Welcome to Canadian Punjabi Post
Follow us on

12

July 2025
 
ਨਜਰਰੀਆ

19ਵੀਂ ਸਦੀ ਦੇ ਪੰਜਾਬੀ ਬੋਲੀ ਦੇ ਮਸ਼ਹੂਰ ਕਵੀ ਸਨ ਕਾਦਰਯਾਰ

August 12, 2020 03:02 PM

-ਇੱਕ ਸਾਹਿਤਕਾਰ ਦੀ ਕਲਮ ਤੋਂ
ਕਾਦਰਯਾਰ (1802-1892) ਉਨੀਵੀਂ ਸਦੀ ਦੇ ਪੰਜਾਬੀ ਬੋਲੀ ਦੇ ਮਸ਼ਹੂਰ ਕਵੀ ਸਨ। ਉਨ੍ਹਾਂ ਦੀ ਰਚਨਾ ‘ਕਿੱਸਾ ਪੂਰਨ ਭਗਤ’ ਬਹੁਤ ਹਰਮਨ ਪਿਆਰੀ ਰਹੀ ਹੈ। ਉਨ੍ਹਾਂ ਨੇ ਇਸ ਕਿੱਸੇ ਤੋਂ ਇਲਾਵਾ ਕਿੱਸਾ ਰਾਜਾ ਰਸਾਲੂ, ਕਿੱਸਾ ਸੋਹਣੀ ਮਹੀਂਵਾਲ, ਸ਼ੀਹਰਫ਼ੀਆਂ ਹਰੀ ਸਿੰਘ ਨਲੂਆ, ਮਹਿਰਾਜਨਾਮਾ ਅਤੇ ਰਾਜਨਾਮਾ ਲਿਖੇ ਹਨ। ਉਹ ਲਿਖਦੇ ਹਨ ਕਿ ਪੂਰਨ ਭਗਤ ਦਾ ਕਿੱਸਾ ਲਿਖਣ ਲਈ ਮਹਾਰਾਜਾ ਰਣਜੀਤ ਸਿੰਘ ਨੇ ਉਨ੍ਹਾਂ ਨੂੰ ਇੱਕ ਖੂਹ ਇਨਾਮ ਵਿੱਚ ਦਿੱਤਾ ਸੀ।
‘ਪੂਰਨ ਭਗਤ’ ਦਾ ਜਗਤ ਪ੍ਰਸਿੱਧ ਕਿੱਸਾ ਕਾਦਰਯਾਰ ਨੇ ਪਹਿਲੀ ਵਾਰ ਲਿਖਿਆ। ਇੱਕ ਰਵਾਇਤ ਅਨੁਸਾਰ ਉਨ੍ਹਾਂ ਨੇ ਇਹ ਕਿੱਸਾ ਸੋਲਾਂ ਦਿਨਾਂ ਵਿੱਚ ਪੂਰਾ ਕਰ ਲਿਆ ਅਤੇ ਇਸ ਦੇ ਬਦਲੇ ਉਸ ਨੂੰ ਲਾਹੌਰ ਦਰਬਾਰ ਵੱਲੋਂ ਇੱਕ ਖੂਹ ਭੇਟ ਕੀਤਾ ਗਿਆ। ਉਨ੍ਹਾਂ ਨੇ ਇਨ੍ਹਾਂ ਸੀਹਰਫੀਆਂ ਲਈ ਬੈਂਤ ਛੰਦ ਦਾ ਪ੍ਰਯੋਗ ਕੀਤਾ। ਪੰਜਾਂ ਸੀਹਰਫੀਆਂ ਵਿੱਚ ਸਾਰੇ ਕਿੱਸੇ ਦਾ ਅੰਤ ਹੁੰਦਾ ਹੈ। ਪਹਿਲੀ ਸੀਹਰਫ਼ੀ ਵਿੱਚ ‘ਪੂਰਨ ਦਾ ਜਨਮ’ ਹੈ :
ਅਲਫ਼-ਆਖ ਸਖੀ ਸਿਆਲਕੋਟ ਅੰਦਰ,
ਪੂਰਨ ਪੁਤ ਸਲਵਾਨ ਨੇ ਜਾਇਆ ਈ।
ਦੂਜੀ ਸੀਹਰਫ਼ੀ ਵਿੱਚ ‘ਰਾਜੇ ਦੀ ਪੂਰਨ ਨਾਲ ਗੱਲਬਾਤ ਅਤੇ ਕਤਲ ਦੇ ਹੁਕਮ’ ਬਾਰੇ ਜ਼ਿਕਰ ਆਉਂਦਾ ਹੈ।
ਅਲਫ-ਆਖਿਉ ਪੂਰਨਾ ਕਹੇ ਰਾਜਾ,
ਬੱਚਾ ਨਿਜ ਤੂੰ ਜੰਮਿਊ ਜਾਇਉ ਵੇ।
ਜੇ ਮੈਂ ਜਾਣਦਾ ਮਾਰਦਾ ਤਦੋਂ ਤੈਨੂੰ,
ਜਦੋਂ ਭੋਰੇ ਪਾਲਣਾ ਪਾਇਉ ਵੰ।
ਤੀਜੀ ਸੀਰਹਫ਼ੀ ਵਿੱਚ ਪੂਰਨ ਗੁਰੂ ਗੋਰਖ ਨੂੰ ਆਪਣਾ ਹਾਲ ਦੱਸਣ ਆਉਂਦਾ ਹੈ :
ਅਲਫ਼-ਆਖ ਸੁਣਾਵਦਾ ਗੁਰੂ ਤਾਈਂ,
ਕਿੱਸਾ ਹਾਲ ਹਕੀਕਤਾਂ ਖੋਲ੍ਹ ਕੇ ਜੀ।
ਇਸ ਵਿੱਚ ਪੂਰਨ ਦੀ ਜੋਗ ਦੀ ਮੰਗ ਅਤੇ ਗੋਰਖ ਦੀ ਪ੍ਰਵਾਨਗੀ, ਪੂਰਨ ਦਾ ਸੁੰਦਰਾਂ ਤੋਂ ਖ਼ੈਰ ਲਿਆਉਣਾ, ਪੂਰਨ ਨੂੰ ਵੇਖਦਿਆਂ ਹੀ ਸੁੰਦਰਾਂ ਦਾ ਮੋਹੇ ਜਾਣਾ, ਪੂਰਨ ਦਾ ਹੀਰੇ ਜਵਾਹਰ ਮੋੜਨਾ ਸੀਹਰਫ਼ੀ ਵਿੱਚ ਸਾਰੀਆਂ ਸੀਹਰਫ਼ੀਆਂ ਨਾਲੋਂ ਵਧੇਰੇ ਰੋਚਿਕਤਾ ਅਤੇ ਕਾਵਿਆਤਮਕ ਸੁਹਜ ਹੈ। ਚੌਥੀ ਸੀਹਰਫ਼ੀ ਇਸ ਪ੍ਰਕਾਰ ਆਰੰਭ ਹੁੰਦੀ ਹੈ :
ਅਲਫ਼ ਆਇ ਜੋਗੀ ਸਭੇ ਦੇਖ ਉਹਨੂੰ,
ਚਾਰੋਂ ਤਰਫ ਚੁਫੇਰਿਉਂ ਘਤ ਘੇਰਾ।
ਰਾਣੀ ਸੁੰਦਰਾਂ ਮੁਖ ਤੋਂ ਲਾਹ ਪੜਦਾ,
ਸਭਨਾਂ ਵੱਲ ਦੀਦਾਰ ਤੋਂ ਲਾਹ ਪੜਦਾ,
ਸਭਨਾਂ ਵੱਲ ਦੀਦਾਰ ਦਾ ਦੇ ਫੇਰਾ।
ਇਸ ਵਿੱਚ ਪੂਰਨ ਦਾ ਬਹਾਨੇ ਨਾਲ ਨੱਸ ਜਾਣਾ, ਪੂਰਨ ਦਾ ਮੁੜ ਸਿਆਲਕੋਟ ਜਾਣਾ, ਮਾਂ ਪੁੱਤਰ ਦਾ ਮੇਲ, ਆਦਿ ਦਾ ਵਰਣਨ ਹੈ। ਪੰਜਵੀਂ ਸੀਹਰਫ਼ੀ ਦਾ ਆਰੰਭ ਇਸ ਤਰ੍ਹਾਂ ਹੰੁਦਾ ਹੈ :
