਰਾਂਸ ਵਿੱਚ ਚਰਚ ਉੱਤੇ ਹਮਲੇ ਕਾਰਨ 3 ਲੋਕਾਂ ਦੀ ਮੌਤ
ਨਜਰਰੀਆ

ਔਰਤ, ਸਮਾਜ ਤੇ ਸਿੱਖਿਆ

September 14, 2020 09:30 AM

-ਜਸਵੰਤ ਕੌਰ ਮਣੀ
ਸਿੱਖਿਆ ਮਨੁੱਖ ਦਾ ਤੀਸਰਾ ਨੇਤਰ ਹੈ। ਔਰਤ, ਸਮਾਜ ਅਤੇ ਸਿੱਖਿਆ ਦਾ ਰਿਸ਼ਤਾ ਸ਼ੁਰੂ ਤੋਂ ਹੀ ਡਗਮਗਾਇਆ ਰਿਹਾ ਹੈ। ਸਮਾਜ ਮਨੁੱਖ ਨੂੰ ਜਿੱਥੇ ਪਰੰਪਰਾਵਾਂ ਦੀ ਦੱਸ ਪਾਉਂਦਾ ਹੈ, ਉਥੇ ਸਿੱਖਿਆ ਮਨੁੱਖ ਨੂੰ ਸਮਾਜ ਵਿੱਚ ਵਿਚਰਨ ਦੇ ਤੌਰ ਤਰੀਕੇ ਸਿਖਾਉਂਦੀ ਹੋਈ ਆਧੁਨਿਕਤਾ ਨਾਲ ਵੀ ਜੋੜਦੀ ਹੈ। ਜੇ ਗੱਲ ਔਰਤ, ਸਮਾਜ ਅਤੇ ਸਿੱਖਿਆ ਦੇ ਪ੍ਰਸੰਗ ਵਿੱਚ ਕੀਤੀ ਜਾਵੇ ਤਾਂ ਹਾਲੇ ਵੀ ਔਰਤ ਸਮਾਜ ਤੇ ਸਿੱਖਿਆ ਵਿਚਾਲੇ ਹਾਲਾਤ ਕਾਫੀ ਚੁਣੌਤੀ ਪੂਰਨ ਹਨ। ਸਿੱਖਿਆ ਤੇ ਮਿਹਨਤ ਬਲਬੂਤੇ ਔਰਤ ਨੇ ਆਪਣੀ ਨਿਵੇਕਲੀ ਪਛਾਣ ਬਣਾਈ ਹੈ, ਪਰ ਅਜੇ ਵੀ ਉਸ ਦੇ ਸੰਘਰਸ਼ੀ ਰਸਤੇ ਦੀਆਂ ਔਕੜਾਂ ਖਤਮ ਨਹੀਂ ਹੋਈਆਂ। ਔਰਤ ਸਮਾਜ ਤੋਂ ਆਪਣੇ ਲਈ ਮਾਣ ਸਨਮਾਨ ਦੀ ਸਥਿਤੀ ਚਾਹੁੰਦੀ ਹੈ, ਜੋ ਉਸ ਨੂੰ ਸਹੀ ਅਰਥਾਂ ਵਿੱਚ ਮਿਲਦੀ ਨਹੀਂ। ਬੇਸ਼ੱਕ ਅਜੋਕੀ ਔਰਤ ਪੜ੍ਹ ਲਿਖ ਕੇੇ ਆਪਣੇ ਪੈਰਾਂ 'ਤੇ ਖਲੋ ਬੁਲੰਦੀਆਂ ਛੋਹ ਰਹੀ ਹੈ, ਪਰ ਅਜੋਕੇ ਸਮਾਜ ਦੀ ਸੋਚ 'ਤੇ ਨਜ਼ਰੀਆ ਔਰਤ ਪ੍ਰਤੀ ਉੱਥੇ ਦਾ ਉੱਥੇ ਹੈ। ਅੱਜ ਵੀ ਬਹੁਤੇ ਹਾਲਾਤ ਵਿੱਚ ਔਰਤ ਤਿ੍ਰਸਕਾਰ ਦੀ ਪਾਤਰ ਬਣੀ ਹੋਈ ਹੈ। ਹਾਲੇ ਵੀ ਉਸ ਦੇੇ ਰਸਤੇ ਦੀਆਂ ਰੁਕਾਵਟਾਂ ਖਤਮ ਨਹੀਂ ਹੋਈਆਂ। ਕਹਿਣ ਲਈ ਉਹ ਆਜ਼ਾਦ ਹੈ, ਪਰ ਸਮਾਜ ਵਿੱਚ ਵਿਚਰਦੀ ਹੋਈ ਉਹ ਕਿੰਨੀ ਕੁ ਆਜ਼ਾਦੀ ਅਨੁਭਵ ਕਰ ਰਹੀ ਹੈ? ਇਹ ਵਿਚਾਰਨ ਵਾਲੀ ਗੱਲ ਹੈ।
ਸਮਾਜ ਦਾ ਬਹੁਤਾ ਵਰਗ ਬੇਸ਼ੱਕ ਪੜ੍ਹ-ਲਿਖ ਗਿਆ, ਪਰ ਉਸ ਦੀ ਸੋਚ ਵਿੱਚ ਬਹੁਤਾ ਫਰਕ ਦੇਖਣ ਵਿੱਚ ਨਹੀਂ ਆਇਆ। ਔਰਤ ਜੱਦੋਜਹਿਦ ਕਰਦੀ ਹੋਈ ਮਰਦ ਦੇ ਬਰਾਬਰ ਨਹੀਂ, ਉਸ ਤੋਂ ਵੀ ਅਗੇਰੇ ਉਡਾਰੀਆਂ ਲਾ ਰਹੀ ਹੈ, ਫਿਰ ਵੀ ਬਹੁਤ ਸਾਰੀਆਂ ਰੁਕਾਵਟਾਂ ਨਾ ਸਿਰਫ ਸਿੱਖਿਆ ਹਾਸਲ ਕਰਨ ਸਮੇਂ, ਸਗੋਂ ਪੜ੍ਹਾਈ ਤੋਂ ਬਾਅਦ ਉਸ ਦਾ ਪਿੱਛਾ ਨਹੀਂ ਛੱਡਦੀਆਂ। ਪੁਰਾਤਨ ਸਮੇਂ ਵਿੱਚ ਔਰਤ ਦੇ ਪੜ੍ਹਨ-ਲਿਖਣ 'ਤੇ ਬੰਦਸ਼ਾਂ ਲਾਈਆਂ ਜਾਂਦੀਆਂ ਸਨ, ਓਥੇ ਅਜੋਕੇ ਸਮਾਜ ਵਿੱਚ ਅਜਿਹੀਆਂ ਬੰਦਸ਼ਾਂ ਬੇਸ਼ੱਕ ਬਹੁਤ ਘੱਟ ਹਨ, ਪਰ ਕੁਝ ਅਜਿਹੇ ਵਰਤਾਰੇ ਪਣਪ ਰਹੇ ਹਨ ਜਿਨ੍ਹਾਂ ਤੋਂ ਲੜਕੀ ਪੜ੍ਹਾਈ ਵੱਲੋਂ ਕਿਤੇ ਨਾ ਕਿਤੇ ਖੁਦ ਝਿਜਕਣ ਜ਼ਰੂਰ ਲੱਗਦੀ ਹੈ। ਅੱਜ ਕੋਈ ਲੜਕੀ ਨਾ ਸਿਰਫ ਸਕੂਲੀ ਪੜ੍ਹਾਈ ਦੌਰਾਨ ਹੀ ਪ੍ਰਭਾਵਤ ਹੋ ਰਹੀ ਹੈ, ਬਲਕਿ ਉਚੇਰੀ ਪੜ੍ਹਾਈ ਦੌਰਾਨ ਵੀ ਉਸ ਨੂੰ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਉਸ ਦੇ ਰਸਤੇ ਵਿੱਚ ਗੰਭੀਰ ਚੁਣੌਤੀ ਬਣ ਜਾਂਦੇ ਹਨ, ਜਿਨ੍ਹਾਂ ਵਿੱਚ ਔਰਤ ਸੁਚੇਤ ਜਾਂ ਅਚੇਤ ਰੂਪ ਵਿੱਚ ਪਿਸਦੀ ਰਹਿੰਦੀ ਹੈ। ਔਰਤ ਮੁੱਢ ਤੋਂ ਸੰਵੇਦਨਸ਼ੀਲ ਅਤੇ ਸਹਿਣਸ਼ੀਲਤਾ ਦੀ ਮੂਰਤ ਰਹੀ ਹੈ, ਪਰ ਮਰਦ ਪ੍ਰਧਾਨ ਸਮਾਜ ਵਿੱਚ ਉਸ ਦੀ ਸਹਿਣਸ਼ੀਲਤਾ ਦਾ ਕਿਤੇ ਨਾ ਕਿਤੇੇ ਨਾਜਾਇਜ਼ ਲਾਭ ਉਠਾਇਆ ਜਾਂਦਾ ਹੈ। ਸਕੂਲ ਲਾਉਣ ਤੋਂ ਪਹਿਲਾਂ ਵੀ ਹਾਲਤ ਬਾਰੇ ਸੋਚਿਆ ਜਾਂਦਾ ਹੈ ਤੇ ਉਚੇਰੀ ਸਿੱਖਿਆ ਮੌਕੇ ਵੀ, ਜਿਸ ਕਾਰਨ ਕਈ ਵਾਰ ਲੜਕੀ ਦਾ ਉਚੇਰੀ ਸਿੱਖਿਆ ਦਾ ਸੁਫਨਾ ਸਾਕਾਰ ਨਹੀਂ ਹੁੰਦਾ। ਕਈ ਵਾਰ ਅਜਿਹੀ ਡਿਗਰੀ ਪ੍ਰਾਪਤ ਕਰਨਾ ਉਸ ਲਈ ‘ਅਗਨੀ ਪ੍ਰੀਖਿਆ’ ਵਿੱਚੋਂ ਲੰਘਣ ਤੋਂ ਘੱਟ ਨਹੀਂ ਹੁੰਦਾ।
ਬੇਸ਼ੱਕ ਅਜੋਕੇ ਯੁੱਗ ਵਿੱਚ ਔਰਤ ਨੇ ਘਰ ਦੀਆਂ ਵਲਗਣਾਂ, ਬੰਦਸ਼ਾਂ ਤੋਂ ਪਾਰ ਜਾਣ ਲਈ ਖੁਦ ਆਪਣੇ ਬਲਬੂਤੇ ਹੰਭਲਾ ਮਾਰਨ ਦੀ ਸਮਰੱਥਾ ਜੁਟਾ ਲਈ ਹੈ, ਪਰ ਔਰਤ ਪੂਰੀ ਤਰ੍ਹਾਂ ਆਜ਼ਾਦ ਤੇ ਸੁਰੱਖਿਅਤ ਮਾਹੌਲ ਵਿੱਚ ਵਿਚਰਨ ਦਾ ਹੀਆ ਨਹੀਂ ਕਰ ਸਕੀ। ਇਸ ਦਾ ਕਾਰਨ ਕੀ ਹੈ? ਅਜੋਕਾ ਯੁੱਗ ਬਹੁਤ ਪੜ੍ਹਿਆ ਲਿਖਿਆ ਅਤੇ ਆਧੁਨਿਕ ਅਖਵਾਉਂਦਾ ਹੈ। ਫਿਰ ਉਸ ਸਮੇਂ ਇਹ ਆਧੁਨਿਕਤਾ ਕਿੱਥੇ ਚਲੀ ਜਾਂਦੀ ਹੈ, ਜਦੋਂ ਕਾਲਜਾਂ, ਯੂਨੀਵਰਸਿਟੀਆਂ ਵਿੱਚ ਪੜ੍ਹਦੇ ਸਿੱਖਿਆ ਪ੍ਰਾਪਤ ਲੜਕੇ ਵੀ ਤੁਰੀ ਆਉਂਦੀ ਲੜਕੀ ਵੱਲ ਦੇਖ ਕੇ ਕਈ ਤਰ੍ਹਾਂ ਦੇ ਭੱਦੇ ਮਜ਼ਾਕ ਕਰਦੇ ਹਨ। ਪਿੱਛੇ ਜਿਹੇ ਪੰਜਾਬੀ ਯੂਨੀਵਰਸਿਟੀ ਵਿੱਚ ਅਜਿਹਾ ਕਾਂਡ ਦੇਖਣ ਵਿੱਚ ਆਇਆ ਸੀ।
