Welcome to Canadian Punjabi Post
Follow us on

20

October 2020
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਦੀ ਅਗਵਾਈ ’ਚ ਪੰਜਾਬ ਵਿਧਾਨ ਸਭਾ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਰੋਸ਼ ਮੁਜ਼ਾਹਰਿਆਂ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ‘ਆਪ’ ‘ਚ ਸ਼ਾਮਲ ਹੋਏ ਉੱਘੇ ਸਮਾਜ ਸੇਵੀ ਅਤੇ ਸਾਬਕਾ ਅਧਿਕਾਰੀ ਸਵਰਨ ਸਿੰਘ ਸੈਂਪਲਾਕਾਲੇ ਕਾਨੂੰਨਾਂ ਅਤੇ ਕਿਸਾਨੀ ਸੰਘਰਸ਼ ਬਾਰੇ ਮੁੱਖ ਮੰਤਰੀ ਦੀ ਨੀਅਤ ਖੋਟੀ : ਹਰਪਾਲ ਚੀਮਾਮਿਸੀਸਾਗਾ ਮਾਲਟਨ ਲਿਬਰਲ ਨੌਮੀਨੇਸ਼ਨ ਉੱਤੇ ਐਨਡੀਪੀ ਨੇ ਕੀਤੇ ਸਵਾਲਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਅਣਮਿੱਥੇ ਸਮੇਂ ਲਈ ਵਧਾਇਆ, ਭਾਜਪਾ ਆਗੂਆਂ ਦੀਆਂ ਮੀਟਿੰਗਾਂ ਦਾ ਵਿਰੋਧ ਕਰਨ ਦਾ ਫੈਸਲਾਸ਼੍ਰੋਮਣੀ ਅਕਾਲੀ ਦਲ ਨੇ ਡੀ ਜੀ ਪੀ ਨੂੰ ਦਿੱਤੀ ਚੇਤਾਵਨੀ, ਕਿਹਾ ਜੇਕਰ ਕਿਸਾਨਾਂ ਖਿਲਾਫ ਕੋਈ ਝੂਠਾ ਕੇਸ ਦਰਜ ਹੋਇਆ ਤਾਂ ਪਾਰਟੀ ਉਨ੍ਹਾਂ ਦਾ ਕਰੇਗੀ ਘਿਰਾਓ ਮੁੱਖ ਮੰਤਰੀ ਵੱਲੋਂ ਓ.ਪੀ.ਡੀ. ਸੇਵਾਵਾਂ ਤੇ ਚੋਣਵੀਆਂ ਸਰਜਰੀਆਂ ਬਹਾਲ ਕਰਨ ਦੇ ਆਦੇਸ਼, ਸਰਕਾਰੀ ਸਕੂਲ ਵੀ ਸੋਮਵਾਰ ਤੋਂ ਖੁੱਲ੍ਹਣਗੇਕਿਸਾਨਾਂ ਅਤੇ ਸਰਕਾਰ ਵਿਚਾਲੇ ਗੱਲਬਾਤ ਟੁੱਟਣਾ ਅਤਿ ਮੰਦਭਾਗਾ, ਕੇਂਦਰ ਸਰਕਾਰ ਕਿਸਾਨਾਂ ਦੇ ਸ਼ੰਕਿਆਂ ਨੂੰ ਤੁਰੰਤ ਦੂਰ ਕਰੇ : ਢੀਂਡਸਾ
