Welcome to Canadian Punjabi Post
Follow us on

31

October 2020
ਬ੍ਰੈਕਿੰਗ ਖ਼ਬਰਾਂ :
ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਮੁਲਾਜ਼ਮਾਂ ’ਤੇ ਕੀਤਾ ਕਰਾਸ ਕੇਸ ਰੱਦ ਕਰਨ ਲਈ ਭਾਈ ਲੌਂਗੋਵਾਲ ਦੀ ਅਗਵਾਈ ’ਚ ਮੈਂਬਰਾਂ ਨੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾਕੇਂਦਰ ਸਰਕਾਰ ਕਿਸਾਂਨਾਂ ਨੂੰ ਜ਼ੁਰਮਾਨੇ ਅਤੇ ਜੇਲ੍ਹ ਦਾ ਡਰਾਵਾ ਦੇਣ ਦੀ ਥਾਂ ਪਰਾਂਲੀ ਪ੍ਰਬੰਧਨ ਦਾ ਕੋਈ ਹੱਲ ਕੱਢੇ : ਢੀਂਡਸਾਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਲਈ ਐੱਲ.ਪੀ.ਏ.ਆਈ.ਨੂੰ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਲਈ ਹਦਾਇਤ ਦੇਣ ਪ੍ਰਧਾਨ ਮੰਤਰੀ : ਸੁਖਬੀਰ ਬਾਦਲਬਿਜਲੀ ਮਾਫ਼ੀਆ ਹੱਥੋਂ ਲੋਕਾਂ ਦੀ ਅੰਨ੍ਹੀ, ਲੁੱਟ ਕਰਵਾ ਰਹੀ ਹੈ ਅਮਰਿੰਦਰ ਸਰਕਾਰ : ਅਮਨ ਅਰੋੜਾਲੋਟੂ ਨਿਜ਼ਾਮ ਤੋਂ ਨਿਜਾਤ ਦਿਵਾਉਣ ਲਈ ਨਵੇਂ ਅਹੁਦੇਦਾਰਾਂ ਨੂੰ ਭਗਵੰਤ ਮਾਨ ਨੇ ਸਹੁੰ ਚੁਕਾਈਭਾਜਪਾ ਨੂੰ ਤਕੜਾ ਝਟਕਾ, ਦਲਿਤ ਅਤੇ ਕਿਸਾਨ ਆਗੂ ਭਾਜਪਾ ਛੱਡ ਹੋਏ 'ਆਪ' 'ਚ ਹੋਏ ਸ਼ਾਮਿਲਕੈਪਟਨ ਵੱਲੋਂ ਬਸ ਆਪਰੇਟਰਾਂ ਲਈ 100 ਫੀਸਦੀ ਕਰ ਮੁਆਫੀ 31 ਦਸੰਬਰ ਤੱਕ ਵਧਾਈ ਗਈ, ਬਕਾਏ ਦੀ ਅਦਾਇਗੀ 31 ਮਾਰਚ ਤੱਕ ਅੱਗੇ ਪਾਈਫਰਾਂਸ ਵਿੱਚ ਚਰਚ ਉੱਤੇ ਹਮਲੇ ਕਾਰਨ 3 ਲੋਕਾਂ ਦੀ ਮੌਤ
ਨਜਰਰੀਆ

ਪੰਜਾਬੀ ਗਾਇਕੀ ਨੂੰ ਪ੍ਰਫੁੱਲਿਤ ਕਰਨ ਵਾਲਾ ਢਾਡੀ ਅਮਰ ਸਿੰਘ ਸ਼ੌਂਕੀ

