Welcome to Canadian Punjabi Post
Follow us on

20

October 2020
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਦੀ ਅਗਵਾਈ ’ਚ ਪੰਜਾਬ ਵਿਧਾਨ ਸਭਾ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਰੋਸ਼ ਮੁਜ਼ਾਹਰਿਆਂ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ‘ਆਪ’ ‘ਚ ਸ਼ਾਮਲ ਹੋਏ ਉੱਘੇ ਸਮਾਜ ਸੇਵੀ ਅਤੇ ਸਾਬਕਾ ਅਧਿਕਾਰੀ ਸਵਰਨ ਸਿੰਘ ਸੈਂਪਲਾਕਾਲੇ ਕਾਨੂੰਨਾਂ ਅਤੇ ਕਿਸਾਨੀ ਸੰਘਰਸ਼ ਬਾਰੇ ਮੁੱਖ ਮੰਤਰੀ ਦੀ ਨੀਅਤ ਖੋਟੀ : ਹਰਪਾਲ ਚੀਮਾਮਿਸੀਸਾਗਾ ਮਾਲਟਨ ਲਿਬਰਲ ਨੌਮੀਨੇਸ਼ਨ ਉੱਤੇ ਐਨਡੀਪੀ ਨੇ ਕੀਤੇ ਸਵਾਲਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਅਣਮਿੱਥੇ ਸਮੇਂ ਲਈ ਵਧਾਇਆ, ਭਾਜਪਾ ਆਗੂਆਂ ਦੀਆਂ ਮੀਟਿੰਗਾਂ ਦਾ ਵਿਰੋਧ ਕਰਨ ਦਾ ਫੈਸਲਾਸ਼੍ਰੋਮਣੀ ਅਕਾਲੀ ਦਲ ਨੇ ਡੀ ਜੀ ਪੀ ਨੂੰ ਦਿੱਤੀ ਚੇਤਾਵਨੀ, ਕਿਹਾ ਜੇਕਰ ਕਿਸਾਨਾਂ ਖਿਲਾਫ ਕੋਈ ਝੂਠਾ ਕੇਸ ਦਰਜ ਹੋਇਆ ਤਾਂ ਪਾਰਟੀ ਉਨ੍ਹਾਂ ਦਾ ਕਰੇਗੀ ਘਿਰਾਓ ਮੁੱਖ ਮੰਤਰੀ ਵੱਲੋਂ ਓ.ਪੀ.ਡੀ. ਸੇਵਾਵਾਂ ਤੇ ਚੋਣਵੀਆਂ ਸਰਜਰੀਆਂ ਬਹਾਲ ਕਰਨ ਦੇ ਆਦੇਸ਼, ਸਰਕਾਰੀ ਸਕੂਲ ਵੀ ਸੋਮਵਾਰ ਤੋਂ ਖੁੱਲ੍ਹਣਗੇਕਿਸਾਨਾਂ ਅਤੇ ਸਰਕਾਰ ਵਿਚਾਲੇ ਗੱਲਬਾਤ ਟੁੱਟਣਾ ਅਤਿ ਮੰਦਭਾਗਾ, ਕੇਂਦਰ ਸਰਕਾਰ ਕਿਸਾਨਾਂ ਦੇ ਸ਼ੰਕਿਆਂ ਨੂੰ ਤੁਰੰਤ ਦੂਰ ਕਰੇ : ਢੀਂਡਸਾ
ਨਜਰਰੀਆ

ਦਿਨੋ ਦਿਨ ਬਦਲ ਰਿਹਾ ਪਿੰਡ ਸਭਿਆਚਾਰ

September 08, 2020 09:42 AM

-ਡਾਕਟਰ ਸੁਰਿੰਦਰ ਗਿੱਲ
ਸਮੇਂ ਦੀ ਤੋਰ ਤੋਂ ਹਰ ਕੋਈ ਪ੍ਰਭਾਵਤ ਹੁੰਦਾ ਹੈ। ਹਰ ਸੰਸਥਾ, ਹਰ ਸਮਾਜ ਅਤੇ ਹਰ ਵਸਤੂ ਇਸ ਤੋਂ ਪ੍ਰਭਾਵਤ ਹੁੰਦਿਆਂ ਆਪਣੇ ਰੰਗ, ਢੰਗ ਤੇ ਰੂਪ ਬਦਲਦੇ ਰਹਿੰਦੇ ਹਨ। ਪੁਰਾਣੇ ਰੰਗ-ਢੰਗ ਫਿੱਕੇ ਪੈ ਜਾਂਦੇ ਹਨ। ਪੁਰਾਣੀ ਵਿਚਾਰਧਾਰਾ ਨਵੇਂ ਮਾਪਦੰਡਾਂ ਅਤੇ ਸਿਧਾਂਤਾਂ ਵਿੱਚ ਪਰਿਵਰਤਿਤ ਹੁੰਦੀ ਰਹਿੰਦੀ ਹੈ।
ਅੱਜ ਇੱਕੀਵੀਂ ਸਦੀ ਵਿੱਚ ਪੁੱਜ ਕੇ ਪੰਜਾਬ ਦੇ ਪਿੰਡ ਤੇ ਪਿੰਡਾਂ ਦਾ ਜੀਵਨ ਢੰਗ ਵੀ ਉਹ ਨਹੀਂ ਰਿਹਾ, ਜੋ ਅੱਜ ਤੋਂ ਚਾਰ ਪੰਜ ਦਹਾਕੇ ਪਹਿਲਾਂ ਸੀ। ਸਾਡੇ ਪਿੰਡਾਂ ਦੀ ਦਿੱਖ, ਕਾਰ-ਵਿਹਾਰ, ਰਹਿਣ-ਸਹਿਣ ਦਾ ਢੰਗ, ਵਰਤੋਂ ਵਿਹਾਰ ਅਤੇ ਭਾਈਚਾਰਾ ਹੋਰ ਦਾ ਹੋਰ ਹੋ ਗਿਆ ਹੈ। ਕੁਝ ਕੁ ਅਤਿ ਗਰੀਬ ਅਤੇ ਆਰਥਿਕ ਤੰਗੀ-ਤੁਰਸ਼ੀ ਦਾ ਸ਼ਿਕਾਰ ਘਰਾਂ ਦਾ ਰਹਿਣ ਸਹਿਣ ਭਾਵੇਂ ਪੁਰਾਣੇ ਢੰਗ ਦਾ ਹੋਵੇ, ਪਰ ਸਮੁੱਚੇ ਰੂਪ ਵਿੱਚ ਪੰਜਾਬ ਦੇ ਪਿੰਡਾਂ ਵਿੱਚ ਵਿਕਾਸ, ਨਵੀਨਤਾ ਅਤੇ ਖੁਸ਼ਹਾਲ ਜੀਵਨ ਦੀ ਝਲਕ ਦਿਸਦੀ ਹੈ।
ਦੋ-ਤਿੰਨ ਦਹਾਕੇ ਪਹਿਲਾਂ ਪਰਦੇਸ ਗਿਆ ਕੋਈ ਵਿਅਕਤੀ, ਜਿਸ ਨੇ ਪਿੰਡੋਂ ਤੁਰਨ ਵੇਲੇ ਦਾ ਆਪਣੇ ਪਿੰਡ, ਪਿੰਡ ਦੀਆਂ ਸੱਥਾਂ, ਪਿੰਡ ਵੱਸਦੇ ਮਿੱਤਰਾਂ, ਗੁਆਂਢੀਆਂ, ਹਾਲੀਆਂ, ਪਾਲੀਆਂ ਤੇ ਬਜ਼ੁਰਗਾਂ ਦਾ ਪੁਰਾਣਾ ਤੇ ਰੁਮਾਨੀ ਬਿੰਬ ਅਜੇ ਵੀ ਆਪਣੇ ਦਿਲ ਵਿੱਚ ਸਾਂਭ ਰੱਖਿਆ ਹੋਵੇ, ਜਦੋਂ ਕਦੇ ਵਾਪਸ ਆਪਣੇ ਦੇਸ਼ ਅਤੇ ਆਪਣੇ ਪਿੰਡ ਪਰਤਦਾ ਹੈ ਤਾਂ ਹੈਰਾਨ ਰਹਿ ਜਾਂਦਾ ਹੈ। ਹੈਰਾਨ ਹੀ ਨਹੀਂ ਹੁੰਦਾ, ਉਦਾਸ ਹੋ ਜਾਂਦਾ ਹੈ।
ਵਰ੍ਹਿਆਂ ਪਿੱਛੋਂ ਆਪਣੇ ਪਿੰਡ ਪਰਤੇ ਉਸ ਪਰਵਾਸੀ ਨੂੰ ਆਪਣੇ ਪਿੰਡ ਦੀ ਸਿਆਣ ਨਹੀਂ ਆਉਂਦੀ। ਪਿੰਡ ਦਾ ਸਾਰਾ ਰੰਗ-ਢੰਗ ਬਦਲਿਆ ਅਤੇ ਓਪਰਾ ਜਾਪਦਾ ਹੈ। ਸਾਫ ਸੁਥਰਾ, ਸੁੰਦਰ, ਨਵਾਂ ਨਵਾਂ, ਪਰ ਨੀਰਸ ਜਿਹਾ ਤੇ ਫਿੱਕਾ-ਫਿੱਕਾ। ਕਾਗਜ਼ੀ ਫੁੱਲਾਂ ਵਰਗਾ। ਨਾ ਜਿੰਦ, ਨਾ ਜਾਨ। ਨਾ ਕੋਈ ਸੁਗੰਧ ਨਾ ਸਮੀਰ। ਪਿੰਡ ਦੇ ਲੋਕ ਵੀ ਬੇਪਛਾਣੇ, ਓਪਰੇ-ਓਪਰੇ। ਪਛਾਣ ਵੀ ਲਵੋ ਤਾਂ ਕਿਸੇ ਵਿੱਚ ਉਹ ਪੁਰਾਣਾ ਪਿਆਰ, ਉਹ ਮੋਹ, ਉਹ ਖਿੱਚ, ਉਹ ਅਪਣੱਤ ਨਹੀਂ। ਨਵੀਂ ਪੀੜ੍ਹੀ ਦੀ ਤਾਂ ਗੱਲ ਹੀ ਕੀ ਕਰਨੀ। ਆਪਣੇ ਦੇਸ਼, ਆਪਣੇ ਪਿੰਡ, ਆਪਣੀ ਮਿੱਟੀ ਦਾ ਮੋਹ ਕਰ ਕੇ ਬਾਹਰੋਂ ਆਏ ਪਰਵਾਸੀ ਦਾ ਸੁਫਨਾ ਚਕਨਾਚੂਰ ਹੋ ਜਾਂਦਾ ਹੈ। ਵਰ੍ਹਿਆਂ ਬੱਧੀ ਮਨ ਵਿੱਚ ਪਾਲਿਆ, ਜਿਉਂਦਾ ਰੱਖਿਆ ਯਾਦਾਂ ਦਾ ਰੰਗਲਾ ਬਿੰਬ ਟੁਕੜੇ-ਟੁਕੜੇ ਹੋ ਜਾਂਦਾ ਹੈ। ਨਿਰਾਸ਼ਾ ਤੇ ਪਛਤਾਵੇ ਦੇ ਤਿੱਖੇ ਕੰਕਰ ਮਨ ਵਿੱਚ ਚੁੱਭਣ ਲੱਗਦੇ ਹਨ।