ਨਜਰਰੀਆ

ਪੰਛੀ ਉਤਰ ਆਏ

September 11, 2020 07:59 AM

-ਡਾਕਟਰ ਜਸਬੀਰ ਕੇਸਰ
ਤਰੀਕ-20 ਜੁਲਾਈ 2020, ਸਮਾਂ-ਤਿੰਨ ਵਜੇ ਬਾਅਦ ਦੁਪਹਿਰ, ਸਥਾਨ-ਏਅਰਬੇਸ ਸਟੇਸ਼ਨ ਅੰਬਾਲਾ। ਫਰਾਂਸ ਦੀ ਜੰਗੀ ਸਾਮਾਨ ਬਣਾਉਣ ਵਾਲੀ ਕੰਪਨੀ ਦਸਾ ਜਾਂ ਡਸਾਲਟ ਤੋਂ ਖਰੀਦੇ ਰਾਫੇਲ ਨਾਂਅ ਦੇ 36 ਜੰਗੀ ਜਹਾਜ਼ਾਂ ਵਿੱਚੋਂ ਪੰਜ ਜਹਾਜ਼ ਭਾਰਤ ਦੇ ਆਸਮਾਨ 'ਤੇ ਗੜਗੱਜ ਪਾਉਂਦੇ ਆਣ ਉੱਤਰੇ। ਇਨ੍ਹਾਂ ਦੀ ਅਗਵਾਈ ਭਾਰਤ ਦੇ ਸੁਰੱਖਿਆ ਖਜ਼ਾਨੇ ਦੇ ਪਹਿਲਾਂ ਤੋਂ ਸ਼ਿੰਗਾਰ ਬਣੇ ਰੂਸ ਤੋਂ ਖਰੀਦੇ ਦੋ ਸੁਖੋਈ 30 ਲੜਾਕੂ ਜਹਾਜ਼ ਕਰ ਰਹੇ ਸਨ। ਇਨ੍ਹਾਂ ਜਹਾਜ਼ਾਂ ਦੀ ਅਗਵਾਈ ਪਾਣੀ ਦੀਆਂ ਤੋਪਾਂ ਨਾਲ ਕੀਤੀ ਗਈ ਤੇ ਇਨ੍ਹਾਂ ਦੇ ਸੁਆਗਤ ਲਈ ਭਾਰਤੀ ਹਵਾਈ ਫੌਜ ਦੇ ਮੁਖੀ ਉਥੇ ਹਾਜ਼ਰ ਸਨ। ਟੀ ਵੀ ਉਪਰ ਇਹ ਮੋਟੇ ਮੋਟੇ ਕਾਲੇ ਅਖਵਾਨਿਆਂ (ਲਾਲ ਲਾਲ ਅੱਖਾਂ ਨਹੀਂ) ਵਰਗੇ ਲੱਗਦੇ ਏਅਰ ਵੈਂਟੀਕੁਲਰ, ਬਚਪਨ ਵਿੱਚ ਸੁਣੀਆਂ ਪਰੀ ਕਹਾਣੀਆਂ ਵਿਚਲੇ ਕਿਸੇ ਆਦਮਖੋਰ ਦੈਂਤ ਦੀਆਂ ਅੱਖਾਂ ਵਰਗੇ ਲੱਗੇ, ਜਿਨ੍ਹਾਂ ਵਿੱਚੋਂ ਛੇਤੀ ਅੱਗ ਦੀਆਂ ਲਪਟਾਂ ਨਿਕਲ ਪੈਣਗੀਆਂ ਅਤੇ ਇਹ ਅੱਗ ਸਾਰੀ ਕਾਇਨਾਤ ਨੂੰ ਗਾੜ੍ਹੇ ਕਾਲੇ ਧੂੰਏਂ ਦੀ ਚਾਦਰ ਵਿੱਚ ਲਪੇਟ ਲਵੇਗੀ।
