Welcome to Canadian Punjabi Post
Follow us on

31

October 2020
ਬ੍ਰੈਕਿੰਗ ਖ਼ਬਰਾਂ :
ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਮੁਲਾਜ਼ਮਾਂ ’ਤੇ ਕੀਤਾ ਕਰਾਸ ਕੇਸ ਰੱਦ ਕਰਨ ਲਈ ਭਾਈ ਲੌਂਗੋਵਾਲ ਦੀ ਅਗਵਾਈ ’ਚ ਮੈਂਬਰਾਂ ਨੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾਕੇਂਦਰ ਸਰਕਾਰ ਕਿਸਾਂਨਾਂ ਨੂੰ ਜ਼ੁਰਮਾਨੇ ਅਤੇ ਜੇਲ੍ਹ ਦਾ ਡਰਾਵਾ ਦੇਣ ਦੀ ਥਾਂ ਪਰਾਂਲੀ ਪ੍ਰਬੰਧਨ ਦਾ ਕੋਈ ਹੱਲ ਕੱਢੇ : ਢੀਂਡਸਾਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਲਈ ਐੱਲ.ਪੀ.ਏ.ਆਈ.ਨੂੰ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਲਈ ਹਦਾਇਤ ਦੇਣ ਪ੍ਰਧਾਨ ਮੰਤਰੀ : ਸੁਖਬੀਰ ਬਾਦਲਬਿਜਲੀ ਮਾਫ਼ੀਆ ਹੱਥੋਂ ਲੋਕਾਂ ਦੀ ਅੰਨ੍ਹੀ, ਲੁੱਟ ਕਰਵਾ ਰਹੀ ਹੈ ਅਮਰਿੰਦਰ ਸਰਕਾਰ : ਅਮਨ ਅਰੋੜਾਲੋਟੂ ਨਿਜ਼ਾਮ ਤੋਂ ਨਿਜਾਤ ਦਿਵਾਉਣ ਲਈ ਨਵੇਂ ਅਹੁਦੇਦਾਰਾਂ ਨੂੰ ਭਗਵੰਤ ਮਾਨ ਨੇ ਸਹੁੰ ਚੁਕਾਈਭਾਜਪਾ ਨੂੰ ਤਕੜਾ ਝਟਕਾ, ਦਲਿਤ ਅਤੇ ਕਿਸਾਨ ਆਗੂ ਭਾਜਪਾ ਛੱਡ ਹੋਏ 'ਆਪ' 'ਚ ਹੋਏ ਸ਼ਾਮਿਲਕੈਪਟਨ ਵੱਲੋਂ ਬਸ ਆਪਰੇਟਰਾਂ ਲਈ 100 ਫੀਸਦੀ ਕਰ ਮੁਆਫੀ 31 ਦਸੰਬਰ ਤੱਕ ਵਧਾਈ ਗਈ, ਬਕਾਏ ਦੀ ਅਦਾਇਗੀ 31 ਮਾਰਚ ਤੱਕ ਅੱਗੇ ਪਾਈਫਰਾਂਸ ਵਿੱਚ ਚਰਚ ਉੱਤੇ ਹਮਲੇ ਕਾਰਨ 3 ਲੋਕਾਂ ਦੀ ਮੌਤ
ਨਜਰਰੀਆ

ਦੋ ਪੱਤਰ ਅਨਾਰਾਂ ਦੇ..

