Welcome to Canadian Punjabi Post
Follow us on

15

July 2025
 
ਨਜਰਰੀਆ

ਕੀ ਤੋਂ ਕੀ ਬਣਿਆ ਸ਼੍ਰੋਮਣੀ ਅਕਾਲੀ ਦਲ

August 12, 2020 02:56 PM

-ਭਾਈ ਅਸ਼ੋਕ ਸਿੰਘ ਬਾਗੜੀਆ
ਸ਼ਬਦ ‘ਸ਼੍ਰੋਮਣੀ ਅਕਾਲੀ ਦਲ’ ਸਿੱਖ ਮਾਨਸਿਕਤਾ ਵਿੱਚ ਡੂੰਘਾ ਦਰਜ਼ ਹੈ। ਅਕਾਲੀ ਦਲ ਦੇ ਆਗਾਜ਼ ਤੋਂ ਹੀ ਆਮ ਸਿੱਖਾਂ ਤੇ ਸ਼ਰਧਾਲੂਆਂ ਨੇ ਬਿਨਾਂ ਹੀਲ ਹੁੱਜਤ ਇਸ ਦੇ ਪ੍ਰੋਗਰਾਮਾਂ ਦੇ ਲਾਭ-ਹਾਨ ਦੇਖੇ ਬਿਨਾਂ ਇਸ ਦੀ ਤਰੱਕੀ ਵਿੱਚ ਅਥਾਹ ਯੋਗਦਾਨ ਪਾਇਆ ਤੇ ਕੁਰਬਾਨੀਆਂ ਦਿੱਤੀਆਂ ਤੇ ਸਿੱਖੀ ਦੇ ਮਨੋਰਥ ਨੂੰ ਢਾਹ ਨਹੀਂ ਲੱਗਣ ਦਿੱਤੀ। ਉਸ ਵਕਤ ਜੋ ਅਕਾਲੀ ਆਗੂ ਸਨ, ਉਨ੍ਹਾਂ ਨੇ ਵੀ ਤਨਦੇਹੀ ਨਾਲ ਆਪਣੀ ਸਮਝ ਮੁਤਾਬਕ ਜੋ ਕੀਤਾ, ਉਹ ਅੱਜ ਤੱਕ ਸਾਡੇ ਸਾਹਮਣੇ ਹੈ।
ਸੰਨ 1947 ਦਾ ਸਮਾਂ ਅਜਿਹਾ ਸੀ, ਜਦੋਂ ਭਾਰਤ ਆਜ਼ਾਦ ਹੋਇਆ ਅਤੇ ਇਸ ਆਜ਼ਾਦੀ ਲਈ ਜੇ ਸਾਰੀ ਨਹੀਂ ਤਾਂ ਬਹੁਤੀ ਕੁਰਬਾਨੀ ਪੰਜਾਬ ਅਤੇ ਪੰਜਾਬੀਆਂ ਨੇ ਹੀ ਦਿੱਤੀ। ਜਦੋਂ ਭਾਰਤ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਸੀ, ਓਦੋਂ ਪੰਜਾਬ ਨਫਰਤ, ਬਟਵਾਰੇ ਤੇ ਫਿਰਕਾਪ੍ਰਸਤੀ ਦੀ ਅੱਗ ਵਿੱਚ ਸੜ ਰਿਹਾ ਸੀ। ਸਿੱਖ ਧਰਮ, ਸਿੱਖ ਸਮਾਜ, ਸਿੱਖ ਧਰਮ ਅਸਥਾਨ, ਸਿੱਖਾਂ ਵੱਲੋਂ ਆਪਣੇ ਖੂਨ ਪਸੀਨੇ ਨਾਲ ਜ਼ਰਖੇਜ਼ ਕੀਤੀਆਂ ਜ਼ਮੀਨਾਂ ਸਭ ਕੁਝ ਬਟਵਾਰੇ ਦੀ ਭੇਟ ਚੜ੍ਹ ਕੇ ਪਾਕਿਸਤਾਨ ਵਿੱਚ ਰਹਿ ਗਿਆ, ਫਲਸਰੂਪ ਸਿੱਖਾਂ ਦੀ ਜੋ ਪੁਸ਼ਤ ਪਾਕਿਸਤਾਨ ਤੋਂ ਉਜੜ ਕੇ ਹਿੰਦੋਸਤਾਨ ਆਈ, ਉਸ ਨੂੰ ਦੁਬਾਰਾ ਆਪਣੀ ਜਗ੍ਹਾ ਬਣਾਉਣ ਲਈ ਬਹੁਤ ਜੱਦੋਜਹਿਦ ਕਰਨੀ ਪਈ, ਜੋ ਇੱਕ ਇਤਿਹਾਸ ਹੈ।
ਉਦੋਂ ਸਿੱਖ ਆਗੂਆਂ ਨੇ ਬੜੀ ਸਿਆਣਪ ਅਤੇ ਸੂਝ ਬੂਝ ਨਾਲ ਅਕਾਲੀ ਦਲ ਦਾ ਇਧਰ ਪੁਨਰਗਠਨ ਕੀਤਾ। ਇਨ੍ਹਾਂ ਸਿੱਖ ਆਗੂਆਂ ਨੂੰ ਆਜ਼ਾਦੀ ਤੋਂਂ ਪਹਿਲਾਂ ਹਿੰਦੋਸਤਾਨ ਦੇ ਕੌਮੀ ਨੇਤਾਵਾਂ ਨੇ ਆਜ਼ਾਦੀ ਦਾ ਆਨੰਦ ਮਾਣਨ ਲਈ ਮਾਣ ਦੇਣ ਦਾ ਵਾਅਦਾ ਕੀਤਾ ਤਾਂ ਉਸ ਭਰੋਸੇ 'ਤੇ ਅਕਾਲੀ ਲੀਡਰਸ਼ਿਪ ਨੇ ਖੁੱਲ੍ਹ ਕੇ ਹਿੰਦੋਸਤਾਨ ਨਾਲ ਰਹਿਣ ਦੀ ਗੱਲ ਕੀਤੀ, ਪਰ ਇਹ ਰਾਸ਼ਟਰੀ ਲੀਡਰਸ਼ਿਪ ਆਜ਼ਾਦੀ ਦੇ ਤੁਰੰਤ ਬਾਅਦ ਇਸ ਵਚਨਬੱਧਤਾ ਤੇ ਭਰੋਸੇ ਤੋਂ ਪੂਰੀ ਤਰ੍ਹਾਂ ਮੁੱਕਰ ਗਈ। ਇਹ ਘਟਨਾ ਉਸ ਵੇਲੇ ਦੇ ਅਕਾਲੀ ਲੀਡਰਾਂ ਲਈ ਬੜਾ ਵੱਡਾ ਧੱਕਾ ਸੀ। ਇਸ ਵਿਗੜੇ ਹਾਲਾਤ ਵਿੱਚ ਅਕਾਲੀ ਦਲ ਨੂੰ ਆਪਣੀ ਜ਼ੁਬਾਨ ਤੇ ਸਭਿਅਤਾ ਦੀ ਰਾਖੀ ਅਤੇ ਪੰਜਾਬੀ ਸੂਬੇ ਲਈ ਸੰਘਰਸ਼ ਕਰਨਾ ਪਿਆ, ਉਸ ਵਿੱਚ ਵੀ ਭਾਰਤ ਦੀ ਲੀਡਰਸ਼ਿਪ ਨੇ ਇਮਾਨਦਾਰੀ ਨਹੀਂ ਵਰਤੀ। ਅੱਧ-ਪਚੱਧਾ ਪੰਜਾਬੀ ਸੂਬਾ ਬਣ ਗਿਆ, ਪਰ ਉਸ ਵਿੱਚ ਪੰਜਾਬੀ ਭਾਸ਼ਾ ਨੂੰ ਉਹ ਰੁਤਬਾ ਨਹੀਂ ਮਿਲਿਆ, ਜਿਸ ਦੀ ਉਹ ਹੱਕਦਾਰ ਸੀ ਅਤੇ ਅੱਜ ਤੱਕ ਉਸ ਰੁਤਬੇ ਦੀ ਉਡੀਕ ਵਿੱਚ ਹੈ।
ਵਕਤ ਨਾਲ ਅਕਾਲੀ ਦਲ ਦੀ ਨਵੀਂ ਲੀਡਰਸ਼ਿਪ ਸਾਹਮਣੇ ਆਈ, ਉਨ੍ਹਾਂ ਵਿੱਚ ਪੁਰਾਣੀ ਸੁਹਿਰਦਤਾ ਤੇ ਪੰਥ ਪ੍ਰਤੀ ਉਸਾਰੂ ਸੋਚ ਦੀ ਭਾਰੀ ਕਮੀ ਨਜ਼ਰ ਆਉਣ ਲੱਗੀ। ਅਕਾਲੀ ਦਲ ਦੇ ਅੰਦਰ ਧੜੇਬੰਦੀ ਸ਼ੁਰੂ ਹੋ ਗਈ। ਧਰਮ ਜਾਂ ਸਭਿਅਤਾ ਨਾਲੋਂ ਰਾਜਸੱਤਾ ਵੱਲ ਵੱਧ ਧਿਆਨ ਜਾਣਾ ਸ਼ੁਰੂ ਹੋ ਗਿਆ। ਅਕਾਲੀ ਦਲ ਦੇ ਹਰ ਗਰੁੱਪ ਨੇ ਗੁਰਦੁਆਰਿਆਂ ਨੂੰ ਆਪਣੀ ਸਿਆਸਤ ਲਈ ਵਰਤਣਾ ਸ਼ੁਰੂ ਕਰ ਦਿੱਤਾ। ਨਤੀਜੇ ਵਜੋਂ ਸਿੱਖਾਂ ਵਿੱਚ ਆਪਸੀ ਟਕਰਾਅ ਵਧਣ ਲੱਗਾ। ਇਸ ਤੋਂ ਪਹਿਲਾਂ ਗੁਰਦੁਆਰਿਆਂ ਦੀ ਸਿਆਸਤ ਆਪਸੀ ਟਕਰਾਅ ਲਈ ਨਹੀਂ ਵਰਤੀ ਜਾਂਦੀ ਸੀ, ਸਗੋਂ ਸਮੁੱਚੇ ਪੰਥ ਦੇ ਹਿੱਤਾਂ ਲਈ ਵਰਤੀ ਜਾਂਦੀ ਸੀ। ਹੌਲੀ-ਹੌਲੀ ਅਜੋਕੇ ਲੀਡਰਾਂ ਨੇ ਇਸ ਵਿੱਚ ਇੰਨਾ ਨਿਘਾਰ ਲੈ ਆਂਦਾ ਕਿ ਇਸ ਨੂੰ ਸਿੱਖਾਂ ਵਿੱਚ ਖਾਨਾਜੰਗੀ ਦੀ ਹੱਦ ਤੱਕ ਪੁਚਾ ਦਿੱਤਾ। ਹੱਦ ਤਾਂ ਉਸ ਵੇਲੇ ਹੋਈ ਜਦੋਂ ਸਿਆਸੀ ਆਗੂਆਂ ਨੇ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਮਸਲੇ ਨੂੰ ਆਪਣੀ ਸੌੜੀ ਸਿਆਸੀ ਕੁਰਸੀ ਲਈ ਵਰਤਣ ਤੋਂ ਗੁਰੇਜ਼ ਨਾ ਕੀਤਾ। ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨੇ ਸਿੱਖਾਂ ਦੇ ਹਿਰਦੇ ਵਲੂੰਧਰੇ, ਪਰ ਓਦੋਂ ਦੀ ਸਰਕਾਰ ਨੇ ਸਿੱਖਾਂ ਦੇ ਜ਼ਖਮਾਂ 'ਤੇ ਮੱਲ੍ਹਮ ਲਾਉਣ ਦੀ ਥਾਂ ਬੇਅਦਬੀਆਂ ਦਾ ਵਿਰੋਧ ਕਰ ਰਹੇ ਨਿਹੱਥੇ ਸਿੱਖਾਂ 'ਤੇ ਗੋਲੀ ਚਲਾਉਣ ਦੇ ਹੁਕਮ ਦੇ ਦਿੱਤੇ। ਇਸ ਬਿਖਰੀ ਹੋਈ ਪੰਥਕ ਸਿਆਸਤ ਦਾ ਲਾਭ ਲੈਣ ਲਈ ਦੂਸਰੀਆਂ ਸਿਆਸੀ ਪਾਰਟੀਆਂ ਸਰਗਰਮ ਹੋ ਗਈਆਂ। ਸਿਰਮੌਰ ਸਿੱਖ ਸੰਸਥਾਵਾਂ ਦੇ ਵੱਕਾਰ ਨੂੰ ਬੁਰੀ ਤਰ੍ਹਾਂ ਢਾਹ ਲੱਗੀ। ਅਕਾਲੀ ਦਲ ਨੇ ਧਰਮ ਉਪਰ ਸਿਆਸਤ ਦਾ ਅਜਿਹਾ ਗਲਬਾ ਪਾਇਆ ਕਿ ਇਸ ਦੇ ਨਤੀਜੇ ਵਜੋਂ ਸਾਡੇ ਸਾਹਮਣੇ ਕਈ ਅਤਿਅੰਤ ਦੁਖਦਾਈ ਘਟਨਾਵਾਂ ਵਾਪਰੀਆਂ ਹਨ।
ਅੱਜ ਜਦੋਂ ਕੁਝ ਪੁਰਾਣਏ ਟਕਸਾਲੀ ਆਗੂ ਅਕਾਲੀ ਦਲ ਤੋਂ ਵੱਖ ਹੋ ਕੇ ਪੰਥਕ ਹਿੱਤਾਂ ਦੀ ਆਵਾਜ਼ ਉਠਾ ਰਹੇ ਹਨ ਤਾਂ ਕਈ ਸਵਾਲ ਵਿਚਾਰਨ ਯੋਗ ਹਨ। ਇਨ੍ਹਾਂ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ ਮਾਝੇ ਦੇ, ਸੁਖਦੇਵ ਸਿੰਘ ਢੀਂਡਸਾ ਮਾਲਵਾ ਅਤੇ ਕੁਲਦੀਪ ਸਿੰਘ ਵਡਾਲਾ ਦੁਆਬਾ ਦੇ ਅਕਾਲੀ ਦਲ ਦੇ ਥੰਮ੍ਹ ਸਨ, ਜਿਨ੍ਹਾਂ ਦੇ ਅਕਾਲੀ ਦਲ ਵਿੱਚ ਹੋਣ ਸਮੇਂ ਦੁਖਦ ਘਟਨਾਵਾਂ ਵਾਪਰੀਆਂ। ਜਦੋਂ ਇਹ ਸਭ ਘਟਨਾਵਾਂ ਹੋ ਰਹੀਆਂ ਸਨ, ਉਹ ਉਸ ਵੇਲੇ ਕਿਉਂ ਨਹੀਂ ਬੋਲੇ? ਇਹ ਹਰ ਕੋਈ ਜਾਨਣਾ ਚਾਹੁੰਦਾ ਹੈ। ਕੌਣ ਅਪਰਾਧੀ ਹੈ? ਕੌਣ ਨਹੀਂ? ਇਹ ਕਮਿਸ਼ਨ ਵਿਚਾਰਦੇ ਰਹਿਣਗੇ। ਅਕਾਲੀ ਦਲ ਜੋ ਲਗਭਗ ਸੌ ਸਾਲ ਪਹਿਲਾਂ ਸਿੱਖ ਪੰਥ ਦੇ ਰਾਜਨੀਤਕ ਹੱਕਾਂ ਦੀ ਰਾਖੀ ਲਈ ਬਣਾਈ ਗਈ ਸੀ, ਉਸ ਦੀ ਅਜੋਕੀ ਲੀਡਰਸ਼ਿਪ ਨੇ ਸਿੱਖ ਸਿਧਾਂਤਾਂ ਸਿੱਖ ਕਦਰਾਂ ਕੀਮਤਾਂ ਅਤੇ ਸਿੱਖ ਸਮਾਜ ਨੂੰ ਹੀ ਖੋਰਾ ਲਾ ਦਿੱਤਾ।