September 02, 2020 09:54 AM

-ਹਰਦਿਆਲ ਸਿੰਘ ਥੂਹੀ
ਪੰਜਾਬੀ ਲੋਕ ਗਾਇਕੀ ਨੂੰ ਸਾਂਭਣ ਅਤੇ ਇਸ ਦੇ ਭੰਡਾਰ ਨੂੰ ਪ੍ਰਫੁੱਲਿਤ ਕਰਨ ਵਿੱਚ ਜਿਨ੍ਹਾਂ ਲੋਕਾਂ ਨੇ ਆਪੋ ਆਪਣਾ ਯੋਗਦਾਨ ਪਾਇਆ ਹੈ, ਇਨ੍ਹਾਂ ਵਿੱਚ ਢਾਡੀ ਅਮਰ ਸਿੰਘ ਸ਼ੌਂਕੀ ਦਾ ਨਾਂ ਵਿਸ਼ੇਸ਼ ਸਨਮਾਨ ਦਾ ਹੱਕਦਾਰ ਹੈ। ਜਦੋਂ ਕਦੇ ਵੀ ਲੋਕ ਗਾਥਾਵਾਂ ਦੀ ਗੱਲ ਚੱਲੇਗੀ ਤਾਂ ਸ਼ੌਂਕੀ ਦਾ ਜ਼ਿਕਰ ਆਪ ਮੁਹਾਰੇ ਛਿੜੇਗਾ। ਉਸ ਨੇ ਲੋਕ ਗਾਥਾਵਾਂ ਗਾ ਕੇ ਅਤੇ ਇਨ੍ਹਾਂ ਨੂੰ ਰਿਕਾਰਡ ਕਰਵਾ ਕੇ ਪੰਜਾਬੀ ਲੋਕ ਗਾਇਕਾਂ ਲਈ ਇੱਕ ਗਾਡੀ ਰਾਹ ਬਣਾਇਆ। ਉਸ ਦੀਆਂ ਗਾਈਆਂ ਰਚਨਾਵਾਂ ਜਦੋਂ ਟਿਕੀ ਰਾਤ ਨੂੰ ਲਾਊਡ ਸਪੀਕਰਾਂ `ਤੇ ਵੱਜਦੀਆਂ ਤਾਂ ਕੋਠਿਆਂ `ਤੇ ਬਿਸਤਰਿਆਂ `ਚ ਪਏ ਲੋਕ ਵਜਦ ਵਿੱਚ ਆ ਜਾਂਦੇ ਤੇ ਉਸ ਦੇ ਨਾਲ ਹੀ ਇੱਕ ਸੁਰ ਹੋ ਜਾਂਦੇ-
ਸਾਹਿਬਾਂ ਵਾਜਾਂ ਮਾਰਦੀ,
ਕਹਿੰਦੀ ਉਠ ਖਾਂ ਮਿਰਜ਼ਾ ਯਾਰ ਵੇ।
ਮਿਰਜ਼ਾ ਆਖੇ ਸਾਹਿਬਾਂ,
ਤੂੰ ਕਿਉਂ ਹੋਈਓਂ ਦਿਲਗੀਰ।
ਇਸ ਅਵਸਥਾ ਵਿੱਚ ਜੇ ਕਿਧਰੇ ਅਚਾਨਕ ਲਾਊਡ ਸਪੀਕਰ ਬੰਦ ਹੋ ਜਾਂਦਾ ਸੀ ਤਾਂ ਉਨ੍ਹਾਂ ਦੀ ਹਾਲਤ ਪੁੱਛਿਆਂ ਹੀ ਬਣਦੀ ਸੀ। ਲੋਕ ਗਾਇਕੀ ਦੇ ਇਸ ਥੰਮ੍ਹ ਦਾ ਜਨਮ 15 ਅਗਸਤ 1916 ਨੂੰ ਮੂੁਲਾ ਸਿੰਘ ਦੇ ਘਰ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਭੱਜਲ ਵਿਖੇ ਹੋਇਆ ਸੀ। ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਦੇ ਅਖਾਣ ਅਨੁਸਾਰ ਉਸ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਸਕੂਲੀ ਪੜ੍ਹਾਈ ਕੋਈ ਬਹੁਤੀ ਨਹੀਂ ਕਰ ਸਕਿਆ, ਪਰ ਬਾਰਾਂ ਸਾਲ ਦੀ ਉਮਰ ਵਿੱਚ ਸਿਆਲਕੋਟ ਦੇ ਰਾਗ ਵਿਦਿਆਲੇ ਤੋਂ ਦੋ ਸਾਲ ਦੀ ਰਾਗ ਵਿਦਿਆ ਪ੍ਰਾਪਤ ਕੀਤੀ। ਖ਼ੂਬ ਮਿਹਨਤ ਕਰਦੇ ਆਪਣੇ ਆਪ ਨੂੰ ਰਾਗ ਨਾਲ ਇੱਕਮਿਕ ਕਰ ਲਿਆ। ਸ਼ੌਂਕੀ ਨੇ ਸ਼ੁਰੂ ਵਿੱਚ ਵਾਜੇ (ਹਾਰਮੋਨੀਅਮ) ਤੇ ਢੋਲਕ ਨਾਲ ਗਾਇਆ। ‘ਪੰਥ ਰੰਗੀਲੇ ਨੇ, ਧੁੰਮਾਂ ਦੇਸ ਪੰਜਾਬ ਵਿੱਚ ਪਾਈਆਂ` ਉਸ ਦਾ ਢੋਲਕ ਵਾਜੇ ਨਾਲ ਹੀ ਰਿਕਾਰਡ ਹੋਇਆ ਗੀਤ ਹੈ।
ਬਾਅਦ ਵਿੱਚ ਉਸ ਨੇ ਢਾਡੀ ਗਾਇਕੀ ਵੱਲ ਮੋੜਾ ਪਾ ਲਿਆ। ਢਾਡੀ ਸਰਵਣ ਸਿੰਘ ਖਰੜ ਅੱਛਰਵਾਲ, ਅਤੇ ਮੋਹਣ ਸਿੰਘ ਬਿੰਡਾ (ਡਰੌਲੀ) ਸਾਰੰਗੀ ਮਾਸਟਰ ਦਾ ਸ਼ੌਂਕੀ ਨੂੰ ਇਸ ਪਾਸੇ ਲਿਆਉਣ ਵਿੱਚ ਵੱਡਾ ਹੱਥ ਰਿਹਾ। ਬੁਲੰਦ ਅਤੇ ਸੁਰੀਲੀ ਆਵਾਜ਼ ਸਦਕਾ ਥੋੜ੍ਹੇ ਸਮੇਂ ਵਿੱਚ ਹੀ ਸ਼ੌਂਕੀ ਦੀ ਪ੍ਰਸਿੱਧੀ ਚੁਫੇਰੇ ਫੈਲ ਗਈ। ਉਸ ਸਮੇਂ ਤੱਕ ਕਈ ਢਾਡੀਆਂ ਦੀ ਰਿਕਾਰਡਿੰਗ ਹੋ ਚੁੱਕੀ ਸੀ। ਉਨ੍ਹਾਂ ਦੀ ਪ੍ਰਸਿੱਧੀ ਦੇਖ ਕੇ ਸ਼ੌਂਕੀ ਹੁਰਾਂ ਨੇ ਵੀ ਰਿਕਾਰਡਿੰਗ ਵੱਲ ਰੁਖ਼ ਕੀਤਾ। ਪੰਜਵੇਂ ਦਹਾਕੇ ਦੇ ਵਿਚਕਾਰ ਜਿਹੇ ਸੰਸਾਰ ਪ੍ਰਸਿੱਧ ਕੰਪਨੀ ਐਚ ਐਮ ਵੀ ਵਿੱਚ ਇਨ੍ਹਾਂ ਦੇ ਜਥੇ ਦੀ ਰਿਕਾਰਡਿੰਗ ਸ਼ੁਰੂ ਹੋ ਗਈ। ਇਕੱਠੇ ਚਾਰ ਤਵੇ ਪਹਿਲੀ ਫੇਰੀ ਵਿੱਚ ਕੰਪਨੀ ਨੇ ਰਿਕਾਰਡ ਕਰ ਲਏ। ਇਨ੍ਹਾਂ ਵਿੱਚ ‘ਏਥੇ ਕੋਈ ਨਾ ਕਿਸੇ ਦਾ ਬੇਲੀ`, ‘ਜਿਹੜੇ ਪ੍ਰੇਮ ਦੀ ਨਦੀ ਵਿੱਚ ਤਰਦੇ`, ‘ਚੜ੍ਹ ਕੇ ਪੌੜੀਆਂ ਦੜਾ ਦੜ ਚੁਬਾਰੇ ਚੜ੍ਹਿਆ`, ‘ਖੰਡਾ ਖਿੱਚਿਆ ਬਿਧੀ ਚੰਦ ਰਾਠ ਨੇ`, ‘ਸਾਹਿਬਾਂ ਵਾਜਾਂ ਮਾਰਦੀ`, ‘ਮਿਰਜ਼ਾ ਆਖੇ ਸਾਹਿਬਾਂ`, ‘ਆਸ਼ਕਾਂ ਨੂੰ ਮਾਰ ਕਰ ਗਈ` ਅਤੇ ‘ਮਹਿੰਦੀ ਮਹਿੰਦੀ ਸਭ ਕੋਈ ਕਹਿੰਦਾ` ਸ਼ਾਮਲ ਸਨ। ਇਹ ਰਿਕਾਰਡਿੰਗ ਮੋਹਣ ਸਿੰਘ ਐਂਡ ਸ਼ੌਂਕੀ ਪਾਰਟੀ ਦੇ ਨਾਂ ਹੇਠ ਹੈ। ਇਨ੍ਹਾਂ ਵਿੱਚੋਂ ‘ਸਾਹਿਬਾਂ ਵਾਜਾਂ ਮਾਰਦੀ` ਸੱਦ ਨਾਲ ਸ਼ੌਂਕੀ ਦਾ ਨਾਂ ਪੰਜਾਬ ਦੇ ਕੋਨੇ ਕੋਨੇ ਵਿੱਚ ਪਹੁੰਚ ਗਿਆ। ਇਸ ਤੋਂ ਬਾਅਦ ਸ਼ੌਂਕੀ ਹੁਰਾਂ ਦੇ ਉਪਰੋਥਲੀ ਅਨੇਕਾਂ ਤਵੇ ਰਿਕਾਰਡ ਹੋਏ। ਐਚ ਐਮ ਵੀ ਕੰਪਨੀ ਦੇ ਨਾਲ ਕੋਲੰਬੀਆ ਅਤੇ ਦਿ ਟਵਿਨ ਲੇਬਲ ਅਧੀਨ ਵੀ ਸ਼ੌਂਕੀ ਦੀ ਰਿਕਾਰਡਿੰਗ ਮਿਲਦੀ ਹੈ।
ਅਮਰ ਸਿੰਘ ਸ਼ੌਂਕੀ ਨੇ ਕੇਵਲ ਲੋਕ ਗਾਥਾਵਾਂ ਹੀ ਨਹੀਂ ਗਾਈਆਂ, ਹੋਰ ਬਹੁਤ ਸਾਰੇ ਦੇਸ਼ ਪਿਆਰ ਦੇ, ਸਮਾਜਿਕ ਅਤੇ ਧਾਰਮਿਕ ਗੀਤ ਵੀ ਰਿਕਾਰਡ ਕਰਵਾਏ। ਸ਼ੌਂਕੀ ਨੇ ਬਹੁਤ ਸਾਰੇ ਧਾਰਮਿਕ ਪ੍ਰਸੰਗ ਵੀ ਲਿਖੇ। ਉਸ ਦੇ ਲਿਖੇ ਗੀਤਾਂ ਵਿੱਚ ਪੰਜਾਬ ਦੀ ਧਰਤੀ, ਏਥੋਂ ਦੇ ਗੱਭਰੂ ਮੁਟਿਆਰਾਂ, ਹਾਲੀਆਂ ਪਾਲੀਆਂ, ਰਸਮਾਂ ਰਿਵਾਜਾਂ, ਰੁੱਤਾਂ ਆਦਿ ਦਾ ਭਰਵਾਂ ਜ਼ਿਕਰ ਹੈ। ਉਸਦੇ ਲਿਖੇ ਤੇ ਗਾਏ ਗੀਤ ਹਨ-
* ਰਾਂਝਾ ਜੋਗੀ ਬਣ ਗਿਆ, ਕੰਨੀਂ ਮੁੰਦਰਾਂ ਪਾਈਆਂ
* ਰਾਂਝਾ ਆਖੇ ਹੀਰ ਨੂੰ, ਗੱਲ ਸੁਣ ਮੁਟਿਆਰੇ
* ਮਿਰਜ਼ਾ ਆਖੇ ਸਾਹਿਬਾਂ, ਗੱਲ ਸੁਣ ਨੀਂ ਪਰੀਏ
* ਸੁਣ ਕੇ ਮਿਰਜ਼ੇ ਦੀ ਗੱਲ ਸਾਹਿਬਾਂ ਜੱਟੀ ਬੋਲਦੀ
* ਰਾਣੀ ਸੁੰਦਰਾਂ ਦੇ ਮਹਿਲਾਂ ਹੇਠ ਆਣ ਕੇ,
ਪੂਰਨ ਦਿੱਤੀ ਅਲਖ ਜਗਾ
* ਰਾਣੀ ਸੁੰਦਰਾਂ ਬੇਨਤੀ ਕਰਦੀ, ਜੋਗੀ ਦੀ ਬਾਂਹ ਫੜ ਕੇ
* ਦੋ ਤਾਰਾ ਵੱਜਦਾ ਵੇ,
ਰਾਂਝਣਾ ਨੂਰ ਮਹਿਲ ਦੀ ਮੋਰੀ
* ਵਜਾ ਜੋਗੀਆ ਵੇ, ਰਸ ਭਿੰਨੀ ਭਿੰਨੀ ਬੀਨ
* ਚਿੱਠੀਆਂ ਦਰਦਾਂ ਦੀਆਂ
ਲਿਖ ਸੱਜਣਾਂ ਵੱਲ ਪਾਈਆਂ
* ਚੜ੍ਹਿਆ ਚੇਤ ਚਿੱਤ ਲੱਗੀ ਉਦਾਸੀ,
ਆਈ ਜਵਾਨੀ ਝੱਲ ਮਸਤਾਨੀ
* ਸਾਵਣ ਚੜ੍ਹਿਆ ਤੀਆਂ ਆਈਆਂ,
ਪਿੱਪਲਾਂ ਦੇ ਨਾਲ ਪੀਂਘਾਂ ਪਾਈਆਂ
ਨੀਂ ਵਾਹ ਧਰਤੀ ਪੰਜਾਬ ਦੀਏ
* ਆ ਮੁੰਡਿਆ ਦੇਸ ਪੰਜਾਬ ਦਿਆ
* ਦੁਨੀਆਂ ਮਤਲਬ ਦੀ
ਏਥੇ ਕੋਈ ਨਾ ਕਿਸੇ ਦਾ ਬੇਲੀ
ਉਨ੍ਹਾਂ ਵੱਲੋਂ ਗਾਏ ਧਾਰਮਿਕ ਗੀਤਾਂ ਵਿੱਚ ਸ਼ਾਮਲ ਹਨ-
* ਛੋਟੇ ਲਾਲ ਦੋ ਪਿਆਰੇ,
ਵਿੱਛੜੇ ਸਰਸਾ ਦੇ ਕਿਨਾਰੇ
* ਨੀਲੇ ਘੋੜੇ ਵਾਲਿਆ ਵਾਹ ਛੈਲ ਜੁਆਨਾਂ
* ਲੰਘਣਾ ਜੇ ਪ੍ਰੇਮ ਦੀ ਗਲੀ,
ਆਜਾ ਸੀਸ ਨੂੰ ਤਲੀ `ਤੇ ਧਰ ਕੇ
* ਮਾਰੀ ਨਾਗਣੀ ਬਚਿੱਤਰ ਸਿੰਘ ਰਾਠ ਨੇ
ਹੋਰ ਅਨੇਕਾਂ ਗੀਤ ਜੋ ਬਜ਼ੁਰਗ ਪੀੜ੍ਹੀ ਦੇ ਮੂੰਹ ਚੜ੍ਹੇ ਹੋਏ ਹਨ, ਉਹ ਇਨ੍ਹਾਂ ਰਾਹੀਂ ਅੱਜ ਵੀ ਸ਼ੌਂਕੀ ਨੂੰ ਯਾਦ ਕਰਦੇ ਰਹਿੰਦੇ ਹਨ। ਪੰਜਾਬ ਦੇ ਢਾਡੀਆਂ ਵਿੱਚ ਸ਼ੌਂਕੀ ਦਾ ਸਥਾਨ ਮੂਹਰਲੀ ਕਤਾਰ ਵਿੱਚ ਰਿਹਾ ਹੈ। ਇੱਕ ਢਾਡੀ ਵਜੋਂ ਪੰਜਾਬ ਦੀ ਧਾਰਮਿਕ ਵਿਰਾਸਤ ਸਾਂਭਣ ਵਿੱਚ ਸ਼ੌਂਕੀ ਨੇ ਵੱਡਮੁੱਲਾ ਹਿੱਸਾ ਪਾਇਆ ਹੈ। ਸ਼ੌਂਕੀ ਨੂੰ ਢਾਡੀ ਰਾਗ ਦੀਆਂ ਬਰੀਕੀਆਂ ਦੀ ਪੂਰੀ ਸਮਝ ਸੀ। ਇਸ ਲਈ ਉਸਨੇ ਇਸ ਨਾਲ ਸਬੰਧਤ ਹਰ ਤਰਜ਼ ਦੇ ਅਤੇ ਹਰ ਰੰਗ ਦੇ ਗੀਤ ਲਿਖੇ ਅਤੇ ਗਾਏ। ਸ਼ੌਂਕੀ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਉਸ ਦੀ ਮੌਲਿਕਤਾ ਹੈ। ਠੇਠ ਮੁਹਾਵਰੇ ਵਾਲੀ ਸਾਦਾ ਤੇ ਸਰਲ ਬੋਲੀ ਉਸਦੀ ਸ਼ਾਇਰੀ ਨੂੰ ਵਿਲੱਖਣਤਾ ਪ੍ਰਦਾਨ ਕਰਦੀ ਹੈ।
ਜਦੋਂ ਵੀ ਕਿਧਰੇ ਪਤਾ ਲੱਗਦਾ ਸੀ ਕਿ ਫਲਾਣੇ ਪਿੰਡ ਸ਼ੌਕੀ ਆ ਰਿਹਾ ਹੈ ਤਾਂ ਲੋਕ ਵਹੀਰਾਂ ਘੱਤ ਕੇ ਤੁਰ ਪੈਂਦੇ ਸਨ ਤੇ ਅਖਾੜੇ ਤੋਂ ਮਗਰੋਂ ਕਈ ਕਈ ਦਿਨ ਚਰਚਾ ਹੁੰਦੀ ਰਹਿੰਦੀ ਸੀ ਬਈ ਸ਼ੌਂਕੀ, ਸ਼ੌਂਕੀ ਈ ਐ।
ਸ਼ੌਂਕੀ ਨੂੰ ਪੰਜਾਬੀ ਸੱਭਿਆਚਾਰ ਨਾਲ, ਪੰਜਾਬੀ ਬੋਲੀ ਨਾਲ ਤੇ ਪੰਜਾਬ ਨਾਲ ਅੰਤਾਂ ਦਾ ਮੋਹ ਸੀ। ਉਸ ਨੇ ਲੱਗਭਗ ਪੰਜਾਹ ਸਾਲ ਸ਼ਾਇਰੀ ਨਾਲ ਤੇ ਗਾਇਕੀ ਨਾਲ ਮਾਂ ਬੋਲੀ ਦੀ ਸੇਵਾ ਕੀਤੀ। ਸਿਰਫ਼ ਦੇਸ ਵਿੱਚ ਨਹੀਂ, ਵਿਦੇਸ਼ ਵਿੱਚ ਜਾ ਕੇ ਵੀ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਬੋਲੀ ਦਾ ਪ੍ਰਚਾਰ ਕੀਤਾ। ਉਹ ਆਪਣੇ ਜਥੇ ਸਮੇਤ 1980 ਵਿੱਚ ਇੰਗਲੈਂਡ ਗਿਆ। ਉਥੋਂ ਆਪਣੀ ਕਲਾ ਦੇ ਜੌਹਰ ਦਿਖਾ ਕੇ ਵਾਹ-ਵਾਹ ਖੱਟੀ ਤੇ ਪੰਜਾਬ ਦਾ ਸਿਰ ਉਚਾ ਕੀਤਾ। ਉਹ ਇੱਕ ਸਾਦਾ ਸੁਭਾਅ ਦਾ ਸਾਫ਼ ਦਿਲ ਤੇ ਫੱਕਰ ਕਲਾਕਾਰ ਸੀ। ਉਸ ਨੂੰ ਕਿਸੇ ਕਲਾਕਾਰ ਨਾਲ ਸਾੜਾ ਜਾਂ ਈਰਖਾ ਨਹੀਂ ਸੀ, ਸਗੋਂ ਕਾਲਕਾਰਾਂ ਦੀ ਕਦਰ ਕਰਦਾ ਸੀ। ਉਸ ਦਾ ਆਪਣਾ ਜ਼ਿੰਦਗੀ ਦਾ ਇੱਕ ਨਜ਼ਰੀਆ ਸੀ, ਜਿਸ ਅਨੁਸਾਰ ਉਹ ਜਿਉਣਾ ਲੋਚਦਾ ਸੀ ਅਤੇ ਜੀਵਿਆ ਵੀ। ਉਹ ਕਹਿੰਦਾ ਸੀ-