September 09, 2020 09:34 AM

-ਡਾ. ਬਲਵਿੰਦਰ ਸਿੰਘ ਲੱਖੇਵਾਲੀ
ਦੋ ਪੱਤਰ ਅਨਾਰਾਂ ਦੇ
ਸਾਡੀ ਗਲੀ ਲੰਘ ਮਾਹੀਆ
ਦੁੱਖ ਟੁੱਟਣ ਬਿਮਾਰਾਂ ਦੇ।
ਇੰਟਰਨੈਟ ਦੇ ਇਸ ਤੇਜ਼ਤਰਾਰ ਯੁੱਗ ਵਿੱਚ ਭਾਵੇਂ ਹਰ ਸ਼ੈਅ ਬਦਲ ਗਈ ਹੈ, ਮਨੁੱਖੀ ਜੀਵਨ-ਜਾਚ ਬਦਲ ਗਈ ਹੈ, ਅੱਜ ਮਾਹੀਆ ਜਾਂ ਮਹਿਬੂਬ ਗਲੀ ਵਿੱਚ ਗੇੜਾ ਲਾਉਣ ਨਾਲੋਂ ਫੇਸਬੁੱਕ, ਟਵਿੱਟਰ ਜਾਂ ਇੰਸਟਾਗਰਾਮ ਵਰਗੇ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਫਾਲੋ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ, ਪਰ ਪੁਰਾਣੇ ਵੇਲਿਆਂ ਵਿੱਚ ਮਾਹੌਲ ਹੋਰ ਸੀ। ਅਨਾਰ ਨੂੰ ਪੁਰਾਤਨ ਵੇਲਿਆਂ ਤੋਂ ਹੀ ਦੁੱਖ ਦੂਰ ਕਰਨ ਨਾਲ ਜੋੜਿਆ ਜਾਂਦਾ ਹੈ, ਭਾਵੇ ਉਪਰੋਕਤ ਲੋਕ ਬੋਲੀ ਹੋਵੇ ਜਾਂ ਕਹਾਵਤ ‘ਇੱਕ ਅਨਾਰ, ਸੌ ਬਿਮਾਰ'। ਦਰਅਸਲ ਸਾਡੇ ਵੱਡੇ-ਵਡੇਰੇ ਕੁਦਰਤੀ ਨਿਆਮਤਾਂ ਦਾ ਆਨੰਦ ਮਾਣਦੇ ਸਨ ਤੇ ਕੁਦਰਤ ਦੇ ਕਲਾਵੇ ਵਿੱਚ ਰਹਿੰਦੇ ਹੋਏ ਅਜੋਕੀ ਪੀੜ੍ਹੀ ਨਾਲੋਂ ਵਧੇਰੇ ਤੰਦਰੁਸਤ ਅਤੇ ਖ਼ੁਸ਼ਹਾਲ ਜੀਵਨ ਬਤੀਤ ਕਰਦੇ ਹਨ।
ਇਤਿਹਾਸ ਗਵਾਹ ਹੈ ਕਿ ਅਨਾਰ ਯੁੱਗਾਂ ਤੋਂ ਮਨੁੱਖ ਲਈ ਬਿਹਤਰੀਨ ਅਤੇ ਹੁਸੀਨ ਫ਼ਲ ਕਰਕੇ ਜਾਣਿਆ ਜਾਂਦਾ ਹੈ। ਮਿਥਿਹਾਸ ਦੇ ਪੰਨੇ ਫੋਲਿਆਂ ਪਤਾ ਲੱਗਦਾ ਹੈ ਕਿ ਹਿੰਦੂ ਰਵਾਇਤਾਂ ਅਨੁਸਾਰ ਇਹ ਖ਼ੁਸ਼ਹਾਲੀ ਤੇ ਜਣਨ ਸ਼ਕਤੀ ਦਾ ਪ੍ਰਤੀਕ ਹੈ ਅਤੇ ਭੂਮੀ ਦੇਵੀ (ਧਰਤੀ ਦੀ ਦੇਵੀ) ਤੇ ਭਗਵਾਨ ਗਣੇਸ਼ ਨਾਲ ਜੁੜਿਆ ਹੋਣ ਦੇ ਨਾਲ-ਨਾਲ ਅਨੇਕਾਂ ਧਾਰਮਿਕ ਸਥਾਨਾਂ 'ਤੇ ਦੇਵੀ-ਦੇਵਤਿਆਂ ਨੂੰ ਭੇਟ ਕੀਤਾ ਜਾਂਦਾ ਰਿਹਾ ਹੈ। ਯੂਨਾਨ ਦੇ ਮਿਥਿਹਾਸ ਤੇ ਇਤਿਹਾਸ ਵਿੱਚ ਅਨਾਰ ਦਾ ਜ਼ਿਕਰ ਖ਼ੂਬ ਵੇਖਣ ਨੂੰ ਮਿਲਦਾ ਹੈ। ਮਹਾਨ ਗ੍ਰੰਥ ਕੁਰਾਨ ਵਿੱਚ ਇਹ ਮੰਨਿਆ ਹੈ ਕਿ ਅਨਾਰ ਸਵਰਗ ਦੇ ਬਗ਼ੀਚੇ ਵਿੱਚੋਂ ਆਇਆ ਫ਼ਲ ਹੈ। ਇਸ ਧਰਮ ਨਾਲ ਸਬੰਧਤ ਲੋਕਾਂ ਦਾ ਮੰਨਣਾ ਹੈ ਕਿ ਅਨਾਰ ਦਾ ਘਰ ਵਿੱਚ ਆਉਣਾ/ਲਿਆਉਣਾ ਬਹੁਤ ਸ਼ੁਭ ਹੁੰਦਾ ਹੈ। ਕੁਝ ਲੋਕ ਨਵੇਂ ਸਾਲ ਦੇ ਦਿਨ ਦੀ ਸ਼ੁਰੂਆਤ ਨਾਰੀਅਲ ਵਾਂਗ ਅਨਾਰ ਤੋੜ ਕੇ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜਿੰਨੇ ਬੀਜ ਅਨਾਰ ਵਿੱਚੋਂ ਵੱਧ ਖਿੱਲਰ ਕੇ ਨਿਕਲਣਗੇ, ਓਨਾ ਨਵਾਂ ਸਾਲ ਸ਼ੁਭ ਰਹੇਗਾ। ਸੰਸਾਰ ਦੇ ਕਈ ਧਰਮਾਂ ਵਿੱਚ ਗਰਭਵਤੀ ਔਰਤਾਂ ਨੂੰ ਅਨਾਰ ਦੇ ਫ਼ਲ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ, ਤਾਂ ਜੋ ਨਵਾਂ ਜੀਅ ਸੋਹਣਾ ਤੇ ਸੁਨੱਖਾ ਜਨਮ ਲਵੇ।
ਦੁਨੀਆ 'ਤੇ ਕੁਝ ਲੋਕ ਅਨਾਰ ਨੂੰ ਬੀਜਾਂ ਵਾਲਾ ਸੇਬ ਵੀ ਕਹਿੰਦੇ ਹਨ। ‘ਪੌਮੇਗਰੇਨੇਟ' ਸ਼ਬਦ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਵੇਖਿਆ ਜਾਂਦਾ ਹੈ। ਪੌਮੇਸ ਤੋਂ ਭਾਵ ਸੇਬ ਅਤੇ ਗਰੇਨੇਟਸ ਤੋਂ ਭਾਵ ਬੀਜਾਂ ਵਾਲਾ। ਅਨਾਰ ਦਾ ਵਿਗਿਆਨਕ ਨਾਮ ‘ਪਿਊਨੀਕਾ ਗਰੇਨੇਟਮ' ਹੈ। ਯੂਨਾਨੀ ਭਾਸ਼ਾ ਅਨੁਸਾਰ ‘ਪਿਊਨੀਕਾ' ਸ਼ਬਦ ‘ਪਿਊਨੀਸੀਅਮ' ਤੋਂ ਆਇਆ, ਜਿਸ ਦਾ ਭਾਵ ਲਾਲ ਸੂਹਾ ਰੰਗ ਹੰੁਦਾ ਹੈ, ਜੋ ਫੁੱਲਾਂ ਦੇ ਰੰਗ ਵੱਲ ਸੰਕੇਤ ਕਰਦਾ ਹੈ। ਵਿਸ਼ਵ ਵਿੱਚ ਅਨਾਰਾਂ ਦੀਆਂ ਕੁਝ ਕਿਸਮਾਂ ਦੇ ਫੁੱਲਾਂ ਦਾ ਰੰਗ ਪੀਲਾ ਵੀ ਹੁੰਦਾ ਹੈ। ਪੁਰਾਤਨ ਵੇਲੇ ਤੋਂ ਪੂਰੇ ਵਿਸ਼ਵ ਵਿੱਚ ਕੰਧਾਰ ਅਤੇ ਕਾਬੁਲ ਦੇ ਅਨਾਰਾਂ ਨੂੰ ਉਤਮ ਮੰਨਿਆ ਗਿਆ ਹੈ। ਇਰਾਨ, ਬਲੋਚਿਸਥਾਨ ਤੇ ਅਫ਼ਗਾਨਿਸਤਾਨ ਨੂੰ ਅਨਾਰ ਦੀ ਮੂਲ ਧਰਤੀ ਮੰਨਿਆ ਗਿਆ ਹੈ। ਮੱਧ ਪੂਰਬੀ ਦੇਸ਼ਾਂ ਵਿੱਚ ਆਨਰ ਦੀ ਖੇਤੀ 5000 ਸਾਲ ਤੋਂ ਵੀ ਪੁਰਾਣੇ ਵੇਲਿਆਂ ਤੋਂ ਹੁੰਦੀ ਹੋਣ ਦੇ ਤੱਥ ਮਿਲਦੇ ਹਨ। ਸੰਸਾਰ ਦੇ ਕਈ ਹਿੱਸਿਆਂ ਵਿੱਚ ਅਨਾਰ ਦੇ ਡਬਲ ਫੁੱਲਾਂ ਵਾਲੀਆਂ ਕਿਸਮਾਂ ਨੂੰ ਲਾਲ-ਸੰਧੂਰੀ ਫੁੱਲਾਂ ਦੀ ਖ਼ੂਬਸੂਰਤ ਦਿੱਖ ਕਰਕੇ ਉਗਾਇਆ ਜਾਂਦਾ ਰਿਹਾ ਹੈ। ਕੁਝ ਸ਼ੌਕੀਨ ਲੋਕ ਜਗ੍ਹਾ ਦੀ ਘਾਟ ਜਾਂ ਬੌਨਸਾਈ ਵਿਧੀ ਰਾਹੀਂ ਅਨਾਰ ਗਮਲਿਆਂ ਵਿੱਚ ਉਗਾਉਂਦੇ ਹਨ।
ਅਨਾਰ ਦੇ ਦਾਣੇ ਅਨਾਰ ਦੀ ਮੁੱਖ ਖ਼ੂਬੀ ਮੰਨੀ ਜਾਂਦੀ ਹੈ। ਸਾਡੀਆਂ ਅਨੇਕਾਂ ਸਾਹਿਤਕ ਵੰਨਗੀਆਂ ਵਿੱਚ ਸੋਹਣੀ ਮੁਟਿਆਰ ਦੇ ਸੋਹਣੇ ਦੰਦਾਂ ਦੀ ਤੁਲਨਾ ਅਨਾਰ ਦੇ ਦਾਣਿਆਂ ਨਾਲ ਕੀਤੀ ਨਜ਼ਰ ਆਉਂਦੀ ਹੈ। ਹੀਰ ਵਾਰਿਸ ਸ਼ਾਹ ਵਿੱਚ ਅਜਿਹੀ ਉਦਾਹਰਣ-
ਹੋਂਠ ਸੁਰਖ਼ ਯਾਕੂਤ ਜਿਉਂ ਨਾਲ ਚਮਕਣ,
ਠੋਡੀ ਸੇਊ ਵਿਲਾਇਤੀ ਸਾਰ ਵਿੱਚੋਂ।
ਨੱਕ ਅਲਿਫ ਹੁਸੈਨੀ ਦਾ ਪਿਪਲਾ ਸੀ,
ਜ਼ੁਲਫ ਨਾਗ ਖ਼ਜ਼ਾਨੇ ਦੀ ਬਾਰ ਵਿੱਚੋਂ।
