Welcome to Canadian Punjabi Post
Follow us on

31

October 2020
ਬ੍ਰੈਕਿੰਗ ਖ਼ਬਰਾਂ :
ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਮੁਲਾਜ਼ਮਾਂ ’ਤੇ ਕੀਤਾ ਕਰਾਸ ਕੇਸ ਰੱਦ ਕਰਨ ਲਈ ਭਾਈ ਲੌਂਗੋਵਾਲ ਦੀ ਅਗਵਾਈ ’ਚ ਮੈਂਬਰਾਂ ਨੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾਕੇਂਦਰ ਸਰਕਾਰ ਕਿਸਾਂਨਾਂ ਨੂੰ ਜ਼ੁਰਮਾਨੇ ਅਤੇ ਜੇਲ੍ਹ ਦਾ ਡਰਾਵਾ ਦੇਣ ਦੀ ਥਾਂ ਪਰਾਂਲੀ ਪ੍ਰਬੰਧਨ ਦਾ ਕੋਈ ਹੱਲ ਕੱਢੇ : ਢੀਂਡਸਾਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਲਈ ਐੱਲ.ਪੀ.ਏ.ਆਈ.ਨੂੰ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਲਈ ਹਦਾਇਤ ਦੇਣ ਪ੍ਰਧਾਨ ਮੰਤਰੀ : ਸੁਖਬੀਰ ਬਾਦਲਬਿਜਲੀ ਮਾਫ਼ੀਆ ਹੱਥੋਂ ਲੋਕਾਂ ਦੀ ਅੰਨ੍ਹੀ, ਲੁੱਟ ਕਰਵਾ ਰਹੀ ਹੈ ਅਮਰਿੰਦਰ ਸਰਕਾਰ : ਅਮਨ ਅਰੋੜਾਲੋਟੂ ਨਿਜ਼ਾਮ ਤੋਂ ਨਿਜਾਤ ਦਿਵਾਉਣ ਲਈ ਨਵੇਂ ਅਹੁਦੇਦਾਰਾਂ ਨੂੰ ਭਗਵੰਤ ਮਾਨ ਨੇ ਸਹੁੰ ਚੁਕਾਈਭਾਜਪਾ ਨੂੰ ਤਕੜਾ ਝਟਕਾ, ਦਲਿਤ ਅਤੇ ਕਿਸਾਨ ਆਗੂ ਭਾਜਪਾ ਛੱਡ ਹੋਏ 'ਆਪ' 'ਚ ਹੋਏ ਸ਼ਾਮਿਲਕੈਪਟਨ ਵੱਲੋਂ ਬਸ ਆਪਰੇਟਰਾਂ ਲਈ 100 ਫੀਸਦੀ ਕਰ ਮੁਆਫੀ 31 ਦਸੰਬਰ ਤੱਕ ਵਧਾਈ ਗਈ, ਬਕਾਏ ਦੀ ਅਦਾਇਗੀ 31 ਮਾਰਚ ਤੱਕ ਅੱਗੇ ਪਾਈਫਰਾਂਸ ਵਿੱਚ ਚਰਚ ਉੱਤੇ ਹਮਲੇ ਕਾਰਨ 3 ਲੋਕਾਂ ਦੀ ਮੌਤ