ਅਲਫ਼-ਆਖ ਖੁਦਾਇ ਮਿਲਾਇਆ ਹੈ,
ਪੂਰਨ ਬਾਰ੍ਹੀਂ ਵਰ੍ਹੀਂ ਫੇਰ ਮਾਪਿਆਂ ਨੂੰ।
ਨਾਲੇ ਮਾਪਿਆਂ ਨੂੰ ਅੱਖੀਆਂ ਦਿੱਤੀਆਂ ਸੂ,
ਨਾਲੇ ਲਾਲ ਦਿੱਤਾ ਇਕਲਾਪਿਆਂ ਨੂੰ।
ਇਸ ਵਿੱਚ ਸਲਵਾਨ ਦਾ ਪੂਰਨ ਨੂੰ ਰਾਜ ਸੰਭਾਲਣ ਲਈ ਕਹਿਣਾ, ਪੂਰਨ ਦਾ ਵਿਦਾ ਹੋਣਾ, ਗੋਰਖ ਨੂੰ ਸਿਆਲਕੋਟ ਦਾ ਹਾਲ ਦੱਸਣਾ, ਪੂਰਨ ਦਾ ਮੁੜ ਮਾਂ ਨੂੰ ਮਿਲਣ ਆਉਣਾ ਆਦਿ ਵਰਣਨ ਕੀਤਾ ਹੈ ਅਤੇ ਇਸ ਤਰ੍ਹਾਂ ਭਗਤ ਦੀ ਵਾਰਤਾ ਸਮਾਪਤ ਹੋ ਜਾਂਦੀ ਹੈ। ਇਸ ਕਿੱਸੇ ਨੇ ਜਿੱਥੇ ਪੂਰਨ ਭਗਤ ਦੀ ਪੁਰਾਤਨ ਵਾਰਤਾ ਨੂੰ ਨਵਾਂ ਜਨਮ ਦਿੱਤਾ, ਉਥੇ ਕਾਦਰਯਾਰ ਨੂੰ ਵੀ ਜਗਤ ਵਿੱਚ ਪ੍ਰਸਿੱਧ ਕਰ ਦਿੱਤਾ।
ਵਾਰ ਪੂਰਨ ਭਗਤ : ਇਹ ਕਿੱਸਾ ਕਾਦਰਯਾਰ ਨੇ ਬੈਂਤਾਂ ਵਿੱਚ ਲਿਖਿਆ ਸੀ ਤਾਂ ਕਿ ਢਾਡੀ, ਭੱਟ, ਡੂਮ ਅਤੇ ਮਰਾਸੀ ਇਸ ਨੂੰ ਗਾ ਸਕਣ। ਇਹ ਵਾਰ ਕਲੀਆਂ ਵਿੱਚ ਹੈ। ਕੁੱਲ 970 ਕਲੀਆਂ ਹਨ। ਇਸ ਵਿੱਚ ‘ਵਾਰ' ਦੇ ਸ਼ਿਲਪ-ਵਿਧਾਨ ਨੂੰ ਨਹੀਂ ਅਪਣਾਇਆ ਗਿਆ, ਨਾ ਹੀ ਨਿਸ਼ਾਨੀ ਛੰਦ ਵਰਤਿਆ ਗਿਆ ਹੈ।
ਰਾਜਾ ਰਸਾਲੂ : ‘ਰਾਜਾ ਰਸਾਲੂ’ ਛੋਟਾ ਜਿਹਾ ਕਿੱਸਾ ਹੈ, ਜਿਸ ਨੂੰ ‘ਰਾਣੀ ਕੋਕਿਲਾਂ ਦੀ ਵਾਰ’ ਵੀ ਕਿਹਾ ਜਾਂਦਾ ਹੈ। ਇਹ ‘ਵਾਰ’ ਅਤੇ ‘ਗਾਉਣ’ ਸਰ ਰਿਚਰਡ ਟੈਂਪਲ ਨੇ ਲੀਜੰਡਜ਼ ਆਫ ਦੀ ਪੰਜਾਬ ਵਿੱਚ ਦਿੱਤੇ ਹਨ। ਬਾਵਾ ਬੁੱਧ ਸਿੰਘ ਦੇ ਕਥਨ ਮੁਤਾਬਕ ‘ਰਾਣੀ ਕੋਕਿਲਾਂ’ ਦੀ ਵਾਰ ਵੀ ਹੈ। ਕਾਦਰਯਾਰ ਕਵੀ ਨੇ ਪੁਰਾਣੀ ਰੀਤ ਮੁੂਜਬ ਜੱਟਾਂ ਪੇਂਡੂਆਂ ਦੇ ਜੀ ਖੁਸ਼ ਕਰਨ ਲਈ ਲਿਖੀ। ਢੱਡ ਸਾਰੰਗੀ ਨਾਲ ਗਾਉਂਦੇ ਹੋਣਗੇ। ਬੋਲੀ ਠੇਠ ਜਟਕੀ ਹੈ, ਪਰ ਮੁੱਢ ਅਤੇ ਅੰਤ ਬੜਾ ਸੋਹਣਾ ਅਤੇ ਗੁਣ ਭਰਿਆ ਹੈ। ਪਹਿਲੇ ਦੋਹੜੇ ਵਿੱਚ ਕੋਕਿਲਾਂ ਦੇ ‘ਚਰਿੱਤਰ' ਦਾ ਨਕਸ਼ਾ ਖਿੱਚ ਦਿੱਤਾ। ਵਿਹੜੇ ਵਿੱਚ ਖਲੋ ਕੇ ਸ਼ੀਸ਼ੇ ਵਿੱਚ ਮੂੰਹ ਵੇਖਣਾ, ਇੱਕ ਰਾਣੀ ਲਈ ਤਾਂ ਕੀ, ਹਰ ਇੱਕ ਗ੍ਰਹਿਸਤਣ ਲਈ ਬੜੀ ਬੇਹਿਆਈ ਦਾ ਕੰਮ ਹੈ। ਅੰਤ ਵਿੱਚ ਜਦ ਵਾਰ ਖਤਮ ਕੀਤੀ ਤਾਂ ਵੀ ਖੰਡੇ ਘੋੜੇ ਤੇ ਭਾਬੀ ਦੀ ਬੁਰਿਆਈ ਕੀਤੀ।
ਸੋਹਣੀ ਮਹੀਂਵਾਲ-ਕਲਾ ਦੇ ਪੱਖ ਤੋਂ ਕਿੱਸਾ ‘ਸੋਹਣੀ ਮਹੀਂਵਾਲ’ ਕਾਦਰਯਾਰ ਦੀ ਸਭ ਤੋਂ ਵਧੀਆ ਰਚਨਾ ਹੈ। ਇਸ ਕਿੱਸੇ ਵਿੱਚ ਸੋਹਣੀ ਦੀ ਸੁੰਦਰਤਾ, ਝਨਾਂ ਦਾ ਕਹਿਰ ਭਰਿਆ ਭਿਆਨਕ ਵਹਿਣ, ਸੋਹਣੀ ਦੀ ਅੰਤਿਮ ਪੁਕਾਰ, ਕਾਦਰ ਦੀ ਕਾਵਿ ਕਲਾ ਦੇ ਸਿਖਰ ਹਨ। ਕਿੱਸਾ ‘ਸੋਹਣੀ ਮਹੀਂਵਾਲ' ਵਿੱਚ ਕਾਦਰਯਾਰ ਨੇ ਵਾਰਿਸ ਵਾਂਗ ਇਸ਼ਕ ਦਾ ਬੜਾ ਉਚਾ ਮਰਾਤਬਾ ਦੱਸਿਆ ਹੈ ਅਤੇ ਇਸ ਦੀ ਬੜੀ ਬਿਹਤਰ ਪਰ ਅਮਰ ਤੇ ਨੂਰੀ ਤਸਵੀਰ ਖਿੱਚੀ ਹੈ। ਕਾਦਰਯਾਰ ਨੇ ਇਹ ਕਿੱਸਾ ‘ਦੋਹਰਿਆਂ' ਵਿੱਚ ਲਿਖਿਆ। ਕਾਦਰਯਾਰ ਨੇ ਦੋ ਦੋ ਦੋਹਰਿਆਂ ਦਾ ਇੱਕ ਬੰਦ ਬਣਾਇਆ ਹੈ। ਕੁੱਲ 171 ਬੰਦ ਹਨ ਜਿਸ ਦਾ ਭਾਵ ਹੈ ਕਿ ਇਸ ਵਿੱਚ ਕੁੱਲ 342 ਦੋਹਰੇ ਹਨ। ਕਾਦਰਯਾਰ ਦਾ ਕਿੱਸਾ ‘ਸੋਹਣੀ ਮਹੀਂਵਾਲ’ ਭਾਵੇਂ ਹਾਸ਼ਮ ਨਾਲੋਂ ਵਧੇਰੇ ਪ੍ਰਸਿੱਧ ਹੋਇਆ, ਪਰ ਕਾਦਰਯਾਰ ਨੇ ਕਹਾਣੀ ਦੀ ਗੋਂਦ ਅਤੇ ਪਾਤਰ ਉਸਾਰੀ ਤਕਰੀਬਨ ਹਾਸ਼ਮ ਵਾਲੀ ਹੀ ਰੱਖੀ।
ਸੀਹਰਫ਼ੀ ਸਰਦਾਰ ਹਰੀ ਸਿੰਘ ਨਲੂਆ : ਇਹ ਸੀਹਰਫ਼ੀ ਬੈਂਤਾਂ ਵਿੱਚ ਹੈ। ਬਾਵਾ ਬੁੱਧ ਸਿੰਘ ਇਸ ਨੂੰ ‘ਬੈਂਤ ਹਰੀ ਸਿੰਘ’ ਲਿਖਦੇ ਹਨ। ਇਸ ਸੀਹਰਫ਼ੀ ਵਿੱਚ ਸਰਦਾਰ ਹਰੀ ਸਿੰਘ ਨਲੂਆ ਸ਼ਹੀਦ ਹੋ ਗਿਆ ਸੀ। ਬਾਵਾ ਬੁੱਧ ਸਿੰਘ ਇਸ ਨੂੰ ਕੋਈ ਉੱਚ ਪਾਏ ਦੀ ਰਚਨਾ ਨਹੀਂ ਮੰਨਦੇ ਅਤੇ ਨਾ ਇਸ ਨੂੰ ਕੋਈ ਬੀਰ ਰਸ ਦਾ ਚਮਤਕਾਰ ਦਸਦੇ ਹਨ, ਪਰ ਇਸ ਸੀਹਰਫ਼ੀ ਰਾਹੀਂ ਕਾਦਰਯਾਰ ਪਹਿਲੇ ਪੰਜਾਬੀ ਕੌਮੀ ਕਵੀ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ। ਕਾਦਰਯਾਰ ਨੇ ਇਸ ਵਿੱਚ ਹਰੀ ਸਿੰਘ ਨੂੰ ਪੰਜਾਬ ਦੀ ਸੂਰਮਤਾਈ ਅਤੇ ਸਰਦਾਰੀ ਦਾ ਪ੍ਰਤੀਕ ਦੱਸਿਆ ਹੈ ਅਤੇ ਉਸ ਨੂੰ ਪੰਜਾਬ ਦੇ ਨਾਇਕ ਦੇ ਰੂਪ ਵਿੱਚ ਚਿਤਰਿਆ ਹੈ, ਜਿਸ ਦਾ ਜੰਮਣਾ ਆਫਰੀਨ (ਸੁਭਾਨ) ਸੀ। ਇਸ ਸੀਹਰਫ਼ੀ ਦੇ ਕੁੱਲ ਤੀਹ ਬੰਦ ਹਨ। ਹਰ ਬੰਦ ਵਿੱਚ ਚਾਰ ਬੈਂਤ ਹਨ। ਇਸ ਤਰ੍ਹਾਂ ਇਹ ਕੁੱਲ 120 ਬੈਂਤਾਂ ਦੀ ਪੂਰਨ ਸੀਹਰਫ਼ੀ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