-ਪ੍ਰਿੰਸੀਪਲ ਵਿਜੇ ਕੁਮਾਰ
ਲਗਭਗ 40 ਸਾਲ ਪਹਿਲਾਂ ਦੀ ਗੱਲ ਹੈ ਕਿ ਮੈਂ ਸੱਤਵੀਂ ਜਮਾਤ ਵਿੱਚ ਤੇ ਮੇਰਾ ਛੋਟਾ ਭਰਾ ਚੌਥੀ ਵਿੱਚ ਪੜ੍ਹਦਾ ਸੀ। ਛੋਟਾ ਭਰ ਹੱਦ ਤੋਂ ਵੱਧ ਸ਼ਰਾਰਤੀ ਸੀ। ਪਿਤਾ ਜੀ ਦੇ ਪਿਆਰ ਨੇ ਉਸ ਨੂੰ ਬਹੁਤ ਸਿਰ ਚੜ੍ਹਾ ਰੱਖਿਆ ਸੀ। ਇਸੇ ਲਈ ਉਸ ਨੇ ਚੌਥੀ ਜਮਾਤ ਵਿੱਚ ਹੀ ਪੜ੍ਹਾਈ ਛੱਡ ਦਿੱਤੀ ਸੀ। ਪਿਤਾ ਜੀ ਅਤੇ ਉਸ ਨੂੰ ਇਸ ਗੱਲ ਦਾ ਪਛਤਾਵਾ ਵੀ ਬਹੁਤ ਹੋਇਆ। ਸਾਡੇ ਘਰ ਕੋਲ ਇੱਕ ਤੂਤ ਦਾ ਬੂਟਾ ਸੀ। ਇੱਕ ਦਿਨ ਬਹੁਤ ਸਾਰੇ ਬੱਚੇ ਉਸ ਤੂਤ ਦੇ ਬੂਟੇ ਉੱਤੇ ਚੜ੍ਹੇ ਹੋਏ ਸਨ। ਇੱਕ ਸ਼ਰਾਰਤੀ ਲੜਕੇ ਨੇ ਮੇਰੇ ਉਸ ਭਰਾ ਨੂੰ ਉਸ ਤੂਤ ਦੇ ਬੂਟੇ ਤੋਂ ਧੱਕਾ ਦੇ ਦਿੱਤਾ। ਉਚੇ ਤੋਂ ਡਿੱਗਣ ਕਾਰਨ ਮੇਰੇ ਭਰਾ ਨੂੰ ਕਾਫੀ ਸੱਟਾਂ ਲੱਗੀਆਂ। ਉਸ ਦਾ ਸਿਰ ਪਾਟ ਗਿਆ। ਬੂਟੇ ਦੇ ਹੇਠ ਇੱਕ ਇੱਟ ਪਈ ਸੀ। ਮੇਰਾ ਭਰਾ ਉਸ ਇੱਟ ਉੱਤੇ ਗਲ੍ਹ ਦੇ ਭਾਰ ਡਿੱਗ ਪਿਆ। ਇੱਟ ਦੀ ਨੁੱਕਰ ਟੁੱਟ ਕੇ ਉਸ ਦੇ ਗਲ੍ਹ ਵਿੱਚ ਵੜ ਗਈ। ਇੱਟ ਗੋਹੇ ਨਾਲ ਲਿਬੜੀ ਹੋਈ ਸੀ। ਗੋਹੇ ਨਾਲ ਭਰਾ ਨੂੰ ਟੈਟਨਸ ਦੀ ਬਿਮਾਰੀ ਹੋ ਗਈ।