ਇਹ ਦੁਖਾਂਤ ਕਿਸੇ ਪਰਵਾਸੀ ਪੰਜਾਬੀ ਦਾ ਹੀ ਨਹੀਂ, ਹਰ ਸੰਵੇਦਨਸ਼ੀਲ ਪੰਜਾਬੀ ਦੀ ਕਹਾਣੀ ਹੈ। ਇੱਕ ਕੌੜਾ-ਕੁਸੈਲਾ ਸੱਚ ਹੈ। ਪੰਜਾਬ ਦੇ ਪਿੰਡ ‘ਉਹ ਨਹੀਂ ਰਹਿਗੇ ਜੀ... ਹੋਰ ਕੁਛ ਹੋ ਗੇ...।’
ਅਜੋਕੇ ਪੰਜਾਬ ਦੇ ਪਿੰਡਾਂ ਦੇ ਜ਼ਿਆਦਾਤਰ ਵਾਸੀਆਂ ਵਿੱਚ ਨਾ ਪਹਿਲਾਂ ਵਾਂਗ ਮੋਹ, ਪਿਆਰ ਅਤੇ ਸਾਂਝ ਦੀਆਂ ਤੰਦਾਂ ਹਨ, ਨਾ ਭਾਵੁਕ ਤੇ ਜਜ਼ਬਾਤੀ ਰਿਸ਼ਤੇ-ਨਾਤੇ ਅਤੇ ਨਾ ਕੋਈ ਦਰਦ ਦਾ ਰਿਸ਼ਤਾ। ‘ਭਾਈਚਾਰਾ’ ਸ਼ਬਦ ਅਜੋਕੇ ਪੰਜਾਬ ਦੇ ਸ਼ਬਦਕੋਸ਼ ਵਿੱਚੋਂ ਗਾਇਬ ਹੈ ਤੇ ਭਾਈਚਾਰਕ ਸੰਬੰਧਾਂ ਦੀ ਹੋਂਦ ਹੀ ਗਵਾਚ ਗਈ ਹੈ। ਪਿੰਡ, ਪੰਚਾਇਤ ਜਾਂ ਸਮਾਜ ਤਾਂ ਦੂਰ ਦੀ ਗੱਲ ਹੈ, ਇੱਕੋ-ਇੱਕ ਪਿੰਡ ਵਿੱਚ ਵਸਦੇ ਲੋਕਾਂ ਦੀਆਂ ਪਰਸਪਰ ਪਰਵਾਰਕ ਸਾਂਝਾਂ ਵੀ ਮਰ-ਮੁੱਕ ਰਹੀਆਂ ਹਨ।
ਕਈ ਪਰਵਾਰ ਅਜਿਹੇ ਹਨ ਕਿ ਇੱਕੋ ਘਰ ਵਿੱਚ, ਇੱਕੋ ਛੱਤ ਹੇਠ ਰਹਿੰਦਿਆਂ ਵੀ ਇੱਕੋ ਪਰਵਾਰ ਦਾ ਹਰ ਇੱਕ ਜੀਵ ਜਾਂ ਵਿਅਕਤੀ ਇੱਕ ਵਿਅਕਤੀ ਹੈ। ਇਕੱਲਾ, ਸਵੈ-ਕੇਂਦਰਿਤ ਤੇ ਆਪਣੇ ਆਪ ਵਿੱਚ ਮਗਨ।
ਸਮਾਜਕ ਦਿ੍ਰਸ਼ਟੀ ਤੋਂ ਵੀ ਬਹੁਤ ਕੁਝ ਬਦਲ ਚੁੱਕਾ ਹੈ। ਪੁਰਾਣੇ ਪੰਜਾਬ ਦੇ ਪਿੰਡਾਂ ਦੇ ਬੱਚੇ ਸਕੂਲ ਜਾਂਦੇ, ਸਬਕ ਪੜ੍ਹਦੇ, ਉੱਚੀ ਉੱਚੀ ਗਾ ਕੇ ਸੁਣਾਉਂਦੇ ਸਨ: ਸੱਸਾ ਸਾਦਾ, ਸੱਸਾ ਸਾਫ, ਸੱਸਾ ਸੱਚ, ਸੱਸਾ ਸਮਾਜ ਆਦਿ। ਅਜੋਕੇ ਸਕੂਲਾਂ ਵਿੱਚ ਬੱਚੇ ਆਪਣਾ ਸਬਕ ਜਾਂ ਪਾਠ ਰਲ ਕੇ ਗਾਉਂਦੇ ਨਹੀਂ। ਅੱਜਕੱਲ੍ਹ ਕੇਵਲ ਪੜ੍ਹਦੇ ਹਨ: ਸੱਸਾ ਸਾਡਾ, ਸੱਸਾ ਸਾੜਾ, ਸੱਸਾ ਸਵਾਰਥ ਆਦਿ।
ਪਿੰਡਾਂ ਦੀਆਂ ਸੱਥਾਂ ਦੀ ਦਿੱਖ ਅਤੇ ਵਰਤਾਰਾ ਵੀ ਬਦਲ ਗਿਆ ਹੈ। ਬਹੁਗਿਣਤੀ ਪਿੰਡਾਂ ਵਿੱਚ ਸੱਥ ਨੂੰ ਬਣਾ ਸੰਵਾਰ ਕੇ ਨਵਾਂ ਰੂਪ ਦਿੱਤਾ ਗਿਆ ਹੈ। ਰੁੱਖਾਂ ਦੇ ਤਣਿਆਂ ਤੋਂ ਬਣੇ ਖੰੁਢਾਂ ਦੀ ਥਾਂ ਸੀਮਿੰਟ ਦੇ ਪੱਕੇ ਬੈਂਚ ਜਾਂ ਆਧੁਨਿਕ ਕੁਰਸੀਆਂ ਜਾਂ ਲੋਹੇ ਦੇ ਬੈਂਚ ਸਜ ਗਏ ਹਨ। ਪੁਰਾਣੇ ਪੇਂਡੂ ਸਮਾਜ ਵਿੱਚ ਇੱਕਾ-ਦੁੱਕਾ ਬੁੜ੍ਹੇ ਤਾਂ ਸਦਾ ਹੀ ਸੱਥ ਦੀ ਰੌਣਕ ਬਣੇ ਰਹਿੰਦੇ ਹਨ। ਆਥਣ ਵੇਲੇ ਸੱਥ 'ਤੇ ਜੋਬਨ ਆ ਜਾਂਦਾ ਸੀ। ਸੱਥ ਪਿੰਡ ਦੀ ਸੰਸਦ ਹੁੰਦੀ ਸੀ। ਕੋਈ ਵੀ ਵਿਅਕਤੀ, ਜਿਸ ਨੂੰ ਚਾਰ ਬੰਦਿਆਂ ਵਿੱਚ ਬੈਠ ਕੇ ਗੱਲ ਕਰਨ ਦੀ ਜਾਂਚ ਹੁੰਦੀ, ਇਸ ਸੰਸਦ ਦਾ ਮੈਂਬਰ ਹੋਣ ਦਾ ਹੱਕਦਾਰ ਸੀ, ਪਰ ਅੱਜਕੱਲ੍ਹ ਪਿੰਡਾਂ ਦੀਆਂ ਸੱਥਾਂ ਵਿੱਚ ਸੁੰਨ ਵਰਤੀ ਹੁੰਦੀ ਹੈ। ਸੱਥਾਂ ਵਿੱਚ ਉੱਲੂ ਬੋਲਦੇ ਹਨ। ਕਿਤੇ ਕੋਈ ਟਾਵਾਂ ਟੱਲਾ 'ਕੱਲਾ ਵਿਅਕਤੀ ਬੈਠਾ ਵੀ ਦਿਸਦਾ ਹੈ ਤਾਂ ਉਹ ਕੋਈ ਉਦਾਸ, ਉਪਰਾਮ, ਨਿਕੰਮਾ, ਵਿਹਲਾ ਅਤੇ ਘਰੋਂ ਬਾਹਰ ਧੱਕਿਆ ਤਿ੍ਰਸਕਾਰਿਆ ਜਾਪਦਾ ਹੈ ਜਾਂ ਕੋਈ ਅਮਲੀ ਜਾਂ ਆਦਿ ਛੜਾ, ਜਿਹੜਾ ਰਾਹ ਜਾਂਦੀ ਆਉਂਦੀ, ਲੰਘਦੀ ਕਿਸੇ ਮੁਟਿਆਰ ਜਾਂ ਆਪਣੇ ਹਾਣ ਦੀ ਕਿਸੇ ਤੀਵੀਂ ਦੇ ਦਰਸ਼ਨਾਂ ਦੀ ਆਸ ਵਿੱਚ ਬਹੁਤ ਬਣਿਆ ਬੈਠਾ ਹੋਵੇ।
