Welcome to Canadian Punjabi Post
Follow us on

14

July 2025
ਬ੍ਰੈਕਿੰਗ ਖ਼ਬਰਾਂ :
 
ਨਜਰਰੀਆ

ਕੋਧਰੇ ਦੀ ਰੋਟੀ

August 07, 2020 08:18 AM

-ਸੁਖਦੇਵ ਸਿੰਘ ਮਾਨ
ਸਾਡੇ ਪਿੰਡ ਮੌੜ ਕਲਾਂ ਦੇ ਲਹਿੰਦੇ ਪਾਸੇ ਗਨੀ ਸਿੱਖ ਦੀ ਹਵੇਲੀ ਤੋਂ ਵੀਹ ਕੁ ਪੁਲਾਂਘਾ ਦੂਰ ਮੇਰਾ ਮੁਢਲਾ ਸਕੂਲ ਸੀ। ਚੇਤਿਆਂ ਵਿੱਚ ਸਕੂਲ ਨਾਲ ਇਹ ਹਵੇਲੀ ਵੀ ਇਸ ਕਰ ਕੇ ਉੱਕਰੀ ਗਈ ਕਿ ਇਸ ਦਾ ਅਕਸ ਗਰਦਿਸ਼ ਦੇ ਦਿਨਾਂ ਵਿੱਚ ਮਿਲੀ ਪੀੜ ਨੂੰ ਉਚੇੜਦਾ ਰਹਿੰਦਾ। ਕੱਛ ਵਿੱਚ ਖਲ਼ ਵਾਲੀ ਬੋਰੀ, ਮੋਢੇ ਬਸਤਾ ਤੇ ਕਪੂਰੇ ਮਿਸਤਰੀ ਵੱਲੋਂ ਪੱਤੀਆਂ ਲਾ ਕੇ ਅੜਕਾਈ ਫੱਟੀ ਹੀ ਮੇਰੀ ਪੜ੍ਹਨ ਸਮੱਗਰੀ ਦਾ ਹਿੱਸਾ ਬਣਦੀ। ਪੈਰ ਨੰਗੇ ਹੁੰਦੇ। ਸਾਰੀ ਛੁੱਟੀ ਵੇਲੇ ਜਦੋਂ ਸੂਰਜ ਅੱਗ ਵਰ੍ਹਾ ਰਿਹਾ ਹੁੰਦਾ, ਗਨੀ ਸਿੱਖ ਦੀ ਹਵੇਲੀ ਦੀ ਕੰਧ ਦਾ ਧੜਵੈਲ ਪ੍ਰਛਾਵਾਂ ਹੀ ਭੁੱਜਦੇ ਪੈਰਾਂ ਨੂੰ ਕੁਝ ਰਾਹਤ ਦਿੰਦਾ। ਗਨੀ ਸਿੱਖ ਦੀ ਹਵੇਲੀ ਦੀ ਸਿਖਰ ਤੇ ਸੀਮੈਂਟ ਨਾਲ ਬਣਾਏ ਰੋਅਬਦਾਰ ਬੰਦੇ, ਜਿਨ੍ਹਾਂ ਦੇ ਗਲ ਬੰਦੂਕਾਂ ਲਟਕਦੀਆਂ ਹੁੰਦੀਆਂ, ਦੇਖ ਕੇ ਮਨ ਵਿੱਚ ਕਈ ਸਵਾਲ ਉੱਠਦੇ, ਪਰ ਬਾਲ ਮਨ ਉਤਰ ਨਾ ਲੱਭ ਸਕਦਾ।
