ਇਸਲਾਮਾਬਾਦ, 11 ਅਗਸਤ (ਪੋਸਟ ਬਿਊਰੋ)- ਇਸਲਾਮਾਬਾਦ ਦੀ ਇੱਕ ਜਵਾਬਦੇਹੀ ਅਦਾਲਤ ਨੇ ਕੱਲ੍ਹ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੂੰ ਪਾਰਕ ਲੇਨ ਭਿ੍ਰਸ਼ਟਾਚਾਰ ਕੇਸ 'ਚ ਦੋਸ਼ੀ ਠਹਿਰਾਇਆ ਹੈ।
ਆਸਿਫ ਅਲੀ ਜ਼ਰਦਾਰੀ ਕੱਲ੍ਹ ਕਰਾਚੀ ਦੇ ਬਿਲਾਵਲ ਹਾਊਸ ਤੋਂ ਵੀਡੀਓ ਲਿੰਕ ਜ਼ਰੀਏ ਜ਼ਰਦਾਰੀ ਅਦਾਲਤ ਵਿੱਚ ਪੇਸ਼ ਹੋਏ ਸਨ। ‘ਦਾ ਐਕਸਪ੍ਰੈਸ ਟਿ੍ਰਬਿਊਨ' ਅਨੁਸਾਰ ਜ਼ਰਦਾਰੀ ਨੇ ਖ਼ੁਦ ਨੂੰ ਦੋਸ਼ੀ ਕਰਾਰ ਨਾ ਦਿੱਤੇ ਜਾਣ ਦੀ ਅਪੀਲ ਕੀਤੀ ਸੀ। ਜਸਟਿਸ ਮੁਹੰਮਦ ਆਜ਼ਮ ਖ਼ਾਨ ਵੱਲੋਂ ਕੇਸ ਦੀ ਸੁਣਵਾਈ ਦੌਰਾਨ ਜ਼ਰਦਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਵਕੀਲਾਂ ਦੀ ਗ਼ੈਰ-ਹਾਜ਼ਰੀ 'ਚ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਉਹ ਸੁਪਰੀਮ ਕੋਰਟ 'ਚ ਹਨ। ਹਾਲਾਂਕਿ ਅਦਾਲਤ ਨੇ ਜ਼ਰਦਾਰੀ ਦੀ ਦਲੀਲ ਰੱਦ ਕਰਦਿਆਂ ਕਿਹਾ ਕਿ ਉਸ ਨੂੰ ਦੋਸ਼ੀ ਠਹਿਰਾਇਆ ਜਾਵੇਗਾ ਅਤੇ ਉਨ੍ਹਾਂ ਦੇ ਵਕੀਲ ਅਦਾਲਤ 'ਚ ਪੇਸ਼ ਨਾ ਹੋਣ 'ਤੇ ਗ਼ੈਰਹਾਜ਼ਰ ਮੰਨੇ ਜਾਣਗੇ। ਸੁਣਵਾਈ ਦੌਰਾਨ ਕੇਸ ਦੇ ਹੋਰ ਦੋਸ਼ੀ ਓਮਨੀ ਗਰੁੱਪ ਦੇ ਮੁਖੀ ਅਨਵਰ ਮਜੀਦ, ਸ਼ੇਰ ਅਲੀ, ਫ਼ਾਰੂਕ ਅਬਦੁੱਲਾ, ਸਲੀਮ ਫ਼ੈਜ਼ਲ ਅਤੇ ਮੁਹੰਮਦ ਹਨੀਫ਼ ਨੂੰ ਵੀ ਦੋਸ਼ੀ ਠਹਿਰਾਇਆ ਗਿਆ ਹੈ।