ਸਰਕਾਰੀ ਮੀਡੀਆ ਨੇ ਦੋ ਦਿਨਾਂ ਤੋਂ ਟੀ ਵੀ ਚੈਨਲਾਂ ਉੱਤੇ ਜੰਗ ਦਾ ਮਾਹੌਲ ਸਿਰਜਿਆ ਹੋਇਆ ਸੀ ਅਤੇ ਐਂਕਰ ਕਿੱਲ੍ਹ ਕਿੱਲ੍ਹ ਕੇ ਇਉਂ ਚੀਕ ਰਹੇ ਸਨ, ਜਿਵੇਂ ਆਪ ਮੋਰਚੇ 'ਤੇ ਖੜ੍ਹੇ ਹੋਣ ਅਤੇ ਰਾਫੇਲ ਦੇ ਆਉਂਦਿਆਂ ਸਾਰ ਉਸ ਵਿੱਚ ਸਵਾਰ ਹੋ ਕੇ ਅੱਖ ਦੇ ਫੋਰ ਵਿੱਚ ਭਾਰਤ ਦੇ ਦੁਸ਼ਮਣਾਂ ਦਾ ਸਫਾਇਆ ਕਰ ਦੇਣਗੇ। ‘ਰਾਫੇਲ ਆਨੇ ਵਾਲਾ ਹੈ’, ‘ਰਾਫੇਲ ਆਏਗਾ, ਸਭ ਕੀ ਨੀਂਦ ਉੜਾਏਗਾ।’ ਫਿਰ ਰਾਫੇਲ ਦੇ ਪਹੁੰਚਣ ਤੋਂ ਬਾਅਦ, ‘ਪਾਂਚ ਰਾਫੇਲ ਪਾਕਿਸਤਾਨ ਹਲਕਾਨ,’ ‘ਦੇਸ਼ ਕਾ ਚੌਕੀਦਾਰ ਲੇ ਆਇਆ ਰਾਫੇਲ’, ‘ਸਾਂਪ ਸੂੰਘ ਗਯਾ ਪਾਕਿਸਤਾਨ ਕੋ, ਸ਼ੂਗਰ ਹੋ ਗਯਾ ਚੀਨ ਕੋ,’ ‘ਵਿਸ਼ਵ ਗੁਰੂ ਬਨ ਗਯਾ ਸੁਪਰ ਪਾਵਰ।’ ਭਲਾ ਕੋਈ ਪੁੱਛੇ ਕਿ ਸੁਪਰ ਪਾਵਰ ਫਰਾਂਸ ਹੈ ਜਿਸ ਨੂੰ ਕਰੋੜਾਂ ਰੁਪਏ ਦਾ ਭੁਗਤਾਨ ਕਰ ਕੇ ਰਾਫੇਲ ਜਹਾਜ਼ਾਂ ਦਾ ਸੌਦਾ ਕੀਤਾ ਗਿਆ ਹੈ ਕਿ ਭਾਰਤ, ਜਿਸ ਨੇ ਸੁਰੱਖਿਆ ਸਾਮਾਨ ਬਣਾਉਣ ਅਤੇ ਵਿਦੇਸ਼ਾਂ ਤੋਂ ਜੰਗੀ ਸਾਮਾਨ ਖਰੀਦਣ ਵਿੱਚ ਮਾਹਰ, ਜਨਤਕ ਖੇਤਰ ਦੀ ਕੰਪਨੀ ‘ਹਿੰਦੋਸਤਾਨ ਏਅਰੋਨੋਟਿਕਸ ਲਿਮਟਿਡ’ ਨੂੰ ਅੱਖੋਂ ਪਰੋਖੇ ਕਰ ਕੇ ਇਹ ਸੌਦਾ ਕੀਤਾ ਹੈ ਤਾਂ ਕਿ ਇੱਕ ਦੀਵਾਲੀਆ ਕਾਰੋਬਾਰੀ, ਜਿਸ ਨੂੰ ਜੰਗੀ ਸਾਮਾਨ ਦਾ ਊੜਾ ਐੜਾ ਨਹੀਂ ਆਉਂਦਾ, ਨੂੰ ਲਾਭ ਪੁਚਾਇਆ ਜਾ ਸਕੇ। ਕਾਰਪੋਰੇਟ ਘਰਾਣਿਆਂ ਦੇ ਥੱਲੇ ਲੱਗੀ ਸਰਕਾਰ ਦੇਸ਼ ਨੂੰ ਸੁਪਰ ਪਾਵਰ ਨਹੀਂ ਬਣਾ ਸਕਦੀ।
ਖੈਰ! ਸਾਡੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕੀਤਾ: ‘ਦਿ ਬਰਡਜ਼ ਹੈਵ ਲੈਂਡਿਡ ਸੇਫਲੀ ਇਨ ਅੰਬਾਲਾ’ (ਪੰਛੀ ਅੰਬਾਲਾ ਵਿੱਚ ਸੁਰੱਖਿਅਤ ਉਤਰ ਆਏ ਹਨ)। ਜੰਗੀ ਜਹਾਜ਼? ਪੰਛੀ, ਕਿੰਨਾ ਕਮਾਲ ਦਾ ਰੂਪਕ ਹੈ। 2019 ਵਿੱਚ ਅੱਠ ਅਕਤੂਬਰ ਦੁਸਹਿਰੇ ਵਾਲੇ ਦਿਨ ਰੱਖਿਆ ਮੰਤਰੀ ਜੀ ਫਰਾਂਸ ਜਾ ਕੇ ਇਸ ਪੰਛੀ ਦੀ ਪਿੱਠ 'ਤੇ ‘ਓਮ’ ਲਿਖ ਕੇ ਇੱਕ ਫੁੱਲ ਤੇ ਨਾਰੀਅਲ ਅਤੇ ਅਗਲੇ ਦੋਵਾਂ ਪਹੀਆਂ ਅੱਗੇ ਨਿੰਬੂ ਰੱਖ ਕੇ ਇਸ ਦੀ ‘ਸ਼ਸਤਰ ਪੂਜਾ’ ਵੀ ਕਰ ਆਏ ਸਨ ਤੇ ਇਸ ਪੰਛੀ ਦੇ ਖੰਭਾਂ 'ਤੇ ਸਵਾਰ ਹੋ ਝੂਟਾ ਵੀ ਲੈ ਆਏ ਸਨ, ਪਰ ਮੈਂ ਇਨ੍ਹਾਂ ਪੰਛੀਆਂ ਤੋਂ ਸੱਚਮੁੱਚ ਡਰ ਗਈ।
ਆਪਣੇ ਸੁਰੱਖਿਅਤ ਮਹਿਲਾ ਤੇ ਕਿਲ੍ਹਿਆਂ ਵਰਗੇ ਘਰਾਂ ਵਿੱਚ ਰਹਿੰਦਿਆਂ ਆਕਾਸ਼ ਤੋਂ ਬਾਰੂਦ ਦੀ ਵਰਖਾ ਕਰਦੇ, ਸ਼ਹਿਰਾਂ ਦੇ ਸ਼ਹਿਰ ਅੱਗ ਵਿੱਚ ਝੁਲਸਦੇ, ਭਿਆਨਕ ਹਿਥਆਰਾਂ ਨਾਲ ਲੈਸ ਜੰਗੀ ਜਹਾਜ਼ਾਂ ਨੂੰ ‘ਪੰਛੀ’ ਕਹਿਣਾ ਕਿੰਨਾ ਸੌਖਾ ਹੈ। ਪੰਜਾਹ ਕੁ ਵਰ੍ਹੇ ਪਿੱਛੇ ਮੁੜ੍ਹਦਿਆਂ ਯਾਦ ਆਉਂਦਾ ਹੈ ਕਿ ਅਸਮਾਨ ਉਤੇ ਜਦੋਂ ਕਿਸੇ ਜਹਾਜ਼ ਦੀ ਗੂੰਜ ਪੈਣੀ, ਨਿੱਕੇ ਬੱਚਿਆਂ ਨੇ ਘਰਾਂ ਤੋਂ ਨਿਕਲ ਕੇ ਅਸਮਾਨ ਵੱਲ ਹੱਥ ਹਿਲਾ ਕੇ ਇਕਸੁਰ ਹੋ ਕੇ ਬੋਲਣਾ ਸ਼ੁਰੂ ਕਰ ਦੇਣਾ: ‘ਹੈਲੀਕਾਪਟਰ ਬਾਇ ਬਾਇ’ ‘ਐਰੋਪਲੇਨ ਟਾ ਟਾ...।’ ਉਦੋਂ ਸ਼ਾਇਦ ਉਹ ਵੀ ਇਨ੍ਹਾਂ ਨੂੰ ਪੰਛੀ ਹੀ ਸਮਝਦੇ ਹੋਣਗੇ। ਮੈਨੂੰ ਇੱਕ ਪੰਜਾਬੀ ਕਵੀ (ਸ਼ਾਇਦ ਸਰੋਦ ਸੁਦੀਪ) ਦੀਆਂ ਬਹੁਤ ਪਹਿਲਾਂ ਪੜ੍ਹੀਆਂ ਪੰਗਤੀਆਂ ਚੇਤੇ ਆ ਗਈਆਂ :
ਉਸ ਨੂੰ ਦੇਖ ਕੇ ਵੀ
