Welcome to Canadian Punjabi Post
Follow us on

28

October 2020
ਨਜਰਰੀਆ

ਨੀ ਧੀਆਂ ਪੁੱਤ ਐੱਫ ਡੀ ਹਨ ਤੇ ਨਾ ਮਾਪੇ ਏ ਟੀ ਐੱਮ

September 08, 2020 09:46 AM

-ਰਾਜਿੰਦਰ ਪਾਲ ਸਿੰਘ ਬਰਾੜ
ਲੋਕ ਕਥਾ ਹੈ-ਗਰਮੀ ਦਾ ਮੌਸਮ ਹੈ, ਤਿੱਖੜ ਦੁਪਹਿਰ। ਪੁਰਾਣੇ ਘਰ ਦੇ ਸਾਹਮਣੇ ਨਵੀਂ ਉਸਾਰੀ ਚੱਲ ਰਹੀ ਹੈ। ਜੁਆਨ ਪੁੱਤ ਧੁੱਪੇ ਖੜ੍ਹਾ ਨਿਗਰਾਨੀ ਕਰ ਰਿਹਾ ਹੈ। ਬਾਪੂ ਪੁਰਾਣੇ ਘਰੋਂ ਅੰਦਰੋਂ ਆਖਦਾ ਹੈ, ਪੁੱਤਰ ਛਾਵੇਂ ਆ ਜਾ, ਕਿਉਂ ਧੁੱਪੇ ਸੜਦਾ ਹੈਂ। ਪੁੱਤਰ ਬਾਪੂ ਦੀ ਗੱਲ ਨਹੀਂ ਗੌਲਦਾ। ਬਾਪੂ ਫਿਰ ਆਖਦਾ ਹੈ, ਪੁੱਤਰ ਥੋੜ੍ਹੀ ਦੇਰ ਛਾਵੇਂ ਆ ਜਾ, ਧੁੱਪ ਬਹੁਤ ਹੈ। ਪੁੱਤਰ ਖਿੱਝ ਕੇ ਆਖਦਾ ਹੈ, ਬਾਪੂ ਚੁੱਪ ਕਰ, ਮੈਨੂੰ ਕੁਝ ਨਹੀਂ ਹੁੰਦਾ। ਕੁਝ ਚਿਰ ਬਾਅਦ ਬਾਪੂ ਆਪਣੇ ਪੋਤਰੇ ਨੂੰ ਗੋਦੀ ਚੁੱਕ ਪੁੱਤਰ ਕੋਲ ਧੁੱਪੇ ਖੜ੍ਹਦਾ ਹੈ। ਜਦੋਂ ਪੁੱਤਰ ਦੀ ਨਿਗਾਹ ਪੈਂਦੀ ਹੈ ਤਾਂ ਚੀਕ ਕੇ ਆਖਦਾ ਹੈ, ‘‘ਬਾਪੂ ਕਮਲਾ ਹੋ ਗਿਆ ਏਂ, ਬੱਚੇ ਨੂੰ ਧੁੱਪੇ ਲੈ ਆਇਆ। ਇਹ ਬਿਮਾਰ ਹੋ ਜਾਊ। ਫੁੱਲ ਭਰ ਜੁਆਕ ਹੈ ਧੁੱਪੇ ਤਾਂ ਮੱਚ ਜਾਊ।”
ਬਾਪੂ ਬੋਲਿਆ, ‘‘ਪੁੱਤਰਾ ਜਦੋਂ ਤੂੰ ਧੁੱਪੇ ਖੜ੍ਹਾ ਸੀ, ਇਉਂ ਹੀ ਮੇਰਾ ਕਾਲਜਾ ਮੱਚਦਾ ਸੀ ਜਿਵੇਂ ਹੁਣ ਤੇਰੇ ਮੱਚਿਆ ਹੈ।” ਇਹ ਲੋਕ ਕਥਾ ਬੜੀ ਪੁਰਾਣੀ ਹੈ, ਪਰ ਹਰ ਯੁੱਗ ਵਿੱਚ ਨਵੇਂ ਅਰਥ ਸਿਰਜਦੀ ਹੈ।
ਮਾਪਿਆਂ ਦਾ ਬੱਚਿਆਂ ਪ੍ਰਤੀ ਵਿਹਾਰ ਪ੍ਰਵਿਰਤੀ ਮੂਲਕ ਹੁੰਦਾ ਹੈ। ਇਸ ਵਿੱਚ ਮਾਪਿਆਂ ਦਾ ਵੱਸ ਨਹੀਂ ਹੁੰਦਾ। ਇਹ ਕੁਦਰਤੀ, ਜੀਵ ਵਿਗਿਆਨਕ ਅਤੇ ਅਨੁਵੰਸ਼ਿਕ ਹੈ। ਇਹ ਸਿਖਾਉਣਾ ਨਹੀਂ ਪੈਂਦਾ। ਇਹ ਜੀਵ ਵਿਕਾਸ ਦਾ ਸਹਿਜ ਸਿੱਟਾ ਹੈ। ਇਸ ਦੇ ਉਲਟ ਬੱਚੇ ਮਾਪਿਆਂ ਦਾ ਧਿਆਨ ਰੱਖਣ, ਇਹ ਸਮਾਜਕ ਵਿਹਾਰ ਹੈ। ਇਹ ਮਾਪਿਆਂ, ਸਮਾਜ ਵੱਲੋਂ ਬੱਚਿਆਂ ਨੂੰ ਕੋਸ਼ਿਸ਼ ਨਾਲ ਸਿਖਾਇਆ ਜਾਂਦਾ ਹੈ। ਹਾਂ, ਇਹ ਬੱਚੇ ਆਪਣੇ ਬੱਚਿਆਂ ਦਾ ਧਿਆਨ ਆਪਣੇ ਮਾਪਿਆਂ ਵਾਂਗ ਰੱਖਦੇ ਹਨ। ਇਹ ਬੜੀ ਸਿੱਧੀ ਤੇ ਚਿੱਟੇ ਦਿਨ ਵਾਂਗ ਸਪੱਸ਼ਟ ਗੱਲ ਹੈ, ਪਰ ਬਹੁਤਿਆਂ ਦਾ ਮੰਨਣ ਨੂੰ ਜੀਅ ਨਹੀਂ ਕਰਦਾ। ਇਸੇ ਲਈ ਪਿੱਛੇ ਜਿਹੇ ਪੰਜਾਬ ਵਿੱਚ ਧੀਆਂ ਪੁੱਤਾਂ ਵੱਲੋਂ ਮਾਂ ਨੂੰ ਨਾਂ ਸੰਭਾਲਣ ਕਰ ਕੇ ਆਲੋਚਨਾ ਹੀ ਨਹੀਂ ਹੋਈ, ਸਗੋਂ ਮੀਡੀਆ ਵਿੱਚ ਖਬਰਾਂ ਦਾ ਹੜ੍ਹ ਆ ਗਿਆ ਤੇ ਲੋਕ ਲਾਹਨਤਾਂ ਪਾਉਣ ਲੱਗੇ।
