Welcome to Canadian Punjabi Post
Follow us on

20

October 2020
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਦੀ ਅਗਵਾਈ ’ਚ ਪੰਜਾਬ ਵਿਧਾਨ ਸਭਾ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਰੋਸ਼ ਮੁਜ਼ਾਹਰਿਆਂ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ‘ਆਪ’ ‘ਚ ਸ਼ਾਮਲ ਹੋਏ ਉੱਘੇ ਸਮਾਜ ਸੇਵੀ ਅਤੇ ਸਾਬਕਾ ਅਧਿਕਾਰੀ ਸਵਰਨ ਸਿੰਘ ਸੈਂਪਲਾਕਾਲੇ ਕਾਨੂੰਨਾਂ ਅਤੇ ਕਿਸਾਨੀ ਸੰਘਰਸ਼ ਬਾਰੇ ਮੁੱਖ ਮੰਤਰੀ ਦੀ ਨੀਅਤ ਖੋਟੀ : ਹਰਪਾਲ ਚੀਮਾਮਿਸੀਸਾਗਾ ਮਾਲਟਨ ਲਿਬਰਲ ਨੌਮੀਨੇਸ਼ਨ ਉੱਤੇ ਐਨਡੀਪੀ ਨੇ ਕੀਤੇ ਸਵਾਲਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਅਣਮਿੱਥੇ ਸਮੇਂ ਲਈ ਵਧਾਇਆ, ਭਾਜਪਾ ਆਗੂਆਂ ਦੀਆਂ ਮੀਟਿੰਗਾਂ ਦਾ ਵਿਰੋਧ ਕਰਨ ਦਾ ਫੈਸਲਾਸ਼੍ਰੋਮਣੀ ਅਕਾਲੀ ਦਲ ਨੇ ਡੀ ਜੀ ਪੀ ਨੂੰ ਦਿੱਤੀ ਚੇਤਾਵਨੀ, ਕਿਹਾ ਜੇਕਰ ਕਿਸਾਨਾਂ ਖਿਲਾਫ ਕੋਈ ਝੂਠਾ ਕੇਸ ਦਰਜ ਹੋਇਆ ਤਾਂ ਪਾਰਟੀ ਉਨ੍ਹਾਂ ਦਾ ਕਰੇਗੀ ਘਿਰਾਓ ਮੁੱਖ ਮੰਤਰੀ ਵੱਲੋਂ ਓ.ਪੀ.ਡੀ. ਸੇਵਾਵਾਂ ਤੇ ਚੋਣਵੀਆਂ ਸਰਜਰੀਆਂ ਬਹਾਲ ਕਰਨ ਦੇ ਆਦੇਸ਼, ਸਰਕਾਰੀ ਸਕੂਲ ਵੀ ਸੋਮਵਾਰ ਤੋਂ ਖੁੱਲ੍ਹਣਗੇਕਿਸਾਨਾਂ ਅਤੇ ਸਰਕਾਰ ਵਿਚਾਲੇ ਗੱਲਬਾਤ ਟੁੱਟਣਾ ਅਤਿ ਮੰਦਭਾਗਾ, ਕੇਂਦਰ ਸਰਕਾਰ ਕਿਸਾਨਾਂ ਦੇ ਸ਼ੰਕਿਆਂ ਨੂੰ ਤੁਰੰਤ ਦੂਰ ਕਰੇ : ਢੀਂਡਸਾ