ਨਜਰਰੀਆ

ਗੋਪੀਏ ਵਾਲਾ ਬੋਘਾ

September 14, 2020 09:30 AM

-ਸੁਖਦੇਵ ਸਿੰਘ ਮਾਨ
ਨਿੱਕੀ ਜਮਾਤ ਦੇ ਸਾਥੀ ਬੋਘੇ ਨਾਲ ਮੇਰਾ ਲਗਾਅ ਵੀ ਕਈ ਪਰਤਾਂ ਦਾ ਮਿਲਗੋਭਾ ਸੀ। ਬੋਘੇ ਕਾ ਘਰ ਵੀ ਛੱਪੜ ਕਿਨਾਰੇ ਸੀ। ਸਾਡਾ ਘਰ ਵੀ ਛੱਪੜ ਕਿਨਾਰੇ ਸੀ। ਜਦੋਂ ਭਾਰੀ ਮੀਂਹ ਪੈਂਦਾ ਤਾਂ ਬੋਘੇ ਕਾ ਘਰ ਵੀ ਡੁੱਬੂੰ ਡੁੱਬੂੰ ਕਰਦਾ। ਸਾਡੇ ਘਰ ਨੂੰ ਵੀ ਮੀਂਹ ਦੀ ਮਾਰ ਪੈਂਦੀ। ਘਟਾਵਾਂ ਚੜ੍ਹਦੀਆਂ ਤਾਂ ਮਾਂ ਦੇ ਚਿਹਰੇ ਉਤੇ ਉਭਰੀਆਂ ਚਿੰਤਾ ਦੀਆਂ ਲਕੀਰਾਂ ਦੇਖ ਅਸੀਂ ਭੈਣ ਭਰਾ ਸਹਿਮ ਜਾਂਦੇ। ਜਦੋਂ ਸਕੂਲ ਦਾ ਕੰਮ ਮੁਕਦਾ ਤਾਂ ਬੋਘਾ ਘਰ ਡੁੱਬਣ ਦੇ ਖਤਰੇ ਦੀ ਚਿੰਤਾ ਮੇਰੇ ਨਾਲ ਸਾਂਝੀ ਕਰਦਾ। ਮੈਂ ਵੀ ਅਪਣੱਤ ਨਾਲ ਹੁੰਗਾਰਾ ਭਰਦਾ। ਸਾਡੇ ਘਰਾਂ ਦਾ ਇਹ ਦੁੱਖ ਸਾਡੀ ਆੜੀ ਦੀ ਮੂਲ ਤੰਦ ਸੀ।
ਬੋਘੇ ਨਾਲ ਪੜ੍ਹਦੇ ਉਸ ਦੇ ਵਿਹੜੇ ਦੇ ਮੁੰਡੇ ਵੀ ਉਸ ਤੋਂ ਪਾਸਾ ਵੱਟ ਕੇ ਰੱਖਦੇ, ਕਿਉਂਕਿ ਬੋਘੇ ਦਾ ਬਾਪੂ ਬਾਰੂ ਮਰੇ ਹੋਏ ਪਸ਼ੂ ਢੋਣ ਦਾ ਕੰਮ ਆਏ ਸਾਲ ਪਿੰਡ ਦੇ ਮੁਹਤਬਰ ਬੰਦਿਆਂ ਤੋਂ ਹੱਥ ਜੋੜ ਕੇ ਲੈਂਦਾ ਅਤੇ ਲੱਕੜ ਦੇ ਪਹੀਆਂ ਵਾਲੀ ਰੇਹੜੀ ਨੂੰ ਕੱਟਾ ਜੋੜ ਕੇ ਮਰੇ ਪਸ਼ੂ ਨੂੰ ਹੱਡਾਰੋੜੀ ਤੱਕ ਲੈ ਜਾਂਦਾ। ਜੇ ਪਛੂ ਜਾਂ ਅੱਠ ਮਹੀਨਿਆਂ ਦਾ ਕੱਟਰੂ ਤੁਰ ਜਾਂਦਾ ਤਾਂ ਬਾਰੂ ਵੱਡੀ ਕਾਠੀ ਵਾਲੇ ਸਾਇਕਲ ਦੇ ਮਗਰ ਉਸ ਨੂੰ ਸਮਤਲ ਰੱਖ ਕੇ ਹੱਡਾਰੋੜੀ ਨੂੰ ਤੁਰ ਪੈਂਦਾ। ਵੱਡੇ ਪਸ਼ੂ ਵੇਲੇ ਬੋਘੇ ਨੂੰ ਬਾਰੂ ਨਾਲ ਜਾਣਾ ਪੈਂਦਾ। ਰਾਹਗੀਰਾਂ ਦੀ ਝਿੜਕ ਤੋਂ ਡਰਦਾ ਬਾਰੂ ਸੜੇਪੇ ਮਾਰ ਕੇ ਸਿਉਂਤੀ ਪੱਲੀ ਪਸ਼ੂ ਦੁਆਲੇ ਵਲ ਲੈਂਦਾ। ਬੋਘੇ ਨੂੰ ਬਾਰੂ ਪੱਲੀ ਦੀ ਕੋਈ ਕੰਨੀ ਨੰਗੀ ਨਾ ਹੋਣ ਦੀ ਹੱਡਾਰੋੜੀ ਤੱਕ ਤੰਬੀਹ ਕਰਦਾ ਜਾਂਦਾ। ਇਹੀ ਕਾਰਨ ਸੀ, ਬੋਘੇ ਦੇ ਬਾਕੀ ਜਮਾਤੀ ਉਸ ਤੋਂ ਪਾਸਾ ਵੱਟ ਕੇ ਲੰਘਦੇ। ਕਈ ਤਾਂ ਨੱਕ ਵੀ ਢੱਕ ਲੈਂਦੇ।
ਹੱਡਾਰੋੜੀ ਸਾਡੇ ਖੇਤ ਦੇ ਰਾਹ ਉਤੇ ਪੈਂਦੀ ਸੀ। ਪੋਸ਼ ਲਾਹੁਣ ਗਏ ਬਾਰੂ ਦੀ ਰੋਟੀ ਬੋਘਾ ਲੈ ਕੇ ਜਾਂਦਾ। ਮੈਂ ਵੀ ਖੇਤ ਬਾਪੂ ਦੀ ਰੋਟੀ ਫੜਾਉਣ ਜਾਂਦਾ। ਹੱਡਾਰੋੜੀ ਵਾਲੇ ਰਾਹ ਵਿੱਚੋਂ ਲੰਘਣਾ ਪੈਂਦਾ। ਖੂੰਖਾਰ ਕੁੱਤਿਆਂ ਤੋਂ ਬੜਾ ਡਰ ਲੱਗਦਾ। ਜਦੋਂ ਬੋਘਾ ਨਾਲ ਹੁੰਦਾ ਤਾਂ ਕੁੱਤਿਆਂ ਦਾ ਭੈਅ ਲਹਿ ਜਾਂਦਾ। ਬੋਘਾ ਸ਼ੇਰਾਂ ਵਰਗੇ ਕੁੱਤਿਆਂ ਵਿਚ ਦੀ ਬੇਖੌਫ ਲੰਘ ਕੇ ਪੋਸ਼ ਲਾਹ ਰਹੇ ਮੁੜ੍ਹਕੋ-ਮੁੜ੍ਹਕੀ ਹੋਏ ਬਾਰੂ ਦੀ ਰੋਟੀ ਦੁਰਗੰਧ ਕਾਰਨ ਘੁੱਟਵੇਂ ਜਿਹੇ ਸਾਹ ਲੈ ਰਹੀ ਕਿੱਕਰ 'ਤੇ ਟੰਗ ਮੇਰੇ ਨਾਲ ਸੂਏ ਵਾਲੇ ਖੇਤ ਤੱਕ ਜਾਂਦਾ। ਦੋਹੇਂ ਅਸੀਂ ਇੱਲ ਬਲਾਵਾਂ ਤੋਂ ਉਪਰ ਦੀ ਹੋ ਕੇ ਸ਼ੇਰ ਬਣ ਜਾਂਦੇ। ਬੋਘੇ ਦੀ ਵਫਾਦਾਰੀ ਦੇਖ ਮੈਂ ਅਕਸਰ ਸੋਚਦਾ: ਬੋਘਾ ਪੜ੍ਹ ਕੇ ਅਫਸਰ ਲੱਗ ਜਾਵੇ, ਪੋਸ਼ ਲਾਹੁਣ ਵਾਲਾ ਜਿਹੜਾ ਕੰਮ ਉਸ ਦਾ ਬਾਪੂ ਕਰਦਾ, ਮਸ਼ੀਨਾਂ ਕਰਨ।
