Welcome to Canadian Punjabi Post
Follow us on

02

July 2025
 
ਨਜਰਰੀਆ

ਗੱਲਾਂ ਦਾ ਘੜਾ...

September 04, 2020 08:41 AM

-ਮੁਕੇਸ਼ ਅਠਵਾਲ
ਚੰਡੀਗੜ੍ਹ 'ਚ ਸੁਰਤ ਸੰਭਾਲਣ ਪਿੱਛੋਂ ਨਰਸਰੀ ਤੋਂ ਲੈ ਕੇ ਗਰੈਜੂਏਸ਼ਨ ਤੱਕ ਪੜ੍ਹਾਈ ਇਸੇ ਸ਼ਹਿਰ 'ਚ ਪੂਰੀ ਕੀਤੀ ਸੀ। ਮਾਪਿਆਂ ਦਾ ਪਿਛੋਕੜ ਪੁਆਧ ਦਾ ਹੋਣ ਅਤੇ ਰਿਸ਼ਤੇਦਾਰਾਂ ਵੱਲੋਂ ਪੁਆਧੀ ਬੋਲਣ ਕਾਰਨ ਮੈਨੂੰ ਇਸ ਬੋਲੀ ਨਾਲ ਖਾਸ ਲਗਾਓ ਰਿਹਾ। ਘਰ 'ਚ ਪੁਆਧੀ ਚਲਦੀ ਸੀ। ਵੱਡੀਆਂ ਭੈਣਾਂ ਦਾ ਵਿਆਹ ਅਤੇ ਮਾਤਾ-ਪਿਤਾ ਨੌਕਰੀ ਕਰਦੇ ਹੋਣ ਕਰ ਕੇ ਵਿਆਹ ਦਾ ਦਬਾਅ ਪੈਣ ਲੱਗਾ। ਮਾਪਿਆਂ ਦੀ ਸੋਚ ਸੀ, ਕੁੜੀ ਆਪਣੇ ਇਲਾਕੇ ਦੀ ਹੋਵੇ। ਉਨ੍ਹਾਂ ਦੀ ਰੀਝ ਪੂਰੀ ਹੋ ਗਈ।
ਅੰਬਾਲਾ ਕੈਂਟ ਦੇ ਬਿਲਕੁਲ ਨਾਲ ਲੱਗਦੇ ਪਿੰਡ ਦੇ ਰਹਿਣ ਵਾਲੇ ਫੌਜੀ ਅਫਸਰ ਪਿਤਾ ਜੀ ਦੇ ਪੁਰਾਣੇ ਦੋਸਤ ਸਨ, ਉਨ੍ਹਾਂ ਦੀ ਧੀ ਨਾਲ ਵਿਆਹ ਹੋ ਗਿਆ। ਫੌਜੀ ਦੀ ਧੀ ਉਦੋਂ ਤੱਕ ਤਿੰਨ ਮਹਾਨਗਰਾਂ ਕੋਲਕਾਤਾ, ਦਿੱਲੀ ਅਤੇ ਮੁੰਬਈ ਤੋਂ ਇਲਾਵਾ ਦੇਸ਼ ਦੇ ਕਈ ਹੋਰ ਵੱਡੇ ਸ਼ਹਿਰਾਂ ਵਿੱਚ ਰਹਿਣ ਕਰ ਕੇ ਪੇਂਡੂ ਸਭਿਆਚਾਰ ਬਾਰੇ ਕੁਝ ਨਹੀਂ ਸੀ ਜਾਣਦੀ। ਪੁਆਧੀ ਤਾਂ ਦੂਰ, ਉਸ ਨੂੰ ਪੰਜਾਬੀ ਵੀ ਚੰਗੀ ਤਰ੍ਹਾਂ ਬੋਲਣੀ ਅਤੇ ਸਮਝ ਨਹੀਂ ਆਉਂਦੀ ਸੀ। ਵਿਆਹ ਮਗਰੋਂ ਸਾਡੇ ਘਰ ਪਹੁੰਚੀ ਫੌਜੀ ਅਫਸਰ ਦੀ ਸ਼ਹਿਰੀ ਧੀ ਹਿੰਦੀ ਵਿੱਚ ਬੋਲਦੀ, ਜਿਸ ਨੂੰ ਸਮਝਣ 'ਚ ਪਰਵਾਰ ਦੇ ਕਿਸੇ ਮੈਂਬਰ ਨੂੰ ਕੋਈ ਸਮੱਸਿਆ ਨਹੀਂ ਸੀ। ਮੁਸ਼ਕਲ ਉਦੋਂ ਪੇਸ਼ ਆਉਂਦੀ, ਜਦੋਂ ਸਾਡੇ ਰਿਸ਼ਤੇਦਾਰਾਂ ਦੀ ਪੁਆਧੀ ਬੋਲੀ ਉਸ ਨੂੰ ਸਮਝ ਨਾ ਆਉਂਦੀ। ਸਾਰਾ ਪਰਵਾਰ ਅਤੇ ਰਿਸ਼ਤੇਦਾਰ ਪੁਆਧੀ ਵਿੱਚ ਗੱਲਾਂ ਕਰ ਕੇ ਹੱਸਦੇ ਰਹਿੰਦੇ ਤੇ ਉਹ ਸਾਰਿਆਂ ਦੇ ਮੂੰਹ ਵੱਲ ਤੱਕਦੀ ਰਹਿੰਦੀ। ਅਖੀਰ ਮੈਨੂੰ ਹੀ ਉਸ ਨੂੰ ਹਿੰਦੀ ਵਿੱਚ ਗੱਲ ਸਮਝਾਉਣੀ ਪੈਂਦੀ।