ਨਜਰਰੀਆ

ਭਾਰਤ ਵਿੱਚ ਚਿੱਟੇ ਇਨਕਲਾਬ ਦੀ ਦਾਸਤਾਨ

September 10, 2020 09:04 AM

-ਮਹਿਤਾਬ-ਉਦ-ਦੀਨ
ਪੰਜਾਬ ਵਿੱਚ ਸਾਲ 2012 ਤੋਂ ਲੈ ਕੇ 2019 ਤੱਕ ਦੁੱਧ ਦੇ ਔਸਤ ਉਤਪਾਦਨ ਵਿੱਚ 50.14 ਫੀਸਦੀ ਦਾ ਵਾਧਾ ਹੋਇਆ ਹੈ। ਇਹ ਅੰਕੜੇ ਪਿਛਲੇ ਵਰ੍ਹੇ 2019 ਵਿੱਚ ਸੂਬੇ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਕਰਾਈ ਗਈ ਪਸ਼ੂ ਧਨ ਮਰਦਮ ਸ਼ੁਮਾਰੀ ਦੇ ਹਨ। ਦੇਸ਼ ਵਿੱਚ ਇਸ ਵੇਲੇ ਪੰਜਾਬ ਹੀ ਅਜਿਹਾ ਸੂਬਾ ਹੈ ਜਿੱਥੇ ਪ੍ਰਤੀ ਵਿਅਕਤੀ ਦੁੱਧ ਦੀ ਉਪਲਬਧਤਾ ਸਭ ਤੋਂ ਵੱਧ 1.18 ਕਿਲੋਗਰਾਮ ਪ੍ਰਤੀ ਵਿਅਕਤੀ ਹੈ, ਜਦ ਕਿ ਇਸ ਮਾਮਲੇ ਵਿੱਚ ਰਾਸ਼ਟਰੀ ਔਸਤ ਸਿਰਫ 394 ਗਰਾਮ ਹੈ। ਪੰਜਾਬ ਦਾ ਇਹ ਅੰਕੜਾ ਸਿਰਫ ਕਿਸਾਨਾਂ ਅਤੇ ਉਨ੍ਹਾਂ ਦੇ ਸਹਾਇਕ ਕਾਮਿਆਂ ਦੀ ਸਖਤ ਮਿਹਨਤ ਦਾ ਨਤੀਜਾ ਹੈ। ਪੰਜਾਬ ਵਿੱਚ ਇਸ ਵੇਲੇ ਔਸਤਨ ਤਿੰਨ ਕਰੋੜ 45 ਲੱਖ ਕਿਲੋਗਰਾਮ ਦੁੱਧ ਦਾ ਰੋਜ਼ਾਨਾ ਉਤਪਾਦਨ ਹੁੰਦਾ ਹੈ।
ਰਾਜ ਵਿੱਚ ਦੁੱਧ ਇਕੱਠਾ ਕਰਨ ਵਾਲੀ ਪੰਜਾਬ ਸਰਕਾਰ ਦੀ ਏਜੰਸੀ ‘ਮਿਲਕਫੈਡ’ ਹੈ ਤੇ ‘ਵੇਰਕਾ’ ਦੇ ਉਤਪਾਦਾਂ ਰਾਹੀਂ ਦੁੱਧ ਉਤਪਾਦਾਂ ਦੀ ਵਿਕਰੀ ਕੀਤੀ ਜਾਂਦੀ ਹੈ। ਪੰਜਾਬ ਵਿੱਚ ਇਸ ਵੇਲੇ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਦੀ ਗਿਣਤੀ ਲਗਭਗ 6500 ਹੈ। ਪਿੰਡ ਪੱਧਰ ਦੀਆਂ ਸਹਿਕਾਰੀ ਸਭਾਵਾਂ 12 ਜ਼ਿਲਾ ਦੁੱਧ ਉਤਪਾਦਕ ਯੂਨੀਅਨਾਂ ਅਧੀਨ ਕੰਮ ਕਰਦੀਆਂ ਹਨ ਤੇ ਰਾਜ ਵਿੱਚ ਨੌਂ ਮਿਲਕ ਪਲਾਂਟ ਹਨ ਜਿੱਥੇ ਰੋਜ਼ 27.50 ਲੱਖ ਲੀਟਰ ਦੁੱਧ ਤਿਆਰ ਹੁੰਦਾ ਹੈ। ਪੰਜਾਬ 'ਚ ਕਿਸਾਨਾਂ ਲਈ 1973 ਤੋਂ ਪਹਿਲਾਂ ਪਸ਼ੂ ਧਨ ਰਾਹੀਂ ਇੰਨੀ ਆਮਦਨ ਸੰਭਵ ਨਹੀਂ ਸੀ ਕਿਉਂਕਿ ਉਨ੍ਹਾਂ ਤੋਂ ਦੁੱਧ ਲੈ ਕੇ ਆਮ ਜਨਤਾ ਤੱਕ ਪੁਚਾਉਣ ਵਾਲੇ ਵਿਚੋਲੇ ਸਾਰੀ ਮਲਾਈ ਲਾਹ ਲੈਂਦੇ ਸਨ ਤੇ ਕਿਸਾਨਾਂ ਦੇ ਪੱਲੇ ਕੁਝ ਨਹੀਂ ਪੈਂਦਾ ਸੀ। ਉਸੇ ਵਰ੍ਹੇ ਤੋਂ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਦੀ ਸਥਾਪਨਾ ਹੋਣੀ ਸ਼ੁਰੂ ਹੋਈ ਅਤੇ ਇਹ ਪ੍ਰਕਿਰਿਆ 1978 ਤੱਕ ਚਲਦੀ ਰਹੀ ਸੀ। ਕੀ ਤੁਸੀਂ ਜਾਣਦੇ ਹੋ ਕਿ ਇਹ ਸਭ ਇਕਦਮ ਇੱਕ ਪ੍ਰਣਾਲੀ ਹੇਠ ਨਹੀਂ ਆ ਗਿਆ ਸੀ। ਪਹਿਲਾਂ ਕੁਝ ਮੋਹਰੀਆਂ ਨੇ ਸਿਰ ਜੋੜ ਕੇ ਵਿਚਾਰ-ਵਟਾਂਦਰਾ ਕੀਤਾ ਸੀ, ਤਦ ਜਾ ਕੇ ਵਿਵਸਥਾ ਕਾਇਮ ਹੋਈ ਸੀ।
ਦੇਸ਼ ਵਿੱਚ ਕਿਸਾਨ ਤੇ ਪਸ਼ੂ ਧਨ ਤਾਂ ਪਹਿਲਾਂ ਹੀ ਸਨ, ਪਰ ਉਨ੍ਹਾਂ ਤੋਂ ਦੇਸ਼ ਨੂੰ ਅੱਜ ਜਿੰਨਾ ਮੁਨਾਫਾ ਨਹੀਂ ਹੋ ਰਿਹਾ ਸੀ। ਭਾਰਤ ਵਿੱਚ ਦੁੱਧ ਦਾ ‘ਚਿੱਟਾ ਇਨਕਲਾਬ' ਲਿਆਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਡਾਕਟਰ ਵਰਗੀਜ਼ ਕੁਰੀਅਨ ਦਾ ਸੀ। ਇਸੇ ਲਈ ਉਨ੍ਹਾਂ ਨੂੰ ‘ਮਿਲਕਮੈਨ ਆਫ ਇੰਡੀਆ' (ਭਾਰਤ ਦਾ ਦੋਧੀ) ਵੀ ਕਿਹਾ ਜਾਂਦਾ ਹੈ। ਵਰਗੀਜ਼ ਕੁਰੀਅਨ ਦਾ ਜਨਮ ਭਾਰਤ ਦੇ ਕੇਰਲ ਰਾਜ ਦੇ ਕਾਲੀਕਟ (ਜਿਸ ਨੂੰ ਅੱਜ ਕੋਜ਼ੀਕੋਡ ਕਿਹਾ ਜਾਂਦਾ ਹੈ) ਵਿੱਚ ਇੱਕ ਸੀਰੀਅਨ ਮਸੀਹੀ ਪਰਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਪੁਤੇਨਪਾਰੱਕਲ ਬ੍ਰਿਟਿਸ਼ ਕੋਚੀਨ ਵਿੱਚ ਸਿਵਲ ਸਰਜਨ ਸਨ ਤੇ ਉਨ੍ਹਾਂ ਦੀ ਮਾਂ ਉਚ ਸਿਖਿਆ ਪ੍ਰਾਪਤ ਸੁਆਣੀ ਸੀ। ਕੁਰੀਅਨ ਦਾ ਨਾਂਅ ਉਨ੍ਹਾਂ ਦੇ ਤਾਇਆ ਰਾਓ ਸਾਹਿਬ ਪੀ ਕੇ ਵਰਗੀਜ਼ ਦੇ ਨਾਂਅ 'ਤੇ ਰੱਖਿਆ ਗਿਆ ਸੀ। ਵਰਗੀਜ਼ ਨੇ ਮਦਰਾਸ ਦੇ ਲੋਯੋਲਾ ਕਾਲਜ ਤੋਂ ਫਿਜ਼ਿਕਸ 'ਚ ਬੀ ਐੱਸ ਸੀ ਦੀ ਡਿਗਰੀ ਲਈ। ਖੇਡਾਂ ਵਿੱਚ ਉਨ੍ਹਾਂ ਦੀ ਬਹੁਤ ਦਿਲਚਸਪੀ ਸੀ ਅਤੇ ਉਨ੍ਹਾਂ ਕ੍ਰਿਕਟ, ਬੈਡਮਿੰਟਨ, ਬਾਕਸਿੰਗ ਅਤੇ ਟੈਨਿਸ ਜਿਹੀਆਂ ਖੇਡਾਂ ਵਿੱਚ ਆਪਣੇ ਕਾਲਜ ਦੀ ਨੁਮਾਇੰਦਗੀ ਕੀਤੀ। ਪੜ੍ਹਨ 'ਚ ਹੋਣਹਾਰ ਹੋਣ ਕਾਰਨ ਉਹ ਸਰਕਾਰੀ ਵਜ਼ੀਫੇ 'ਤੇ ਉੱਚ ਸਿਖਿਆ ਲਈ ਅਮਰੀਕਾ ਚਲੇ ਗਏ, ਜਿੱਥੇ ਉਨ੍ਹਾਂ ਨੇ ਮਕੈਨੀਕਲ ਇੰਜੀਨੀਅਰਿੰਗ 'ਚ ਵਿਲੱਖਣਤਾ ਨਾਲ ਐੱਮ ਐੱਸ ਸੀ ਕੀਤੀ।