ਖੈਰ! ਬੋਘਾ ਅਫਸਰ ਨਾ ਬਣ ਸਕਿਆ, ਪਰ ਵਿਤਕਰਿਆਂ ਭਰੇ ਇਸ ਸਮਾਜ ਵਿੱਚ ਆਪਣੇ ਪਿਓ ਦੀ ਹਾਲਤ ਦੇਖ ਕੇ ਇਨਕਲਾਬ ਦੀ ਮਸ਼ਾਲ ਫੜ ਕੇ ਤੁਰ ਪਿਆ। ਬੋਘਾ ਸਾਨੂੰ ਗੀਤ ਸੁਣਾਉਂਦਾ; ਪਰ੍ਹੇ ਹਟ ਸੋਹਣਿਆਂ, ਮੈਨੂੰ ਟੋਕਰੀ ਚੁੱਕਣ ਦੇ। ਪਰ੍ਹੇ ਹਟ ਸੋਹਣੀਏ, ਮੈਨੂੰ ਮਿੱਟੀ ਪੁੱਟਣ ਦੇ...। ਬੋਘੇ ਦੀਆਂ ਸਤਰਾਂ ਵਿੱਚੋਂ ਮੈਨੂੰ ਖੇਤ ਵਿੱਚ ਮੁੜ੍ਹਕਾ ਵਗਾ ਰਿਹਾ ਬਾਪੂ ਦਿੱਸਣ ਲੱਗ ਪੈਂਦਾ। ਆਏ ਸਾਲ ਭਗਤ ਰਵਿਦਾਸ ਦੇ ਜਨਮ ਦਿਨ ਉਤੇ ਸਾਡੇ ਸਿਵਿਆਂ ਵਾਲੇ ਕੱਲਰਾਂ ਵਿੱਚ ਕਾਮਰੇਡਾਂ ਦਾ ਡਰਾਮਾ ਹੁੰਦਾ। ਬੋਘਾ ਮੈਂ ਪਹਿਲੀ ਵਾਰ ਕਾਮਰੇਡਾਂ ਦੀ ਸਟੇਜ ਉਤੇ ਚੜ੍ਹਿਆ ਦੇਖਿਆ। ਬੋਘੇ ਦੀ ਪੜ੍ਹਤ ਬਣੀ ਦੇਖ ਮੈਨੂੰ ਵੀ ਚਾਅ ਚੜ੍ਹ ਗਿਆ। ਬੋਘੇ ਦੀ ਧਾਕ ਨਾਲ ਮੈਂ ਕਾਮਰੇਡਾਂ ਦੇ ਮੰਚ ਉਤੇ ਚੜ੍ਹ ਮੂਹਰੇ ਜੁੜੀ ਭੀੜ ਦੇਖ ਗਦ ਗਦ ਹੋਣ ਲੱਗਾ। ਬੋਘੇ ਨੇ ਲੈਅਬੱਧ ਕਈ ਗੀਤ ਗਾਏ। ਗੀਤਾਂ ਤੋਂ ਖੁਸ਼ ਹੋ ਕੇ ਜੰਗੀਰ ਸਿੰਘ ਜੋਗਾ ਨੇ ਬੋਘੇ ਨੂੰ ਦੋ ਰੁਪਈਏ ਇਨਾਮ ਦਿੱਤਾ। ਮੈਂ ਦੇਖਿਆ; ਜਿਸ ਜੇਬ੍ਹ ਵਿੱਚ ਬੋਘੇ ਨੇ ਇਨਾਮ ਪਾਇਆ, ਉਸ ਤੋਂ ਓਨਾ ਚਿਰ ਹੱਥ ਨਾ ਚੁੱਕਿਆ, ਜਿੰਨੇ ਚਿਰ ਅਸੀਂ ਦੋਵਾਂ ਨੇ ਸਾਡੀ ਮੌੜ ਮੰਡੀ ਦੇ ਸਟੇਸ਼ਨ ਵਾਲੇ ਪਾਸੇ ਬਣੇ ਨਵੇਂ ਹੋਟਲ ਵਿੱਚ ਗਰਮ ਚਾਹ ਅਤੇ ਮੁਰਗੀ ਦੇ ਦੇਸੀ ਆਂਡਿਆਂ ਨਾਲ ਦੋ ਰੁਪੱਈਆਂ ਦੀ ਦਾਅਵਤ ਉੜਾ ਨਾ ਦਿੱਤੀ।