ਉਨ੍ਹਾਂ ਦਿਨਾਂ ਵਿੱਚ ਡਾਕਟਰਾਂ ਨੂੰ ਟੈਟਨਸ ਦੀ ਬਿਮਾਰੀ ਦੀ ਬਹੁਤੀ ਜਾਣਕਾਰੀ ਨਹੀਂ ਸੀ। ਸਾਡਾ ਪਿੰਡ ਹੋਣ ਕਰ ਕੇ ਸਿਹਤ ਸਹੂਲਤਾਂ ਵੀ ਚੰਗੀਆਂ ਨਹੀਂ ਸਨ। ਉਨ੍ਹਾਂ ਆਰ ਐੱਮ ਪੀ ਡਾਕਟਰਾਂ ਨੇ ਭਰਾ ਦੇ ਸਿਰ ਨੂੰ ਪੁੱਟੀ-ਪੁੱਟੀ ਕਰ ਦਿੱਤੀ, ਪਰ ਉਨ੍ਹਾਂ ਨੂੰ ਟੈਟਨਸ ਦੀ ਬਿਮਾਰੀ ਦਾ ਪਤਾ ਨਾ ਲੱਗਾ। ਥੋੜ੍ਹੇ ਦਿਨਾਂ ਮਗਰੋਂ ਭਰਾ ਦਾ ਸਰੀਰ ਆਕੜਨ ਲੱਗ ਪਿਆ ਤੇ ਉਸ ਨੂੰ ਦੌਰੇ ਪੈਣ ਲੱਗ ਪਏ। ਪਿਤਾ ਜੀ ਨੂੰ ਸਮਝ ਨਾ ਆਵੇ ਕਿ ਉਹ ਕੀ ਕਰਨ। ਇੱਕ ਦਿਨ ਮਾਮਾ ਜੀ ਨੇ ਪਿਤਾ ਜੀ ਨੂੰ ਕਿਹਾ, ‘ਜੀਜਾ ਜੀ, ਕਿਤੇ ਮੁੰਡੇ ਹੱਥੋਂ ਨਾ ਨਿਕਲ ਜਾਵੇ। ਆਪਾਂ ਇਸ ਨੂੰ ਕਿਸੇ ਵੱਡੇ ਸ਼ਹਿਰ ਦੇ ਹਸਪਤਾਲ ਵਿੱਚ ਵਿਖਾ ਲੈਂਦੇ ਹਾਂ।’ ਪਿਤਾ ਜੀ ਦੀ ਅਨਪੜ੍ਹਤਾ ਤੇ ਅਗਿਆਨਤਾ ਕਾਰਨ ਤਿੰਨ-ਚਾਰ ਦਿਨ ਹੋਰ ਨਿਕਲ ਗਏ। ਭਰਾ ਨੂੰ ਗਸ਼ੀਆਂ ਪੈਣੀਆਂ ਸ਼ੁਰੂ ਹੋ ਗਈਆਂ। ਉਸ ਦਾ ਮੂੰਹ ਬੰਦ ਹੋਣਾ ਸ਼ੁਰੂ ਹੋ ਗਿਆ। ਆਖਰ ਮਾਮਾ ਜੀ ਉਸ ਨੂੰ ਨੰਗਲ ਬੀ ਬੀ ਐੱਮ ਦੇ ਹਸਪਤਾਲ ਵਿੱਚ ਲੈ ਗਏ। ਪਹਿਲਾਂ ਭਰਾ ਦੀ ਹਾਲਤ ਵੇਖ ਕੇ ਡਾਕਟਰਾਂ ਨੇ ਨਾਂਹ ਹੀ ਕਰ ਦਿੱਤੀ, ਪਰ ਪਿਤਾ ਜੀ ਦੀ ਜ਼ਿਆਦਾ ਬੇਨਤੀ ਉੱਤੇ ਉਨ੍ਹਾਂ ਨੇ ਭਰਾ ਨੂੰ ਦਾਖਲ ਕਰ ਲਿਆ। 15-2 ਦਿਨਾਂ ਮਗਰੋਂ ਸੀਨੀਅਰ ਡਾਕਟਰਾਂ ਨੇ ਪਿਤਾ ਜੀ ਨੂੰ ਆਖ ਦਿੱਤਾ ਕਿ ਸਾਡੇ ਕੋਲ ਇਸ ਦਾ ਕੋਈ ਇਲਾਜ ਨਹੀਂ, ਤੁਸੀਂ ਇਸ ਨੂੰ ਕਿਧਰੇ ਹੋਰ ਲਿਜਾ ਸਕਦੇ ਹੋ। ਪਿਤਾ ਜੀ ਨੂੰ ਸਮਝ ਨਾ ਆਵੇ ਕਿ ਉਹ ਕੀ ਕਰਨ। ਪੱਲੇ ਨਾ ਪੈਸਾ ਸੀ ਤੇ ਨਾ ਸਮਝ, ਉਹ ਬਹੁਤ ਮਾਯੂਸ ਸਨ।
ਉਨ੍ਹਾਂ ਦਿਨਾਂ ਵਿੱਚ ਇੱਕ ਨਵਾਂ ਮੁੰਡਾ ਡਾਕਟਰੀ ਕਰ ਕੇ ਆਇਆ ਸੀ। ਉਸ ਨੇ ਪਿਤਾ ਜੀ ਨੂੰ ਕਿਹਾ, ‘ਬਾਊ ਜੀ, ਮੈਂ ਤੁਹਾਡੇ ਪੁੱਤਰ ਦਾ ਇਲਾਜ ਕਰਾਂਗਾ। ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ।'' ਉਸ ਨੌਜਵਾਨ ਡਾਕਟਰ ਨੇ ਦੋ-ਤਿੰਨ ਮਹੀਨਿਆਂ ਵਿੱਚ ਭਰਾ ਨੂੰ ਠੀਕ ਕਰ ਦਿੱਤਾ। ਇਲਾਜ ਪਿੱਛੋਂ ਉਸ ਡਾਕਟਰ ਨੇ ਭਰਾ ਦੇ ਮੂੰਹ ਦਾ ਐਕਸਰੇ ਕਰ ਕੇ ਕਿਹਾ, ‘ਬਾਊ ਜੀ, ਤੁਸੀਂ ਬੱਚੇ ਨੂੰ ਆਪਣੇ ਘਰ ਲਿਜਾ ਸਕਦੇ ਹੋ।’ ਪਿਤਾ ਜੀ ਭਰਾ ਨੂੰ ਲੈ ਕੇ ਘਰ ਆ ਗਏ। ਭਰਾ ਦੇ ਮੂੰਹ ਦਾ ਜ਼ਖਮ ਰਿਸਣ ਲੱਗ ਪਿਆ। ਪਿਤਾ ਜੀ ਭਰਾ ਨੂੰ ਮੁੜ ਹਸਪਤਾਲ ਲੈ ਕੇ ਗਏ। ਡਾਕਟਰ ਨੇ ਦਵਾਈ ਵੀ ਦਿੱਤੀ, ਪਰ ਗੱਲ ਨਾ ਬਣੀ। ਪਿਤਾ ਜੀ ਕਾਫੀ ਫਿਕਰਮੰਦ ਸਨ।
ਇੱਕ ਦਿਨ ਸਾਡੀ ਦੁਕਾਨ ਉੱਤੇ ਇੱਕ ਜੰਗਲ ਤੋਂ ਲੱਕੜੀਆਂ ਲਿਆ ਕੇ ਵੇਚਣ ਵਾਲਾ ਆਇਆ। ਭਰਾ ਵੀ ਦੁਕਾਨ ਉੱਤੇ ਬੈਠਾ ਸੀ। ਉਸ ਨੇ ਭਰਾ ਦਾ ਜ਼ਖਮ ਵੇਖ ਕੇ ਉਸ ਬਾਰੇ ਪੁੱਛਿਆ। ਪਿਤਾ ਜੀ ਨੇ ਸਾਰੀ ਗੱਲ ਦੱਸੀ। ਉਸ ਲੱਕੜਹਾਰੇ ਨੇ ਪਿਤਾ ਜੀ ਨੂੰ ਕਿਹਾ, ‘ਲਾਲਾ ਜੀ, ਜੰਗਲ ਵਿੱਚ ਇੱਕ ਵੈਦ ਏਕਾਂਤ ਵਿੱਚ ਰਹਿੰਦਾ ਹੈ। ਉਹ ਜ਼ਖਮਾਂ ਦੀ ਦਵਾਈ ਦਿੰਦਾ ਹੈ। ਦਵਾਈ ਲੈ ਕੇ ਵੇਖ ਲਓ, ਸ਼ਾਇਦ ਆਰਾਮ ਆ ਜਾਵੇ।’ ਇੱਕ ਦਿਨ ਪਿਤਾ ਜੀ ਮੈਨੂੰ ਤੇ ਭਰਾ ਨੂੰ ਲੈ ਕੇ ਚੱਲ ਪਏ। ਜੇ ਸਾਨੂੰ ਲੱਕੜਹਾਰਾ ਨਾਲ ਨਾ ਲੈ ਜਾਂਦਾ ਤਾਂ ਸਾਨੂੰ ਉਹ ਵੈਦ ਲੱਭਣਾ ਹੀ ਨਹੀਂ ਸੀ। ਵੈਦ ਨੇ ਦਵਾਈ ਦੇਣ ਤੋਂ ਬਾਅਦ ਸਾਨੂੰ ਦੱਸਿਆ ਕਿ ‘ਇਸ ਜੰਗਲ ਵਿੱਚ ਬਹੁਤ ਜੜ੍ਹੀਆਂ-ਬੂਟੀਆਂ ਹਨ ਤੇ ਮੈਂ ਜੰਗਲ ਤੋਂ ਬਾਹਰ ਨਹੀਂ ਜਾਂਦਾ। ਜਿਹੜਾ ਮੇਰੇ ਕੋਲ ਆ ਜਾਂਦਾ ਹੈ, ਉਸ ਦਾ ਮੈਂ ਇਲਾਜ ਕਰ ਦਿੰਦਾ ਹਾਂ।’ ਉਸ ਨੇ ਸਾਡੇ ਕੋਲੋਂ ਦਵਾਈ ਦਾ ਕੋਈ ਪੈਸਾ ਨਾ ਲਿਆ। ਦਵਾਈ ਲਾਉਣ ਦੇ 15 ਦਿਨਾਂ ਮਗਰੋਂ ਦੀ ਗੱਲ੍ਹ ਉੱਤੇ ਹੋਏ ਜ਼ਖਮ ਵਿੱਚੋਂ ਇੱਕ ਡੁੰਡ ਜਿਹਾ ਨਿਕਲਣਾ ਸ਼ੁਰੂ ਹੋ ਗਿਆ। ਪਿਤਾ ਜੀ ਨੂੰ ਸਮਝ ਨਾ ਲੱਗੇ ਕਿ ਇਹ ਹੈ ਕੀ। ਇੱਕ ਦਿਨ ਭਰਾ ਬੱਚਿਆਂ ਨਾਲ ਕਬੱਡੀ ਖੇਡ ਰਿਹਾ ਸੀ। ਇੱਕ ਬੱਚੇ ਨੇ ਉਸ ਦੇ ਮੂੰਹ `ਤੇ ਥੱਪੜ ਮਾਰਿਆ। ਮੂੰਹ ਦੇ ਜ਼ਖਮ ਵਿੱਚੋਂ ਇੱਟ ਦਾ ਟੁਕੜਾ ਨਿਕਲਿਆ, ਜੋ ਤੂਤ ਦੇ ਬੂਟੇ ਤੋਂ ਡਿੱਗ ਕੇ ਉਸ ਦੇ ਗਲ੍ਹ ਵਿੱਚ ਵੜਿਆ ਸੀ। ਇਸ ਤੋਂ ਬਾਅਦ ਉਹ ਜ਼ਖਮ ਵੀ ਸੁੱਕ ਗਿਆ।
ਮੈਂ ਅੱਜ ਸੋਚਦਾ ਹਾਂ ਕਿ ਜੇ ਅੱਜ ਅਜਿਹਾ ਕੋਈ ਵੈਦ ਹੁੰਦਾ ਤਾਂ ਸ਼ਾਇਦ ਉਹ ਕੋਰੋਨਾ ਦੀ ਬਿਮਾਰੀ ਦਾ ਇਲਾਜ ਵੀ ਕਰ ਦਿੰਦਾ।