ਇੱਥੇ ਦੋਸ਼ ਵਿਚਾਰਧਾਰਾ ਦਾ ਬਣਦਾ ਹੈ ਜਿਸ ਨੂੰ ਬਦਲਣ ਦੀ ਸਾਡੇ ਸਮਾਜ ਨੂੰ ਅਣਸਰਦੀ ਲੋੜ ਹੈ। ਔਰਤ ਦੀ ਅਜਿਹੀ ਸਥਿਤੀ ਅਜੋਕੇ ਸਾਹਿਤ ਵਿੱਚ ਝਲਕਦੀ ਹੈ। ਔਰਤ ਕਿਸੇ ਵੀ ਸਮਾਜ ਵਿੱਚ ਵਿਚਰ ਰਹੀ ਹੋਵੇ, ਉਸ ਨੂੰ ਹਮੇਸ਼ਾ ਵਧੀਕੀ ਦਾ ਸਾਹਮਣਾ ਕਰਨਾ ਪੈਂਦਾ ਹੈ। ਬੱਸ ਵਿੱਚ ਸਫਰ ਕਰਦੇ ਸਮੇਂ ਵੀ ਉਸ ਨੂੰ ਆਪਣੇ ਆਸੇ-ਪਾਸੇ ਦੀ ਸਥਿਤੀ ਵੱਲ ਦੇਖਣਾ ਪੈਂਦਾ ਹੈ ਅਤੇ ਰੇਲ ਸਫਰ ਦੌਰਾਨ ਵੀ ਕਿ ਕਿਸ ਡੱਬੇ ਵਿੱਚ ਚੜ੍ਹਨਾ, ਕਿੱਥੇ ਬੈਠਣਾ, ਵਿਚਾਰਨਾ ਪੈਂਦਾ ਹੈ। ਕਹਿਣ ਨੂੰ 21ਵੀਂ ਸਦੀ ਆਧੁਨਿਕਤਾ ਦੀ ਸਦੀ ਹੈ, ਪਰ ਔਰਤ ਪ੍ਰਤੀ ਨਜ਼ਰੀਏ ਬਾਰੇ ਇਹ ਕਿੰਨੀ ਆਧੁਨਿਕ ਹੈ? ਇਹ ਵਿਚਾਰਨਾ ਬਣਦਾ ਹੈ। ਵੇਸਵਾਪੁਣੇ ਲਈ ਮਜਬੂਰ ਔਰਤ ਨੂੰ ਸਮਾਜ ਵਿੱਚ ਮਾੜੀ ਗਿਣਿਆ ਜਾਂਦਾ ਹੈ, ਪਰ ਇਸ ਦੇੇ ਉਪਜਣ ਲਈ ਜ਼ਿੰਮੇਵਾਰ ਕਾਰਨਾਂ ਬਾਰੇ ਕੀ ਕਦੇ ਸੋਚਿਆ ਜਾਂਦਾ ਹੈ? ਇੰਜ ਕਮਾਏ ਪੈਸੇ ਨਾਲ ਉਹ ਕੀ ਕਰਦੀ ਹੈ? ਕੀ ਉਸ ਦਾ ਵੀ ਕੋਈ ਆਪਣਾ ਪਰਵਾਰ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਤਲਾਸ਼ਣ ਦੀ ਕਦੇ ਕੋਸ਼ਿਸ਼ ਕੀਤੀ ਜਾਂਦੀ ਹੈ?
ਕੁਝ ਸਮਾਂ ਪਹਿਲਾਂ ਇਹ ਸੋਚ ਭਰ ਰਹੀ ਸੀ ਕਿ ਜਿਵੇਂ ਜਿਵੇਂ ਦੇਸ਼ ਤਰੱਕੀ ਕਰੇਗਾ, ਲੋਕਾਂ ਵਿੱਚ ਜਾਗ੍ਰਿਤੀ ਵਧੇਗੀ ਤਾਂ ਸਮਾਜ ਵਿੱਚ ਦਾਜ ਤੇ ਮਹਿੰਗੇ ਵਿਆਹਾਂ ਦਾ ਰਿਵਾਜ਼ ਘਟ ਜਾਏਗਾ ਤੇ ਆਖਰ ਖਤਮ ਹੋ ਜਾਵੇਗਾ, ਪਰ ਹੋਇਆ ਇਸ ਦੇ ਬਿਲਕੁਲ ਉਲਟ। ਪਿਛਲੇ ਵੀਹ ਤੀਹ ਸਾਲਾਂ ਤੋਂ ਇਹ ਰਿਵਾਜ਼ ਹੋਰ ਵਧ ਗਿਆ ਹੈ ਅਤੇ ਇਸ ਦਾ ਰੂਪ ਵੀ ਨਿਰੰਤਰ ਬਦਲਦਾ ਜਾ ਰਿਹਾ ਹੈ। ਘਰੇਲੂ ਪੱਖੀਆਂ ਤੋਂ ਵਧਦਾ ਦਾਜ ਏ ਸੀ, ਕਾਰਾਂ ਤੱਕ ਪਹੁੰਚ ਗਿਆ ਹੈ। ਛੋਟੇ ਵੱਡਿਆਂ ਦੀ ਰੀਸ ਕਰਦੇ ਹਨ ਅਤੇ ਵੱਡੇ ਆਪਣਿਆਂ ਤੋਂ ਹੋਰ ਵੱਡਿਆਂ ਦੀ। ਫਲਾਣੇ ਮੰਤਰੀ ਜਾਂ ਅਫਸਰ ਨੇ ਆਪਣੀ ਕੁੜੀ ਦੇ ਵਿਆਹ ਵਿੱਚ ਇਹ ਗੱਡੀ ਦਿੱਤੀ। ਕੀ ਅਜਿਹੇ ਵਰਤਾਰੇ ਦਾਜ ਨੂੰ ਵਧਾਵਾ ਨਹੀਂ ਦੇ ਰਹੇ? ਜੇ ਪੜ੍ਹਿਆ ਲਿਖਿਆ ਸਥਾਪਤ ਪਰਵਾਰ ਜਾਂ ਵੱਡੇ ਅਫਸਰ, ਮੰਤਰੀ ਆਦਿ ਸਾਦੇ ਢੰਗ ਨਾਲ ਵਿਆਹ ਕਰਦੇ ਹਨ ਤਾਂ ਮੱਧ ਵਰਗ ਆਪਣੇ ਆਪ ਇਸ ਦਾ ਬਹੁਤ ਪ੍ਰਭਾਵ ਕਬੂਲ ਕਰ ਸਕਦਾ ਹੈ, ਪਰ ਇਹ ਵੱਡੇ ਕੋਰੋਨਾ ਲਾਕਡਾਊਨ ਦੌਰਾਨ ਵੀ ਨਿਯਮਾਂ ਨੂੰ ਛਿੱਕੇ ਟੰਗ ਕੇ ਵਿਆਹਾਂ ਤੋਂ 'ਤੇ ਸ਼ਾਹੀ ਖਰਚ ਤੇ ਵਿਖਾਵਾ ਕਰਨ ਤੋਂ ਬਾਜ਼ ਨਹੀਂ ਆਏ।
ਸੁਪਰੀਮ ਕੋਰਟ ਨੇ ਬੇਸ਼ੱਕ ਲੜਕੀ ਨੂੰ ਪਿਤਾ ਦੀ ਜਾਇਦਾਦ ਵਿੱਚੋਂ ਪੁੱਤਰ ਦੇ ਬਰਾਬਰ ਹੱਕ ਦੇ ਦਿੱਤਾ ਹੈ, ਪਰ ਕੀ ਵਿਹਾਰ ਵਿੱਚ ਅਜਿਹਾ ਕਰ ਕੇ ਲੜਕੀ ਅੱਗੇ ਤੋਂ ਆਪਣੇ ਭਰਾਵਾਂ ਜਾਂ ਪਰਵਾਰ ਦੇ ਹੋਰ ਮੈਂਬਰਾਂ ਨਾਲ ਵਰਤਣ ਦੇ ਕਾਬਲ ਰਹਿ ਸਕਦੀ ਹੈ? ਦੋ ਭਰਾ ਪਿਤਾ ਦੀ ਜਾਇਦਾਦ ਵਿੱਚ ਬਰਾਬਰ ਦਾ ਹਿੱਸਾ ਲੈ ਕੇ ਆਪੋ ਵਿੱਚ ਵਧੀਆ ਵਰਤਦੇ ਹਨ, ਪਰ ਜੇ ਲੜਕੀ ਹਿੱਸਾ ਲੈਂਦੀ ਤਾਂ ਪੇਕੇ ਪਰਵਾਰ ਦੇ ਨਾਲ ਨਾਲ ਸਮਾਜ ਦੇ ਤਾਹਣੇ-ਮਿਹਣੇ ਤੇ ਨਫਰਤ ਦਾ ਸ਼ਿਕਾਰ ਬਣਦੀ ਹੈ। ਸਾਡਾ ਸਮਾਜ ਸਦੀਆਂ ਤੋਂ ਮਰਦ ਪ੍ਰਧਾਨ ਰਿਹਾ ਹੈ। ਇਥੇ ਮਰਦਾਂ ਦੀ ਵਿਚਾਰਧਾਰਾ ਹੀ ਬਹੁਤਾ ਸਮਾਜ ਦੀ ਬੁੁਨਿਆਦ ਮੰਨੀ ਜਾਂਦੀ ਹੈ ਤੇ ਇਹੀ ਵਿਚਾਰਧਾਰਾ ਕਿਤੇ ਨਾ ਕਿਤੇ ਅੱਜ ਵੀ ਚੱਲ ਰਹੀ ਹੈ ਕਿਉਂਕਿ ਗਿੱਚੀ ਪਿੱਛੇ ਮੱਤ ਵਾਲੀ ਧਾਰਨਾ ਪੜ੍ਹੇ ਲਿਖੇ ਵਰਗ ਵਿੱਚ ਵੀ ਬਲਵਾਨ ਹੈ। ਔਰਤ ਆਪਣੇ ਆਜ਼ਾਦ ਫੈਸਲੇ ਲੈਣ ਦੀ ਹੱਕਦਾਰ ਨਹੀਂ। ਔਰਤ ਅਸਹਿ ਪੀੜ ਸਹਿ ਕੇ ਬੱਚੇ ਨੂੰ ਜਨਮ ਦਿੰਦੀ ਹੈ, ਇਨਸਾਨੀ ਜਾਤ ਨੂੰ ਅਗਾਂਹ ਵਧਾਉਂਦੀ ਹੈ, ਪਰ ਨਾਮ ਜੁੜਦਾ ਹੈ ਪਹਿਲਾਂ ਪਿਤਾ ਦਾ। ਕਿਉਂ?
ਅੱਜ ਔਰਤ ਆਰਥਿਕ ਪ੍ਰਬੰਧ ਦੇ ਜ਼ਰੂਰੀ ਅੰਗ ਵਜੋਂ ਵੀ ਵਿਚਰ ਰਹੀ ਹੈ। ਕਈ ਪਰਵਾਰ ਅਜਿਹੇ ਹਨ ਜਿਨ੍ਹਾਂ ਦਾ ਔਰਤ ਦੀ ਕਮਾਈ ਤੋਂ ਬਿਨਾਂ ਗੁਜ਼ਾਰਾ ਨਹੀਂ। ਉਹ ਕਈ ਜ਼ਿੰਮੇਵਾਰੀਆਂ ਇੱਕੋ ਵੇਲੇ ਨਿਭਾ ਰਹੀ ਹੈ। ਆਰਥਿਕਤਾ ਦੇ ਨਾਲ ਨਾਲ ਉਸ ਨੇ ਰਾਜਨੀਤਕ ਚੇਤਨਾ ਵਿੱਚ ਵੀ ਪੈਰ ਪਸਾਰਨੇ ਸ਼ੁਰੂ ਕੀਤੇ ਹਨ, ਪਰ ਇਹ ਤਬਦੀਲੀ ਵੀ ਉਸ ਦੀ ਸਥਿਤੀ ਵਿੱਚ ਅਸਲ ਤਬਦੀਲੀ ਨਹੀਂ ਲਿਆ ਸਕੀ। ਆਰਥਿਕਤਾ ਦੇ ਘੇਰੇ ਵਿੱਚ ਕੇਵਲ ਪੜ੍ਹੀ-ਲਿਖੀ ਨੌਕਰੀ ਪੇਸ਼ਾ ਔਰਤ ਹੀ ਨਹੀਂ ਆਉਂਦੀ, ਪਿੰਡਾਂ ਵਿੱਚ ਕੰਮ ਕਰਦੀਆਂ ਔਰਤਾਂ ਵੀ ਆਪਣੀ ਦਿਹਾੜੀ ਮਜ਼ਦੂਰੀ ਨਾਲ ਇਸ ਵਿੱਚ ਹਿੱਸਾ ਪਾਉਂਦੀਆਂ ਹਨ। ਪੇਂਡੂ ਇਸਤਰੀਆਂ ਖੇਤੀ ਕਾਰਜਾਂ ਵਿੱਚ ਵੀ ਆਪਣੇ ਪਤੀ ਦੀ ਸਹਾਇਤਾ ਕਰਦੀਆਂ ਹਨ ਅਤੇ ਕੁਝ ਕੁ ਸਿਖਲਾਈ ਕਾਰਜਾਂ ਵਿੱਚ ਵੀ ਰੁੱਝੀਆਂ ਰਹਿੰਦੀਆਂ ਹਨ, ਪਰ ਉਨ੍ਹਾਂ ਦੇ ਕੰਮ ਨੂੰ ਗਿਣਿਆ ਨਹੀਂ ਜਾਂਦਾ। ਪੇਂਡੂ ਸੁਆਣੀ ਆਪਣੀਆਂ ਘਰੇਲੂ ਲੋਕ ਕਲਾਵਾਂ ਜਾਂ ਕਿੱਤਿਆਂ ਜ਼ਰੀਏ ਆਪਣੀ ਸੁਹਜਾਤਮਕਤਾ ਤੇ ਆਰਥਿਕਤਾ ਦੋਵਾਂ ਦਾ ਹੀ ਪ੍ਰਗਟਾਵਾ ਕਰਦੀਆਂ ਹਨ, ਪਰ ਇਸ ਨੂੰ ਕਦੇ ਵੀ ਆਰਥਿਕਤਾ 'ਚ ਯੋਗਦਾਨ ਵਜੋਂ ਨਹੀਂ ਦੇਖਿਆ ਜਾਂਦਾ।
ਅਜੋਕੇੇ ਸਮਾਜ ਵਿੱਚ ਨਾਅਰੇ ਔਰਤ-ਮਰਦ ਬਰਾਬਰੀ ਦੇ ਲਾਏ ਜਾਂਦੇ ਹਨ, ਪਰ ਕਿੱਥੇ ਹੈ ਬਰਾਬਰੀ। ਖੇਤਾਂ ਵਿੱਚ ਮਜ਼ਦੂਰੀ ਕਰਦੀ ਔਰਤ ਦੀ ਸਥਿਤੀ ਦੇਖੋ, ਜਿੱਥੇ ਭਾਰੀ ਵਿਤਕਰਾ ਕਰਦੀ ਔਰਤ, ਦੂਜੀ ਦਲਿਤ ਅਤੇ ਤੀਜਾ ਖੇਤ ਵਿੱਚ ਮਜ਼ਦੂਰੀ ਕਰਦੀ, ਇਹ ਸਥਿਤੀ ਵਿਚਾਰੀ ਜਾਣੀ ਬਣਦੀ ਹੈ। ਉਸ ਨਾਲ ਕੰਮ ਪਾਉਣ ਸਣੇ ਉਜਰਤ ਵਿੱਚ ਵੀ ਵਿਤਕਰਾ ਹੁੰਦਾ ਹੈ ਤੇ ਮਰਦ ਤੋਂ ਘੱਟ ਮਜ਼ਦੂਰੀ ਮਿਲਦੀ ਹੈ। ਵਿਕਸਤ ਪੂੰਜੀਵਾਦ ਨੇ ਔਰਤ ਦੇ ਸ਼ੋਸ਼ਣ ਵਿੱਚ ਹੋਰ ਵਾਧਾ ਕੀਤਾ ਹੈ। ਆਧੁਨਿਕ ਤਬਦੀਲੀ ਔਰਤ ਦੀ ਬਿਹਤਰੀ ਵੱਲ ਬਹੁਤਾ ਰੁਖ਼ ਨਹੀਂ ਕਰ ਸਕੀ। ਇਸ ਤਬਦੀਲੀ ਨੇ ਮਨੁੱਖੀ ਸੋਚ ਨੂੰ ਸਵੱਛ ਕਰਨ ਦਾ ਹੋਕਾ ਦੇ ਕੇ ਮਨੁੱਖੀ ਰਿਸ਼ਤਿਆਂ ਨੂੰ ਹੋਰ ਵੀ ਗੰਧਲਾ ਕਰ ਦਿੱਤਾ ਹੈ। ਔਰਤ ਆਰਥਿਕਤਾ ਵਿੱਚ ਯੋਗਦਾਨ ਤਾਂ ਪਾ ਰਹੀ ਹੈ, ਪਰ ਨਿਰਭਰ ਮਰਦ 'ਤੇ ਹੀ ਹੈ।
ਅਸੀਂ ਮਿਲ ਕੇ ਅਜਿਹੇ ਸਮਾਜ ਦੀ ਸਿਰਜਣਾ ਕਰੀਏ ਜਿੱਥੇ ਔਰਤ-ਮਰਦ ਦਾ ਬਰਾਬਰੀ ਦਾ ਦਰਜਾ ਹੋਵੇ। ਜਿੱਥੇ ਉਹ ਇੱਕ ਦੂਜੇ ਦੀ ਕਾਬਲੀਅਤ ਦੀ ਕਦਰ ਕਰਨ ਅਤੇ ਇੱਕ ਦੂਜੇ ਦੀਆਂ ਕਮੀਆਂ ਨੂੰ ਸੁਧਾਰਨ ਪ੍ਰਤੀ ਸਹਿਣਸ਼ੀਲਤਾ ਤੋਂ ਕੰਮ ਲੈਣ। ਅਜਿਹਾ ਸੁਖਾਵਾਂ ਮਾਹੌਲ ਸਿਰਜਣ ਦੀ ਜ਼ਿੰਮੇਵਾਰੀ ਸਭ ਦੀ ਹੈ ਅਤੇ ਇਸ ਵਿੱਚ ਆਪੋ ਆਪਣੀ ਭੂਮਿਕਾ ਅਦਾ ਕਰਨਾ ਸਭ ਦਾ ਫਰਜ਼ ਹੈ। ਸਾਡੀ ਜ਼ਿੰਮੇਵਾਰੀ ਹੈ ਔਰਤ ਦੀ ਮਾਨਸਿਕਤਾ ਨੂੰ ਸਮਝਣ ਦੀ। ਉਸ ਨੂੰ ਮਾਨਸਿਕ ਸੁਤੰਤਰਤਾ ਦੇਣ ਦੀ ਹੈ। ਸਿੱਖਿਆ ਦੌਰਾਨ ਆਈਆਂ ਮਾਨਸਿਕ ਤੇ ਹੋਰ ਰੁਕਾਵਟਾਂ ਨੂੰ ਦੂਰ ਕਰਨ ਦੀ। ਪਰਵਾਰ ਨੂੰ ਸਮਾਜ ਨੂੰ ਉਸ ਦੇ ਹਮਸਫਰ ਨੂੰ ਹਮੇਸ਼ਾ ਔਰਤ ਦਾ ਸਾਥ ਦੇਣਾ ਚਾਹੀਦਾ ਹੈ, ਤਦ ਕੋਈ ਵੀ ਅਜਿਹੀ ਤਾਕਤ ਨਹੀਂ, ਜੋ ਔਰਤ ਦੇ ਪੈਰਾਂ ਦੀਆਂ ਬੇੜੀਆਂ ਬਣ ਸਕੇ। ਸਮਾਜ ਵਿੱਚ ਜਦੋਂ ਕੋਈ ਤਬਦੀਲੀ ਵਾਪਰਦੀ ਹੈ, ਸੁਧਾਰ ਹੁੰਦਾ ਹੈ, ਸ਼ੁਰੂਆਤ ਇੱਕ ਵਿਅਕਤੀ ਤੋਂ ਹੁੰਦਾ ਹੈ ਤੇ ਹੌਲੀ-ਹੌਲੀ ਉਸ ਨਾਲ ਕਾਫਲਾ ਜਾ ਜੁੜਦਾ ਹੈ। ਇੇ ਤਰ੍ਹਾਂ ਔਰਤ ਨੂੰ ਖੁਦ ਆਪਣੇ ਹੁੰਦੇ ਸ਼ੋਸ਼ਣ ਵਿਰੁੱਧ ਆਵਾਜ਼ ਉਠਾ ਕੇ ਪਹਿਲ ਕਰਨੀ ਚਾਹੀਦੀ ਹੈ। ਖਾਸ ਤੌਰ 'ਤੇ ਔਰਤ ਨੂੰ ਔਰਤ ਦੀ ਸਹਾਇਕ ਬਣਨਾ ਚਾਹੀਦਾ ਹੈ। ਸਰਕਾਰ ਨੂੰ ਔਰਤਾਂ ਦੀ ਸੁਰੱਖਿਆ ਦੀ ਪੂਰੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਸਿਰਫ ਆਜ਼ਾਦੀ ਦੇ ਅਧਿਕਾਰ ਨਾਲ ਹੀ ਨਹੀਂ ਬਲਕਿ ਸਮਾਜ ਦਾ ਔਰਤ ਪ੍ਰਤੀ ਸੋਚ ਤੇ ਨਜ਼ਰੀਆ ਬਦਲਣ ਦੀ ਸਖਤ ਜ਼ਰੂਰਤ ਹੈ।

 

Have something to say? Post your comment