-ਦਰਸ਼ਨ ਸਿੰਘ
ਮਨ ਬਹੁਤ ਚੰਚਲ ਹੁੰਦਾ ਹੈ। ਕਾਬੂ ਵਿੱਚ ਰੱਖਣਾ ਵੀ ਕਈ ਵਾਰ ਔਖੀ ਗੱਲ ਹੁੰਦੀ ਹੈ। ਮਨ ਵਿੱਚ ਚਾਅ ਤੇ ਉਮੰਗ ਹੋਵੇ, ਅੰਬਰ ਛੋਂਹਦੀਆਂ ਚੋਟੀਆਂ ਉਤੇ ਕਦਮ ਰੱਖਣੇ ਸੌਖੇ ਜਾਪਦੇ ਹਨ। ਮਨ ਮਾਰ ਲਈਏ, ਮਨ ਮਸੋਸ ਕੇ ਰਹਿ ਜਾਈਏ ਜਾਂ ਮਨ ਦੇ ਲੱਡੂ ਭੋਰਦੇ ਰਹੀਏ, ਭਾਵ ਨਿਰੇ ਖਿਆਲੀ ਪੁਲਾਉ ਪਕਾਉਂਦੇ ਰਹੀਏ ਤਾਂ ਅਸਫਲਤਾ ਦੇ ਢੰਗ ਲੱਗਣ ਲੱਗਦੇ ਹਨ। ਖੁਸ਼ੀ, ਉਦਾਸੀ ਮਨ ਨਾਲ ਜੁੜੀਆਂ ਅਵਸਥਾਵਾਂ ਹਨ। ਨਿੱਕੀਆਂ-ਨਿੱਕੀਆਂ ਹਾਰਾਂ ਮਨ ਨੂੰ ਲਾ ਕੇ ਢੇਰੀ ਢਾਹੁਣਾ ਮਨ ਦੀ ਅਥਾਹ ਸ਼ਕਤੀ ਨੂੰ ਬੰਨ੍ਹ ਲਾਉਣ ਜਿਹਾ ਹੈ।
ਗੱਲ 1975 ਦੀ ਹੈ, ਜਦੋਂ ਮੈਂ ਗੌਰਮਿੰਟ ਕਾਲਜ ਆਫ ਐਜੂਕੇਸ਼ਨ ਜਲੰਧਰ ਦਾ ਵਿਦਿਆਰਥੀ ਸਾਂ। ਹਫਤੇ ਵਿੱਚ ਦੋ ਦਿਨ ਸਵੇਰ ਦੀ ਸਭਾ ਹੁੰਦੀ ਸੀ, ਜਿਸ ਨੂੰ ‘ਮੌਰਨਿੰਗ ਅਸੈਂਬਲੀ` ਕਿਹਾ ਜਾਂਦਾ ਸੀ। ਇਹ ਦੋ ਦਿਨ ਬੜੇ ਦਿਲਚਸਪ ਹੁੰਦੇ ਸਨ ਤੇ ਇਨ੍ਹਾਂ ਦੇ ਆਉਣ ਦੀ ਹਰ ਪਲ ਉਡੀਕ ਰਹਿੰਦੀ ਸੀ। ਇਨ੍ਹਾਂ ਦੋਵੇਂ ਦਿਨਾਂ ਵਿੱਚ ਕਾਲਜ ਦੇ ਕਿਸੇ ਵਿਦਿਆਰਥੀ ਜਾਂ ਪ੍ਰੋਫੈਸਰ ਵੱਲੋਂ ਕਿਸੇ ਮਹੱਤਵ ਪੂਰਨ ਵਿਸ਼ੇ ਬਾਰੇ ਆਪੋ-ਆਪਣੇ ਨਜ਼ਰੀਏ ਤੋਂ ਖੁੱਲ੍ਹੇ ਵਿਚਾਰ ਦਿੱਤੇ ਜਾਂਦੇ ਸਨ। ਇਨ੍ਹਾਂ ਵਿੱਚ ਜ਼ਿੰਦਗੀ ਦੇ ਭਲਕ ਲਈ ਕਈ ਸੇਧਾਂ ਅਤੇ ਸੁਫਨੇ ਹੁੰਦੇ ਸਨ। ਉਦੋਂ ਤੱਕ ਮੈਨੂੰ ਕਿਸੇ ਵੀ ‘ਮੰਚ` ਉਤੇ ਗੱਲ ਕਹਿਣ ਦਾ ਕੋਈ ਅਨੁਭਵ ਨਹੀਂ ਸੀ। ਮਨ ਵਿੱਚ ਜਿਵੇਂ ਡਰ, ਝਾਕਾ ਜਾਂ ਝਿਜਕ ਸੀ। ਮੇਰੇ ਅੰਦਰ ਕਹਿਣ ਲਈ ਬੜਾ ਕੁਝ ਦੱਬਿਆ ਪਿਆ ਸੀ। ਜ਼ਿੰਦਗੀ ਬਾਰੇ ਮੇਰੀਆਂ ਆਪਣੀਆਂ ਨਿੱਜੀ ਸੋਚ ਵਿਚਾਰਾਂ ਸਨ। ਇਨ੍ਹਾਂ ਨੂੰ ਦੂਜਿਆਂ ਨਾਲ ਸਾਂਝਾ ਕਰਨ ਦੀ ਮੇਰੇ ਅੰਦਰ ਰੀਝ ਤੇ ਤਾਂਘ ਸੀ। ਮਨ ਨਾਲ ਸੰਵਾਦ ਰਚਾਉਂਦਿਆਂ ਕਦੀ ਹਾਂ ਕਦੀ ਨਾਂਹ ਦੀ ਘੁੰਮਣਘੇਰੀ ਵਿੱਚੋਂ ਨਿਕਲਦਿਆਂ ਅਤੇ ਸਵੈ-ਵਿਸ਼ਵਾਸ ਨੂੰ ਆਪਣੇ ਅੰਦਰ ਭਰਦਿਆਂ ਮੰਚ ਉਤੇ ਬੋਲਣ ਦਾ ਹੌਸਲਾ ਕਰ ਹੀ ਲਿਆ। ਮਨ ਦੀ ਇੱਛਾ ਨੂੰ ਕਿਸੇ ਵੀ ਹਾਲਤ ਵਿੱਚ ਹੋਰ ਰੋਕਣਾ ਨਹੀਂ ਚਾਹੁੰਦਾ ਸਾਂ। ਇਹ ਮੇਰੇ ਲਈ ਪ੍ਰੀਖਿਆ ਦੀ ਘੜੀ ਸੀ ਅਤੇ ਅਜਿਹੇ ਪਲ ਹਰ ਕਿਸੇ ਲਈ ਆਮ ਤੌਰ `ਤੇ ਔਖੇ ਹੀ ਹੁੰਦੇ ਹਨ ਜਾਂ ਔਖੇ ਜਾਪਦੇ ਹਨ। ਨਿਸ਼ਚਿਤ ਦਿਨ ਉਤੇ ਮੈਂ ਮੰਚ ਉਪਰ ਸਾਂ। ਮੇਰੇ ਸਾਹਮਣੇ ਵਿਦਿਆਰਥੀ ਅਤੇ ਪ੍ਰੋਫੈਸਰ ਸਾਹਿਬਾਨ ਸਨ।
ਮੈਂ ਮਨ ਤੋਂ ਗੱਲ ਛੋਹੀ। ਮਨ ਦੀ ਜ਼ਿੰਦਗੀ ਵਿੱਚ ਭੂਮਿਕਾ ਮੇਰਾ ਮੁੱਖ ਵਿਸ਼ਾ ਸੀ। ਇਰਾਦੇ, ਨਿਸ਼ਚਿਆਂ, ਵਿਸ਼ਵਾਸਾਂ, ਸੁਫਨਿਆਂ, ਆਸਾਂ, ਉਮੀਦਾਂ ਦੀ ਗੱਲ ਮੇਰੇ ਬੋਲਾਂ ਵਿੱਚ ਸੀ। ਮੇਰੀ ਇਹੋ ਪਲੇਠੀ ਕੋਸ਼ਿਸ਼ ਹੀ ਮੇਰੀ ਪਛਾਣ ਬਣ ਗਈ ਅਤੇ ਉਸ ਸਾਲ ਦਾ ਸਭ ਤੋਂ ਵਧੀਆ ਬੁਲਾਰਾ ਹੋਣ ਦਾ ਮਾਣ ਮੇਰੇ ਹਿੱਸੇ ਆਇਆ। ਮੇਰੇ ਚੇਤੇ ਵਿੱਚ ਵੱਸੇ ਜਾਂ ਉਕਰੇ ਉਹ ਪਲ ਅੱਜ ਵੀ ਔਖੀਆਂ ਘੜੀਆਂ ਵਿੱਚ ਮੇਰਾ ਸਹਾਰਾ ਬਣਦੇ ਹਨ।
ਉਂਜ ਪੁੱਠੇ-ਸਿੱਧੇ ਕੰਮਾਂ-ਕਾਰਿਆਂ ਲਈ ਵੀ ਮਨ ਜ਼ਿੰਮੇਵਾਰ ਹੁੰਦਾ ਹੈ। ਮਨ ਦੇ ਸ਼ੌਕ ਬੜੇ ਅਲੋਕਾਰ ਹੁੰਦੇ ਹਨ। ਥੋੜ੍ਹਾ ਸਮਝ ਤੋਂ ਵੀ ਕੰਮ ਲੈਣ ਦੀ ਲੋੜ ਹੈ ਕਿ ਕੀ ਕਰਨਾ ਚਾਹੀਦੈ, ਕੀ ਨਹੀਂ। ਸਕੂਲ ਵਿੱਚ ਅਧਿਆਪਕ ਤਾਂ ਹੁੰਦੇ ਹਨ, ਪਰ ਘਰ ਵਿੱਚ ਮਾਂ ਸਭ ਤੋਂ ਪਹਿਲੀ ਅਧਿਆਪਕਾ ਹੁੰਦੀ ਹੈ। ਨਿੱਕਾ ਹੁੰਦਾ ਸਾਂ ਤਾਂ ਮੇਰੇ ਕੀਤੇ ਕੰਮਾਂ ਜਾਂ ‘ਕਾਰਿਆਂ` ਉਤੇ ਮੇਰੀ ਮਾਂ ਦੀ ਨਜ਼ਰ ਹੁੰਦੀ ਸੀ। ਉਸ ਦੀ ਇਸੇ ਦ੍ਰਿਸ਼ਟੀ ਕਾਰਨ ਹੀ ਉਸ ਨੂੰ ਇਹ ਪਤਾ ਲੱਗ ਗਿਆ ਸੀ ਕਿ ਮੈਨੂੰ ਮੈਥ ਔਖਾ ਜਾਪਦਾ ਸੀ, ਜਾਂ ਇਸ ਵਿੱਚ ਮੇਰੀ ਰੂਚੀ ਨਹੀਂ ਸੀ। ਸਕੂਲ ਵਿੱਚ ਨਕਲ ਕਰ ਕੇ ਮੈਂ ਸੁਆਲ ਹੱਲ ਕਰਦਾ ਸੀ। ‘ਮਨ ਸਭ ਕੁਝ ਕਰ ਸਕਦਾ ਹੈ।` ਮਾਂ ਦੀਆਂ ਦਲੀਲਾਂ ਨੇ ਜਿਵੇਂ ਮੇਰੇ ਮਨ ਦਾ ਰੁਖ਼ ਹੀ ਮੋੜ ਦਿੱਤਾ ਹੋਵੇ। ਸਮਾਂ ਪਾ ਕੇ ਮੈਂ ਵੀ ਮੈਥ ਵਿੱਚ ਹੁਸ਼ਿਆਰ ਵਿਦਿਆਰਥੀਆਂ ਦੀ ਕਤਾਰ ਵਿੱਚ ਸ਼ਾਮਲ ਸੀ।
ਮਾਂ ਇਹ ਵੀ ਦੱਸਦੀ ਹੁੰਦੀ ਸੀ ਕਿ ਨਿੱਕੇ ਹੁੰਦੇ ਤੂੰ ਰੋਂਦਾ ਤਾਂ ਤੇਰੇ ਹੱਥ ਵਿੱਚ ਛਣਕਣਾ ਦੇ ਦਿੰਦੀ। ਇਸ ਦੀ ਛੁਣ-ਛੁਣ ਸੁਣ ਕੇ ਤੇਰੇ ਚਿਹਰੇ ਉਤੇ ਮੁਸਕਾਣ ਪਰਤ ਆਉਂਦੀ। ਤੂੰ ਖੇਡਣ ਲੱਗਦਾ ਤੇ ਮੈਂ ਸਾਰਾ ਕੰਮ ਮੁਕਾ ਲੈਂਦੀ। ਮੈਂ ਕਦੀ ਕਦੀ ਸੋਚਦਾ ਹਾਂ ਕਿ ਇਸ ਛਣਕਣੇ ਅਤੇ ਮੇਰੇ ਮਨ ਦਾ ਕੀ ਰਿਸ਼ਤਾ ਸੀ? ਸ਼ਾਇਦ ਮਨ ਪਰਚ ਜਾਂਦਾ ਸੀ। ਅੱਜ ਸਮਝ ਆ ਗਈ ਹੈ ਕਿ ਮਨ ਨਿੱਕੀ ਜਿਹੀ ਕੋਈ ਪ੍ਰਾਪਤੀ ਨਾਲ ਵੀ ਰਾਜ਼ੀ ਹੋ ਜਾਂਦਾ ਹੈ ਤੇ ਕਈ ਵਾਰ ਵੱਡੀਆਂ-ਵੱਡੀਆਂ ਪ੍ਰਾਪਤੀਆਂ ਪਿੱਛੋਂ ਵੀ ਅਸੰਤੁਸ਼ਟ ਰਹਿੰਦਾ ਹੈ। ਮਨ ਰਾਜ਼ੀ ਹੈ ਤਾਂ ਅੜਿੱਕੇ ਫਿਰ ਕਾਹਦੇ? ਗੱਲ ਤਾਂ ਸਿਰਫ ਮਨ ਦੀ ਅਥਾਹ ਸ਼ਕਤੀ ਨੂੰ ਸਮਝਣ, ਮਨ ਨੂੰ ਸਮਝਾਉਣ ਅਤੇ ਜਿੱਤਣ ਦੀ ਹੈ। ‘ਮਨਿ ਜੀਤੈ ਜਗੁ ਜੀਤੁ`। ਮਨ ਨੂੰ ਜਿੱਤਣਾ ਜੱਗ ਜਿੱਤਣ ਜਿਹਾ ਹੈ। ਮਨ ਦੀ ਜਿੱਤ ਨਾਲ ਹੀ ਸਦਾ ਚੜ੍ਹਦੀ ਕਲਾ ਹੈ।