ਸਕੂਲ ਵਿੱਚ ਦੋ ਕਮਰੇ ਸੀ। ਸਾਡੀ ਛੋਟੀ ਕਲਾਸ ਮਾਸਟਰ ਮਦਨ ਲਾਲ ਹਾੜ੍ਹ ਸਿਆਲ ਵਿਹੜੇ ਵਿੱਚ ਖ਼ੜ੍ਹੀ ਗੋਦਣੀ ਹੇਠ ਲਾਉਂਦਾ। ਉਹ ਅਕਸਰ ਮੇਜ਼ 'ਤੇ ਪਏ ਹਾਜ਼ਰੀ ਰਜਿਸਟਰ ਦੀ ਗਰਦ ਝਾੜਦਾ ਸਾਨੂੰ ਕਹਿੰਦੇ, ‘‘ਓਏ ਕਾਕਾ! ਆਪਣਾ ਤਾਂ ਆਹੀ ਸੰਸਾਰ ਆ। ਆਹ ਗੋਦਣੀ ਨੂੰ ਪਾਣੀ ਪਾਇਆ ਕਰੋ।” ਮੇਰਾ ਕੱਦ ਜ਼ਿਆਦਾ ਲੰਮਾ ਸੀ। ਮਜ਼ਦੂਰਾਂ ਦੇ ਮੁੰਡੇ ਮੇਰੇ ਸਹਿਪਾਠੀ ਤਾਰੀ ਨੂੰ ਨਾਲ ਲੈ ਕੇ ਮੈਂ ਮਾਕੇ ਦੀ ਕਾਲੀ ਗਾਰ ਨਾਲ ਭਰੀ ਛੱਪੜੀ ਵਿੱਚ ਗੋਡੇ ਤੱਕ ਆਉਂਦੇ ਪਾਣੀ ਵਿੱਚ ਉਤਰ ਬਾਲਟੀ ਤਾਰੀ ਨੂੰ ਭਰ ਦਿੰਦਾ। ਤਾਰੀ ਬਾਲਟੀ ਗੋਦਣੀ ਦੀਆਂ ਜੜ੍ਹਾਂ ਵਿੱਚ ਉਲੱਦ ਆਉਂਦਾ।
ਤਾਰੀ ਨਾਲ ਲਿਹਾਜ਼ ਦਾ ਕਾਰਨ ਸਾਡੇ ਅੰਦਰਲਾ ਕੋਈ ਵਿਦਰੋਹੀ ਕਣ ਸੀ। ਇੱਕ ਦਿਨ ਅਸੀਂ ਪਿੰਡ ਦੇ ਗੁਰਦੁਆਰੇ ਵਿੱਚ ਨਿਸ਼ਾਨ ਸਾਹਿਬ ਤੇ ਚੜ੍ਹਦਾ ਖੱਟਾ ਕੱਪੜਾ ਦੇਖਣ ਗਏ। ਬੰਦੇ, ਔਰਤਾਂ ਸਤਿਨਾਮ ਸਤਿਨਾਮ ਕਰਦੇ ਲੋਹੇ ਦੀ ਤਾਰ ਨਾਲ ਬੰਨ੍ਹੀਂ ਕੁਰਸੀ ਵਿੱਚ ਅੱਧ ਅਸਮਾਨ ਤੱਕ ਗਏ ਨਿਸ਼ਾਨ ਸਾਹਿਬ `ਤੇ ਕੱਪੜਾ ਲਪੇਟ ਰਹੇ ਭਾਈ ਨੂੰ ਹੌਲੀ-ਹੌਲੀ ਹੇਠਾਂ ਲਿਆ ਰਹੇ ਸੀ। ਬੜਾ ਅਲੋਕਾਰੀ ਦਿ੍ਰਸ਼ ਸੀ। ਭਾਈ ਥੱਲੇ ਆਇਆ। ਜੈਕਾਰੇ ਛੱਡੇ ਗਏ। ਗੁਲਾਬ ਦੇ ਫੁੱਲਾਂ, ਬਦਾਮਾਂ ਅਤੇ ਕਾਲੀਆਂ ਮਿਰਚਾਂ ਘੋਟ ਕੇ ਬਣਾਈ ਸ਼ਰਦਾਈ ਵਰਤਣ ਲੱਗੀ। ਅਸੀਂ ਵੀ ਪੰਗਤ ਵਿੱਚ ਬੈਠ ਗਏ। ਗੁਰਦੁਆਰੇ ਦਾ ਸਭ ਤੋਂ ਵੱਡਾ ਸਿੱਖ ਆਇਆ। ਉਸ ਤਾਰੀ ਦੀ ਬਾਂਹ ਫੜ ਲਈ। ‘‘ਓਏ ਜਵਾਕਾ! ਤੂੰ ਤਾਂ ਚੌਥੇ ