Welcome to Canadian Punjabi Post
Follow us on

20

October 2020
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਦੀ ਅਗਵਾਈ ’ਚ ਪੰਜਾਬ ਵਿਧਾਨ ਸਭਾ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਰੋਸ਼ ਮੁਜ਼ਾਹਰਿਆਂ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ‘ਆਪ’ ‘ਚ ਸ਼ਾਮਲ ਹੋਏ ਉੱਘੇ ਸਮਾਜ ਸੇਵੀ ਅਤੇ ਸਾਬਕਾ ਅਧਿਕਾਰੀ ਸਵਰਨ ਸਿੰਘ ਸੈਂਪਲਾਕਾਲੇ ਕਾਨੂੰਨਾਂ ਅਤੇ ਕਿਸਾਨੀ ਸੰਘਰਸ਼ ਬਾਰੇ ਮੁੱਖ ਮੰਤਰੀ ਦੀ ਨੀਅਤ ਖੋਟੀ : ਹਰਪਾਲ ਚੀਮਾਮਿਸੀਸਾਗਾ ਮਾਲਟਨ ਲਿਬਰਲ ਨੌਮੀਨੇਸ਼ਨ ਉੱਤੇ ਐਨਡੀਪੀ ਨੇ ਕੀਤੇ ਸਵਾਲਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਅਣਮਿੱਥੇ ਸਮੇਂ ਲਈ ਵਧਾਇਆ, ਭਾਜਪਾ ਆਗੂਆਂ ਦੀਆਂ ਮੀਟਿੰਗਾਂ ਦਾ ਵਿਰੋਧ ਕਰਨ ਦਾ ਫੈਸਲਾਸ਼੍ਰੋਮਣੀ ਅਕਾਲੀ ਦਲ ਨੇ ਡੀ ਜੀ ਪੀ ਨੂੰ ਦਿੱਤੀ ਚੇਤਾਵਨੀ, ਕਿਹਾ ਜੇਕਰ ਕਿਸਾਨਾਂ ਖਿਲਾਫ ਕੋਈ ਝੂਠਾ ਕੇਸ ਦਰਜ ਹੋਇਆ ਤਾਂ ਪਾਰਟੀ ਉਨ੍ਹਾਂ ਦਾ ਕਰੇਗੀ ਘਿਰਾਓ ਮੁੱਖ ਮੰਤਰੀ ਵੱਲੋਂ ਓ.ਪੀ.ਡੀ. ਸੇਵਾਵਾਂ ਤੇ ਚੋਣਵੀਆਂ ਸਰਜਰੀਆਂ ਬਹਾਲ ਕਰਨ ਦੇ ਆਦੇਸ਼, ਸਰਕਾਰੀ ਸਕੂਲ ਵੀ ਸੋਮਵਾਰ ਤੋਂ ਖੁੱਲ੍ਹਣਗੇਕਿਸਾਨਾਂ ਅਤੇ ਸਰਕਾਰ ਵਿਚਾਲੇ ਗੱਲਬਾਤ ਟੁੱਟਣਾ ਅਤਿ ਮੰਦਭਾਗਾ, ਕੇਂਦਰ ਸਰਕਾਰ ਕਿਸਾਨਾਂ ਦੇ ਸ਼ੰਕਿਆਂ ਨੂੰ ਤੁਰੰਤ ਦੂਰ ਕਰੇ : ਢੀਂਡਸਾ
ਨਜਰਰੀਆ

ਸੈਨਿਕ ਦਾ ਸਰਹੱਦ ਤੋਂ ਆਇਆ ਖ਼ਤ

September 07, 2020 09:48 AM

-ਬਲਦੇਵ ਸਿੰਘ
ਮੇਰਾ ਖ਼ਤ ਪੜ੍ਹਦਿਆਂ ਤੂੰ ਜ਼ਰੂਰ ਹੈਰਾਨ ਹੋਵੇਂਗਾ। ਇਹ ਕੌਣ ਹੋਇਆ, ਨਾ ਆਪਣਾ ਨਾਂਅ ਲਿਖਿਆ ਹੈ, ਨਾ ਕੋਈ ਪਤਾ ਟਿਕਾਣਾ, ਪਰ ਮੈਂ ਤੈਨੂੰ ਜਾਣਦਾ ਹਾਂ। ਕਾਫੀ ਕੁਝ ਤੇਰਾ ਲਿਖਿਆ ਮੈਂ ਪੜ੍ਹਦਾ ਰਹਿੰਨਾ। ਮੇਰੀਆਂ ਊਲ-ਜਲੂਲ ਗੱਲਾਂ ਪੜ੍ਹਨ ਲਈ ਸਮਾਂ ਕੱਢ ਲਵੀਂ...।
ਪਿੰਡਾਂ ਸ਼ਹਿਰਾਂ ਵਿੱਚ ਸੁੱਖ ਦੀ ਨੀਂਦ ਸੌਣ ਵਾਲੇ ਕੀ ਜਾਨਣ ਕਿਸੇ ਸੈਨਿਕ ਦੇ ਜੀਵਨ ਬਾਰੇ। ਖਾਸਕਰ ਉਸ ਸੈਨਿਕ ਦਾ, ਜੋ ਸਰਹੱਦ `ਤੇ ਤੈਨਾਤ ਹੈ। ਜੰਗ ਭਾਵੇਂ ਨਾ ਵੀ ਲੱਗੀ ਹੋਵੇ, ਫਿਰ ਵੀ ਇਥੇ ਹਰ ਪਲ ਜੰਗ ਵਰਗਾ ਮਾਹੌਲ ਰਹਿੰਦਾ ਹੈ। ਫੌਜੀ ਨੂੰ ਪਤਾ ਹੁੰਦੈ, ਉਹ ਅਣਦਿੱਸਦੀ ਜੰਗ ਵਿੱਚ ਖੜ੍ਹਾ ਹੈ ਤੇ ਜੰਗ ਵਿੱਚ ਕੁਝ ਵੀ ਹੋ ਸਕਦਾ ਹੈ। ਕਾਲਜ ਪੜ੍ਹਦਿਆਂ ਮੇਰੇ ਵਰਗੇ ਟਾਹਰਾਂ ਮਾਰਿਆ ਕਰਦੇ ਸਨ, ਪਿਆਰ ਅਤੇ ਜੰਗ ਵਿੱਚ ਸਭ ਕੁਝ ਜਾਇਜ਼ ਹੁੰਦਾ ਹੈ, ਇਥੇ ਕੁਝ ਵੀ ਜਾਇਜ਼ ਨਹੀਂ ਵਾਪਰਦਾ। ਧਰਤੀ ਜਾਂ ਮਿੱਟੀ ਦੀ ਜੋ ਕਦਰ ਫੌਜੀ ਲਈ ਹੁੰਦੀ ਹੈ, ਉਹ ਕਿਸੇ ਹੋਰ ਲਈ ਨਹੀਂ ਹੋ ਸਕਦੀ। ਹੋਰਾਂ ਤੋਂ ਮੇਰਾ ਭਾਵ ਦੇਸ਼ ਦੇ ਅਖੌਤੀ ਰਹਿਬਰਾਂ ਤੋਂ ਹੈ-ਮੱਠਾਂ, ਡੇਰਿਆਂ, ਮੰਦਰਾਂ, ਗੁਰਦੁਆਰਿਆਂ ਵਿੱਚ ਬੈਠੇ ਧਰਮ ਦੇ ਰਾਖਿਆਂ ਤੋਂ ਹੈ।
ਜਦ ਅਣਐਲਾਨੀ ਅਚਾਨਕ ਗੋਲਾਬਾਰੀ ਹੁੰਦੀ ਹੈ ਤਾਂ ਜੀਵਨ ਦੀ ਰੱਖਿਆ ਲਈ ਸੈਨਿਕ ਧਰਤੀ `ਤੇ ਲੰਮਾ ਪੈ ਜਾਂਦਾ ਹੈ, ਆਪਣਾ ਮੂੰਹ ਲੱਤਾਂ, ਬਾਹਾਂ, ਧਰਤੀ ਵਿੱਚ ਲੁਕੋਣ ਦਾ ਯਤਨ ਕਰਦਾ ਹੈ। ਉਨ੍ਹਾਂ ਪਲਾਂ `ਚ ਧਰਤੀ ਉਸ ਦੀ ਮਾਂ, ਦੋਸਤ, ਭੈਣ, ਸਭ ਕੁਝ ਹੁੰਦੀ ਹੈ। ਉਸ ਦਾ ਡਰ, ਰੋਣਾ, ਚੀਕਾਂ ਧਰਤੀ ਦੀ ਸੁਰੱਖਿਆ ਅਤੇ ਸ਼ਾਂਤੀ ਵਿੱਚ ਸਮਾ ਜਾਂਦੇ ਹਨ। ਕੁਝ ਸਕਿੰਟਾਂ ਲਈ ਉਹ ਧਰਤੀ ਤੋਂ ਆਪਣਾ ਸਿਰ ਚੁੱਕ ਕੇ ਸਾਹ ਲੈਂਦਾ ਹੈ। ਆਸੇ ਪਾਸੇ ਵੇਖਦਾ ਹੈ, ਕਿਸੇ ਹੋਰ ਸੁਰੱਖਿਅਤ ਥਾਂ ਵੱਲ ਰੀਂਗਦਾ ਜਾਂ ਭੱਜਦਾ ਹੈ। ਲੋੜ ਪੈਣ `ਤੇ ਧਰਤੀ ਉਸ ਨੂੰ ਸਹਾਰਾ ਦਿੰਦੀ ਹੈ, ਕਈ ਵਾਰ ਸਦਾ ਲਈ। ...ਉਦੋਂ ਸਾਰੇ ਵੱਡੇ ਆਗੂ, ਦੇਸ਼ ਦਾ ਮੀਡੀਆ ਚੀਕ-ਚੀਕ ਕੇ ਆਖਦਾ ਹੈ, ਸਾਡੇ ਜਵਾਨਾਂ ਨੇ ਦੁਸ਼ਮਣਾਂ ਦੇ ਦੰਦ ਖੱਟੇ ਕਰ ਦਿੱਤੇ। ਲੋਹੇ ਦੇ ਚਣੇ ਚਬਾਏ ਹਨ, ਮੂੰਹ ਤੋੜ ਜਵਾਬ ਦਿੱਤਾ ਹੈ। ਜੇ ਕਿਤੇ ਉਹ ਇਥੇ ਆ ਕੇ ਵੇਖਣ ਦੀ ਜੁਅਰਤ ਕਰਨ ਤਾਂ ਪਤਾ ਲੱਗੇ, ਕਿਸ ਦਾ ਮੂੰਹ ਤੋੜਿਆ ਜਾ ਰਿਹਾ ਹੈ, ਜੇ ਕਿਤੇ ਉਹ ਸਾਡੇ ਘਰਾਂ ਵਿੱਚ ਜਾ ਕੇ ਵੇਖਣ, ਕਿਵੇਂ ਸਾਡੀਆਂ ਮਾਵਾਂ, ਭੈਣਾਂ, ਪਤਨੀਆਂ ਤੇ ਬੱਚਿਆਂ ਨੂੰ ਗ਼ਸ਼ੀਆਂ ਪੈ ਰਹੀਆਂ ਹਨ।
ਸਕੂਲ ਵਿੱਚ ਪੜ੍ਹਿਆ ਜਾਂ ਕੀਤਾ ਬਕਵਾਸ ਉਸ ਵੇਲੇ ਕੁਝ ਵੀ ਯਾਦ ਨਹੀਂ ਰਹਿੰਦਾ। ਪੜ੍ਹਾਈ ਦਾ ਸਾਨੂੰ ਇਹੋ ਜਿਹੇ ਜੀਵਨ ਵਿੱਚ ਕੋਈ ਲਾਭ ਨਹੀਂ ਹੁੰਦਾ। ਸਾਡੇ ਕੋਲ ਕਾਗਜ਼ ਦੀ ਡਿਗਰੀ ਜ਼ਰੂਰ ਹੈ। ਸਕੂਲ ਜਾਂ ਕਾਲਜ ਦੀ ਪੜ੍ਹਾਈ ਸਾਨੂੰ ਨਹੀਂ ਸਿਖਾਉਂਦੀ, ਅਸਮਾਨੋਂ ਵਰ੍ਹਦੇ ਮੀਂਹ ਵਿੱਚ ਸਾਹਮਣੇ ਆਉਂਦੀ ਗੋਲੀ ਤੋਂ ਬਚਦਿਆਂ ਸਿਗਰਟ ਕਿਵੇਂ ਜਲਾਉਣੀ ਹੈ। ਨਾ ਸਕੂਲ ਵਿੱਚ ਕਿਸੇ ਨੇ ਸਾਨੂੰ ਸਿਖਾਇਆ, ਗਿੱਲੀਆਂ ਲੱਕੜਾਂ ਨਾਲ ਅੱਗ ਕਿਵੇਂ ਬਾਲੀ ਜਾਂਦੀ ਹੈ। ਇਹ ਵੀ ਤਾਂ ਕਿਸੇ ਨੇ ਨਹੀਂ ਦੱਸਿਆ, ਸੰਗੀਨ ਢਿੱਡ ਵਿੱਚ ਮਾਰਨੀ ਹੁੰਦੀ ਹੈ, ਛਾਤੀ ਵਿੱਚ ਨਹੀਂ। ਛਾਤੀ ਵਿੱਚ ਉਹ ਹੱਡੀ ਵਿੱਚ ਫਸ ਸਕਦੀ ਹੈ।
ਇਥੇ ਅਸੀਂ ਬੱਚਿਆਂ ਵਾਂਗ ਨਿਆਸਰੇ ਹਾਂ, ਪਰ ਸਾਡਾ ਅਨੁਭਵ ਬਜ਼ੁਰਗਾਂ ਵਰਗਾ ਹੈ। ਅਸੀਂ ਖਰ੍ਹਵੇਂ ਸੁਭਾਅ ਦੇ ਚਿੜਚਿੜੇ ਹੋ ਜਾਂਦੇ ਹਾਂ। ਸਾਡੇ ਵਿੱਚੋਂ ਬਹੁਤੇ ਉਦਾਸ ਹਨ ਤੇ ਸ਼ਾਇਦ ਅਸੀਂ ਸਾਰੇ ਹੀ ਗੁਆਚੇ ਹੋਏ ਹਾਂ, ਤਾਂ ਵੀ ਸਾਨੂੰ ਕਿਸੇ ਸਾਹਬ ਦੇ ਆਉਣ `ਤੇ ਪੂਰੇ ਜੋਸ਼ ਨਾਲ ਸਲੂਟ ਠੋਕ ਕੇ `ਸਭ ਹੱਛਾ` ਕਹਿਣਾ ਪੈਂਦਾ ਹੈ।
...ਮੈਂ ਆਪੂੰ ਪੁੱਟੇ ਮੋਰਚੇ ਵਿੱਚ ਕੁਝ ਕਿਤਾਬਾਂ ਤੇ ਕੁਝ ਪੁਰਾਣੇ ਅਖਬਾਰ ਲਿਆਇਆ ਸਾਂ। ਪੜ੍ਹੇ ਹੋਏ ਨੂੰ ਵੀ ਦੁਬਾਰਾ ਪੜ੍ਹਨ ਲੱਗਦਾ ਹਾਂ, ਜਿਵੇਂ ਬੇਹੀ ਰੋਟੀ ਖਾਈਦੀ ਹੈ। ਸਾਡੇ ਕੋਲ ਇੱਕ ਪਲ ਦੀ ਵੀ ਵਿਹਲ ਨਹੀਂ ਤੇ ਉਂਝ ਸਾਡੇ ਕੋਲ ਵਕਤ ਹੀ ਵਕਤ ਹੈ। ਇੱਕ ਪੰਨੇ `ਤੇ ਭਗਤ ਕਬੀਰ ਕਹਿੰਦੇ ਹਨ-
...ਰੋੜਾ ਬਣ ਜਾ, ਖੇਹ ਬਣ ਜਾ, ਪਾਣੀ ਬਣ ਜਾ।` ...ਅਸੀਂ ਤਾਂ ਇਸ ਤੋਂ ਵੀ ਅੱਗੇ ਬੜਾ ਕੁਝ ਬਣੇ ਹੋਏ ਹਾਂ। ਗੁਰੂ ਤੇਗ ਬਹਾਦਰ ਕਹਿੰਦੇ ਨੇ... ‘ਨਾ ਭੈਅ ਦਿਉ ਨਾ ਭੈਅ ਮੰਨੋ।` ਇਥੇ ਸਰਹੱਦ `ਤੇ ਅਚਾਨਕ ਡਿੱਗਿਆ ਗੋਲਾ ਕਦੋਂ ਮੰਨਦਾ ਹੈ, ਇਨ੍ਹਾਂ ਗੱਲਾਂ ਨੂੰ?
ਅਖਬਾਰ ਦੇ ਇੱਕ ਹੋਰ ਪੰਨੇ `ਤੇ ਲਿਖਿਆ ਪੜ੍ਹਦਾ ਹਾਂ। ਕਮਾਲ ਹੈ, ਕਿਹੋ ਜਿਹੇ ਨੇ ਮੇਰੇ ਦੇਸ਼ ਦੇ ਨਾਗਰਿਕ? ਅਸੀਂ ਆਪਣੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਇਥੇ ਮੋਰਚਿਆਂ `ਚ ਡਟੇ ਹੋਏ ਆਂ। ਆਹ ਗੱਲਾਂ ਪਤਾ ਨਹੀਂ, ਕਿਹੜੇ ਦੇਸ਼ ਧਰੋਹੀ ਨੇ ਲਿਖੀਆਂ ਹਨ-
ਪੇਟ ਖਾਲੀ ਹੈ, ਯੋਗਾ ਕਰਾਇਆ ਜਾ ਰਿਹਾ ਹੈ/ ਜੇਬ ਖਾਲੀ ਹੈ, ਖਾਤਾ ਖੁੱਲ੍ਹਵਾਇਆ ਜਾ ਰਿਹਾ ਹੈ/ ਖਾਨੇ ਕੋ ਖਾਨਾ ਨਹੀਂ, ਸ਼ੌਚਾਲਯ ਬਣਾਇਆ ਜਾ ਰਿਹਾ ਹੈ/ ਗਾਉਂ ਮੇਂ ਬਿਜਲੀ ਨਹੀਂ, ਡਿਜੀਟਲ ਇੰਡੀਆ ਬਣਾਇਆ ਜਾ ਰਿਹਾ ਹੈ/ ਦਿਮਾਗ ਮੇਂ ਜਾਤੀ ਔਰ ਧਰਮ ਕੀ ਗੰਦਗੀ ਹੈ, ਸਵੱਛ ਭਾਰਤ ਬਨਾਇਆ ਜਾ ਰਿਹਾ ਹੈ।
ਕੀ ਸੱਚਮੁੱਚ ਦੇਸ਼ ਬਦਲ ਰਿਹਾ ਹੈ। ਸਮਾਜ ਵਿੱਚ ਅਜਿਹੇ ਲੋਕਾਂ ਦਾ ਕੀ ਕਰੀਏ। ਇਹ ਲੋਕ ਸੋਚਦੇ ਕਿਉਂ ਨਹੀਂ? ਲੈ, ਆਹ ਇੱਕ ਹੋਰ ਦੇਸ਼-ਦੋਖੀ, ਨਹੀਂ ਸਰਕਾਰ-ਦੋਖੀ ਨੇ ਟਿੱਪਣੀ ਕੀਤੀ ਹੈ-
ਊਚ ਨੀਚ ਸੜਕ ਹੋਵੇ ਰਫਤਾਰ ਨਹੀਂ ਬਣਦੀ/ ਊਚ ਨੀਚ ਜ਼ਮੀਨ ਹੋਵੇ, ਪੈਦਾਵਾਰ ਨਹੀਂ ਹੁੁੰਦੀ/ ਜੇ ਊਚ ਨੀਚ ਸਮਾਜ ਹੋਵੇ, ਵਿਕਾਸ ਕਿਵੇਂ ਸੰਭਵ ਹੋਵੇਗਾ?
