Welcome to Canadian Punjabi Post
Follow us on

02

July 2025
 
ਨਜਰਰੀਆ

ਵੋਟ ਦੀ ਕੀਮਤ

September 10, 2020 09:02 AM

-ਮੋਹਨ ਸ਼ਰਮਾ
ਛੋਟੇ ਹੁੰਦਿਆਂ ਕਾਂ ਅਤੇ ਚਿੜੀ ਦੀ ਕਹਾਣੀ ਸੁਣਦੇ ਸਾਂ। ਕਾਂ ਦਾ ਚਿੜੀ ਉੱਤੇ ਜਬਰ ਅਤੇ ਚਿੜੀ ਦੇ ਸਬਰ ਦਾ ਪ੍ਰਗਟਾਵਾ ਇਨ੍ਹਾਂ ਸ਼ਬਦਾਂ ਦੇ ਅੰਤ ਨਾਲ ਹੁੰਦਾ ਸੀ, ‘ਚਿੜੀ ਵਿਚਾਰੀ ਕੀ ਕਰੇ, ਠੰਢਾ ਪਾਣੀ ਪੀ ਮਰੇ।’ ਕਹਾਣੀ ਵਿੱਚ ਚਿੜੀ ਦੀ ਹੱਡ ਭੰਨਵੀਂ ਮਿਹਨਤ ਉਤੇ ਕਾਂ ਕਾਬਜ਼ ਹੋ ਜਾਂਦਾ ਹੈ। ਵਰਤਮਾਨ ਦੌਰ ਵਿੱਚ ਇਹ ਕਹਾਣੀ ਗਰੀਬ ਜਨਤਾ ਅਤੇ ਘਾਗ ਸਿਆਸਤਦਾਨਾਂ ਉੱਤੇ ਹੂ-ਬ-ਹੂ ਢੁਕਦੀ ਹੈ। ਵਿਦਵਾਨ ਮੈਕਸ ਓ ਹੈਲ ਲਿਖਦਾ ਹੈ, ‘‘ਵਕੀਲ ਬਣਨ ਲਈ ਕਾਨੂੰਨ ਅਤੇ ਡਾਕਟਰ ਬਣਨ ਲਈ ਮੈਡੀਕਲ ਪੜ੍ਹਾਈ ਕਰਨੀ ਪੈਂਦੀ ਹੈ, ਪਰ ਸਿਆਸਤਦਾਨ ਬਣਨ ਲਈ ਸਿਰਫ ਨਿੱਜੀ ਹਿੱਤਾਂ ਦੀ ਪੂਰਤੀ ਕਰਨ ਦਾ ਗਿਆਨ ਹੋਣਾ ਚਾਹੀਦਾ ਹੈ।”
ਭਾਰਤ ਨੂੰ ਆਜ਼ਾਦ ਹੋਇਆਂ 73 ਵਰ੍ਹੇ ਹੋ ਗਏ। ਸਿਆਸਤਦਾਨਾਂ ਦੇ ਨਿੱਜੀ ਹਿੱਤਾਂ ਕਾਰਨ ਜਿੱਥੇ ਉਨ੍ਹਾਂ ਦੀ ਜਾਇਦਾਦ ਵਿੱਚ 100 ਫੀਸਦੀ ਤੋਂ ਕਿਤੇ ਵੱਧ ਚੱਲ ਅਤੇ ਅਚੱਲ ਜਾਇਦਾਦ ਦਾ ਵਾਧਾ ਹੋਇਆ ਹੈ, ਉਥੇ ਭਾਰਤੀ ਨਾਗਰਿਕਾਂ ਨੇ ਭੁੱਖ, ਖਾਲੀ ਜੇਬ ਅਤੇ ਗੁਰਬਤ ਦੀ ਜ਼ਿੰਦਗੀ ਹੰਢਾਉਂਦਿਆਂ ਆਪਣੀਆਂ ਰੀਝਾਂ ਨੂੰ ਛਿੱਕਲੀ ਪਾ ਕੇ ਜੀਵਨ ਬਤੀਤ ਕੀਤਾ ਹੈ। ਲੋਕ ਸਭਾ ਤੇ ਵਿਧਾਨ ਸਭਾ ਦੀ ਚੋਣ ਪੰਜ ਸਾਲ ਬਾਅਦ ਹੁੰਦੀ ਹੈ। ਚਾਰ ਸਾਲ 11 ਮਹੀਨੇ ਆਗੂ ਆਪਣੇ ਬੰਗਲਿਆਂ ਵਿੱਚ ਰਹਿ ਕੇ ਜੋੜ-ਤੋੜ ਦੀ ਨੀਤੀ ਕਰਦੇ ਰਹਿੰਦੇ ਹਨ। ਬਿਮਾਰ ਹੋਣ ਉਤੇ ਉਨ੍ਹਾਂ ਨੂੰ ਸਰਕਾਰੀ ਹਸਪਤਾਲਾਂ ਦਾ ਇਲਾਜ ਰਾਸ ਨਹੀਂ ਆਉਂਦਾ। ਪਬਲਿਕ ਤੋਂ ਉਗਰਾਹੇ ਟੈਕਸਾਂ ਦੇ ਸਿਰ ਉੱਤੇ ਉਹ ਵਿਦੇਸ਼ਾਂ ਵਿੱਚ ਇਲਾਜ ਕਰਵਾਉਣ ਨੂੰ ਪਹਿਲ ਦਿੰਦੇ ਹਨ। ਲੱਖਾਂ ਰੁਪਏ ਦੇ ਮੈਡੀਕਲ ਬਿੱਲਾਂ ਦੀ ਅਦਾਇਗੀ ਵੀ ਹੱਥੋ ਹੱਥ ਹੋ ਜਾਂਦੀ ਹੈ। ਦੂਜੇ ਪਾਸੇ ਪੰਜਾਬ ਦੇ 8788 ਵਿਅਕਤੀਆਂ ਪਿੱਛੇ ਇੱਕ ਡਾਕਟਰ ਆਉਂਦਾ ਹੈ। ਪਿੰਡਾਂ ਵਿੱਚ ਕਦੇ ਕਦਾਈਂ ਹੀ ਡਾਕਟਰ ਸਰਕਾਰੀ ਡਿਸਪੈਂਸਰੀ ਵਿੱਚ ਗੇੜਾ ਮਾਰਦਾ ਹੈ ਤੇ ਲੋਕ ਡਾਕਟਰ ਦੀ ਪਛਾਣ ‘ਬੁੱਧਵਾਰ ਵਾਲਾ ਡਾਕਟਰ’ ਵਜੋਂ ਕਰਦੇ ਹਨ। ਹਾਂ, ਲੋਕਾਂ ਦੀ ਸੇਵਾ ਲਈ ਉਨ੍ਹਾਂ ਨੂੰ ਮਾਨਸਿਕ, ਸਰੀਰ, ਆਰਥਿਕ ਅਤੇ ਬੌਧਿਕ ਪੱਧਰ ਤੋਂ ਖੁੰਘਲ ਕਰਨ ਲਈ ਸ਼ਰਾਬ ਦਾ ਠੇਕਾ 24 ਘੰਟੇ ਖੁੱਲ੍ਹਾ ਰਹਿੰਦਾ ਹੈ।
ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਵੇਲੇ ਲੀਡਰ ਜਨਤਾ ਦੇ ਸੇਵਕ, ਉਨ੍ਹਾਂ ਦੇ ਹਮਦਰਦ ਵਜੋਂ ‘ਵਿਕਾਸ ਪੁਰਸ਼’ ਦੇ ਰੂਪ ਵਿੱਚ ਆਪਣੇ ਆਪ ਨੂੰ ਪੇਸ਼ ਕਰ ਕੇ ਵੋਟਾਂ ਬਟੋਰਨ ਦਾ ਯਤਨ ਕਰਦੇ ਹਨ। ਉਸ ਵੇਲੇ ਉਹ ਉਥੇ ਵੀ ਪੁਲ ਉਸਾਰਨ ਦਾ ਵਾਅਦਾ ਕਰਦੇ ਹਨ, ਜਿੱਥੇ ਨੇੜੇ-ਤੇੜੇ ਕੋਈ ਨਦੀ ਜਾਂ ਰਜਵਾਹਾ ਨਹੀਂ ਹੰੁਦਾ। ਨਿੱਜੀ ਹਿੱਤਾਂ ਦੀ ਪੂਰਤੀ ਅਤੇ ਰਾਜ ਸੱਤਾ ਦੀ ਪੌੜੀ ਦੇ ਸਿਖਰਲੇ ਡੰਡੇ 'ਤੇ ਪੁੱਜਣ ਲਈ ਉਹ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦੇ ਕੇ ਆਪਣੇ ਵੱਲ ਖਿੱਚਦੇ ਹਨ। ਸਿਲੰਡਰ, ਭਾਂਡੇ, ਸਾਇਕਲ, ਸ਼ਰਾਬ, ਔਰਤਾਂ ਲਈ ਸੂਟ, ਸਿਲਾਈ ਮਸ਼ੀਨਾਂ, ਨਕਦੀ ਦਾ ਲਾਲਚ ਦੇ ਕੇ ਆਪਣਾ ਵੋਟ ਬੈਂਕ ਮਜ਼ਬੂਤ ਕਰਦੇ ਹਨ। ਅਗਾਂਹ ਲੋਕਾਂ ਨੂੰ ਇਹ ਗਿਆਨ ਹੋ ਗਿਆ ਹੈ ਕਿ ਸੜਿਆਂਦ ਮਾਰਦੀ ਸਿਆਸਤ ਵਿੱਚ ਇਨ੍ਹਾਂ ਨੇ ਰੱਜ ਕੇ ਲੁੱਟ ਮਚਾਈ ਹੈ: ਜਿਹੜਾ ਕੁਝ ਦਿੰਦੇ ਨੇ, ਲੈ ਲਵੋ। ਜਾਂਦੇ ਚੋਰ ਦੀ ਲੰਗੋਟੀ ਸਹੀ। ਉਂਞ ਵੀ ਲੋਕਾਂ ਦਾ ਯਕੀਨ ਬਣ ਚੁੱਕਿਆ ਹੈ ਕਿ ਜਿਹਨੂੰ ਮਰਜ਼ੀ ਵੋਟ ਪਾਈਏ, ਸਾਡਾ ਇਨ੍ਹਾਂ ਨੇ ਕੱਖ ਨਹੀਂ ਸੰਵਾਰਨਾ।
ਲੋਕਤੰਤਰ ਦੀ ਪਛਾਣ ਜਾਇਦਾਦ ਅਤੇ ਦਬਦਬੇ ਵਾਲਿਆਂ ਦੀ ਹਕੂਮਤ ਨਾਲ ਨਹੀਂ ਹੁੰਦੀ, ਪ੍ਰਤਿਭਾਸ਼ਾਲੀ, ਲੋਕਾਂ ਦੇ ਦੁੱਖਾਂ ਨੂੰ ਆਪਣੇ ਮਨ ਦੇ ਪਿੰਡੇ ਉਤੇ ਹੰਢਾਉਣ ਵਾਲਿਆਂ ਨੂੰ ਹਕੂਮਤ ਦੇਣ ਵਿੱਚ ਹੁੰਦੀ ਹੈ। ਇਸ ਕਸਵੱਟੀ ਤੇ ਸਾਡਾ ਪ੍ਰਾਂਤ ਅਤੇ ਦੇਸ਼ ਕਿੰਨਾ ਕੁ ਪੂਰਾ ਉਤਰਦਾ ਹੈ? ਲਾਰਿਆਂ, ਵਾਅਦਿਆਂ ਅਤੇ ਹਵਾਈ ਕਿਲ੍ਹੇ ਉਸਾਰਨ ਦੀ ਨੀਤੀ ਨਾਲ ਜਿੱਥੇ ਲੋਕਾਂ ਦੇ ਆਵਾਜਾਈ ਦੇ ਸੁਫਨੇ ਚਕਨਾਚੂਰ ਹੋਏ ਹਨ, ਉਥੇ ਗਰੀਬੀ ਰੇਖਾ ਅਤੇ ਵਿਕਾਸ ਦਰ ਦੋਵਾਂ ਦਾ ਗਰਾਫ ਹੇਠਾਂ ਗਿਆ ਹੈ। ਆਜ਼ਾਦੀ ਲੈਣ ਲਈ ਕੁੱਲ 127 ਸ਼ਹੀਦਾਂ ਨੇ ਫਾਂਸੀ ਦਾ ਰੱਸਾ ਹੱਸ ਕੇ ਚੁੰਮਿਆ। ਇਨ੍ਹਾਂ ਵਿੱਚੋਂ 94 ਪੰਜਾਬੀ ਸਨ। ਘੋਖਵੀਂ ਨਜ਼ਰ ਮਾਰਿਆਂ ਪਤਾ ਲੱਗਦਾ ਹੈ ਕਿ ਉਨ੍ਹਾਂ ਸ਼ਹੀਦਾਂ ਦੇ ਪਰਵਾਰਾਂ ਵਿੱਚੋਂ ਇੱਕ ਵੀ ਹਕੂਮਤ ਵਿੱਚ ਭਾਈਵਾਲ ਨਹੀਂ ਹੈ।
ਉਂਞ ਕਦੇ ਕਦੇ ਇਨ੍ਹਾਂ ਸਿਆਸਤਦਾਨਾਂ ਦੀ ਜ਼ਮੀਰ ਝੰਜੋੜਨ ਵਾਲੇ ਵੀ ਟੱਕਰ ਜਾਂਦੇ ਨੇ। ਵੋਟਾਂ ਦੇ ਦੌਰਾਨ ਕੋਈ ਉਮੀਦਵਾਰ ਲੋਕਾਂ ਨੂੰ ਸਾਮਾਨ ਵੰਡ ਰਿਹਾ ਸੀ। ਆਪਣੇ ਕਾਫਲੇ ਨਾਲ ਜਦੋਂ ਉਸ ਨੇ ਇੱਕ ਵਿਅਕਤੀ ਦੇ ਦਰ ਤੇ ਦਸਤਕ ਦੇ ਕੇ ਉਸ ਨੂੰ ਰਾਸ਼ਨ ਪਾਣੀ ਅਤੇ ਹੋਰ ਸਾਮਾਨ ਦੇਣਾ ਚਾਹਿਆ ਤਾਂ ਉਸ ਦਾ ਜਵਾਬ ਸੀ, ‘ਇਹ ਸਾਮਾਨ ਰਹਿਣ ਦਿਓ। ਮੈਨੂੰ ਇੱਕ ਗਧਾ ਲੈ ਦਿਓ। ਘਰ ਦੀਆਂ ਨੌਂ ਵੋਟਾਂ ਥੋਡੀਆਂ ਪੱਕੀਆਂ।’ ਆਗੂ ਨੇ ਅਗਲੇ ਦਿਨ ਗਧਾ ਲਿਆਉਣ ਦਾ ਵਾਅਦਾ ਕਰ ਲਿਆ, ਪਰ ਜਦੋਂ ਆਲੇ ਦੁਆਲਿਉਂ ਗਧਾ ਖਰੀਦਣਾ ਚਾਹਿਆ ਤਾਂ ਗਧਾ 30 ਹਜ਼ਾਰ ਤੋਂ ਘੱਟ ਨਹੀਂ ਸੀ ਮਿਲ ਰਿਹਾ। ਉਹਨੇ ਗਧਾ ਖਰੀਦਣ ਦੀ ਸਕੀਮ ਰੱਦ ਕਰ ਕੇ ਉਸ ਨੂੰ ਪੰਜ-ਚਾਰ ਹਜ਼ਾਰ ਰੁਪਏ ਦੇਣੇ ਚਾਹੇ। ਬੰਦੇ ਨੇ ਉਮੀਦਵਾਰ 'ਤੇ ਵਿਅੰਗ ਕੱਸਿਆ, ‘‘ਬੱਲੇ ਓ ਤੇਰੇ, ਤੂੰ ਸਾਡੇ ਟੱਬਰ ਦੀ ਕੀਮਤ ਗਧੇ ਤੋਂ ਵੀ ਘੱਟ ਪਾ ਰਿਹੈਂ। ਇੰਨਾ ਸਸਤਾ ਨਾ ਸਮਝ। ਮੈਂ ਵਿਕਾਊ ਨਹੀਂ।” ਕਹਿੰਦਿਆਂ ਉਸ ਨੇ ਬੂਹਾ ਬੰਦ ਕਰ ਲਿਆ।
ਪੰਜਾਬ ਵਿਧਾਨ ਸਭਾ ਚੋਣਾਂ ਲਈ ਅਜੇ ਸਮਾਂ ਰਹਿੰਦਾ ਹੈ। ਸਿਆਸਤਦਾਨਾਂ ਨੇ ਆਪੋ-ਆਪਣੀ ਕਮਰ ਕੱਸ ਲਈ ਹੈ। ਜੇ ਲੋਕ ਸਿਆਣੇ ਅਤੇ ਗੰਭੀਰ ਹੋ ਕੇ ਵਿਕਾਊ ਨਹੀਂ ਹੋਣਗੇ ਤਾਂ ਹੋ ਸਕਦਾ ਹੈ, ਸਿਆਸਤਦਾਨ ਵਾਅਦਿਆਂ ਅਤੇ ਲਾਰਿਆਂ ਦੀ ਫਸਲ ਬੀਜਣ ਦੀ ਥਾਂ ਨਿੱਜੀ ਹਿੱਤਾਂ ਨੂੰ ਛੱਡ ਕੇ ਲੋਕ ਹਿੱਤਾਂ ਨੂੰ ਪਹਿਲ ਦੇ ਦੇਣ। ਫਿਰ ਕਾਂ-ਚਿੜੀ ਵਾਲੀ ਕਹਾਣੀ ਵੀ ਝੁਠਲਾਈ ਜਾ ਸਕਦੀ ਹੈ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ ਇਤਿਹਾਸ ਦੱਸਦੈ ਅਕਾਲੀ ਦਲ ਦਾ ਪਾਟਕ ਪੰਜਾਬ ਉੱਤੇ ਕੀ ਅਸਰ ਪਾ ਸਕਦੈ!