ਬੋਘਾ ਕਾਮਰੇਡਾਂ ਦੀਆਂ ਸਟੇਜਾਂ ਉਤੇ ਗਾਉਂਦਾ ਰਿਹਾ। ਭੀੜਾਂ ਜੁੜਦੀਆਂ ਰਹੀਆਂ। ਹੌਲੀ-ਹੌਲੀ ਮੰਚ ਮੂਹਰੇ ਇਕੱਠ ਛਿੱਦਰੇ ਪੈਣ ਲੱਗੇ। ਰਾਗ ਰੰਗ ਬਦਲਣ ਲੱਗੇ। ਗਾਉਣ ਸਭਿਆਚਾਰ ਪਲਟੀਆਂ ਮਾਰਨ ਲੱਗਾ। ਕਵੀਸ਼ਰੀ ਗਈ। ਅਮਰ ਸਿੰਘ ਸ਼ੌਂਕੀ ਦੀ ਸਾਰੰਗੀ ਸੁੰਨ ਹੋ ਗਈ। ਉਮਰ ਹੰਢਾ ਕੇ ਦੋਗਾਣਾ ਜੋੜੀਆਂ ਵੀ ਮੰਦੀਆਂ ਪੈਣ ਲੱਗੀਆਂ। ਕੈਸਿਟ ਕਲਚਰ ਵੀ ਡੁੱਬ ਗਿਆ। ਯੂ-ਟਿਊਬ ਦਾ ਜ਼ਮਾਨਾ ਆ ਗਿਆ। ਬੋਘਾ ‘ਇੰਪਟਾ’ ਦਾ ਨਾਂਅ ਵੀ ਭੁੱਲਣ ਲੱਗਾ। ਉਸ ਦੀ ਯਾਦ ਸ਼ਕਤੀ ਨੂੰ ਝਟਕਾ ਲੱਗਾ। ਬੋਘਾ ਜਦੋਂ ਸੱਥ ਵਿੱਚ ਬੈਠਾ ਹੁੰਦਾ ਤਾਂ ਨਵੀਂ ਪੀੜ੍ਹੀ ਦਾ ਕੋਈ ਮਨਚਲਾ ਉਸ ਦੇ ਕੰਨ ਕੋਲ ਮੋਬਾਈਲ ਲਾ ਦਿੰਦਾ: ‘ਬੁਲੇਟ ਤਾਂ ਰੱਖਿਆ ਪਟਾਕੇ ਪਾਉਣ ਨੂੰ’ ਵਾਲੇ ਗੀਤ ਦਾ ਸੁਰ ਉਭਰਦਾ ਤਾਂ ਬੋਘਾ ਗੰਭੀਰ ਹੋ ਕੇ ਆਖਦਾ, ‘ਕਾਕਾ, ਇਹ ਗੀਤ ਆਪਣੀ ਧਰਤੀ ਦੇ ਨਹੀਂ। ਜੇ ਕਿਸਾਨ ਗਾਉਣ ਵਾਲੀ ਕੁੜੀ ਦੇ ਇਸ਼ਾਰੇ ਵਾਂਗ ਇੰਨੀ ਐਸ਼ ਵਿੱਚ ਹੋਣ ਤਾਂ ਖੁਦਕੁਸ਼ੀਆਂ ਦੀਆਂ ਖਬਰਾਂ ਕਿਉਂ ਆਉਣ? ਥੋਨੂੰ ਕੋਈ ਸ਼ਕਤੀ ਲਪੇਟੇ ਵਿੱਚ ਲੈ ਰਹੀ ਆ। ਜਾਗਰਿਤ ਹੋਵੋ ਛੋਟੇ ਵੀਰ।’
