ਨਵੀਂ ਦਿੱਲੀ, 14 ਅਗਸਤ (ਪੋਸਟ ਬਿਊਰੋ)- ਭਾਰਤੀ ਮਹਿਲਾ ਕ੍ਰਿਕਟ ਬਾਰੇ ਇੱਕ ਮੀਡੀਆ ਰਿਪੋਰਟ 'ਚ ਕਿਹਾ ਗਿਆ ਹੈ ਕਿ ਮੱਧ ਪ੍ਰਦੇਸ਼ ਮਹਿਲਾ ਸੀਨੀਅਰ ਕ੍ਰਿਕਟ ਟੀਮ ਦੀ ਖ਼ਿਡਾਰਨ ਅੰਸ਼ੁਲਾ ਰਾਓ ਨਾਡਾ ਦੇ ਡੋਪ ਟੈਸਟ 'ਚ ਫ਼ੈਲ੍ਹ ਹੋ ਗਈ ਹੈ। ਉਸ ਨੂੰ ਪਾਬੰਦੀਸ਼ੁਦਾ ਪਦਾਰਥ ਵਰਤਣ ਦਾ ਦੋਸ਼ੀ ਪਾਇਆ ਗਿਆ ਹੈ। ਉਸ ਨੇ ਇਸ ਦੀ ਵਰਤੋਂ ਆਪਣਾ ਪ੍ਰਦਰਸ਼ਨ ਸੁਧਾਰਨ ਲਈ ਕੀਤੀ ਸੀ। ਭਾਰਤ 'ਚ ਪਹਿਲੀ ਵਾਰ ਕਿਸੇ ਮਹਿਲਾ ਕ੍ਰਿਕਟ ਦਾ ਇਹ ਕੇਸ ਸਾਹਮਣੇ ਆਇਆ ਹੈ। ਪਿਛਲੇ ਸਾਲ ਅਗਸਤ 'ਚ ਬੀ ਸੀ ਆਈ ਨੇ ਨਾਡਾ ਨੂੰ ਕ੍ਰਿਕਟ ਖ਼ਿਡਾਰੀਆਂ ਦੇ ਜਾਂਚ ਦੀ ਇਜਾਜ਼ਤ ਦਿੱਤੀ ਸੀ। ਉਸ ਪਿੱਛੋਂ ਇਹ ਪਹਿਲੀ ਭਾਰਤੀ ਖ਼ਿਡਾਰਨ ਹੈ, ਜਿਸ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ।
ਅੰਸ਼ੁਲਾ ਦਾ ਕਹਿਣਾ ਹੈ ਕਿ 19-ਨੋਰੰਡ੍ਰੋਸਟੋਨੇ ਦਾ ਸੇਵਨ ਕਰਨ ਦੇ ਕਾਰਨ ਉਸਦੀ ਰਿਪੋਰਟ ਪਾਜ਼ੀਟਿਵ ਆਈ ਹੈ। ਰਿਪੋਰਟ ਮੁਤਾਬਿਕ ਇਸ ਸਾਲ ਮਾਰਚ 'ਚ ਵਡੋਦਰਾ 'ਚ ਉਸ ਦਾ ਟੈਸਟ ਕੀਤਾ ਗਿਆ ਸੀ। ਨਾਡਾ ਦਾ ‘ਐਂਟੀ ਡੋਪਿੰਗ ਡਿਸਸਿਪਲੀਨਰੀ ਪੈਨਲ' ਉਸਦੀ ਸਜ਼ਾ ਬਾਰੇ ਫੈਸਲਾ ਕਰੇਗਾ। ਇਹ ਸਜ਼ਾ ਚਾਰ ਸਾਲ ਦੀ ਹੋ ਸਕਦੀ ਹੈ। ਅੰਸ਼ੁਲਾ ਇੱਕ ਸ਼ਾਨਦਾਰ ਹਰਫਨਮੌਲਾ ਖਿਡਾਰਨ ਮੰਨੀ ਜਾਂਦੀ ਹੈ। ਨਾਡਾ ਨੇ ਉਸ ਦੇ ਨਮੂਨੇ ਦੀ ਜਾਂਚ ਕਤਰ ਦੇ ਦੋਹਾ ਵਿਚਲੀ ਪ੍ਰਯੋਗਸ਼ਾਲਾ 'ਚ ਕੀਤੀ ਸੀ। ਇਸ 'ਚ ਪਾਬੰਦੀਸ਼ੁਦਾ ਦਵਾ ਲੈਣ ਦੀ ਗੱਲ ਸਾਹਮਣੇ ਆਈ ਸੀ।