ਬੱਚੇ ਬਾਹਰ ਨਿਕਲੇ ਹੋਣਗੇ
ਉਸ ਨੂੰ ਵੀ ਉਨ੍ਹਾਂ
ਟਾ-ਟਾ ਬਾਇ ਬਾਇ ਕੀਤਾ ਹੋਵੇਗਾ
ਉਹ ਜਹਾਜ਼ ਜੋ
ਹੀਰੋਸ਼ੀਮਾ 'ਤੇ ਬੰਬ ਸੁੱਟ ਗਿਆ।
ਇਹ ਮਹੀਨਾ ਹੀਰੋਸ਼ੀਮਾ ਤੇ ਨਾਗਾਸਾਕੀ ਦੇ ਦੁਖਾਂਤ ਦਾ ਹੈ: 6 ਅਤੇ 9 ਅਗਸਤ 1945 ਉਹ ਦੋ ਮਨਹੂਸ ਦਿਨ ਸਨ, ਜਦੋਂ ਅਮਰੀਕਾ ਨੇ ਆਪਣੇ ਐਟਮ ਬੰਬਾਂ ਦਾ ਪ੍ਰਯੋਗ ਕਰਨ ਲਈ ਉਨ੍ਹਾਂ ਨੂੰ ਜਾਪਾਨ ਦੇ ਸ਼ਹਿਰਾਂ 'ਤੇ ਸੁੱਟਿਆ, ਨਹੀਂ ਤਾਂ ਦੂਜੀ ਸੰਸਾਰ ਜੰਗ ਤਾਂ ਪਹਿਲਾਂ ਹੀ ਮੁੱਕਣ ਕਿਨਾਰੇ ਪਹੁੰਚ ਚੱਕੀ ਸੀ।
ਇਸ ਜੰਗ ਤੋਂ ਬਾਅਦ ਯੂ ਐੱਨ ਓ (24 ਅਕਤੂਬਰ 1945) ਨੂੰ ਬਣੀ, ਤਾਂ ਕਿ ਅੱਗੇ ਤੋਂ ਦੁਨੀਆ ਵਿੱਚ ਏਨੀਆਂ ਭਿਆਨਕ ਜੰਗਾਂ ਨਾ ਲੱਗਣ। ਇਸ ਦਾ ਮੁੱਖ ਦਫਤਰ ਨਿਊ ਯਾਰਕ ਵਿੱਚ ਹੈ। ਇਹ ਇੱਕ ਤਰ੍ਹਾਂ ਦੁਨੀਆ ਦੀ ਪੰਚਾਇਤ ਜਾਂ ਕਚਹਿਰੀ ਹੈ। ਫਿਰ ਵੀ ਅਮਰੀਕਾ ਸਣੇ ਲਗਭਗ ਸਾਰੇ ਵੱਡੇ ਤੇ ਉਨਤ ਦੇਸ਼ ਆਪਹੁਦਰੀਆਂ ਕਰਦੇ ਅਤੇ ਜੰਗ ਦਾ ਮਾਹੌਲ ਸਿਰਜੀ ਰੱਖਦੇ ਹਨ। ਹਥਿਆਰਾਂ ਦੀ ਦੌੜ ਜਾਰੀ ਹੈ ਅਤੇ ਵੱਧ ਤੋਂ ਵੱਧ ਮਾਰੂ ਹਥਿਆਰ ਬਣ ਰਹੇ ਹਨ। ਇਨ੍ਹਾਂ ਹਥਿਆਰਾਂ ਨੂੰ ਵੇਚਣ ਲਈ ਉਨ੍ਹਾਂ ਨੂੰ ਮੰਡੀਆਂ ਚਾਹੀਦੀਆਂ ਹਨ। ਭਾਰਤ ਵਰਗਾ ਦੇਸ਼ ਹਥਿਆਰਾਂ ਦੀ ਸਭ ਤੋਂ ਵੱਡੀ ਮੰਡੀ ਵਜੋਂ ਉਨ੍ਹਾਂ ਅੱਗੇ ਪੇਸ਼ ਹੈ। ਉਂਝ ਲਗਭਗ ਹਰ ਦੇਸ਼ ਆਪਣੇ ਕੋਲ ਜੰਗੀ ਹਥਿਆਰ-ਪਿਸਤੌਲਾਂ, ਬੰਦੂਕਾਂ, ਮਿਜ਼ਾਈਲਾਂ, ਲੜਾਕੂ ਜਹਾਜ਼ਾਂ ਦਾ ਭੰਡਾਰ ਜਮ੍ਹਾਂ ਕਰੀ ਬੈਠਾ ਹੈ। ਭਾਰਤ ਦਾ ਵੀ ਇਹ ਪਹਿਲਾ ਸੌਦਾ ਨਹੀਂ, ਜਿਸ ਬਾਰੇ ਸਰਕਾਰੀ ਮੀਡੀਆ ਚੈਨਲਾਂ ਨੇ ਏਨਾ ਰੌਲਾ ਪਾਇਆ ਹੈ। ਜੰਗੀ ਜਹਾਜ਼ਾਂ ਦੀ ਪਹਿਲੀ ਖਰੀਦ ਵੀ ਫਰਾਂਸ ਦੀ ਇਸੇ ਡਸਾਲਟ ਕੰਪਨੀ ਤੋਂ ਹੋਈ ਸੀ-ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਸਮੇਂ। ਸਾਲ 1953 ਵਿੱਚ ਫਰਾਂਸ ਤੋਂ ‘ਓਰੇਗਨ’ ਨਾਂਅ ਦੇ ਚਾਰ ਜੰਗੀ ਜਹਾਜ਼ ਪਾਲਮ ਏਅਰਬੇਸ (ਦਿੱਲੀ) ਉਤੇ ਉਤਰੇ ਸਨ ਅਤੇ ਲੋਕਾਂ ਦੀ ਅਥਾਹ ਭੀੜ ਨੇ ਏਅਰਬੇਸ ਦੇ ਆਲੇ ਦੁਆਲੇ ਇਕੱਠੇ ਹੋ ਕੇ ਇਹ ਨਜ਼ਾਰਾ ਅੱਖੀਂ ਦੇਖਿਆ ਸੀ। ਫਰਾਂਸੀਸੀ ਸ਼ਬਦ ‘ਓਰੇਗਨ’ ਦਾ ਅੰਗਰੇਜ਼ੀ ਅਨੁਵਾਦ ‘ਹਰੀਕੇਨ’ ਹੈ ਅਤੇ ਪੰਜਾਬੀ ਅਨੁਵਾਦ ‘ਤੂਫਾਨ’। ਇਨ੍ਹਾਂ ਜਹਾਜ਼ਾਂ ਦਾ ਨਾਂਅ ਵੀ ‘ਤੂਫਾਨ’ ਰੱਖਿਆ ਗਿਆ ਸੀ। ਉਸ ਤੋਂ ਬਾਅਦ ਅਨੇਕਾਂ ਲੜਾਕੂ ਜਹਾਜ਼ ਸਮੇਂ ਸਮੇਂ ਖਰੀਦੇ ਜਾਂਦੇ ਰਹੇ-ਮਿੱਗ, ਜੈਗੂਆਰ, ਬੋਇੰਗ, ਸੁਖੋਈ ਤੇ ਫਿਰ ਰਾਫੇਲ।
ਉਂਝ ਮਨੁੱਖ ਧਰਤੀ ਦਾ ਸਭ ਤੋਂ ਕਮਜ਼ੋਰ ਪ੍ਰਾਣੀ ਹੈ। ਖੁਰਦਬੀਨ ਨਾਲ ਮਸਾਂ ਦਿੱਸਣ ਵਾਲਾ ਨਿੱਕਾ ਜਿਹਾ ਵਿਸ਼ਾਣੂ ਦੁਨੀਆ ਭਰ ਵਿੱਚ ਲਾਸ਼ਾਂ ਦੇ ਸੱਥਰ ਵਿਛਾ ਦਿੰਦਾ ਹੈ। ਭਾਰਤ ਸਮੇਤ ਸਾਰੀ ਦੁਨੀਆ ਪਹਿਲਾਂ ਹੀ ਜੰਗ ਦੀ ਅਵਸਥਾ ਵਿੱਚ ਹੈ। ਕੁੱਲ ਮਾਨਵਤਾ ਦੇ ਇਸ ਦੁਸ਼ਮਣ ਨੂੰ ਕੋਈ ਤਕੜੇ ਤੋਂ ਤਕੜਾ ਜੰਗੀ ਜਹਾਜ਼ ਨਹੀਂ ਮਾਰ ਸਕਦਾ। ਦੂਜੇ ਪਾਸੇ ਭਾਰਤ ਦਾ ਆਪਣੇ ਗੁਆਂਢੀ ਦੇਸ਼ਾਂ ਨਾਲ ਪੇਚਾ ਪਿਆ ਹੋਇਆ ਹੈ। ਅਮਰੀਕਾ ਆਪਣੀਆਂ ਫੌਜਾਂ ਸਾਡੇ ਦੇਸ਼ ਵਿੱਚ ਵਾੜਨ ਨੂੰ ਫਿਰਦਾ ਹੈ। ਤੀਜੀ ਜੰਗ ਬਰੂਹਾਂ 'ਤੇ ਦਸਤਕ ਦੇਂਦੀ ਲੱਗਦੀ ਹੈ (ਰੱਬ ਕਰੇ ਇਉਂ ਨਾ ਹੋਵੇ)। ਇਸ ਜੰਗ ਦਾ ਅਖਾੜਾ ਭਾਰਤ ਬਣਦਾ ਲੱਗਦਾ ਹੈ ਕਿਉਂਕਿ ਇਸ ਵੇਲੇ ਭਾਰਤ ਸਭ ਤੋਂ ਵੱਡੀ ਮੰਡੀ ਹੈ। ਇਹ ਠੀਕ ਹੈ ਕਿ ਸਵੈ-ਸੁਰੱਖਿਆ ਲਈ ਹਥਿਆਰਾਂ ਦਾ ਭੰਡਾਰ ਕਰਨਾ ਲਾਜ਼ਮੀ ਹੈ। ਜ਼ਰੂਰੀ ਨਹੀਂ ਕਿ ਹਥਿਆਰ ਚੱਲਣ ਹੀ, ਪਰ ਕਹਿੰਦੇ ਹਨ ਕਿ ਕਿਸੇ ਬਹਾਨੇ ਚੱਲ ਜਾਂਦੇ ਹਨ।
ਲਿਉ ਤਾਲਸਤਾਏ ਦੇ ਨਾਵਲ ‘ਵਾਰ ਐਂਡ ਪੀਸ’ ਵਿੱਚ ਇੱਕ ਘਟਨਾ ਆਉਂਦੀ ਹੈ। ਰੂਸ ਅਤੇ ਨੈਪੋਲੀਅਨ ਦੀਆਂ ਫੌਜਾਂ ਇੱਕ ਥਾਂ ਆਹਮੋ ਸਾਹਮਣੇ ਡਟੀਆਂ ਹਨ। ਕੁਝ ਚਿਰ ਲਈ ਜੰਗਬੰਦੀ ਲਾਗੂ ਹੋਈ ਹੈ। ਅੰਤਾਂ ਦੀ ਠੰਢ ਵਿੱਚ ਦੋਵੇਂ ਵਿਰੋਧੀ ਫੌਜਾਂ ਵਿੱਚ ਕੌਫੀ, ਚਾਹ, ਸਿਗਰਟਾਂ ਆਦਿ ਦੇ ਲੈਣ-ਦੇਣ ਨਾਲ ਹਾਸਾ ਠੱਠਾ ਚੱਲ ਰਿਹਾ ਹੈ। ਦੋਵਾਂ ਫੌਜਾਂ ਦੇ ਪਿੱਛੇ ਹਥਿਆਰਾਂ ਦੀ ਸਪਲਾਈ ਹੋ ਰਹੀ ਹੈ। ਟਰੱਕਾਂ ਵਿੱਚੋਂ ਉਤਰਦੇ ਹਥਿਆਰਾਂ ਦੀ ਆਵਾਜ਼ ਆ ਰਹੀ ਹੈ। ਇਥੇ ਤਾਲਸਤਾਏ ਦੀ ਬੜੀ ਖੂਬਸੂਰਤ ਸਤਰ ਹੈ-‘ਦੋਵਾਂ ਧਿਰਾਂ ਦੀਆਂ ਫੌਜਾਂ ਦਾ ਵਤੀਰਾ ਦੇਖ ਕੇ ਲੱਗਦਾ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਹਥਿਆਰਾਂ ਦੀ ਕੋਈ ਲੋੜ ਨਹੀਂ, ਪਰ ਕਿਉਂਕਿ ਇਹ ਲਿਆਂਦੇ ਗਏ ਹਨ, ਇਸ ਲਈ ਚੱਲਣਗੇ ਜ਼ਰੂਰ।’