ਵਿਆਹ ਮਗਰੋਂ ਕੁਝ ਅਜਿਹੀਆਂ ਗੱਲਾਂ ਹੋਈਆਂ, ਜਿਨ੍ਹਾਂ ਨੂੰ ਚੇਤੇ ਕਰ ਕੇ ਅੱਜ ਵੀ ਹਾਸਾ ਆਉਂਦਾ ਹੈ। ਮਸਾਂ ਦੋ ਕੁ ਮਹੀਨੇ ਹੋਏ ਹੋਣਗੇ ਕਿ ਸਾਡੀ ਨਾਨੀ ਨੇ ਆਪਣੀ ਦੋਹਤ-ਨੂੰਹ ਨਾਲ ਕੁਝ ਦਿਨ ਰਹਿਣ ਦੀ ਇੱਛਾ ਜਤਾਈ ਅਤੇ ਰਹਿਣ ਆ ਗਈ। ਸਾਰਾ ਪਰਵਾਰ ਆਪੋ-ਆਪਣੇ ਕੰਮਾਂ 'ਤੇ ਲੱਗ ਜਾਂਦਾ, ਪਿੱਛੇ ਬੇਬੇ ਤੇ ਉਸ ਦੀ ਦੋਹਤ-ਨੂੰਹ ਰਹਿ ਜਾਂਦੀਆਂ। ਘਰ ਵਾਲੀ ਬੇਬੇ ਦੀਆਂ ਆਸਾਂ 'ਤੇ ਪੂਰੀ ਉਤਰਨ ਦੀ ਕੋਸ਼ਿਸ਼ ਕਰਦੀ। ਇੱਕ ਦਿਨ ਬੇਬੇ ਦੇ ਸਰੀਰ 'ਚ ਦਰਦ ਸੀ ਤਾਂ ਉਸ ਨੇ ਮਾਲਿਸ਼ ਕੀਤੀ। ਬੇਬੇ ਨੂੰ ਕਾਫੀ ਆਰਾਮ ਆਇਆ। ਸ਼ਾਮ ਨੂੰ ਜਦੋਂ ਸਾਰਾ ਪਰਵਾਰ ਇਕੱਠਾ ਹੋਇਆ ਤਾਂ ਬੇਬੇ ਨੇ ਮਾਤਾ-ਪਿਤਾ ਨੂੰ ਬੜੇ ਮਾਣ ਨਾਲ ਪੁਆਧੀ ਵਿੱਚ ਦੱਸਿਆ, ‘‘ਅੱਜ ਤੋ ਬਹੂ ਨੇ ਮੇਰੀ ਲੱਤਾਂ ਘੁੱਟੀਆਂ। ਧਰਮ ਤੇ ਬਹੁਤ ਆਰਾਮ ਮਿਲਿਆ।” ਮਾਤਾ-ਪਿਤਾ ਖੁਸ਼ ਹੋਏ।
ਇੰਨੇ ਨੂੰ ਪਤਨੀ ਅੱਖਾਂ 'ਚ ਹੰਝੂ ਭਰ ਕੇ ਆਈ ਤੇ ਕਹਿਣ ਲੱਗੀ, ‘‘ਮੈਨੇ ਤੋ ਬੇਬੇ ਕੀ ਟਾਂਗੇ ਦਬਾਈ, ਔਰ ਵੋ ਕਹਿ ਰਹੀ ਹੈ ਕਿ ਮੇਰੇ ਉਨ ਕੋ ਲਾਤੋਂ ਸੇ ਕੁੱਟਾ।” ਮਸਾਂ ਹਾਸਾ ਰੋਕਿਆ ਤੇ ਉਸ ਨੂੰ ਬੇਬੇ ਦੀ ਗੱਲ ਸਮਝਾਈ। ਕੁਝ ਦਿਨ ਬਾਅਦ ਪਿਤਾ ਜੀ ਦੇ ਚਾਚਾ ਜੀ, ਜਿਨ੍ਹਾਂ ਨੂੰ ਅਸੀਂ ਬਾਈ ਜੀ ਕਹਿੰਦੇ ਸਾਂ, ਆ ਗਏ। ਘਰ 'ਚ ਉਹ ਇਕੱਲੀ ਸੀ ਤੇ ਉਹਨੇ ਬਾਈ ਜੀ ਨੂੰ ਕਦੇ ਦੇਖਿਆ ਨਹੀਂ ਸੀ। ਬਾਈ ਜੀ ਨੇ ਦਰਵਾਜ਼ਾ ਖੜਕਾਇਆ ਤਾਂ ਉਹਨੇ ਸਵਾਲ ਕੀਤਾ, ‘‘ਹਾਂ ਜੀ ਬਾਬਾ ਜੀ ਕਿਸ ਸੇ ਮਿਲਨਾ ਹੈ?” ਪਿਤਾ ਜੀ ਦਾ ਨਾਂਅ ਸ਼ੇਰ ਸਿੰਘ ਤੇ ਮਾਤਾ ਦਾ ਨਾਂਅ ਅਮਰਜੀਤ ਕੌਰ ਸੀ, ਪਰ ਬਾਈ ਜੀ ਸ਼ੇਰਾ ਅਤੇ ਅਮਰੋ ਕਹਿੰਦੇ ਸੀ। ਬਾਈ ਜੀ ਨੇ ਪੁੱਛਿਆ, ‘‘ਸ਼ੇਰਾ ਹੈ।” ਉਹ ਬੋਲੀ, ‘‘ਬਾਬਾ ਜੀ ਯਹਾਂ ਕੋਈ ਸ਼ੇਰਾ ਨਹੀਂ ਰਹਿਤਾ।” ਬਾਈ ਜੀ ਨੇ ਪੁੱਛਿਆ, ‘‘ਅਮਰੋ ਹੋਵੇਗੀ।” ਫਿਰ ਉਹੀ ਜਵਾਬ, ‘‘ਯਹਾਂ ਕੋਈ ਅਮਰੋ ਭੀ ਨਹੀਂ ਰਹਿਤੇ।” ਧੁੱਪ ਵਿੱਚ ਆਏ ਬਾਈ ਜੀ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਉਹ ਖਿੱਝ ਕੇ ਬੋਲੇ, ‘‘ਕਮਾਲ ਐ ਭਾਈ, ਇੰਨੇ ਸਾਲਾਂ ਤੋਂ ਮੈਂ ਆ ਰਿਹਾ ਹਾਂ, ਅੱਜ ਕਹਿੰਦੇ ਇਥੇ ਨਹੀਂ ਰਹਿੰਦੇ।” ਫੌਜੀ ਦੀ ਧੀ ਅਤੇ ਅੜੀਅਲ ਸੁਭਾਅ ਦੇ ਬਾਈ ਜੀ ਆਪੋ-ਆਪਣੇ ਦਾਅਵਿਆਂ 'ਤੇ ਕਾਇਮ ਸਨ। ਇੰਨੇ ਨੂੰ ਮੈਂ ਪਹੁੰਚ ਗਿਆ ਅਤੇ ਬਾਈ ਜੀ ਦੇ ਪੈਰਾਂ ਨੂੰ ਹੱਥ ਲਾ ਉਨ੍ਹਾਂ ਨੂੰ ਅੰਦਰ ਵਾੜਿਆ. ਉਸ ਮਗਰੋਂ ਬਾਈ ਜੀ ਅਖੀਰ ਤੱਕ ਮੈਨੂੰ ਇਹੀ ਮਿਹਣਾ ਮਾਰਦੇ ਰਹੇ, ‘‘ਤੇਰੀ ਬਹੂ ਨੇ ਮੈਨੂੰ ਬਾਹਰ ਖੜ੍ਹਾ ਕਰ ਕੇ ਰੱਖਿਆ ਤਾ।”
ਵਿਆਹ ਨੂੰ 18 ਸਾਲ ਹੋ ਗਏ ਹਨ, ਮੈਂ ਪਤਨੀ ਨਾਲ ਹਿੰਦੀ ਤੇ ਬਾਕੀ ਪਰਵਾਰ ਨਾਲ ਪੁਆਧੀ 'ਚ ਗੱਲ ਕਰਦਾ ਹਾਂ। ਪਤਨੀ ਦੀ ਪੁਆਧੀ ਬੋਲੀ ਸਮਝਣ ਦੇ ਨਾਲ ਬੋਲਣ ਦੀ ਕੋਸ਼ਿਸ਼ ਵੀ ਜਾਰੀ ਹੈ। ਇਹ ਗੱਲ ਵੱਖਰੀ ਹੈ ਕਿ ਉਹ ‘ਗੱਲਾਂ ਦਾ ਕੜਾਹ’ ਬਣਾਉਣ ਦੀ ਥਾਂ ‘ਗੱਲਾਂ ਦਾ ਘੜਾ’ ਬਣਾ ਦਿੰਦੀ ਹੈ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ ਇਤਿਹਾਸ ਦੱਸਦੈ ਅਕਾਲੀ ਦਲ ਦਾ ਪਾਟਕ ਪੰਜਾਬ ਉੱਤੇ ਕੀ ਅਸਰ ਪਾ ਸਕਦੈ!