ਮੋਗਾ, 20 ਨਵੰਬਰ (ਪੋਸਟ ਬਿਊਰੋ)- ਇਸ ਜ਼ਿਲੇ ਦੇ ਪਿੰਡ ਡਾਲਾ ਦੇ ਨੌਜਵਾਨ ਜਸਮੇਲ ਸਿੰਘ (27) ਪੁੱਤਰ ਇਕਬਾਲ ਸਿੰਘ ਦੀ ਮਨੀਲਾ 'ਚ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦਾ ਸਮਾਚਾਰ ਮਿਲਿਆ ਹੈ।
ਮ੍ਰਿਤਕ ਦਾ ਪਿਤਾ ਇਕਬਾਲ ਸਿੰਘ ਅਤੇ ਪਿੰਡ ਦੇ ਨੰਬਰਦਾਰ ਬਲਜੀਤ ਸਿੰਘ ਬੱਲੀ ਨੇ ਦੱਸਿਆ ਕਿ ਜਸਮੇਲ ਸਿੰਘ ਨੂੰ ਉਸ ਵੇਲ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰੀਆਂ, ਜਦੋਂ ਉਹ ਆਪਣੇ ਕੰਮ ਤੋਂ ਘਰ ਮੁੜ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਸਮੇਲ ਸਿੰਘ ਕਰੀਬ ਦੋ ਸਾਲ ਪਹਿਲਾਂ ਮਨੀਲਾ ਗਿਆ ਸੀ ਅਤੇ ਬੀਤੀ ਰਾਤ ਉਸ ਦੇ ਸਾਥੀਆਂ ਨੇ ਉਸ ਦੀ ਹੱਤਿਆ ਹੋਣ ਦੀ ਖਬਰ ਪਰਵਾਰ ਨੂੰ ਦਿੱਤੀ। ਜਸਮੇਲ ਸਿੰਘ ਤਿੰਨ ਭੈਣ ਭਰਾਵਾਂ 'ਚੋਂ ਇਕ ਸੀ ਅਤੇ ਅਜੇ ਉਸ ਦਾ ਵਿਆਹ ਨਹੀਂ ਹੋਇਆ ਸੀ। ਜ਼ਿਕਰ ਯੋਗ ਹੈ ਕਿ ਮਨੀਲਾ 'ਚ ਨੌਜਵਾਨ ਦੀ ਹੱਤਿਆ ਦੀ ਇਹ ਦੂਸਰੀ ਘਟਨਾ ਹੈ। ਪਿਛਲੇ ਹਫਤੇ ਹੀ ਜ਼ਿਲਾ ਮੋਗਾ ਦੇ ਪਿੰਡ ਮਾਣੂੰਕੇ ਗਿੱਲ ਦੇ ਨੌਜਵਾਨ ਦੀ ਮਨੀਲਾ 'ਚ ਇਸੇ ਤਰ੍ਹਾਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।