ਸਵਾਲ ਇਹ ਵੀ ਹੈ ਕਿ ਜੋ ਟਕਸਾਲੀ ਆਗੂ ਅਕਾਲੀ ਦਲ ਦਾ ਨਵਾਂ ਢਾਂਚਾ ਬਣਾ ਰਹੇ ਹਨ, ਕੀ ਉਹ ਨਿਰੋਲ ਸਿੱਖਾਂ ਦਾ ਹੋਵੇਗਾ ਜਾਂ ਉਸ ਵਿੱਚ ਗੈਰ ਸਿੱਖ ਵੀ ਹੋਣਗੇ, ਜਿਵੇਂ 1996 ਤੋਂ ਬਾਅਦ ਅਕਾਲੀ ਦਲ ਨੇ ਆਪਣਾ ਸੰਵਿਧਾਨ ਬਦਲ ਕੇ ਆਪਣੇ-ਆਪ ਨੂੰ ਪੰਜਾਬੀ ਪਾਰਟੀ ਐਲਾਨ ਦਿੱਤਾ ਸੀ। ਸਵਾਲ ਇਹ ਵੀ ਉੱਠੇਗਾ ਕਿ ਜਿਸ ਪਾਰਟੀ ਵਿੱਚ ਗੈਰ ਸਿੱਖ ਸ਼ਾਮਲ ਹੋਣ, ਉਸ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ ਜੀ ਪੀ ਸੀ) ਤੇ ਗੁਰਦੁਆਰਿਆਂ ਦਾ ਕੰਟਰੋਲ ਕਰਨਾ ਮੁਨਾਸਿਬ ਹੈ? ਟਕਸਾਲੀ ਆਗੂਆਂ ਵੱਲੋਂ ਇਕੱਠੇ ਹੋ ਕੇ ਨਵੀਂ ਪਾਰਟੀ ਵਜੋਂ ਪੰਥਕ ਸਿਧਾਂਤਾਂ ਨੂੰ ਲਾਗੂ ਕਰਨ ਦਾ ਹੋਕਾ ਦਿੱਤਾ ਗਿਆ ਹੈ। ਨਵੀਂ ਟਕਸਾਲੀ ਅਕਾਲੀ ਪਾਰਟੀ ਸ਼੍ਰੋਮਣੀ ਕਮੇਟੀ ਚੋਣ ਲਈ ਲਾਮਬੰਦ ਹੋ ਰਹੀ ਹੈ ਜਾਂ ਪੰਜਾਬ ਵਿਧਾਨ ਸਭਾ ਲਈ? ਦੂਜੇ ਪਾਸੇ ਕੀ ਪੰਜਾਬ ਵਿਧਾਨ ਸਭਾ ਦੀ ਚੋਣ ਬਗੈਰ ਗੈਰ ਸਿੱਖਾਂ ਦੇ ਲੜੀ ਜਾ ਸਕਦੀ ਹੈ? ਟਕਸਾਲੀ ਆਗੂ ਅਕਾਲੀ ਦਲ ਦੇ ਖੁੱਸ ਚੁੱਕੇ ਵੱਕਾਰ ਨੂੰ ਕਿਵੇਂ ਦੁਬਾਰਾ ਕਾਇਮ ਕਰਨਗੇ? ਇਸੇ ਕਰ ਕੇ ਅਕਾਲੀ ਦਲ ਦੇ ਦੋ ਸੰਵਿਧਾਨਾਂ ਦੇ ਮੁੱਦੇ ਉੱਤੇ ਅਦਾਲਤ ਵਿੱਚ ਚੱਲਦੇ ਮੁਕੱਦਮੇ 