ਜਾਨਵਰ ਜਗਤ ਵਿੱਚ ਨਜ਼ਰ ਮਾਰੀਏ ਤਾਂ ਪੰਛੀਆਂ ਤੋਂ ਲੈ ਕੇ ਥਣਧਾਰੀਆਂ ਤੱਕ ਮਾਪੇ ਬੱਚਿਆਂ ਨੂੰ ਚੋਗ ਦਿੰਦੇ ਹਨ, ਦੁੱਧ ਚੁੰਘਾਉਂਦੇ ਹਨ, ਪਰ ਜਾਨਵਰ ਜਗਤ ਵਿੱਚ ਕਿਤੇ ਵੀ ਬੱਚੇ ਬੁੱਢੇ ਮਾਪਿਆਂ ਨੂੰ ਨਹੀਂ ਪਾਲਦੇ। ਅਸਲ ਵਿੱਚ ਕੁਦਰਤੀ ਜੀਵ ਵਿਕਾਸ ਵਿੱਚ ਮਾਪੇ ਉਸ ਸਮੇਂ ਤੱਕ ਹੀ ਜਿਉਂਦੇ ਰਹਿੰਦੇ ਹਨ, ਜਦੋਂ ਤੱਕ ਉਹ ਔਲਾਦ ਪੈਦਾ ਕਰਦੇ ਹਨ, ਆਪਣਾ ਭੋਜਨ ਆਪ ਤਲਾਸ਼ ਲੈਂਦੇ ਹਨ ਅਤੇ ਹਰ ਪੱਖੋਂ ਤੰਦਰੁਸਤ ਹੁੰਦੇ ਹਨ। ਮਨੁੱਖ ਦੀ ਉਮਰ ਬੜੀ ਲੰਮੀ ਹੁੰਦੀ ਹੈ। ਉਹ ਜੀਵ ਵਿਗਿਆਨਕ ਤੌਰ 'ਤੇ ਔਲਾਦ ਪੈਦਾ ਕਰਨ ਦੇ ਯੋਗ ਨਹੀਂ ਰਹਿੰਦਾ, ਸਰੀਰਕ ਸ਼ਕਤੀ ਘਟ ਜਾਂਦੀ ਹੈ, ਪਰ ਅਜੇ ਆਪਣੇ ਜੋਗਾ ਭੋਜਨ ਪੈਦਾ ਕਰ ਸਕਦਾ ਹੈ, ਆਪਣਾ ਜੋੜਿਆ ਖਾ ਸਕਦਾ ਹੈ, ਹੋਰ ਤਾਂ ਹੋਰ ਆਪਣੇ ਪ੍ਰਵਿਰਤੀ ਮੂਲਕ ਕਾਰਨਾਂ ਕਰ ਕੇ ਉਹ ਔਲਾਦ ਦੀ ਪਾਲਣਾ ਵੀ ਕਰਦਾ ਰਹਿੰਦਾ ਹੈ, ਜਿਸ ਨੂੰ ਉਹ ਮੋਹ ਆਖਦਾ ਹੈ।
ਇਸ ਵਰਤਾਰੇ ਦਾ ਇੱਕ ਹੋਰ ਪੱਖ ਵੀ ਹੈ ਕਿ ਮਨੁੱਖ ਤੋਂ ਬਗੈਰ ਬਾਕੀ ਜਾਨਵਰਾਂ ਦੇ ਬੱਚੇ ਇੱਕ ਦੋ ਦਿਨਾਂ, ਹੱਦ ਮਹੀਨੇ ਵਿੱਚ ਪੈਰਾਂ ਸਿਰ ਹੋ ਜਾਂਦੇ ਹਨ। ਰਾਤ ਨੂੰ ਸਈਆਂ ਮੱਝਾਂ ਦੇ ਕੱਟਰੂ ਸਵੇਰ ਤੱਕ ਤੁਰੇ ਫਿਰਦੇ ਹੁੰਦੇ ਹਨ। ਪੰਛੀਆਂ ਦੇ ਬੱਚੇ ਦਸ ਪੰਦਰਾਂ ਦਿਨਾਂ ਵਿੱਚ ਉਡਾਰ ਹੋ ਜਾਂਦੇ ਹਨ। ਮਨੁੱਖੀ ਬੱਚੇ ਬੜੀ ਦੇਰ ਨਾਲ ਆਪਣਾ ਆਪ ਸੰਭਾਲਣਾ ਸਿੱਖਦੇ ਹਨ। ਬਹੁਤੇ ਦੇਸ਼ਾਂ ਦੇ ਕਾਨੂੰਨਾਂ ਅਨੁਸਾਰ 18 ਤੋਂ 21 ਸਾਲ ਤੱਕ ਉਹ ਕਾਨੂੰਨੀ ਤੌਰ 'ਤੇ ਵੀ ਮਾਪਿਆਂ 'ਤੇ ਆਸ਼ਰਿਤ ਸਮਝੇ ਜਾਂਦੇ ਹਨ। ਏਨੇ ਲੰਮੇ ਸਮੇਂ ਦੀ ਸਾਂਭ ਸੰਭਾਲ ਨਾਲ ਸਾਡੇ ਮਾਨਵੀ ਰਿਸ਼ਤੇੇ ਬਣਦੇ ਹਨ। ਭਾਵਾਤਮਿਕ ਲਗਾਓ ਪੈਦਾ ਹੁੰਦਾ ਹੈ। ਬੱਚੇ ਮਾਪਿਆਂ ਨੂੰ ਆਪਣੇ ਲਈ ਸਭ ਕੁਝ ਕਰਦਾ ਦੇਖਦੇ ਹਨ। ਮਾਪਿਆਂ ਵੱਲੋਂ ਸਿਖਿਆ, ਕਾਨੂੰਨ ਅਤੇ ਸਮਾਜਕ ਦਬਾਅ ਰਾਹੀਂ ਮਾਪਿਆਂ ਪ੍ਰਤੀ ਫਰਜ਼ ਦੇ ਸੰਕਲਪ ਦਾ ਬੀਜ ਬੀਜਿਆ ਜਾਂਦਾ ਹੈ। ਧਿਆਨ ਦੇਣ ਵਾਲਾ ਨੁਕਤਾ ਹੈ ਕਿ ਫਰਜ਼ ਪ੍ਰਵਿਰਤੀ ਮੂਲਕ ਨਹੀਂ, ਮਨੋਵਿਗਿਆਨਕ, ਸਮਾਜਕ ਘਾੜਤ ਹੈ। ਆਮ ਹਾਲਤਾਂ ਵਿੱਚ ਸਭ ਕੁਝ ਠੀਕ ਠਾਕ ਚੱਲਦਾ ਹੈ, ਪਰ ਖਾਸ ਹਾਲਤਾਂ ਵਿੱਚ ਕੁਦਰਤੀ ਆਫਤਾਂ ਤੇ ਜੰਗਾਂ ਯੁੱਧਾਂ ਸਮੇਂ ਇਹ ਫਰਜ਼ ਝਿਲਾ ਪੈ ਜਾਂਦਾ ਹੈ। ਸਭ ਤੋਂ ਨਾ ਮੰਨਣ ਯੋਗ ਗੱਲ ਤਾਂ ਇਹ ਜਾਪਦੀ ਹੈ ਕਿ ਅਜਿਹੇ ਸਮੇਂ ਮਾਪਿਆਂ ਅੰਦਰ ਵੀ ਸੰਤਾਨ ਬਚਾਉਣ ਦੀ ਸ਼ਕਤੀਸ਼ਾਲੀ ਜੀਵਾਤਮਕ ਪ੍ਰਵਿਰਤੀ ਢਿੱਲੀ ਪੈ ਜਾਂਦੀ ਹੈ ਤੇ ਆਪਾ ਬਚਾਊ ਪ੍ਰਵਿਰਤੀ ਅੱਗੇ ਆ ਜਾਂਦੀ ਹੈ।
ਆਖਿਆ ਜਾਂਦਾ ਹੈ ਕਿ ਮੁਸ਼ਕਲ ਸਮੇਂ ਤਾਂ ਪੁੱਤਾਂ ਨੂੰ ਮਾਵਾਂ ਵੀ ਨਹੀਂ ਸਿਆਣਦੀਆਂ। ਦੇਸ਼ ਵੰਡ ਸਮੇਂ ਦੰਗਈਆਂ ਤੋਂ ਲੁਕੀਆਂ ਮਾਵਾਂ ਵੱਲੋਂ ਰੋਂਦੇ ਬਾਲਾਂ ਦੇ ਗਲਾ ਘੁੱਟਣ ਦੀਆਂ ਕਹਾਣੀਆਂ ਮਿਲਦੀਆਂ ਹਨ। ਜੰਗ ਸਮੇਂ ਸਰੱਹੋਦੋਂ ਭੱਜਦੇ ਪੁੱਤਰ ਫਰਜ਼ਾਂ ਦੀ ਪੂਰਤੀ ਕਰਦੇ ਅਪਾਹਜ ਮਾਵਾਂ ਨੂੰ ਮੋਢਿਆਂ 'ਤੇ ਚੁੱਕ ਲੈਂਦੇ ਹਨ, ਪਰ ਅਖੀਰ ਵਿੱਚ ਸਾਹ ਸੱਤਹੀਣ ਹੋਏ ਤੋਪਾਂ ਦੇ ਗੋਲਿਆਂ ਤੋਂ ਡਰਦੇ ਕਈ ਵਾਰ ਮਾਵਾਂ ਨੂੰ ਸੁੱਟ ਕੇ ਭੱਜ ਲੈਂਦੇ ਹਨ। ਸਾਹਿਤ ਵਿੱਚ ਅਜਿਹੀਆਂ ਬਹੁਤ ਕਹਾਣੀਆਂ ਹਨ।
ਇੱਕ ਲੋਕ ਕਥਾ ਬਿਆਨਦੀ ਹੈ ਕਿ ਪਹਿਲਾਂ ਮਾਪਿਆਂ ਦੇ ਜਿਊਂਦਿਆਂ ਸੰਤਾਨ ਨਹੀਂ ਮਰਦੀ ਸੀ, ਪਰ ਇੱਕ ਵਾਰ ਗਧੀ ਦਾ ਬੱਚਾ ਖੂਹ ਵਿੱਚ ਡਿੱਗ ਪਿਆ। ਗਧੀ ਨੇ ਆਲੇ ਦੁਆਲੇ ਹੀਂਗ ਪਾਈ, ਪਰ ਉਹ ਮਗਰ ਖੂਹ ਵਿੱਚ ਨਾ ਡਿੱਗੀ। ਜੇ ਡਿੱਗ ਪੈਂਦੀ ਤਾਂ ਕਹਿੰਦੇ, ਰੱਬ ਨੇ ਕਦੇ ਮਾਪਿਆਂ ਨੂੰ ਸੰਤਾਨ ਮਰਨ ਦਾ ਦੁੱਖ ਨਹੀਂ ਦਿਖਾਉਣਾ ਸੀ। ਇਥੇ ਵਿਚਾਰੀ ਗਧੀ ਤਾਂ ਐਵੇਂ ਹੀ ਲੋਕ ਮਨ ਦੇ ਅੜਿੱਕੇ ਆ ਗਈ। ਅਸਲ ਵਿੱਚ ਸਾਡੀ ਇੱਛਾ ਹੈ ਕਿ ਮਾਪਿਆਂ ਦੇ ਹੁੰਦੇ ਸੰਤਾਨ ਨਾ ਮਰੇ, ਪਰ ਕਦੇ ਕਦਾਈਂ ਮਰ ਜਾਂਦੀ ਹੈ, ਇਸ ਲਈ ਇਹ ਮੁੱਢ ਕਥਾ ਬਣ। ਵੈਸੇ ਮਾਪੇ ਕਦੇ ਕੁਮਾਪੇ ਨਹੀਂ ਹੁੰਦੇ, ਪੁੱਤ ਕਪੁੱਤ ਭਾਵੇਂ ਹੋ ਜਾਣ, ਪਰ ਮਾਪਿਆਂ ਦੀ ਸੇਵਾ ਕਰਦਿਆਂ ਜਾਂ ਉਨ੍ਹਾਂ ਦੀ ਇੱਛਾ ਦਾ ਸਤਿਕਾਰ ਕਰਦਿਆਂ ਔਲਾਦ ਦੇ ਹੀ ਮਹਾਂਕਾਵਿ ਬਣਦੇ ਹਨ। ਸ਼ਾਂਤਨੂੰ ਦੀ ਕਾਮ ਇੱਛਾ ਦੀ ਪੂਰਤੀ ਲਈ ਭੀਸ਼ਮ ਨੇ ਤਾ-ਉਮਰ ਬ੍ਰਹਮਚਾਰੀ ਰਹਿਣ ਦਾ ਪ੍ਰਣ ਲਿਆ ਸੀ। ਇਸੇ ਕਰ ਕੇ ਮਹਾਂਭਾਰਤ ਦਾ ਕਿੱਸਾ ਬਣਿਆ, ਨਹੀਂ ਤਾਂ ਕਹਾਣੀ ਹੋਰ ਰੂਪ ਤੁਰਨੀ ਸੀ। ਸ਼ਾਇਦ ਬਣਦੀ ਨਾ ਅਤੇ ਜੇ ਬਣਦੀ ਤਾਂ ਸੁਣਾਉਣ ਯੋਗ ਨਾ ਰਹਿੰਦੀ। ਇਸੇ ਤਰ੍ਹਾਂ ਸਰਵਣ ਪੁੱਤਰ ਅੰਨ੍ਹੇ ਮਾਪਿਆਂ ਦੀ ਤੀਰਥ ਯਾਤਰਾ ਦੀ ਇੱਛਾ ਪੂਰਤੀ ਕਰਦਿਆਂ ਭੁਲੇਖੇ ਵੱਸ ਦਸ਼ਰਥ ਦੇ ਤੀਰ ਦਾ ਸ਼ਿਕਾਰ ਹੋਇਆ ਤਾਂ ਰਾਮਾਇਣ ਦਾ ਜਨਮ ਹੁੰਦਾ ਹੈ। ਮਾਪੇ ਜੋ ਕੁਝ ਵੀ ਔਲਾਦ ਲਈ ਕਰਦੇ ਜਾਂ ਕਰ ਸਕਦੇ ਹਨ, ਉਹ ਸਹਿਜ ਹੈ, ਪਰ ਜਦੋਂ ਔਲਾਦ ਆਪਣੀਆਂ ਸੀਮਾਵਾਂ ਤੋਂ ਬਾਹਰ ਜਾ ਕੇ ਮਾਪਿਆਂ ਦਾ ਕਰਦੀ ਹੈ ਤਾਂ ਮਹਾਂਕਾਵਿ ਦਾ ਜਨਮ ਹੁੰਦਾ ਹੈ।
ਇੱਕ ਹੋਰ ਗੱਲ ਸਪੱਸ਼ਟ ਹੋਣੀ ਚਾਹੀਦੀ ਹੈ ਕਿ ਜੇ ਮਨੁੱਖ ਅੱਜ ਕੁੱਲ ਦੀਨ ਦੁਨੀਆ ਦਾ ਮਾਲਕ ਬਣਿਆ ਫਿਰਦਾ ਹੈ ਤਾਂ ਇਸ ਪਿੱਛੇ ਉਸ ਦੀ ਸੰਤਾਨ ਲਈ ਘਾਲੀ ਘਾਲਣਾ ਹੈ, ਮੋੜਵੇਂ ਰੂਪ ਵਿੱਚ ਉਸ ਨੂੰ ਆਸ ਹੈ ਕਿ ਸੰਤਾਨ ਵੀ ਉਸ ਦਾ ਖਿਆਲ ਰੱਖੇਗੀ। ਸਦੀਆਂ ਤੋਂ ਬਹੁ-ਗਿਣਤੀ ਸੰਤਾਨ ਰੱਖਦੀ ਵੀ ਆਈ ਹੈ। ਜੇ ਬਚਪਨ ਵਿੱਚ ਬੱਚੇ ਨੂੰ ਆਪਣੇ ਆਪ ਖਾਣ, ਕਮਾਉਣ, ਸੰਭਾਲ ਕਰਨ ਲਈ ਛੱਡ ਦਿੱਤਾ ਜਾਂਦਾ ਤਾਂ ਉਸ ਕੋਲ ਅੱਜ ਜਿੰਨੀਆਂ ਵਸਤਾਂ, ਸੰਦ, ਮਹਿਲ, ਗਿਆਨ, ਹੁਨਰ ਅਤੇ ਸਮਰੱਥਾਵਾਂ ਨਹੀਂ ਹੋਣੀਆਂ ਸੀ। ਉਸ ਨੇ ਜਾਨਵਰਾਂ ਦੀ ਪੱਧਰ 'ਤੇ ਵੱਧ ਤੋਂ ਵੱਧ ਆਪਣੇ ਪੂਰਵਜ ਵਣਮਾਨਸਾਂ ਦੀ ਪੱਧਰ 'ਤੇ ਰਹਿਣਾ ਸੀ। ਮਾਪਿਆਂ ਅੰਦਰ ਸੰਤਾਨ 'ਤੇ ਲਾਇਆ ਧਿਆਨ ਤੇ ਸਮਾਂ ਵੀ ਸਮਾਜਕ ਹੈ ਅਤੇ ਮੋੜਵੇਂ ਰੂਪ ਵਿੱਚ ਮਾਪਿਆਂ ਦੀ ਬੱਚਿਆਂ ਵੱਲੋਂ ਸੰਭਾਲ ਵੀ ਸਮਾਜਕ ਹੈ। ਜਦੋਂ ਇਹ ਸੰਤੁਲਨ ਵਿਗੜਦਾ ਹੈ ਤਾਂ ਦੁਖਾਂਤ ਪੈਦਾ ਹੁੰਦਾ ਹੈ। ਇੱਕ ਪਾਸੇ ਮਾਪੇ ਬੱਚਿਆਂ ਨੂੰ ਐਫ ਡੀ ਸਮਝਣ ਲੱਗ ਪੈਂਦੇ ਹਨ ਅਤੇ ਆਪਣੇ ਨਿਵੇਸ਼ ਕੀਤੇ ਸਮੇਂ ਅਤੇ ਪੈਸੇ ਦਾ ਹਿਸਾਬ ਮੰਗਦੇ ਹਨ। ਆਪਣੀਆਂ ਅਪੂਰਨ ਰਹੀਆਂ ਖਾਹਿਸ਼ਾਂ ਬੱਚਿਆਂ 'ਤੇ ਥੋਪਦੇ ਹਨ। ਬੱਚਿਆਂ ਨੂੰ ਕਲੋਨ ਬਣਾਉਣਾ ਚਾਹੁੰਦੇ ਹਨ। ਦੂਜੇ ਪਾਸੇ ਬੱਚੇ ਆਪਣੀ ਜ਼ਿੰਦਗੀ ਜਿਊਣੀ ਚਾਹੰੁਦੇ ਹਨ। ਆਧੁਨਿਕ ਸਮਕਾਲੀ ਪੰਜਾਬੀ ਸਮਾਜ ਵਿੱਚ ਦੋ ਪੀੜ੍ਹੀਆਂ ਦਾ ਟਕਰਾਅ ਵਿਆਹ ਸਮੇਂ ਪੈਦਾ ਹੁੰਦਾ ਹੈ। ਬੱਚੇ ਪਿਆਰ ਪਿੱਛੇ ਮਨਮਰਜ਼ੀ ਚਾਹੁੰਦੇ ਹਨ, ਜਦੋਂ ਕਿ ਮਾਪੇ ਆਪਣੀ ਅਕਲ, ਤਜਰਬੇ ਅਤੇ ਹਊਮੈ ਅਧੀਨ ਇਸ ਨੂੰ ਵਪਾਰਕ ਕਾਰੋਬਾਰ ਵਜੋਂ ਦੇਖਦੇ ਹਨ। ਇਸ ਤੋਂ ਇਲਾਵਾ ਕਿੱਤਾ ਚੋਣ ਅਤੇ ਹੋਰ ਕਾਰੋਬਾਰੀ ਮਸਲੇ ਵੀ ਪੀੜ੍ਹੀ ਨਜ਼ਰੀਏ ਕਾਰਨ ਝਗੜਿਆਂ ਦੇ ਬਾਇਸ ਬਣਦੇ ਹਨ। ਪਿਓ-ਪੁੱਤਰ, ਮਾਂ-ਧੀ, ਮਾਂ-ਪੁੱਤ ਤੇ ਪਿਓ-ਧੀ ਦੇ ਝਗੜੇ ਅਲੋਕਾਰੀ ਜਾਪਦੇ ਹਨ ਜਦੋਂ ਕਿ ਨੂੰਹ-ਸੱਸ, ਸਹੁਰਾ-ਜਵਾਈ ਸਾਧਾਰਨ ਜਾਪਦੇ ਹਨ। ਪਿਓ-ਪੁੱਤਰ ਦੇ ਝਗੜੇ ਵਿੱਚੋਂ ਹੀ ਪੱਛਮ ਵਿੱਚ ਇੰਡੀਪਸ ਕੰਪਲੈਕਸ ਬਣਦਾ ਹੈ।
ਹਰ ਯੁੱਗ ਵਿੱਚ ਇਹ ਰਿਸ਼ਤੇ ਤਣਾਓ ਵਿੱਚ ਆਉਂਦੇ ਰਹੇ ਹਨ। ਆਧੁਨਿਕ ਯੁੱਗ ਵਿੱਚ ਇਹ ਤਣਾਅ ਵਧ ਗਿਆ। ਇਸ ਦਾ ਇੱਕ ਕਾਰਨ ਇਹ ਹੈ ਕਿ ਲਿਪੀ, ਪੁਸਤਕ ਅਤੇ ਰਸਮੀ ਸਿਖਿਆ ਤੋਂ ਪਹਿਲਾਂ ਮਾਪੇ ਬੱਚਿਆਂ ਦੇ ਉਸਤਾਦ ਵੀ ਸਨ, ਉਹ ਹੁਨਰ ਸਿਖਾਉਂਦੇ ਸਨ। ਪਿਛਲੀ ਉਮਰੇ ਭਾਵੇਂ ਉਨ੍ਹਾਂ ਦੀ ਸਰੀਰਕ ਸਮਰੱਥਾ ਘੱਟ ਜਾਂਦੀ ਸੀ, ਪਰ ਉਨ੍ਹਾਂ ਦਾ ਅਨੁਭਵੀ ਗਿਆਨ ਤੇ ਹੁਨਰ ਬੜਾ ਵੱਧ ਜਾਂਦਾ ਸੀ। ਔਲਾਦ ਹਰ ਗੱਲ ਮਾਪਿਆਂ ਤੋਂ ਪੁੱਛ ਕੇ ਕਰਦੀ ਸੀ। ਉਹ ਮਾਪਿਆਂ ਦੀ ਦੇਣਦਾਰ ਸੀ, ਉਨ੍ਹਾਂ ਦਾ ਸਤਿਕਾਰ ਸੀ। ਜਦੋਂ ਲਿਪੀ ਪੁਸਤਕਾਂ ਤੇ ਰਸਮੀ ਸਿੱਖਿਆ ਗਈ ਤਾਂ ਬਹੁਤ ਖੇਤਰਾਂ ਵਿੱਚ ਧੀਆਂ ਪੁੱਤਰਾਂ ਦਾ ਗਿਆਨ ਨਾ ਕੇਵਲ ਮਾਪਿਆਂ ਤੋਂ ਵੱਧ ਗਿਆ, ਮੁਹਾਰਤ ਵੀ ਵਧ ਗਈ, ਨਵੀਆਂ ਤਕਨੀਕਾਂ ਅੱਗੇ ਰਵਾਇਤੀ ਗਿਆਨ ਅਨੁਭਵ ਤੇ ਅਭਿਆਸ ਬੇਮਾਅਨਾ ਹੋ ਗਿਆ। ਗੂਗਲ ਬਾਬੇ ਨੇ ਸਾਰੇ ਬਾਬੇ ਫੇਲ੍ਹ ਕਰ ਦਿੱਤੇ। ਅਜੋਕੀ ਪੀੜ੍ਹੀ ਲਈ ਸਲਾਹ ਲੈਣ ਲਈ ਬਰਾਤ ਜਾਂਦਿਆਂ ਬਾਬਾ ਟਰੰਕ ਵਿੱਚ ਪਾ ਕੇ ਲਿਜਾਣ ਦੀ ਥਾਂ ਮੋਬਾਈਲ ਜੇਬ ਵਿੱਚ ਪਾਉਣਾ ਸੌਖਾ ਹੈ।
ਕੁਝ ਵਸਤ ਵਰਤਾਰਿਆਂ ਨੂੰ ਅਸੀਂ ਪੱਛਮੀ ਆਖ ਕੇ ਭੰਡਦੇ ਹਾਂ, ਜਿਵੇਂ ਓਲਡ ਏਜ਼ ਹੋਮ (ਬਿਰਧ ਆਸ਼ਰਮ) ਭਾਵੇਂ ਉਹ ਪੱਛਮ ਦੀਆਂ ਲੋੜਾਂ ਵਿੱਚੋਂ ਨਿਕਲੇ ਹਨ। ਵੈਸੇ ਭਾਰਤੀ ਪਰੰਪਰਾ ਅਨੁਸਾਰ ਬਾਣਪ੍ਰਸਤ ਤੇ ਸੰਨਿਆਸ ਕੀ ਸਨ? ਇਹ ਬਿਰਧਾਂ ਦੀ ਜੀਵਨ ਕਟੀ ਦਾ ਢੰਗ ਹੀ ਸੀ। ਕੈਨੇਡਾ ਵਸਦਾ ਇੱਕ ਕਹਾਣੀਕਾਰ ਸਾਨੂੰ ਇਹ ਸੁਝਾਉਂਦਾ ਹੈ ਕਿ ਬਿਰਧ ਘਰ ਜਿੱਥੇ ਹਾਣ ਮਿਲਦਾ ਹੋਵੇ, ਇਕੱਲਤਾ ਨਾ ਸਤਾਉਂਦੀ ਹੋਵੇ, ਡਾਕਟਰੀ ਸਹੂਲਤ ਛੇਤੀ ਪਹੁੰਚਦੀ ਹੋਵੇ, ਖਾਣ ਪੀਣ ਨੂੰ ਚੰਗਾ ਚੌਖਾ ਮਿਲਦਾ ਹੋਵੇ, ਨਿੱਜੀ ਮਨੋਰੰਜਨ ਸਾਧਨਾਂ ਦੇ ਨਾਲ ਸਾਂਝੇ ਸਾਧਨ ਹੋਣ, ਠੱਗ, ਚੋਰ ਡਾਕੂਆਂ ਤੋਂ ਸੁਰੱਖਿਆ ਮਿਲਦੀ ਹੋਵੇ ਤਾਂ ਬਿਰਧ ਘਰ ਕੀ ਮਾੜੇ ਹਨ? ਘਰ ਦੇ ਹਨੇਰੇ ਕੋਨਿਆਂ ਵਿੱਚ ਦਿਲ ਦਾ ਦੌਰਾ ਪੈ ਕੇ ਮਰਨ ਦੀ ਥਾਵੇਂ ਬਿਰਧ ਘਰ ਚੰਗੇ ਹਨ। ਭਾਰਤ ਵਿੱਚ ਹੋ ਸਕਦਾ ਹੈ ਕਿ ਅਜਿਹੇ ਬਿਰਧ ਘਰਾਂ ਦੇ ਪ੍ਰਬੰਧ ਸੁਧਾਰਨ ਦੀ ਲੋੜ ਹੈ, ਪਰ ਭਾਰਤੀ ਪਰੰਪਰਾ ਅਜੇ ਵੀ ਟੋਕਰੇ ਦੀ ਮਿੱਥ ਵਿੱਚੋਂ ਨਹੀਂ ਨਿਕਲੀ। ਕਥਾ ਇੰਝ ਹੈ ਕਿ ਇੱਕ ਵਾਰ ਇੱਕ ਪੁੱਤਰ ਆਪਣੇ ਬਾਪ ਤੋਂ ਤੰਗ ਆ ਕੇ ਉਸ ਨੂੰ ਜੰਗਲ ਵਿੱਚ ਛੱਡਣ ਲਈ ਟੋਕਰੇ ਵਿੱਚ ਬਿਠਾ ਕੇ ਲਿਜਾਣ ਲੱਗਾ ਹੈ ਤਾਂ ਪੋਤਰਾ ਆਖਦਾ ਹੈ, ਡੈਡੀ ਟੋਕਰਾ ਵਾਪਸ ਲੈ ਆਉਣਾ, ਇੱਕ ਦਿਨ ਮੈਨੂੰ ਵੀ ਚਾਹੀਦਾ ਹੋਵੇਗਾ। ਜਿਵੇਂ ਕਥਾਵਾਂ ਵਿੱਚ ਹੁੰਦਾ ਹੈ, ਇਹ ਸੁਣਨ ਸਾਰ ਡੈਡੀ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ। ਮੈਨੂੰ ਪਿਛਲੇ ਦਿਨੀਂ ਵਟਸਐਪ 'ਤੇ ਇਸ ਦਾ ਇੱਕ ਨਵਾਂ ਰੂਪ ਵੀ ਮਿਲਿਆ। ਬੇਟਾ ਆਖਦਾ ਹੈ ਡੈਡੀ ਤੁਸੀਂ ਘਰ ਜਿੱਥੇ ਮਰਜ਼ੀ ਬਣਾ ਲਵੋ, ਮੈਂ ਆਪਣਾ ਘਰ ਬਿਰਧ ਆਸ਼ਰਮ ਦੇ ਨੇੜੇ ਬਣਾਵਾਂਗਾ, ਤੁਹਾਡੇ ਵਾਂਗ ਤੜਫਣਾ ਨਹੀਂ ਪਵੇਗਾ, ਜਦੋਂ ਜੀਅ ਕੀਤਾ, ਤੁਹਾਨੂੰ ਮਿਲ ਲਿਆ ਕਰਾਂਗਾ।
ਜਦੋਂ ਤੋਂ ਜਾਇਦਾਦ ਪੈਦਾ ਹੋਈ ਹੈ, ਉਸ ਸਮੇਂ ਤੋਂ ਜਾਇਦਾਦ ਵੀ ਬਜ਼ੁਰਗਾਂ ਦਾ ਹਥਿਆਰ ਬਣੀ ਹੋਈ ਹੈ, ਜੋ ਕਈ ਵਾਰ ਉਸ ਨੂੰ ਖੁਦ ਜ਼ਖਮੀ ਕਰ ਦਿੰਦੀ ਹੈ। ਜਾਇਦਾਦ ਤੋਂ ਬੇਦਖਲ ਕਰਨ ਦਾ ਡਰਾਵਾ ਸੰਤਾਨ ਨੂੰ ਨਾਲ ਜੋੜੀ ਰੱਖਦਾ ਹੈ। ਅੱਜਕੱਲ੍ਹ ਅਜਿਹੇ ਕਾਨੂੰਨ ਵੀ ਬਣਨ ਲੱਗੇ ਹਨ ਕਿ ਕਮਾਊ ਸੰਤਾਨ ਲਈ ਲਾਜ਼ਮੀ ਹੋਵੇ ਕਿ ਮਾਪਿਆਂ ਦਾ ਖਰਚ ਅਦਾ ਕਰੇ। ਇਹ ਕੇਸ ਵੀ ਕਿਸੇ ਆਮ ਆਦਮੀ ਨੇ ਨਹੀਂ, ਸਗੋਂ ਸੇਵਾਮੁਕਤ ਜੱਜ ਨੇ ਆਪਣੀ ਆਈ ਏ ਐਸ ਧੀ ਉਤੇ ਕੀਤਾ ਸੀ। ਹਿਊਮਨ ਕੰਪਿਊਟਰ ਵਜੋਂ ਜਾਣੀ ਜਾਂਦੀ ਪ੍ਰਸਿੱਧ ਹਿਸਾਬਦਾਨ ਸ਼ਕੁੰਤਲਾ ਦੇਵੀ ਦੀ ਧੀ ਨੇ ਉਸ ਉਪਰ ਕੇਸ ਕੀਤਾ ਸੀ। ਫਿਲਮ ਵਿੱਚ ਤਾਂ ਸੁਖਾਵਾਂ ਅੰਤ ਹੋ ਜਾਂਦਾ ਹੈ, ਪਰ ਸਮਝਣ ਵਾਲੀ ਗੱਲ ਹੈ ਕਿ ਇਹ ਸਾਰੇ ਮਸਲੇ ਕਾਨੂੰਨ ਤੋਂ ਉਪਰ ਹਨ। ਇਹ ਜੀਵਾਤਮਕ ਹੋਣ ਦੇ ਨਾਲ ਭਾਵਾਤਮਿਕ ਵੀ ਹਨ।