ਦੋ ਦਿਨ ਘੱਟ ਜਿਉਣਾ,
ਪਰ ਜਿਉਣਾ ਅਣਖ ਦੇ ਨਾਲ
ਦੋ ਪੈਰ ਘੱਟ ਤੁਰਨਾ,
ਪਰ ਤੁਰਨਾ ਮੜ੍ਹਕ ਦੇ ਨਾਲ
ਸ਼ੌਂਕੀ ਦੀ ਤਮੰਨਾ ਸੀ ਕਿ ਉਹ ਆਪਣੇ ਲਿਖੇ ਗੀਤਾਂ ਨੂੰ ਹੋਰ ਵੱਧ ਰਿਕਾਰਡ ਕਰਵਾਏ ਅਤੇ ਉਨ੍ਹਾਂ ਨੂੰ ਕਿਤਾਬੀ ਰੂਪ ਦੇਵੇ, ਪਰ 14 ਅਗਸਤ 1981 ਨੂੰ 65 ਸਾਲਾਂ ਦੀ ਉਮਰ ਪੂਰੀ ਕਰ ਕੇ ਪੰਜਾਬ ਦਾ ਇਹ ਅਨਮੋਲ ਹੀਰਾ ਸਾਥੋਂ ਸਦਾ ਲਈ ਖੁੱਸ ਗਿਆ। ਉਸ ਦੇ ਤਿੰਨ ਪੁੱਤਰਾਂ ਵਿੱਚੋਂ ਇੱਕ ਸਵਰਾਜ ਸਿੰਘ ਸ਼ੌਂਕੀ ਰੱਬ ਨੂੰ ਪਿਆਰਾ ਹੋ ਗਿਆ, ਦੂਜਾ ਪਰਗਟ ਸਿੰਘ ਆਪਣੇ ਪਿਤਾ ਦੇ ਪਾਏ ਪੂਰਨਿਆਂ ਉਤੇ ਚੱਲਦਾ ਹੋਇਆ ਢਾਡੀ ਕਲਾ ਨਾਲ ਜੁੜਿਆ ਰਿਹਾ ਅਤੇ ਸਾਲ 2016 ਵਿੱਚ ਉਸ ਦੀ ਮੌਤ ਹੋ ਗਈ। ਇਸ ਪਰਵਾਰ ਵਿੱਚੋਂ ਸ਼ੌਂਕੀ ਦਾ ਪੋਤਰਾ (ਪੁੱਤਰ ਪਰਗਟ ਸਿੰਘ) ਇਸ ਖੇਤਰ ਵਿੱਚ ਕੋਸ਼ਿਸ਼ ਕਰ ਰਿਹਾ ਹੈ। ਸਾਰਿਆਂ ਤੋਂ ਛੋਟਾ ਪੁੱਤਰ ਜਸਪਾਲ ਸਿੰਘ ਸ਼ੌਂਕੀ ਅਧਿਆਪਕ ਵਜੋਂ ਆਪਣੇ ਫ਼ਰਜ਼ ਨਿਭਾ ਰਿਹਾ ਹੈ।
ਕਈ ਸਾਲ ਪਹਿਲਾਂ ਢਾਡੀ ਅਮਰ ਸਿੰਘ ਸ਼ੌਂਕੀ ਯਾਦਗਾਰੀ ਟਰੱਸਟ ਮਹਿਲਪੁਰ ਬਣਿਆ ਸੀ। ਇਸ ਦਾ ਮੰਤਵ ਸ਼ੌਂਕੀ ਦੀਆਂ ਕਿਰਤਾਂ ਨੂੰ ਸਾਂਭਣਾ ਤੇ ਲੋਕਾਂ ਤੱਕ ਪੁਚਾਉਣਾ ਸੀ। ਇਸ ਉਦੇਸ਼ ਦੀ ਪੂਰਤੀ ਲਈ ਟਰੱਸਟ ਨੇ ਕੁਝ ਪ੍ਰੋਗਰਾਮ ਵੀ ਕਰਵਾਏ। ਬਾਅਦ ਵਿੱਚ ਆਪਸੀ ਖਿੱਚੋਤਾਣ ਕਾਰਨ ਟਰੱਸਟ ਕੋਈ ਜ਼ਿਕਰ ਯੋਗ ਪ੍ਰਾਪਤੀ ਨਹੀਂ ਕਰ ਸਕਿਆ। ਇਸ ਪਾਸੇ ਨਿੱਗਰ ਯਤਨਾਂ ਦੀ ਜ਼ਰੂਰਤ ਹੈ।

Have something to say? Post your comment