ਪੜ੍ਹਾਈ ਮੁਕੰਮਲ ਕਰ ਕੇ ਉਹ 13 ਮਈ 1949 ਨੂੰ ਭਾਰਤ ਮੁੜੇ ਤਾਂ ਉਹ ਗੁਜਰਾਤ ਦੇ ਕਾਇਰਾ ਜ਼ਿਲੇ ਦੇ ਸ਼ਹਿਰ ਆਨੰਦ ਵਿਖੇ ਗਏ ਜਿੱਥੇ ਉਨ੍ਹਾਂ ਸਰਕਾਰੀ ਵਜ਼ੀਫੇ ਦੀ ਅਗਾਊਂ ਤੈਅਸ਼ੁਦਾ ਸ਼ਰਤ ਮੁਤਾਬਕ ਉੱਥੇ ਡੇਅਰੀ ਡਵੀਜ਼ਨ ਵਿੱਚ ਇੱਕ ਅਧਿਕਾਰੀ ਵਜੋਂ ਪੰਜ ਸਾਲ ਬਤੀਤ ਕਰਨੇ ਸਨ। ਆਨੰਦ ਪੁੱਜ ਕੇ ਉਨ੍ਹਾ ਦੇਖਿਆ ਕਿ ਦੁੱਧ ਦੇ ਡਿਸਟ੍ਰੀਬਿਊਟਰ ਉਥੇ ਕਿਸਾਨਾਂ ਦਾ ਸ਼ੋਸ਼ਣ ਕਰ ਰਹੇ ਸਨ ਅਤੇ ਸਾਰਾ ਕਾਰੋਬਾਰ ‘ਪੋਲਸਨ’ ਮੱਖਣ ਦੀ ਮਾਰਕੀਟਿੰਗ ਕਰਨ ਵਾਲਾ ‘ਪੈਸਤਨਜੀ ਐਡੂਲੀਜੀ’ ਨਾਂਅ ਦਾ ਕਾਰੋਬਾਰੀ ਚਲਾਉਂਦਾ ਸੀ, ਜੋ ਅਸਲ ਵਿੱਚ ਬਹੁਤ ਚਲਾਕ ਸੀ। ਆਨੰਦ ਦੇ ਕਿਸਾਨ ਤਦ ਆਪਣੇ ਹਿਸਾਬ ਨਾਲ ਜੀਵਨ ਜਿਊਣ ਲਈ ਸੰਘਰਸ਼ ਕਰ ਰਹੇ ਸਨ ਅਤੇ ਉਨ੍ਹਾਂ ਦੇ ਨੇਤਾ ਤਿ੍ਰਭੂਵਨਦਾਸ ਪਟੇਲ ਉਨ੍ਹਾਂ ਕਿਸਾਨਾਂ ਨੂੰ ਇਕਜੁੱਟ ਕਰ ਕੇ ਰੱਖ ਰਹੇ ਸਨ। ਉਨ੍ਹਾਂ ਨੇ ਸ਼ੋਸ਼ਣ ਤੋਂ ਬਚਣ ਲਈ ਇੱਕ ਸਹਿਕਾਰਤਾ ਲਹਿਰ ਕਾਇਮ ਕੀਤੀ ਹੋਈ ਸੀ
ਇਹ ਵੇਖ ਕੇ ਡਾਕਟਰ ਕੁਰੀਅਨ ਨੇ ਸਰਕਾਰੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਤਿ੍ਰਭੂਵਨਦਾਸ ਪਟੇਲ ਤੇ ਹੋਰ ਕਿਸਾਨਾਂ ਨਾਲ ਜੁੜ ਗਏ ਅਤੇ ਤਦ ਤੋਂ ਉਸ ਖੇਤਰ ਵਿੱਚ ‘ਦੁੱਧ ਸਹਿਕਾਰਤਾ’ ਮੁਹਿੰਮ ਸ਼ੁਰੂ ਹੋ ਗਈ। ਉਨ੍ਹਾਂ ਦੀ ਸੰਸਥਾ ‘ਕਾਇਰਾ ਜ਼ਿਲਾ ਸਹਿਕਾਰੀ ਦੁੱਧ ਉਤਪਾਦਕ ਸੰਘ ਲਿਮਟਿਡ’ ਦੇ ਨਾਂਅ ਨਾਲ ਰਜਿਸਟਰਡ ਸੀ। ਉਸੇ ਨੂੰ ਅੱਜ ਅਸੀਂ ‘ਅਮੂਲ’ ਦੇ ਨਾਂਅ ਨਾਲ ਜਾਣਦੇ ਹਾਂ। ਵਰਗੀਜ਼ ਦਾ ਵਿਆਹ ਉਸੇ ਦੌਰਾਨ 15 ਜੂਨ 1953 ਨੂੰ ਸੁਜ਼ੈਨ ਮੌਲੀ ਪੀਟਰ ਨਾਲ ਹੋਇਆ। ਉਨ੍ਹਾਂ ਦੀ ਇੱਕ ਪੁੱਤਰੀ ਨਿਰਮਲਾ ਕੁਰੀਅਨ ਅਤੇ ਦੋਹਤਰਾ ਸਿਧਾਰਥ ਹਨ। ਤਦ ਵਰਗੀਜ਼ ਨੇ ਭਾਰਤ 'ਚ ਚਿੱਟਾ ਇਨਕਲਾਬ ਲਿਆਉਣ ਲਈ ਕਮਰ ਕੱਸ ਲਈ ਅਤੇ ‘ਆਪਰੇਸ਼ਨ ਫਲੱਡ’ ਚਲਾਇਆ। ਉਨ੍ਹੀਂ ਦਿਨੀਂ ਭਾਰਤ ਵਿੱਚ ਦੁੱਧ ਦੀ ਕਮੀ ਮੰਨੀ ਜਾਂਦੀ ਸੀ, ਪਰ ਵਰਗੀਜ਼ ਦੇ ਯਤਨਾਂ ਸਦਕਾ ਭਾਰਤ ਸਾਰੇ ਵਿਸ਼ਵ ਵਿੱਚ ਸਭ ਤੋਂ ਵੱਧ ਦੁੱਧ ਦਾ ਉਤਪਾਦਨ ਕਰਨ ਵਾਲਾ ਦੇਸ਼ ਬਣ ਗਿਆ ਹੈ। ਵਰਗੀਜ਼ ਕੁਰੀਅਨ ਦੀ ਅਗਵਾਈ ਹੇਠ ਹੀ ‘ਗੁਜਰਾਤ ਸਹਿਕਾਰੀ ਦੁੱਧ ਮਾਰਕੀਟਿੰਗ ਫੈਡਰੇਸ਼ਨ’ ਅਤੇ ‘ਰਾਸ਼ਟਰੀ ਡੇਅਰੀ ਵਿਕਾਸ ਬੋਰਡ’ ਵਰਗੇ ਸੰਗਠਨ ਬਣੇ ਤੇ ਦੇਸ਼ ਵਿੱਚ ਡੇਅਰੀ ਸਹਿਕਾਰੀ ਮੁਹਿੰਮ ਸ਼ੁਰੂ ਹੋਈ। ਸਾਰੇ ਦੇਸ਼ ਨੇ ਇਹੋ ਮਾਡਲ ਨੂੰ ਅਪਣਾਇਆ। ਵਰਗੀਜ਼ ਦੀ ਪ੍ਰਣਾਲੀ ਨੇ ਵਿਚੋਲਿਆਂ ਦਾ ਖਾਤਮਾ ਕਰ ਦਿੱਤਾ।
ਡਾਕਟਰ ਕੁਰੀਅਨ ਖੁਦ ਨੂੰ ਸਦਾ ਕਿਸਾਨਾਂ ਦਾ ਇੱਕ ਅਜਿਹਾ ਕਰਮਚਾਰੀ ਕਿਹਾ ਕਰਦੇ ਸਨ, ਜੋ ਸਿਰਫ ਉਨ੍ਹਾਂ ਦੀ ਖੁਸ਼ਹਾਲੀ ਪ੍ਰਤੀ ਸਮਰਪਿਤ ਹੈ। ਆਪਣੀ ਪੰਜਾਹ ਸਾਲਾਂ ਦੀ ਸੇਵਾ ਦੌਰਾਨ ਉਨ੍ਹਾਂ ਨੂੰ ਵੱਖ-ਵੱਖ ਸੰਗਠਨਾਂ ਤੋਂ 15 ਆਨਰੇਰੀ ਡਿਗਰੀਆਂ ਮਿਲੀਆਂ। ਉਨ੍ਹਾਂ ਨੂੰ 1966 ਵਿੱਚ ਸਮੂਹਿਕ ਲੀਡਰਸ਼ਿਪ ਲਈ ਮੈਗਸੇਸੇ ਐਵਾਰਡ, 1965 ਵਿੱਚ ਪਦਮਸ੍ਰੀ, 1966 ਵਿੱਚ ਪਦਮ ਭੂਸ਼ਣ, 1986 ਵਿੱਚ ਕ੍ਰਿਤੀ ਰਤਨ ਐਵਾਰਡ, 1989 ਵਿੱਚ ਵਰਲਡ ਫੂਡ ਐਵਾਰਡ, 1999 ਵਿੱਚ ਪਦਮ ਵਿਭੂਸ਼ਣ, 2001 ਵਿੱਚ ‘ਇਕਨੌਮਿਕ ਟਾਈਮਜ਼’ ਵੱਲੋਂ ‘ਕਾਰਪੋਰੇਟ ਐਕਸੀਲੈਂਸ’ ਐਵਾਰਡ ਤੇ ਹੋਰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਵਰਗੀਜ਼ ਕੁਰੀਅਨ ਨੇ ਖੁਰਾਕੀ ਤੇਲਾਂ 'ਚ ਭਾਰਤ ਨੂੰ ਆਤਮ ਨਿਰਭਰ ਬਣਾਇਆ। ਇਸ ਲਈ ਉਹ ਅਖੌਤੀ ‘ਤੇਲ ਸਮਰਾਟਾਂ’ ਨਾਲ ਭਿੜ ਗਏ, ਕਿਉਂਕਿ ਅਜਿਹੇ ਲੋਕ ਤੇਲ ਬੀਜਾਂ ਦੇ ਉਦਯੋਗ 'ਚ ਗਲਤ ਤਰੀਕੇ ਨਾਲ ਕਾਰੋਬਾਰ ਕਰਦੇ ਸਨ। ਸਾਲ 1979 ਵਿੱਚ ਵਰਗੀਜ਼ ਨੂੰ ਰੂਸ ਦੇ ਪ੍ਰਧਾਨ ਮੰਤਰੀ ਅਲੈਕਸੇਈ ਕੋਸੀਜਿਨ ਨੇ ਸੋਵੀਅਤ ਯੂਨੀਅਨ 'ਚ ਡੇਅਰੀ ਸਹਿਕਾਰੀ ਸਭਾਵਾਂ ਚਲਾਉਣ ਵਿੱਚ ਮਦਦ ਕਰਨ ਲਈ ਸੱਦਿਆ। ਇਸੇ ਤਰ੍ਹਾਂ ਪਾਕਿ ਨੇ ਵੀ 1982 ਵਿੱਚ ਇਹੀ ਮਦਦ ਉਨ੍ਹਾਂ ਤੋਂ ਮੰਗੀ ਸੀ। ਸਾਲ 1989 ਵਿੱਚ ਚੀਨ ਨੇ ਵੀ ਉਨ੍ਹਾਂ ਦੀ ਮਦਦ ਨਾਲ ਹੀ ‘ਆਪਰੇਸ਼ਨ ਫਲੱਡ’ ਵਰਗਾ ਇੱਕ ਪ੍ਰੋਗਰਾਮ ਚਲਾਇਆ ਸੀ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਪੀ ਵੀ ਨਰਸਿਮਹਾ ਰਾਓ ਨੇ ਵੀ ਵਰਗੀਜ਼ ਕੁਰੀਅਨ ਨੂੰ ਸ੍ਰੀਲੰਕਾ 'ਚ ਸਹਿਕਾਰੀ ਸੰਮਤੀਆਂ ਸਥਾਪਤ ਕਰਵਾਉਣ ਦੀ ਬੇਨਤੀ ਕੀਤੀ ਸੀ।