ਇਹ ਇਨਸਾਨ ਹੋਣ ਦੀ ਨਿਸ਼ਾਨੀ, ਕਸਵੱਟੀ ਅਤੇ ਮੁੱਲ ਹੈ ਜੋ ਦੋਵਾਂ ਧਿਰਾਂ ਨੂੰ ਤਾਰਨਾ ਪੈਂਦਾ ਹੈ। ਇੱਕ ਪਾਸੇ ਮਾਪੇ ਆਪਣੀ ਜਾਇਦਾਦ ਨੂੰ ਭਾਵੇਂ ਆਪਣੀ ਸਮਝਣ ਤੇ ਇਸ ਨੂੰ ਹਥਿਆਰ ਬਣਾ ਕੇ ਵਰਤਣ, ਪਰ ਬੱਚਿਆਂ ਨੂੰ ਜਾਇਦਾਦ ਨਾ ਸਮਝਣ। ਦੂਜੇ ਪਾਸੇ ਬੱਚੇ ਵੀ ਮਾਪਿਆਂ ਤੋਂ ਜਨਮ ਸਮੇਂ ਹੀ ਅਨੁਵੰਸ਼ਿਕ ਗੁਣ ਲੈ ਲੈਂਦੇ ਹਨ ਅਤੇ ਬਹੁਤੀ ਵਾਰ ਜਾਇਦਾਦ ਵੀ ਉਨ੍ਹਾਂ ਨੂੰ ਮਿਲਣੀ ਹੁੰਦੀ ਹੈ, ਪਰ ਉਹ ਮਾਪਿਆਂ ਨੂੰ ਹਰ ਇੱਛਾ ਪੂਰਤੀ ਦੇ ਰੱਬ ਵੱਲੋਂ ਦਿੱਤੇ ਸੰਦ ਨਾ ਸਮਝਣ, ਸਗੋਂ ਮਾਪਿਆਂ ਦੀਆਂ ਇੱਛਾਵਾਂ ਤੇ ਖਾਸਕਰ ਮੁੱਢਲੀਆਂ ਜ਼ਰੂਰਤਾਂ ਦਾ ਖਿਆਲ ਤਾਂ ਰੱਖਣਾ ਬਣਦਾ ਹੈ। ਅਫਸੋਸ ਇੱਛਾਵਾਂ ਅਤੇ ਜ਼ਰੂਰਤਾਂ ਬਾਰੇ ਦੋਵੇਂ ਧਿਰਾਂ ਹੀ ਸਪੱਸ਼ਟ ਨਹੀਂ ਹੁੰਦੀਆਂ। ਹੱਕਾਂ ਅਤੇ ਫਰਜ਼ਾਂ ਵਿਚਾਲੇ ਬਰੀਕ ਜਿਹੀ ਰੇਖਾ ਹੁੰਦੀ ਹੈ। ਇਹ ਕਾਲੇ ਚਿੱਟੇ ਵਾਂਗ ਚਮਕਦੀ ਨਹੀਂ, ਸਗੋਂ ਧੁੰਦਲੀ ਜਿਹੀ ਅਤੇ ਮਹੀਨ ਹੁੰਦੀ ਹੇ। ਇਸੇ ਕਰ ਕੇ ਸੰਤੁਲਨ ਬਣਾਉਣਾ ਔਖਾ ਹੈ, ਸਮਝਣਾ ਹੋਰ ਵੀ ਔਖਾ ਹੈ ਅਤੇ ਸਮਝਾਉਣਾ ਲਗਭਗ ਅਸੰਭਵ ਹੈ। ਇੱਕ ਗੱਲ ਪੱਕੀ ਹੈ ਕਿ ਇਸ ਦੁਵੱਲੇ ਰਿਸ਼ਤੇ ਕਰ ਕੇ ਹੀ ਇਨਸਾਨ ਦੁਨੀਆ ਦਾ ਮਾਲਕ ਹੈ, ਉਸ ਨੇ ਮਿਹਨਤ ਕਰ ਕੇ ਔਲਾਦ ਨੂੰ ਪਾਲਿਆ ਅਤੇ ਆਮ ਹਾਲਤ ਵਿੱਚ ਔਲਾਦ ਨੇ ਵੀ ਇਸ ਦਾ ਮੁੱਲ ਮੋੜਿਆ ਅਤੇ ਜਿਸ ਕਰ ਕੇ ਉਸ ਅੰਦਰ ਵੀ ਆਪਣੀ ਔਲਾਦ ਲਈ ਕੁਝ ਕਰਨ ਦਾ ਜਜ਼ਬਾ ਪੈਦਾ ਹੁੰਦਾ ਹੈ। ਮਾਂ ਦੇ ਪੈਰਾਂ ਵਿੱਚ ਜੱਨਤ ਹੈ। ਮਾਂ ਵਰਗਾ ਘਣਛਾਵਾਂ ਬੂਟਾ (ਮੋਹਨ ਸਿੰਘ) ਤੋਂ ਲੈ ਕੇ ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ (ਦੇਵ ਥਰੀਕੇ ਵਾਲਾ) ਤੱਕ ਮਾਂ ਦੀ ਮਹਿਮਾ ਦਾ ਬਿਆਨ ਹੈ। ਇਸ ਵਿੱਚ ਬੜੀ ਸੱਚਾਈ ਵੀ ਹੈ, ਪਰ ਬਜ਼ੁਰਗਾਂ ਦੀ ਮਾਨਸਿਕ ਅਵਸਥਾ ਵੀ ਬੱਚਿਆਂ ਵਰਗੀ ਹੋ ਜਾਂਦੀ ਹੈ। ਵੈਸੇ ਜੇ ਬੱਚਿਆਂ ਨੂੰ ਬਾਲਗ ਜ਼ਿੰਦਗੀ ਲਈ ਤਿਆਰ ਕੀਤਾ ਜਾਂਦਾ ਹੈ ਤਾਂ ਕੀ ਜੁਆਨਾਂ ਨੂੰ ਬੁਢਾਪੇ ਲਈ ਤਿਆਰ ਨਹੀਂ ਕਰਨਾ ਚਾਹੀਦਾ? ਜਾਇਦਾਦ ਤੇ ਰਿਸ਼ਤਿਆਂ ਉਤੇ ਕਬਜ਼ੇ ਦੀ ਭਾਵਨਾ ਹੀ ਇੱਜ਼ਤ ਬਣ ਜਾਣ ਦੀ ਸੂਰਤ ਵਿੱਚ ਸਭ ਕੁਝ ਉਲਟ ਪਲਟ ਜਾਂਦਾ ਹੈ। ਸੇਵਾ ਦਾ ਅਰਥ ਵੀ ਜਦੋਂ ਸਾਧਾਰਨ ਜ਼ਰੂਰਤਾਂ ਪੂਰੀਆਂ ਕਰਨ ਤੋਂ ਵੱਧ ਆਪਣੀ ਚਲਾਉਣ ਵੱਲ ਵਧਦਾ ਹੈ ਤਾਂ ਤਣਾਓ ਪੈਦਾ ਹੁੰਦਾ ਹੈ।
