Welcome to Canadian Punjabi Post
Follow us on

13

July 2025
 
ਨਜਰਰੀਆ

ਨੌਜਵਾਨਾਂ ਦੇ ਰਾਹ ਦਾ ਸਭ ਤੋਂ ਵੱਡਾ ਰੋੜਾ ਪਰਵਾਰਵਾਦ

August 07, 2020 08:19 AM

-ਅਰਸ਼ਦੀਪ ਕੌਰ
ਸਾਲ 2020 ਸਾਰੀ ਦੁਨੀਆ ਲਈ ਕਹਿਰ ਦਾ ਵਰ੍ਹਾ ਬਣ ਚੜ੍ਹਿਆ ਹੈ, ਫਿਲਮ ਜਗਤ ਲਈ ਵੀ। ਜਿਸ ਜੀਵ ਨੇ ਵੀ ਜਨਮ ਲਿਆ ਹੈ, ਉਸ ਦਾ ਅੰਤ ਨਿਸ਼ਚਿਤ ਹੈ, ਪਰ ਕਿਸੇ ਮਨੁੱਖ ਦਾ ਬੇਵਕਤ ਤੇ ਅਚਾਨਕ ਇਸ ਸੰਸਾਰ ਤੋਂ ਰੁਖ਼ਸਤ ਹੋ ਜਾਣਾ ਉਸ ਦੇ ਸਨੇਹੀਆਂ ਲਈ ਅਸਹਿ ਦਰਦ ਦਾ ਕਾਰਨ ਬਣਦਾ ਹੈ। ਪਿਛਲੇ ਦਿਨੀਂ ਫਿਲਮ ਜਗਤ ਵਿੱਚ ਅਭਿਨੇਤਾ ਇਰਫਾਨ ਖਾਨ ਤੋਂ ਸ਼ੁਰੂ ਹੋਇਆ ਮੌਤਾਂ ਦਾ ਸਿਲਸਿਲਾ ਰਿਸ਼ੀ ਕਪੂਰ, ਸੁਸ਼ਾਂਤ ਸਿੰਘ ਰਾਜਪੂਤ, ਸੰਗੀਤਕਾਰ ਵਾਜਿਦ ਖਾਨ ਅਤੇ ਕੋਰੀਓਗਰਾਫਰ ਸਰੋਜ ਖਾਨ ਤੱਕ ਪਹੁੰਚ ਗਿਆ।
ਸੁਸ਼ਾਂਤ ਸਿੰਘ ਰਾਜਪੂਤ ਤੋਂ ਬਿਨਾਂ ਬਾਕੀ ਅਭਿਨੇਤਾਵਾਂ ਦੀ ਮੌਤ ਦਾ ਕਾਰਨ ਕੁਦਰਤੀ ਹੈ, ਪਰ ਨੌਜਵਾਨ ਫਿਲਮ ਅਭਿਨੇਤਾ ਸੁਸ਼ਾਂਤ ਵੱਲੋਂ ਕੀਤੀ ਖੁਦਕੁਸ਼ੀ ਅਨੇਕਾਂ ਸਵਾਲ ਖੜ੍ਹੇ ਕਰ ਗਈ ਹੈ, ਜਿਨ੍ਹਾਂ ਵਿੱਚੋਂ ਸਭ ਤੋਂ ਵੱਡਾ ਸਵਾਲ ਉਭਰ ਕੇ ਸਾਹਮਣੇ ਆਇਆ ਕਿ ਕੀ ਫਿਲਮ ਜਗਤ ਵਿੱਚ ਨੈਪੋਟਿਜ਼ਮ (ਕੁਨਬਾ ਪਰਵਰੀ) ਦਾ ਬੋਲਬਾਲਾ ਹੈ? ਕੀ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦਾ ਕਾਰਨ ਨੈਪੋਟਿਜ਼ਮ ਤੋਂ ਪੈਦਾ ਹੋਇਆ ਮਾਨਸਿਕ ਤਣਾਅ ਹੈ? ਇਨ੍ਹਾਂ ਅਨੇਕਾਂ ਸਵਾਲਾਂ ਉਪਰ ਚਰਚਾ ਕਰਨ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਆਖਿਰ ਇਹ ਨੈਪੋਟਿਜ਼ਮ ਹੈ ਕੀ? ਨੈਪੋਟਿਜ਼ਮ ਇਤਾਲਵੀ ਭਾਸ਼ਾ ਦਾ ਸ਼ਬਦ ਹੈ, ਜਿਸ ਦੀ ਉਤਪਤੀ ਲਾਤੀਨੀ ਭਾਸ਼ਾ ਦੇ ਸ਼ਬਦ ‘ਨੇਪੋਸ’ ਤੋਂ ਹੋਈ ਹੈ, ਜਿਸ ਤੋਂ ਬਾਅਦ ਵਿੱਚ ਅੰਗੇਰਜ਼ੀ ਭਾਸ਼ਾ ਦਾ ਸ਼ਬਦ ਨੈਫਿਊ ਭਾਵ ਭਤੀਜਾ ਪ੍ਰਚਲਿਤ ਹੁੰਦਾ ਹੈ। ਪੰਜਾਬੀ ਭਾਸ਼ਾ ਵਿੱਚ ਨੈਪੋਟਿਜ਼ਮ ਲਈ ਭਰਾ-ਭਤੀਜਾਵਾਦ, ਕੁਨਬਾ ਪਰਵਰੀ, ਪਰਵਾਰ ਪੱਖ-ਪਾਤ, ਗੈਂਗ ਮਾਫੀਆ ਜਿਹੇ ਸਮਾਨਾਰਥੀ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਨੈਪੋਟਿਜ਼ਮ ਦੀ ਸ਼ੁਰੂਆਤ 17ਵੀਂ ਸਦੀ ਵਿੱਚ ਪੋਪ ਅਤੇ ਬਿਸ਼ਪ ਵੱਲੋਂ ਆਪਣੇ ਪਰਵਾਰਕ ਮੈਂਬਰਾਂ ਜਾਂ ਸਕੇ ਸੰਬੰਧੀਆਂ ਨੂੰ ਉੱਚ ਪਦਵੀਆਂ ਦੇਣ ਅਤੇ ਰਾਜਗੱਦੀ ਉਪਰ ਆਪਣੇ ਪੀੜ੍ਹੀ-ਦਰ-ਪੀੜ੍ਹੀ ਹੱਕ ਜਤਾਉਣ ਦੇ ਦਾਅਵੇ ਨਾਲ ਹੁੰਦੀ ਹੈ। ਇਸ ਦਾ ਇਹ ਅਰਥ ਨਿਕਲਦਾ ਹੈ ਕਿ ਰਾਜੇ ਦਾ ਪੁੱਤਰ ਰਾਜਾ ਹੀ ਹੋਵੇਗਾ, ਭਾਵੇਂ ਉਸ ਵਿੱਚ ਕਾਬਲੀਅਤ ਹੋਵੇ ਜਾਂ ਨਾ ਹੋ੍ਹਏ।
ਨੈਪੋਟਿਜ਼ਮ ਨਾ ਕੇਵਲ ਭਾਰਤ ਦੇ ਇਤਿਹਾਸ ਦਾ ਹਿੱਸਾ ਹੈ, ਸਗੋਂ ਵਰਤਮਾਨ ਵਿੱਚ ਵੀ ਨੌਜਵਾਨਾਂ ਲਈ ਚੁਣੌਤੀ ਤੇ ਗੰਭੀਰ ਸਮੱਸਿਆ ਦਾ ਰੂਪ ਧਾਰ ਬੈਠਾ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਨੂੰ ਹੱਤਿਆ ਕਰਾਰ ਦਿੱਤਾ ਜਾ ਰਿਹਾ ਹੈ, ਜਿਸ ਦਾ ਜ਼ਿੰਮੇਵਾਰ ਫਿਲਮ ਜਗਤ ਵਿਚਲੇ ਨੈਪੋਟਿਜ਼ਮ ਨੂੰ ਠਹਿਰਾਇਆ ਗਿਆ ਹੈ (ਹਾਲਾਂਕਿ ਸੁਸ਼ਾਂਤ ਦੀ ਖੁਦਕੁਸ਼ੀ ਦੇ ਕਾਰਨਾਂ ਦਾ ਕੇਸ ਹਾਲੇ ਜਾਂਚ ਅਧੀਨ ਹੈ)। ਕਿਸੇ ਖੇਤਰ ਵਿਸ਼ੇਸ਼ ਨੂੰ ਕਿਸੇ ਵਿਅਕਤੀ ਵਿਸ਼ੇਸ਼ ਦੁਆਰਾ ਆਪਣੀ ਮਲਕੀਅਤ ਸਮਝਣਾ ਭਿ੍ਰਸ਼ਟਾਚਾਰ ਹੈ। ਜਿੱਥੇ ਕਲਾ ਦੇ ਖੇਤਰ ਵਿੱਚ ਪ੍ਰਤਿਭਾਸ਼ਾਲੀ ਕਲਾਕਾਰ ਨੂੰ ਅੱਗੇ ਵਧਣ ਦੇ ਮੌਕੇ ਮਿਲਣੇ ਚਾਹੀਦੇ ਹਨ, ਉਥੇ ਨੈਪੋਟਿਜ਼ਮ ਦੇ ਪਾਸਾਰ ਕਾਰਨ ਇਹ ਮੌਕੇ ਮੁੱਖ ਤੌਰ 'ਤੇ ਕਲਾਕਾਰੀ ਪਰਵਾਰ ਨਾਲ ਸੰਬੰਧ ਰੱਖਦੇ ਵਿਅਕਤੀ ਨੂੰ ਹੀ ਮਿਲਦੇ ਹਨ, ਜਿਸ ਨੂੰ ਕਲਾ ਦੀ ਖੂਬਸੂਰਤੀ ਦਾ ਭਾਵੇਂ ਰੱਤੀ ਵੀ ਇਲਮ ਨਾ ਹੋਵੇ। ਫਿਲਮ ਜਗਤ ਵਿੱਚ ਅਜਿਹੀਆਂ ਹੋਰ ਵੀ ਮਿਸਾਲਾਂ ਹਨ। ਨੈਪੋਟਿਜ਼ਮ ਦੀ ਆੜ ਵਿੱਚ ਤਰਕ-ਵਿਹੂਣੀ ਫਿਲਮ ਕਰੋੜਾਂ ਦਾ ਬਿਜ਼ਨਸ ਕਰਦੀ ਹੈ ਅਤੇ ਇਸ ਦੇ ਉਲਟ ਸ਼ਾਨਦਾਰ ਫਿਲਮ ਬਾਕਸ ਆਫਿਸ 'ਤੇ ਆਉਂਦਿਆਂ ਦਮ ਤੋੜ ਦਿੰਦੀ ਹੈ। ਅਕਸਰ ਐਵਾਰਡ ਤੇ ਇਨਾਮ-ਸਨਮਾਨ ਵੀ ਵੱਡੇ ਫਿਲਮੀ ਸਿਤਾਰਿਆਂ ਦੀ ਸਰਪ੍ਰਸਤੀ ਵਾਲੇ ਅਭਿਨੇਤਾਵਾਂ ਦੀ ਝੋਲੀ ਪੈਂਦੇ ਹਨ ਅਤੇ ਬਗੈਰ ਕਿਸੇ ਫਿਲਮ ਪਿਛੋਕੜ ਵਾਲੇ ਸੁਸ਼ਾਂਤ ਸਿੰਘ ਰਾਜਪੂਤ ਵਰਗੇ ਕਲਾਕਾਰ ਦੀ ਕਲਾ ਦਾ ਨਜ਼ਰ ਅੰਦਾਜ਼ ਹੋ ਕੇ ਰਹਿ ਜਾਣਾ, ਮੁੱਲਹੀਣ ਹੋ ਜਾਣਾ, ਉਸ ਨੂੰ ਨਿਰੰਤਰ ਹੀਣਭਾਵਨਾ ਦਾ ਅਹਿਸਾਸ ਦਿਵਾਉਣਾ ਤੇ ਅਖੀਰ ਮਾਨਸਿਕ ਤਣਾਅ ਤੇ ਖੁਦਕੁਸ਼ੀ, ਪਰ ਸਵਾਲ ਇਹ ਹੈ ਕਿ ਕੀ ਇਸ ਨੈਪੋਟਿਜ਼ਮ ਦਾ ਸ਼ਿਕਾਰ ਆਮ ਜਗਤ ਨਹੀਂ ਹੋ ਰਿਹਾ ਹੈ? ਹੋ ਰਿਹਾ ਹੈ, ਬੱਸ ਫਰਕ ਸਿਰਫ ਇੰਨਾ ਹੈ ਕਿ ਫਿਲਮ ਜਗਤ ਦੀ ਤਰ੍ਹਾਂ ਇਥੇ ਇਹ ਖੁੱਲ੍ਹ ਕੇ ਸਾਹਮਣੇ ਨਹੀਂ ਆਉਂਦਾ।
ਭਾਰਤੀ ਰਾਜਨੀਤੀ ਨੈਪੋਟਿਜ਼ਮ ਦੀ ਸਭ ਤੋਂ ਵੱਡੀ ਮਿਸਾਲ ਹੈ। ਇੱਕ ਲੋਕਤੰਤਰੀ ਦੇਸ਼ ਹੁੰਦਿਆਂ ਵੀ ਇੱਕ ਤਰ੍ਹਾਂ ਰਾਜਤੰਤਰੀ ਦੇਸ਼ ਹੀ ਬਣਿਆ ਰਿਹਾ ਹੈ। ਕਈ ਕਈ ਸਾਲ ਮੁੱਖ ਅਹੁਦਿਆਂ ਉਪਰ ਕਿਸੇ ਵਿਸ਼ੇਸ਼ ਪਰਵਾਰ ਦਾ ਹੀ ਕਬਜ਼ਾ ਰਹਿੰਦਾ ਹੈ। ਅੱਜ ਦਾ ਮੁੱਖ ਮੰਤਰੀ ਭਲਕ ਦਾ ਪ੍ਰਧਾਨ ਮੰਤਰੀ ਬਣਦਾ ਹੈ ਅਤੇ ਉਸ ਦਾ ਪੁੱਤਰ ਮੁੱਖ ਮੰਤਰੀ। ਇੰਝ ਅੱਜ ਦਾ ਸਿਖਿਅਤ, ਗੁਣੀ ਨੌਜਵਾਨ ਨਿਰਪੱਖ ਰੂਪ ਵਿੱਚ ਮੰਤਰੀ, ਮੁੱਖ ਮੰਤਰੀ, ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਕਦੇ ਨਹੀਂ ਪਹੁੰਚ ਸਕਦਾ। ਇਸ ਅਹੁਦੇ ਲਈ ਰਾਜਨੀਤਕ ਪਿਛੋਕੜ ਹੋਣਾ ਲਾਜ਼ਮੀ ਹੈ।
ਇਸ ਦਾ ਵਧਦਾ ਅਸਰ ਨੌਜਵਾਨ ਪੀੜ੍ਹੀ ਨੂੰ ਮਾਨਸਿਕ ਪੀੜਾ ਦਾ ਸ਼ਿਕਾਰ ਬਣਾ ਰਿਹਾ ਹੈ। ਅਕਸਰ ਸੁਣਦੇ ਹਾਂ ਕਿ ਕਲਰਕ ਦੀ ਨੌਕਰੀ ਲਈ ਸੈਂਕੜੇ ਅਰਜ਼ੀਆਂ ਆਈਆਂ, ਪਰ ਭਰਤੀ ਮੰਡਲ ਨੇ ਜਾਣ ਪਛਾਣ ਵਾਲੇ ਬਿਨੈਕਾਰਾਂ ਦੇ ਭਵਿੱਖ ਦੀ ਫਿਕਰ ਕੀਤੀ ਤੇ ਬਾਕੀਆਂ ਹੱਥ ਨਿਰਾਸ਼ਾ ਲੱਗੀ। ਕਿਸੇ ਪ੍ਰਸਿੱਧ ਕਾਲਜ, ਯੂਨੀਵਰਸਿਟੀ ਤੋਂ ਡਿਗਰੀਆਂ ਪ੍ਰਾਪਤ ਕਰ ਕੇ ਜਦੋਂ ਨੌਜਵਾਨ ਰੁਜ਼ਗਾਰ ਦੀ ਭਾਲ ਵਿੱਚ ਨਿਕਲਦੇ ਹਨ ਤਾਂ ਅੱਗੋਂ ਨੈਪੋਟਿਜ਼ਮ ਉਨ੍ਹਾਂ ਦਾ ਮੂੰਹ ਚਿੜਾਉਂਦਾ ਹੈ।
ਦੂਰ-ਦੁਰਾਡੇ ਇਲਾਕਿਆਂ ਤੋਂ ਵਿਦਿਆਰਥੀ ਕਈ ਸੁਫਨੇ ਸਜਾ ਕੇ ਦਿਲਚਸਪੀ ਦੇ ਆਧਾਰ 'ਤੇ ਆਪਣੇ ਮਨਪਸੰਦ ਕੋਰਸ ਤੇ ਵਿਦਿਅਕ ਅਦਾਰੇ ਵਿੱਚ ਦਾਖਲਾ ਲੈਣ ਆਉਂਦੇ ਹਨ, ਪਰ ਉਨ੍ਹਾਂ ਦੇ ਸੁਫਨੇ ਨੈਪੋਟਿਜ਼ਮ ਦੀ ਬਲੀ ਚੜ੍ਹ ਜਾਂਦੇ ਹਨ ਤੇ ਨੈਪੋਟਿਜ਼ਮ ਨੂੰ ਹੱਲਾਸ਼ੇਰੀ ਦੇਣ ਦਾ ਕੰਮ ਹੋਰ ਨਹੀਂ, ਵਿਦਿਆ ਦੇ ਰਾਖੇ ਅਧਿਆਪਕ ਕਰਦੇ ਹਨ। ਇਸ ਕਾਰਨ ਨੱਬੇ ਫੀਸਦੀ ਨੰਬਰ ਲੈਣ ਵਾਲੇ ਵਿਦਿਆਰਥੀ ਦੀ ਥਾਂ ਪਹੁੰਚ ਕਰਨ ਸੱਤਰ ਫੀਸਦੀ ਅੰਕਾਂ ਵਾਲੇ ਵਿਦਿਆਰਥੀ ਨੂੰ ਦਾਖਲਾ ਮਿਲ ਜਾਂਦਾ ਹੈ। ‘ਸਾਹਿਤ ਨੂੰ ਸਮਾਜ ਦਾ ਦਰਪਣ’ ਮੰਨਿਆ ਜਾਂਦਾ ਹੈ। ਚੰਗਾ ਸਾਹਿਤ ਅਤੇ ਸਾਹਿਤਕਾਰ ਸਮਾਜ ਨੂੰ ਸੇਧ ਦਿੰਦੇ ਹਨ ਅਤੇ ਚੰਗੇ ਸਾਹਿਤਕਾਰ ਦੀ ਪਛਾਣ ਉਸ ਦੀ ਰਚਨਾ ਹੁੰਦੀ ਹੈ। ਅਜਿਹੇ ਸਾਹਿਤਕਾਰਾਂ ਦੀ ਪਛਾਣ ਉਸ ਦੀ ਰਚਨਾ ਹੁੰਦੀ ਹੈ। ਅਜਿਹੇ ਸਾਹਿਤਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਸਾਹਿਤਕ ਅਕਾਦਮੀਆਂ ਅਤੇ ਅਦਾਰਿਆਂ ਵੱਲੋਂ ਐਵਾਰਡ ਦਿੱਤੇ ਜਾਂਦੇ ਹਨ, ਪਰ ਇਥੇ ਵੀ ਨੈਪੋਟਿਜ਼ਮ ਦੇ ਪ੍ਰਭਾਵ ਹੇਠ ਅਜਿਹੇ ਲੇਖਕ ਜਾਂ ਕਿਤਾਬ ਨੂੰ ਜੇਤੂ ਕਰਾਰ ਦੇ ਦਿੱਤਾ ਜਾਂਦਾ ਹੈ ਜਿਸ ਕੋਲ ਰਾਜਨੀਤਕ ਜਾਂ ਸਮਾਜਕ ਸੰਬੰਧਾਂ ਦੇ ਜੁਗਾੜ ਹੁੰਦੇ ਹਨ। ਭਾਰਤੀ ਖੇਡ ਜਗਤ ਵੀ ਨੈਪੋਟਿਜ਼ਮ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰ ਰਿਹਾ ਹੈ। ਬਹੁਤ ਸਾਰੇ ਮਿਹਨਤੀ ਅਤੇ ਹੋਣਹਾਰ ਖਿਡਾਰੀ ਨੈਪੋਟਿਜ਼ਮ ਦਾ ਸ਼ਿਕਾਰ ਹੋ ਜਾਂਦੇ ਹਨ। ਕਈ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਵੀ ਨਹੀਂ ਮਿਲਦਾ, ਜੋ ਕਿਸੇ ਰਾਜਨੀਤਕ, ਸਮਾਜਕ ਪਾਰਟੀ ਦਾ ਸਮਰਥਨ ਲਏ ਬਿਨਾਂ ਆਜ਼ਾਦ ਰੂਪ ਵਿੱਚ ਖੇਡਣਾ ਚਾਹੁੰਦੇ ਸਨ।
ਇਸ ਲਈ ਜੇ ਨੈਪੋਟਿਜ਼ਮ ਦੀਆਂ ਜੜ੍ਹਾਂ ਨੂੰ ਹੋਰ ਫੈਲਣ ਤੋਂ ਨਾ ਰੋਕਿਆ ਤਾਂ ਇਹ ਵਿਅਕਤੀ ਵਿਸ਼ੇਸ਼ ਲਈ ਨਹੀਂ ਸਗੋਂ ਦੇਸ਼ ਲਈ ਖਤਰਾ ਬਣ ਸਕਦਾ ਹੈ। ਪਿੱਛੇ ਜਿਹੇ ਇੱਕ ਅਭਿਨੇਤਾ ਨੇ ਫਿਲਮੀ ਸੰਵਾਦ ਵਿੱਚ ਕਿਹਾ ਸੀ, ‘‘ਰਾਜਾ ਕਾ ਬੇਟਾ ਅਬ ਰਾਜਾ ਨਹੀਂ ਬਨੇਗਾ, ਰਾਜਾ ਵਹੀ ਬਨੇਗਾ ਜੋ ਹੱਕਦਾਰ ਹੋਗਾ।” ਭਾਵ ਨੈਪੋਟਿਜ਼ਮ ਦਾ ਬੋਲਬਾਲਾ ਹਰ ਜਗ੍ਹਾ ਹੈ, ਪਰ ਇਸ ਕਾਰਨ ਕਿਸੇ ਦੀ ਪ੍ਰਤਿਭਾ ਦਾ ਘਾਣ ਨਹੀਂ ਹੋਣਾ ਚਾਹੀਦਾ। ਸਭ ਤੋਂ ਅੱਗੇ ਵਧਣ ਅਤੇ ਵਿਕਾਸ ਦੇ ਸਮਾਨ ਅਵਸਰ ਮਿਲਣੇ ਚਾਹੀਦੇ ਹਨ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