ਨਵਾਂ ਪੋਚ ਬੋਘੇ ਨਾਲ ਜ਼ਿੱਦ ਕਰਨ ਲੱਗਾ, ‘‘ਅੰਕਲ! ਤੇਰੀਆਂ ਗੱਲਾਂ ਵਿੱਚੋਂ ਤਾਜ਼ਾਪਣ ਖਤਮ ਹੋ ਗਿਆ। ਤੁਸੀਂ ਲੋਕ ਸਮੇਂ ਦੀ ਨਬਜ਼ ਨ੍ਹੀਂ ਫੜ ਸਕੇ। ਆਹੀ ਕਾਰਨ ਆ, ਤੁਸੀਂ ਹਾਸ਼ੀਏ ਉਤੇ ਪੁੱਜ ਗਏ।” ਬੋਘੇ ਦੀਆਂ ਦਲੀਲਾਂ ਨਵੇਂ ਪੋਛ ਨੂੰ ਸੰਤੁਸਟ ਨਾ ਕਰ ਸਕਦੀਆਂ। ਫਿਰ ਵੀ ਬੋਘਾ ਆਪਣੇ ਅਸੂਲਾਂ `ਤੇ ਡਟਿਆ ਰਿਹਾ। ਪਿੱਛੇ ਜਿਹੇ ਸਾਡੇ ਮੌੜ ਮੰਡੀ ਦੇ ਕਾਲਜ ਵਿੱਚ ਅਖੌਤੀ ਸਭਿਆਚਾਰਕ ਮੇਲਾ ਭਰਿਆ। ਅਨਮੋਲ ਮਾਨ ਦੇ ਫਲੈਕਸ ਨਾਲ ਜੁੜ ਕੇ ਨਵਾਂ ਪੋਚ ਫੋਟੋ ਖਿੱਚ ਖਿੱਚ ਗਰੁੱਪਾਂ ਵਿੱਚ ਪਾ ਰਿਹਾ ਸੀ। ਮੈਂ ਤੇ ਬੋਘਾ ਵੀ ਚੜ੍ਹੀ ਲਿੱਸ਼ ਦੇਖਣ ਗਏ। ਜਦੋਂ ਮੰਚ ਜੰਮ ਗਿਆ ਤਾਂ ਬੋਘੇ ਦੇ ਮਨ ਵਿੱਚ ਪਤਾ ਨਹੀਂ ਕੀ ਆਈ, ਉਹ ਮੰਚ 'ਤੇ ਚੜ੍ਹ ਗਿਆ। ਭੀੜ ਇੰਨੇ ਵੱਡੇ ਗਾਇਕਾਂ ਦੇ ਮੇਲੇ ਵਿੱਚ ਬੋਘੇ ਨੂੰ ਦੇਖ ਕੇ ਹੱਸਣ ਲੱਗੀ। ਬੋਘੇ ਨੇ ਪ੍ਰਵਾਹ ਨਾ ਕੀਤੀ, ਗੀਤ ਚੁੱਕ ਲਿਆ, ‘‘ਗੋਪੀਆ ਸੰਭਾਲ ਘੁੱਕਰਾ, ਠੂੰਗ ਜਾਣ ਨਾ ਵਲੈਤੀ ਚੁੰਝਾਂ ਵਾਲੇ...।” (ਗੋਪੀਆ-ਗੁਲੇਲ ਵਰਗਾ ਹਥਿਆਰ) ਗੀਤ ਹਵਾ ਵਿੱਚ ਲਰਜ਼ਣ ਲੱਗਾ। ਨਵਾਂ ਪੋਚ ਬੋਘੇ ਦੀ ਉਚੀ ਉਠੀ ਪਤਲੀ ਬਾਂਹ ਦੀਆਂ ਫੋਟੋਆਂ ਜ਼ੂਮ ਕਰ ਕੇ ਗਰੁੱਪਾਂ ਵਿੱਚ ਪਾਉਣ ਦਾ ਸ਼ੁਗਲ ਕਰਨ ਲੱਗਾ। ਯਾਦ ਸ਼ਕਤੀ ਘਟਣ ਕਰ ਕੇ ਬੋਘੇ ਨੂੰ ਗੀਤ ਦੀਆਂ ਦੋ ਹੀ ਸਤਰਾਂ ਯਾਦ ਸੀ। ਬੋਘੇ ਦੀ ਦੋ ਹੀ ਸਤਰਾਂ ਉਤੇ ਝਿਰੀ ਫਸੀ ਦੇਖ ਮੈਂ ਪ੍ਰੇਸ਼ਾਨ ਹੋ ਗਿਆ। ਇੱਕ ਪ੍ਰੋਫੈਸਰ ਨੇ ਬੋਘੇ ਨੂੰ ਮੰਚ ਤੋਂ ਹੇਠਾਂ ਲਿਜਾ ਕੇ ਕਿਹਾ, ‘‘ਓ ਜੀ, ਗੀਤ ਤਾਂ ਧਰਤੀ ਦਾ, ਪਰ ਤਾਜ਼ਾਪਣ ਨਹੀਂ।” ਕੁਝ ਮਿੰਟਾਂ ਮਗਰੋਂ ਮੰਚ `ਤੇ ਤਾਜ਼ਾਪਣ ਦੀਆਂ ਧਮਕਾਂ ਪੈਣ ਲੱਗੀਆਂ।
ਕਾਫੀ ਸਮਾਂ ਬੋਘਾ ਇਸ ਵਾਕਿਆ ਤੋਂ ਮਗਰੋਂ ਸਮਾਜ ਦੀਆਂ ਬਦਲੀਆਂ ਤਰਬਾਂ ਬਾਰੇ ਸੱਥ ਵਿੱਚ ਬਹਿਸਾਂ ਕਰਦਾ ਰਿਹਾ। ਇਸ ਦਲੀਲਬਾਜ਼ੀ ਦੌਰਾਨ ਮੋਦੀ ਸਰਕਾਰ ਦੇ ਜ਼ਮੀਨ `ਤੇ ਮੈਲੀ ਅੱਖ ਰੱਖਣ ਵਾਲੇ ਕਾਰਪੋਰੇਟ ਪੱਖੀ ਆਰਡੀਨੈਂਸ ਆ ਗਏ। ਪੈਰਾਂ ਹੇਠੋਂ ਜ਼ਮੀਨ ਖਿਸਕਦੀ ਦੇਖ ਕੇ ਜਿਹੜੇ ਬੰਦੇ ਪਹਿਲਾਂ ਬੋਘੇ ਦੇ ਗੀਤਾਂ `ਤੇ ਹੱਸਦੇ ਹੁੰਦੇ ਸੀ, ਇਸ ਵਰਤਾਰੇ ਦੇ ਖਿਲਾਫ ਕਿਸਾਨ ਜਥੇਬੰਦੀਆਂ ਦੇ ਇਕੱਠ ਜੁੜਨ ਲੱਗੇ। ਜਥੇਬੰਦ ਹੁੰਦੇ ਲੋਕਾਂ ਨੂੰ ਦੇਖ ਬੋਘੇ ਨੂੰ ਚਾਅ ਚੜ੍ਹਦਾ। ਉਹ ਹੋਰ ਜ਼ੋਰ ਨਾਲ ਆਪਣੀਆਂ ਦਲੀਲਾਂ ਰੱਖਦਾ। ਇੱਕ ਦਿਨ ਕਈ ਸਿਆਣੇ ਬੰਦਿਆਂ ਨੇ ਬੋਘੇ ਨੂੰ ਤਖਤਪੋਸ਼ 'ਤੇ ਚਾੜ੍ਹ ਉਹੀ ਗੋਪੀਏ ਵਾਲਾ ਗੀਤ ਸੁਣਾਉਣ ਨੂੰ ਕਿਹਾ। ਬੋਘੇ ਨੂੰ ਦੋ ਸਤਰਾਂ ਯਾਦ ਸੀ। ਉਹ ਗਾਉਣ ਲੱਗਾ। ਉਸ ਦਿਨ ਕੋਈ ਨਾ ਹੱਸਿਆ। ਸਭ ਗੰਭੀਰ ਸੀ। ਜਿਵੇਂ ਸਭ ਨੂੰ ਜਚ ਗਿਆ ਹੋਵੇ, ਮੋਦੀ ਸਰਕਾਰ ਦੇ ਵਾਰ ਕਾਰਨ ਪੈਰਾਂ ਹੇਠੋਂ ਖਿਸਕਦੀ ਜ਼ਮੀਨ ਨੂੰ ਸਿਰਫ ਗੋਪੀਆ ਹੀ ਬਚਾ ਸਕਦਾ ਹੈ।

Have something to say? Post your comment