ਮਾਂ ਨੂੰ ਲੱਗਾ ਕਿ ਨੂੰਹ ਪੁੱਤ ਸੇਵਾ ਨਹੀਂ ਕਰ ਰਹੇ, ਉਸ ਨੇ ਹਰ ਰੋਜ਼ ਅੰਦਰੋਂ ਕਮਰੇ ਨੂੰ ਕੁੰਡੀ ਮਾਰ ਲੈਣੀ ਤੇ ਅੰਦਰੋਂ ਮੋਹਰਾਂ ਛਣਕਣ ਦੀ ਆਵਾਜ਼ ਆਉਣੀ। ਨੂੰਹ ਪੁੱਤ ਨੇ ਸੇਵਾ ਸ਼ੁਰੂ ਕਰ ਦਿੱਤੀ। ਜਦੋਂ ਮਾਂ ਮਰੀ, ਨੂੰਹ ਪੁੱਤ ਨੇ ਕਮਰਾ ਫੋਲਿਆ ਤਾਂ ਘੜੇ ਵਿੱਚ ਮਾਂ ਦੀਆਂ ਠੀਕਰੀਆਂ ਲੱਭੀਆਂ, ਜੋ ਉਹ ਨੂੰਹ ਪੁੱਤ ਤੋਂ ਸੇਵਾ ਕਰਾਉਣ ਲਈ ਠਣਕਾ ਛੱਡਦੀ ਸੀ। ਇੰਜ ਲਾਲਚੀਆਂ ਨੂੰ ਲਾਲਚ ਨਾਲ ਵੀ ਮਾਪੇ ਕਾਬੂ ਕਰਦੇ ਵੇਖੇ ਗਏ ਹਨ। ਰਿਸ਼ਤਿਆਂ ਦੇ ਤਣਾਓ ਨੂੰ ਤਾਂ ਲੋਕ ਗੀਤ ਕੁਝ ਏਦਾਂ ਦੱਸਦੇ ਨੇ :
ਅੰਦਰ ਤਾਂ ਬੀਬੀ ਦਾ ਬਾਬਲ ਰੋਵੇ,
ਬਾਹਰ ਹੱਸੇ ਭਰਜਾਈ।
ਨਾ ਹੱਸ ਭਾਬੋ ਰਾਣੀਏ
ਕਦੇ ਤੋਰੇਂਗੀ ਜਾਈ।
ਅਸਲ ਵਿੱਚ ਇਹ ਸਹਿਜ ਜਿਹੀਆਂ ਸਤਰਾਂ ਸਾਨੂੰ ਓਸ ਸੱਚ ਦੇ ਰੂ ਬ ਰੂ ਕਰਦੀਆਂ ਹਨ ਕਿ ਆਪਣੀ ਔਲਾਦ ਦਾ ਦਰਦ ਵੱਖਰਾ ਮਹਿਸੂਸ ਹੁੰਦਾ ਹੈ। ਪੁੱਤਰ ਮੋਹ ਕੇਵਲ ਧ੍ਰਿਤਰਾਸ਼ਟਰ ਨੂੰ ਨਹੀਂ, ਸਮਕਾਲੀ ਲੋਕਾਂ ਨੂੰ ਵੀ ਅੰਨ੍ਹਾ ਕਰਦਾ ਹੈ। ਇਹ ਪ੍ਰਵਿਰਤੀ ਮੂਲਕ ਹੈ, ਪਰ ਔਰੰਗਜ਼ੇਬ ਦਾ ਸ਼ਾਹਜਹਾਂ ਨੂੰ ਕੈਦ ਕਰਨਾ ਫਰਜ਼ਾਂ ਤੋਂ ਮੁੱਖ ਮੋੜਨਾ ਸੀ। ਦੋਵੇਂ ਪੀੜ੍ਹੀਆਂ ਨੂੰ ਇੱਕ ਦੂਜੇ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਦੋਵਾਂ ਨੂੰ ਇੱਕ ਦੂਜੇ ਦੀ ਉਮਰ ਦੇ ਵੱਖ-ਵੱਖ ਪੜਾਵਾਂ 'ਤੇ ਲੋੜ ਹੁੰਦੀ ਹੈ। ਇਸ ਰਿਸ਼ਤੇ ਨੂੰ ਤਕਨੀਕੀ ਜਾਂ ਕਾਨੂੰਨੀ ਰੂਪ ਵਿੱਚ ਸਮਝਣ ਦੀ ਥਾਂ ਭਾਵਨਾ ਪੱਖੋਂ ਸਮਝ ਕੇ ਆਪਸੀ ਸਮਝਦਾਰੀ ਨਾਲ ਸੰਤੁਲਨ ਬਣਾਉਣਾ ਪਵੇਗਾ। ਨਾ ਸਾਰੇ ਮਾਪੇ ਮਾੜੇ ਹਨ ਤੇ ਨਾ ਸਾਰੇ ਧੀਆਂ ਪੁੱਤ। ਕੁਝ ਮਿਸਾਲਾਂ ਨੂੰ ਸਰਬ ਵਿਆਪਕ ਨਾ ਬਣਾਈਏ ਅਤੇ ਪਹਿਲੇ ਜ਼ਮਾਨੇ ਚੰਗੇ ਸਨ ਦੀ ਰੱਟ ਛੱਡ ਕੇ ਇਸ ਬਾਰੇ ਸੋਚੀਏ ਕਿ ਭਵਿੱਖ ਵੀ ਚੰਗੇ ਹੋਣ।

Have something to say? Post your comment