'ਤੇ ਨਾਂ ਕਾਂਗਰਸ ਦੀ ਸਰਕਾਰ ਵੇਲੇ ਕੋਈ ਫੈਸਲਾ ਆਇਆ ਅਤੇ ਨਾ ਭਾਜਪਾ ਦੇ ਰਾਜ ਵਿੱਚ ਇਹ ਸੁਲਝਦਾ ਨਜ਼ਰ ਆ ਰਿਹਾ ਹੈ। ਇਹ ਮਸਲਾ ਸਮੁੱਚੇ ਪੰਥ ਦੇ ਵੀ ਵਿਚਾਰਨਯੋਗ ਹੈ।
ਸਿੱਖ ਸਮਾਜ ਨੂੰ ਇਹ ਵਿਚਾਰਨ ਦੀ ਲੋੜ ਹੈ ਕਿ ਸਿੱਖ ਧਰਮ ਨੂੰ ਬਚਾਉਣ ਨੂੰ ਪਹਿਲ ਦੇਣੀ ਹੈ ਜਾਂ ਸਿੱਖ ਸਿਆਸੀ ਲੀਡਰਾਂ ਦੀ ਕੁਰਸੀ। ਸਿੱਖਾਂ ਨੂੰ ਯਹੂਦੀ ਇਤਿਹਾਸ ਤੋਂ ਇਹ ਸਬਕ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਦੋ-ਢਾਈ ਹਜ਼ਾਰ ਸਾਲ ਬਗੈਰ ਰਾਜ ਆਪਣੇ ਆਪ ਨੂੰ ਬਚਾਏ ਹੀ ਨਹੀਂ ਰੱਖਿਆ, ਸਗੋਂ ਪ੍ਰਫੁੱਲਤ ਵੀ ਕੀਤਾ। ਇਸ ਦੇ ਨਤੀਜੇ ਵਜੋਂ ਅਸੀਂ ਅੱਜ ਦੇਖ ਰਹੇ ਹਾਂ ਕਿ ਯਹੂਦੀ ਸੰਸਾਰ ਵਿੱਚ ਛਾਏ ਹੋਏ ਹਨ। ਅਕਾਲੀ ਦਲ ਦੀ ਅਜੋਕੀ ਲੀਡਰਸ਼ਿਪ ਨੇ ਬਹੁਤ ਕੁਰਬਾਨੀਆਂ ਤੋਂ ਬਾਅਦ ਲਗਭਗ ਸੌ ਸਾਲ ਪੁਰਾਣੀ ਪਾਰਟੀ ਦੇ ਸਿਧਾਂਤਾਂ ਨੂੰ ਤਾਰ-ਤਾਰ ਕਰ ਕੇ ਇਸ ਦੀ ਹੋਂਦ ਨੂੰ ਬਹੁਤ ਵੱਡੀ ਢਾਹ ਲਾਈ ਹੈ, ਜਿਸ ਨੇ ਇਸ ਦੇ ਭਵਿੱਖ 'ਤੇ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ। ਕੀ ਅਕਾਲੀ ਦਲ ਦੀ ਅਜੋਕੀ ਲੀਡਰਸ਼ਿਪ ਆਮ ਸਿੱਖ ਮਾਨਸਿਕਤਾ ਵਿਰੁੱਧ ਭਾਜਪਾ ਨਾਲ ਕੀਤੇ ਹੋਏ ਬੇਅਸੂਲੇ ਗਠਜੋੜ 'ਤੇ ਪੁਨਰ ਵਿਚਾਰ ਕਰੇਗੀ?

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