ਦੰਦ ਚੰਬੇ ਦੀ ਲੜੀ ਕਿ ਹੰਸ ਮੋਤੀ,
ਦਾਣੇ ਨਿਕਲੇ ਹੁਸਨ ਅਨਾਰ ਵਿੱਚੋਂ।
ਭਾਰਤ ਵਿੱਚ ਅਨਾਰ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਦੇ ਰਾਜਾਂ ਵਿੱਚ ਕਿਤੇ ਘੱਟ ਤੇ ਕਿਤੇ ਵੱਧ ਨਜ਼ਰ ਆਉਂਦਾ ਹੈ। ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਵਰਗੇ ਪਹਾੜੀ ਰਾਜਾਂ ਵਿੱਚ ਅਨਾਰ ਦੀਆਂ ਜੰਗਲੀ ਕਿਸਮਾਂ ਖ਼ੂਬ ਮਿਲਦੀਆਂ ਹਨ। ਹਿਮਾਲੀਆ ਦੀਆਂ ਹੇਠਲੀਆਂ ਪਹਾੜੀਆਂ ਵਿੱਚ ਜੰਗਲੀ ਅਨਾਰ ਨੂੰ ਦਾੜੂ ਕਿਹਾ ਜਾਂਦਾ ਹੈ। ਜੰਗਲੀ ਕਿਸਮਾਂ ਤੋਂ ਮਿਲੇ ਬੀਜ ਅਨਾਰ ਦਾਣੇ ਦਾ ਮੁੱਖ ਸਰੋਤ ਹੁੰਦੇ ਹਨ, ਜੋ ਸਦੀਆਂ ਤੋਂ ਸਾਡੇ ਰਸੋਈ ਘਰਾਂ ਵਿੱਚ ਕਈ ਖਾਣ ਯੋਗ ਪਦਾਰਥਾਂ ਦੇ ਮਸਾਲੇ ਵਜੋਂ ਵਰਤ ਕੇ ਸਵਾਦ ਚੱਖਿਆ ਜਾਂਦਾ ਹੈ। ਮਹਾਰਾਸ਼ਟਰ ਵਿੱਚ ਅਨਾਰ ਖ਼ੂਬ ਉਗਾਇਆ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਗੁਜਰਾਤ, ਉਤਰ ਪ੍ਰਦੇਸ਼, ਰਾਜਸਥਾਨ, ਕਰਨਾਟਕ ਅਤੇ ਤਾਮਿਲਨਾਡੂ ਵਰਗੇ ਸੂਬਿਆਂ ਵਿੱਚ ਵੀ ਅਨਾਰ ਨੂੰ ਫ਼ਸਲ ਵਜੋਂ ਉਗਾਇਆ ਜਾਂਦਾ ਹੈ। ਅਨਾਰ ਲਈ ਖੁਸ਼ਕ ਅਤੇ ਗਰਮ ਇਲਾਕੇ, ਜਿੱਥੇ ਠੰਢ ਖ਼ੂਬ ਪਵੇ, ਬਿਹਤਰ ਮੰਨੇ ਜਾਂਦੇ ਹਨ। ਲੰਮੇ ਸਮੇਂ ਉਚਾ ਤਾਪਮਾਨ ਵਧੀਆ ਤੇ ਮਿੱਠੇ ਫ਼ਲਾਂ ਲਈ ਢੁਕਵਾਂ ਹੁੰਦਾ ਹੈ। ਸਿੱਲਾ ਮੌਸਮ ਅਨਾਰ ਦੇ ਫ਼ਲਾਂ ਦੀ ਗੁਣਵੱਤਾ ਵਿੱਚ ਕਮੀ ਲਿਆਉਂਦਾ ਹੈ। ਝਾੜੀ-ਨੁਮਾ ਛੋਟੇ ਅਨਾਰ ਦਾ ਇਹ ਰੁੱਖ ਮੈਦਾਨੀ ਇਲਾਕਿਆਂ ਵਿੱਚ ਸਦਾਬਹਾਰ ਵਾਂਗ ਅਤੇ ਬੇਹੱਦ ਠੰਢੇ ਇਲਾਕਿਆਂ ਵਿੱਚ ਪਤਝੜੀ ਰੁੱਖਾਂ ਦੀ ਤਰ੍ਹਾਂ ਵਿਖਾਈ ਦਿੰਦਾ ਹੈ। ਲੰਮੇ ਤੇ ਅੰਡਾਕਾਰ ਜਿਹੇ ਪੱਤੇ ਵਾਲੀਆਂ ਟਾਹਣੀਆਂ ਤੇ ਕਿਤੇ-ਕਿਤੇ ਕੰਡੇ ਵੀ ਵਿਖਾਈ ਦਿੰਦੇ ਹਨ। ਜ਼ਿਆਦਾਤਰ ਫਰਵਰੀ-ਮਾਰਚ ਦੌਰਾਨ ਨਵੇਂ ਤੇ ਕੂਲੇ ਪੱਤੇ ਨਿਕਲਦੇ ਹਨ। ਲਾਲ-ਸੰਧੂਰੀ ਫੁੱਲ ਅਪ੍ਰੈਲ-ਮਈ ਦੇ ਆਸ-ਪਾਸ ਟਹਿਕਦੇ ਹਨ, ਜੋ ਸਮਾਂ ਪਾ ਕੇ ਗੇਂਦਨੁਮਾ ਫ਼ਲਾਂ ਵਿੱਚ ਤਬਦੀਲ ਹੋ ਜਾਂਦੇ ਹਨ। ਸਖ਼ਤ ਛਿੱਲ ਵਾਲੇ ਇਨ੍ਹਾਂ ਫ਼ਲਾਂ ਅੰਦਰ ਲਾਲ-ਗੁਲਾਬੀ ਤੇ ਕਈ ਵਾਰ ਪਾਣੀ ਰੰਗ ਦੇ ਗੁੱਦੇ ਵਾਲੇ ਬੀਜ ਮਿਲਦੇ ਹਨ।
ਪੰਜਾਬ ਵਿੱਚ ਭਗਵਾ, ਗਨੇਸ਼ ਅਤੇ ਕੰਧਾਰੀ ਆਦਿ ਕਿਸਮਾਂ ਮੁੱਖ ਰੂਪ ਵਿੱਚ ਮਿਲਦੀਆਂ ਹਨ, ਜਿਨ੍ਹਾਂ ਨੂੰ ਜਨਵਰੀ ਮਹੀਨੇ ਢੁਕਵੇਂ ਸਥਾਨਾਂ 'ਤੇ ਲਾਇਆ ਜਾਂਦਾ ਹੈ।
ਅਨਾਰ ਨੂੰ ਮੁੱਖ ਰੂਪ ਵਿੱਚ ਚੰਗੀ ਸਿਹਤ ਲਈ ਵਰਤਿਆ ਜਾਂਦਾ ਹੈ। ਕੁਝ ਇਲਾਕਿਆਂ ਵਿੱਚ ਇਸ ਦੇ ਛਿਲਕੇ ਤੋਂ ਚਮੜੇ ਦੀ ਰੰਗਾਈ ਅਤੇ ਖ਼ਾਸ ਕਰਕੇ ਕਸ਼ਮੀਰ ਵੱਲ ਇਸ ਦੇ ਫੁੱਲਾਂ ਦੇ ਲਾਲ-ਸੰਧੂਰੀ ਰੰਗ ਤੋਂ ਕੱਪੜੇ ਰੰਗੇ ਜਾਂਦੇ ਹਨ। ਅਨਾਰ ਦੀਆਂ ਕਿਸਮਾਂ ਅਨੁਸਾਰ ਇਸ ਵਿੱਚ ਮਿਠਾਸ, ਖਟਾਸ ਤੇ ਕੁੜੱਤਣ ਦਾ ਅਨੁਪਾਤ ਵੱਧ-ਘੱਟ ਵੇਖਣ ਨੂੰ ਮਿਲਦਾ ਹੈ।