ਬੱਸ! ਮੇਰੇ ਡਰ ਦਾ ਕਾਰਨ ਇਹੀ ਹੈ। ਹਥਿਆਰਾਂ ਦਾ ਚੱਲਣਾ ਲਾਜ਼ਮੀ ਹੈ। ਕਿਸੇ ਵੀ ਦੇਸ਼ ਦੇ ਲੋਕਾਂ ਦਾ ਦੂਜੇ ਦੇਸ਼ ਦੇ ਲੋਕਾਂ ਨਾਲ ਵੈਰ ਨਹੀਂ। ਜੰਗਾਂ ਸਰਕਾਰਾਂ ਲੜਦੀਆਂ ਹਨ, ਮਰਦੇ ਲੋਕ ਹਨ, ਕਿਸਾਨਾਂ ਦੇ ਪੁੱਤ, ਰੋਜ਼ੀ ਰੋਟੀ ਲਈ ਆਪਣੇ ਲਈ ਮੌਤ ਸਹੇੜਨ ਦੀ ਮਜਬੂਰੀ ਜਿਊਂਦੇ ਲੋਕ। ਰਾਦੂਗਾ ਪ੍ਰਕਾਸ਼ਨ, ਮਾਸਕੋ ਤੋਂ ਬਹੁਤ ਪਹਿਲਾਂ ਬੱਚਿਆਂ ਲਈ ਛਪੀ ਇੱਕ ਪੁਸਤਕ ‘ਰੂਸ ਦਾ ਇਤਿਹਾਸ ਕਹਾਣੀਆਂ ਵਿੱਚ’ (ਸੇ. ਅਲੇਕਸੇਯੇਵ) ਦੇ ਇੱਕ ਪਾਤਰ ਦਾ ਕਥਨ ਹੈ-‘ਹਾਲੀ ਅਤੇ ਫੌਜੀ ਇਸ ਤਰ੍ਹਾਂ ਹੀ ਹਨ, ਜਿਵੇਂ ਇਕੋ ਆਦਮੀ ਦੇ ਦੋ ਹੱਥ ਹੋਣ।’
ਮਾਹਰ ਇੰਜੀਨੀਅਰਾਂ, ਤਕਨੀਕੀ ਮਾਹਰਾਂ ਵੱਲੋਂ ਵਧੀਆ ਤੋਂ ਵਧੀਆ ਧਾਤਾਂ ਲਾ ਕੇ ਬਣਾਏ ਹਥਿਆਰਾਂ ਦਾ ਕਰਮ ਇਹੀ ਹੈ ਕਿ ਉਨ੍ਹਾਂ ਨੂੰ ਜਿਸ ਕੰਮ ਲਈ ਬਣਾਇਆ, ਉਹ ਚੰਗੀ ਤਰ੍ਹਾਂ ਕਰਨ। ਹਥਿਆਰਾਂ, ਲੜਾਕੂ ਜਹਾਜ਼ਾਂ ਦਾ ਇਹੋ ਕੰਮ ਹੈ। 1960 ਵਿੱਚ ਲਿਖੀਆਂ ‘ਸ਼ਰੀਫ ਕੁੰਜਾਹੀ’ ਦੀਆਂ ਇਹ ਸਤਰਾਂ ਮੈਨੂੰ ਲੱਗਦਾ ਹੈ, ਜਿਵੇਂ ਮੈਨੂੰ ਸਮਝਾਉਣ ਲਈ ਹੀ ਲਿਖੀਆਂ ਗਈਆਂ ਹੋਣ :
ਧੀਏ ਨੀ ਲੜਾਈਆਂ ਵਿੱਚ ਇਹੋ ਕੁਝ ਹੁੰਦਾ ਏ
ਤੋਪਾਂ ਦੱਸ ਹੋਰ ਮੂੰਹੋਂ ਆਇਤਾਂ ਨੇ ਪੜ੍ਹਨੀਆਂ
ਹਵਾ ਜਹਾਜ਼ਾਂ ਵਿੱਚ ਦੱਸ ਛੱਲੀਆਂ ਨੇ ਢੀਣੀਆਂ
ਉਡਦੇ ਆਕਾਸ਼ ਵਿੱਚ ਚੰਗੇ ਭਲੇ ਲੱਗਦੇ
ਉਂਝ ਨੇ ਦੁਗਾੜੇ ਨਿਰੀ ਮੌਤੜੀ ਤੇ ਅੱਗ ਦੇ।

 

Have something to say? Post your comment