ਪਿੰਡਾਂ ਵਿੱਚ ਵੀ ਬਹੁਗਿਣਤੀ ਲੋਕ ਕੰਮਾਂ-ਕਾਰਾਂ ਤੋਂ ਵਾਪਸ ਘਰ ਆ ਕੇ ਚਾਹ ਦਾ ਪਿਆਲਾ ਲੈ ਕੇ ਟੈਲੀਵਿਜ਼ਨ ਅੱਗੇ ਬੈਠ ਜਾਂਦੇ ਤੇ ਆਪਣੇ ਮਨਭਾਉਂਦੇ ਪ੍ਰੋਗਰਾਮ ਦੇਖਦੇ-ਸੁਣਦੇ ਹਨ। ਬਿਜਲੀ ਜਵਾਬ ਦੇ ਜਾਵੇ ਤਾਂ ਉਠ ਕੇ ਵਿਹੜੇ ਜਾਂ ਵੀਹੀਂ ਵਿੱਚ ਚੱਕਰ ਲਾਉਣ ਲੱਗਦੇ ਹਨ। ਗਰਮੀਆਂ ਦੀਆਂ ਰਾਤਾਂ ਨੂੰ ਬਾਹਰ ਖੜ੍ਹ ਕੇ ਜਾਂ ਕੋਠੇ ਚੜ੍ਹ ਕੇ ਗੁਆਂਢੀਆਂ ਨਾਲ ਗੱਪ ਛੱਪ ਮਾਰਨ ਦਾ ਰਿਵਾਜ ਨਹੀਂ ਰਿਹਾ। ਪਹਿਲਾਂ ਗੁਆਂਢੀਆਂ, ਜਿਨ੍ਹਾਂ ਵਿੱਚ ਪਰਸਪਰ ਮੋਹ ਜਾਂ ਸਾਂਝ ਹੁੰਦੀ ਸੀ, ਦਾ ਇੱਕ ਦੂਜੇ ਨਾਲ ਨਿੱਤ ਵਰਤੋਂ ਦੀਆਂ ਚੀਜ਼ਾਂ ਜਾਂ ਖਾਣ-ਪੀਣ ਸਮੱਗਰੀ ਦਾ ਅਦਾਨ-ਪ੍ਰਦਾਨ ਨਿਰੰਤਰ ਚਲਦਾ ਰਹਿੰਦਾ ਸੀ। ਵੇਲੇ-ਕੁਵੇਲੇ ਦਾਲ, ਸਾਗ, ਖੀਰ, ਸੇਵੀਆਂ ਜਾਂ ਕੜਾਹ ਦੀ ਬਾਟੀ ਦਾ ਕਟੋਰਾ ਦੇਣਾ ਲੈਣਾ ਚਲਦਾ ਜਾਂ ਕਿਸੇ ਹੋਰ ਵਸਤੂ ਵਿਸ਼ੇਸ਼ ਦਾ ਆਦਾਨ-ਪ੍ਰਦਾਨ ਹੁੰਦਾ ਸੀ। ਲੋੜ ਪੈਣ 'ਤੇ ਦੁੱਧ ਦਾ ਗਿਲਾਸ ਜਾਂ ਗੜਵੀ ਲੈ ਲੈਣੀ। ਦੁੱਧ ਨੂੰ ਜਾਗ ਲਾਉਣ ਵਾਸਤੇ ਲੱਸੀ ਜਾਂ ਦਹੀਂ ਦੀ ਛਿੱਟ ਲੈਣਾ-ਦੇਣਾ ਤਾਂ ਆਮ ਹੀ ਸੀ। ਇੱਕ ਨੇ ਕਹਿਣਾ, ‘‘ਨੀ ਚਾਚੀ ਥੋੜ੍ਹੀ ਦਾਲ ਹੈਗੀ ਤਾਂ ਦੇ ਦੇ! ਆਹ ਹੁਣੇ ਦੋ ਪ੍ਰਾਹੁਣੇ ਆਗੇ...।” ਅੱਜਕੱਲ੍ਹ ਘਰ-ਘਰ ਫਰਿਜ ਪਏ ਨੇ। ਇੱਕ ਦੂਜੇ 'ਤੇ ਨਿਰਭਰਤਾ ਘਟੀ ਹੈ। ਉਂਝ ਵੀ ਆਧੁਨਿਕ ਜੀਵਨ ਦਿ੍ਰਸ਼ਟੀ ਅਨੁਸਾਰ ਇਸ ਨੂੰ ਵਕਾਰ ਦਾ ਸਵਾਲ ਸਮਝਿਆ ਜਾਂਦਾ ਹੈ। ਅਜਿਹਾ ਕੋਈ ਮੌਕਾ ਆ ਵੀ ਜਾਵੇ ਤਾਂ ਘਰ ਦੀ ਸੁਆਣੀ ਗੁਆਂਢ ਮੱਥੇ ਕੁੰਡਾ ਖੜਕਾਉਣ ਤੋਂ ਝਿਜਕਦੀ ਅਤੇ ਪਿੰਡ ਵਿੱਚ ਦੂਜੀ ਪੱਤੀ ਜਾਂ ਦੂਰ ਵਸਦੇ ਕਿਸੇ ਨੇੜਲੇ ਜਾਂ ਸਹਿਕਰਮੀ ਜਾਂ ਸਹੇਲੀ ਨੂੰ ਟੈਲੀਫੋਨ ਕਰਦੀ ਹੈ, ‘‘ਹੈਲੋ ਗੁਰਮੀਤ! ਸੌਂ ਤਾਂ ਨਹੀਂ ਗਏ ਕਿਤੇ? ਨੀ ਕੀ ਦੱਸਾਂ ਹੁਣ ਦੇਖਿਆ ਦਹੀਂ ਜਮਾਉਣ ਵਾਸਤੇ ਖੱਟਾ ਹੈ ਨੀ।” ਅਤੇ ਅਗਲੀ ਵੱਲੋਂ ‘ਹਾਂ ਕਹਿਣ 'ਤੇ 11ਵੀਂ ਵਿੱਚ ਪੜ੍ਹਦਾ ਪੁੱਤਰ ਸਕੂਟਰ ਜਾਂ ਸਾਈਕਲ 'ਤੇ ਜਾਂਦਾ ਅਤੇ ਕਟੋਰੀ ਵਿੱਚ ਚਮਚਾ ਦਹੀਂ ਦਾ ਲੈ ਆਉਂਦਾ ਹੈ। ਗੁਆਂਢ ਤੋਂ ਦਹੀਂ ਮੰਗਣਾ ਵੀ ਵਕਾਰ ਦਾ ਬਿੰਦੂ ਹੈ। ਉਹ ਸਮੇਂ ਬੀਤ ਗਏ ਜਦੋਂ ਸਿਆਲ ਦੀ ਅੱਧੀ ਰਾਤ ਸਮੇਂ ਗੁਆਂਢੀਆਂ ਨੂੰ ਜਗਾ ਕੇ ਕਹਿ ਦਿੰਦੇ ਸੀ, ‘‘ਬਈ ਸੁਖਦੇਵ ਸਿੰਹਾਂ! ਇੱਕ ਖੇਚਲ ਕਰਨੀ ਪਊ। ਪੰਜ ਪ੍ਰਾਹੁਣੇ ਆ ਗਏ। ਦੋ ਬੰਦੇ ਤੁਹਾਡੀ ਬੈਠਕ ਵਿੱਚ ਸੌਣਗੇ। ਦੋ ਬਿਸਤਰੇ ਲਾ ਲਓ।”
ਅਜਿਹੀਆਂ ਸਾਂਝਾਂ ਮਰ-ਮੁੱਕ ਗਈਆਂ ਜਾਂ ਮਰ ਰਹੀਆਂ ਹਨ।

Have something to say? Post your comment