ਇਹ ਵੈਦਿਕ ਗੁਣਾਂ ਨਾਲ ਭਰਪੂਰ ਫ਼ਲ ਹੈ। ਇਸ ਦੇ ਅਨੇਕਾਂ ਭਾਗਾਂ ਅਤੇ ਖ਼ਾਸ ਕਰਕੇ ਫ਼ਲਾਂ ਤੋਂ ਪੇਟ ਦੇ ਕੀੜੇ, ਬਦਹਜ਼ਮੀ, ਦਸਤ, ਖੂਨ ਦੀ ਕਮੀ, ਮੂੁੰਹ ਦੀ ਬਦਬੋ, ਸਾਹ, ਖਾਂਸੀ, ਨਕਸੀਰ ਫੁੱਟਣ, ਮਿਰਗੀ, ਦਿਲ ਦੇ ਰੋਗਾਂ, ਗੁਰਦਿਆਂ ਦੇ ਰੋਗ, ਅਨੇਕਾਂ ਤਰ੍ਹਾਂ ਦੇ ਦਰਦ, ਕਲੈਸਟਰੋਲ ਦਾ ਵਧਣਾ ਆਦਿ ਅਨੇਕਾਂ ਹੀ ਮਨੁੱਖੀ ਬਿਮਾਰੀਆਂ ਦੇ ਇਲਾਜ ਲਈ ਇਹ ਵਰਤਿਆ ਜਾਂਦਾ ਹੈ। ਅਨਾਰ ਦੇ ਜੂਸ ਨਾਲੋਂ ਵੈਦ ਲੋਕ ਅਨਾਰ ਦੇ ਦਾਣੇ ਖਾਣੇ ਵੱਧ ਬਿਹਤਰ ਮੰਨਦੇ ਹਨ। ਵਿਸ਼ਵ ਦੇ ਕੁਝ ਹਿੱਸਿਆਂ ਵਿੱਚ ਅਨਾਰ ਤੋਂ ਬਣੀ ਸ਼ਰਾਬ ਵੀ ਪਸੰਦ ਕੀਤੀ ਜਾਂਦੀ ਹੈ। ਤੁਰਕੀ ਦੇ ਲੋਕ ਅਨਾਰ ਤੋਂ ਵਿਸ਼ੇਸ਼ ਤੌਰ 'ਤੇ ਚਟਣੀ ਤੇ ਅਨੇਕਾਂ ਹੋਰ ਪਦਾਰਥ ਬਣਾ ਕੇ ਖਾਂਦੇ ਹਨ। ਕੁਝ ਖੋਜਾਂ ਇਸ ਗੱਲ ਦੀ ਗਵਾਹੀ ਵੀ ਭਰਦੀਆਂ ਹਨ ਕਿ ਅਨਾਰ ਦੇ ਸੇਵਨ ਨਾਲ ‘ਟੈਸਟੋਸਟੀਰੋਨ' ਨਾਮੀ ਹਾਰਮੋਨ ਵਿੱਚ ਵਾਧਾ ਹੁੰਦਾ ਅਤੇ ਇਹ ਕਾਮ ਸ਼ਕਤੀ ਵਰਧਕ ਹੁੰਦੇ ਹਨ। ਅਨਾਰ ਦਾ ਵਾਧਾ, ਬੀਜ, ਦਾਬ, ਗੁੱਟੀ ਅਤੇ ਕਲਮ ਰਾਹੀਂ ਕੀਤਾ ਜਾਂਦਾ ਹੈ।
ਕੁਲ ਮਿਲਾ ਕੇ ਅਨਾਰ ਇੱਕ ਬੇਹੱਦ ਗੁਣਕਾਰੀ ਪੌਦਾ ਤੇ ਫ਼ਲ ਹੈ ਜੋ ਮਨੁੱਖ ਲਈ ਅਨੇਕਾਂ ਤਰੀਕਿਆਂ ਰਾਹੀਂ ਸਹਾਈ ਹੋ ਨਿੱਬੜਦਾ ਹੈ। ਪੰਜਾਬ ਵਿੱਚ ਜ਼ਿਆਦਾਤਰ ਅਨਾਰ ਬਾਹਰੋਂ ਆਉਂਦਾ ਹੋਣ ਕਰਕੇ ਫ਼ਲ ਮਹਿੰਗਾ ਮਿਲਦਾ ਹੈ, ਪਰ ਅਸੀਂ ਘਰ ਖਾਣ ਜੋਗੇ ਅਨਾਰ ਆਪਣੀ ਘਰੇਲੂ ਬਗ਼ੀਚੀ ਵਿੱਚੋਂ ਪ੍ਰਾਪਤ ਕਰ ਸਕਦੇ ਹਾਂ।
ਜੀਜਾ ਤੇਰੀ ਬੇਬੇ ਵੇ
ਮੰਗਦੀ ਅਨਾਰ ਕੰਧਾਰੀ,
ਢਿੱਡ ਗੁਹਾਰੇ ਵਰਗਾ ਵੇ
ਫਿਰਦੀ ਐ ਮਾਰੀ-ਮਾਰੀ।

Have something to say? Post your comment