ਕੁਝ ਨਾ ਲਿਖਣ ਲੱਗੇ ਸੋਚਦੇ ਹਨ, ਨਾ ਬੋਲਣ ਲੱਗੇ। ਇਹ ਸਮਝਦੇ ਨਹੀਂ, ਜਿਸ ਦੇਸ਼ ਦੇ ਰਹਿਬਰ, ਸਾਧ, ਜੋਗੀ, ਫਕੀਰ ਹੋਣ, ਉਸ ਦੇਸ਼ ਨੂੰ ਵਿਸ਼ਵ ਗੁਰੂ ਬਣਨ ਤੋਂ ਕੌਣ ਰੋਕ ਸਕਦਾ ਹੈ?
ਮੈਂ ਤਾਂ ਐਵੇਂ ਤੇਰੇ ਨਾਲ ਅਖਬਾਰਾਂ ਦੀਆਂ ਗੱਲਾਂ ਕਰਨ ਲੱਗ ਪਿਆ। ਸੁਣਿਆ ਹੈ, ਅਯੁੱਧਿਆ ਵਿੱਚ ਰਾਮ ਮੰਦਰ ਦਾ ਭੂਮੀ ਪੂਜਨ ਹੋ ਗਿਆ ਹੈ। ਤਦੇ ਚੀਨ ਤੇ ਪਾਕਿਸਤਾਨ ਉਸ ਦਿਨ ਤੋਂ ਪੂਰੇ ਡਰੇ ਹੋਏ ਹਨ। ਓ... ਹੋ... ਮੇਰੇ ਲਾਗੇ ਇੱਕ ਗੋਲਾ ਆ ਕੇ ਡਿੱਗਿਆ ਹੈ। ਮੇਰੇ ਮੋਰਚੇ ਤੱਕ ਮਿੱਟੀ ਉਛਲ ਕੇ ਆਈ ਹੈ। ਮੈਂ ਕਿਹਾ ਸੀ ਨਾ ਮਿੱਟੀ ਜਾਂ ਧਰਤੀ ਦਾ ਇੱਕ ਸੈਨਿਕ ਲਈ ਕਿੰਨਾ ਮਹੱਤਵ ਹੁੰਦਾ ਹੈ। ਮੈਂ ਹੋਰ ਅੱਗੇ ਨਹੀਂ ਲਿਖ ਸਕਦਾ। ਅਸੀਂ ਸਰਹੱਦ ਪਾਰ ਤੋਂ ਆ ਰਹੇ ਗੋਲਿਆਂ ਦਾ ਮੂੰਹ ਤੋੜ ਜਵਾਬ ਵੀ ਤਾਂ ਦੇਣਾ ਹੈ। ...ਚੰਗਾ, ਸਾਡੇ ਲਈ ਦੁਆ ਕਰਨਾ, ...ਜੇ ਜਿਊਂਦਾ ਰਿਹਾ, ਫਿਰ ਖ਼ਤ ਲਿਖਾਂਗਾ।
ਖ਼ਤ ਉਲਟ ਪਲਟ ਕੇ ਮੈਂ ਫਿਰ ਨਾਮ ਅਤੇ ਪਤਾ ਲੱਭਣ ਦੀ ਕੋਸ਼ਿਸ਼ ਕਰਦਾ ਹਾਂ। ਮੇਰੇ ਪੱਲੇ ਨਿਰਾਸ਼ਾ ਹੀ ਪੈਂਦੀ ਹੈ।

Have something to say? Post your comment