ਫਿਲਮਸਾਜ਼ ਸ਼ਿਆਮ ਬੈਨੇਗਲ ਨੇ ‘ਅਮੂਲ’ ਦੀ ਸਫਲਤਾ ਉਤੇ ਇੱਕ ਫਿਲਮ ‘ਮੰਥਨ’ ਬਣਾਉਣ ਬਾਰੇ ਸੋਚਿਆ ਸੀ, ਪਰ ਉਨ੍ਹਾਂ ਕੋਲ ਲੋੜੀਂਦਾ ਧਨ ਨਹੀਂ ਸੀ। ਕੁਰੀਅਨ ਨੇ ਆਪਣੇ ਪੰਜ ਲੱਖ ਮੈਂਬਰ ਕਿਸਾਨਾਂ ਤੋਂ ਦੋ-ਦੋ ਰੁਪਏ ਇਕੱਠੇ ਕਰ ਕੇ ਸ਼ਿਆਮ ਬੈਨੇਗਲ ਨੂੰ ਦਿੱਤੇ। ਇਹ ਫਿਲਮ 1976 'ਚ ਰਿਲੀਜ਼ ਹੋਈ। ਨੌਂ ਸਤੰਬਰ 2012 ਨੂੰ ਡਾਕਟਰ ਵਰਗੀਜ਼ ਕੁਰੀਅਨ ਦਾ ਸੰਖੇਪ ਬਿਮਾਰੀ ਪਿੱਛੋਂ ਆਨੰਦ 'ਚ ਨੱਬੇ ਸਾਲਾਂ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਹ ਮਸੀਹੀ ਪਰਵਾਰ 'ਚ ਪੈਦਾ ਹੋਏ ਸਨ, ਪਰ ਮਗਰੋਂ ਉਹ ਨਾਸਤਕ ਹੋ ਗਏ। ਇਸੇ ਲਈ ਉਨ੍ਹਾਂ ਦਾ ਸਸਕਾਰ ਹੋਇਆ ਸੀ। ਡਾਕਟਰ ਵਰਗੀਜ਼ ਕੁਰੀਅਨ ਨੂੰ ਭਾਰਤ ਕਦੇ ਭੁਲਾ ਨਹੀਂ ਸਕੇਗਾ। ਗੁਜਰਾਤ ਦੇ ਸ਼ਹਿਰ ਆਨੰਦ ਵਿਖੇ ਡਾਕਟਰ ਕੁਰੀਅਨ ਨੇ ਜਿਹੜੀ ਪ੍ਰਣਾਲੀ ਲਾਗੂ ਕੀਤੀ, ਪੰਜਾਬ 'ਚ ਉਸ ਮੁਤਾਬਕ 1978 'ਚ ਜਾ ਕੇ ਕੰਮ ਸ਼ੁਰੂ ਹੋਇਆ ਸੀ। ‘ਮਿਲਕਫੈਡ ਪੰਜਾਬ’ ਦੀ ਸਥਾਪਨਾ ਸਾਲ 1973 ਵਿੱਚ ਹੋ ਗਈ ਸੀ। ਇਸ ਦਾ ਕੰਮ ਦੇਸ਼ ਤੇ ਦੁੱਧ ਉਤਪਾਦਕਾਂ ਦੇ ਆਰਥਿਕ ਵਿਕਾਸ ਲਈ ਦੁੱਧ ਉਤਪਾਦਨ, ਖਰੀਦ ਤੇ ਉਸ ਦੀ ਪ੍ਰੋਸੈਸਿੰਗ ਨੂੰ ਉਤਸ਼ਾਹਤ ਕਰਨਾ ਸੀ, ਪਰ ਮਿਲਕਫੈਡ ਨੂੰ ਆਪਣਾ ਕੰਮ ਸਹੀ ਢੰਗ ਨਾਲ ਲੀਹ 'ਤੇ ਲਿਆਉਣ 'ਚ 10 ਸਾਲ ਹੋਰ ਲੱਗ ਗਏ, ਕਿਉਂਕਿ 1983 ਵਿੱਚ ਜਾ ਕੇ 1966 ਤੋਂ ਪਹਿਲਾਂ ਦੇ ਮਹਾ ਪੰਜਾਬ ਦੇ ਸਾਰੇ ਦੁੱਧ ਪਲਾਂਟ ਸਹਿਕਾਰੀ ਖੇਤਰ ਦੇ ਹਵਾਲੇ ਕੀਤੇ ਗਏ ਸਨ।

Have something to say? Post your comment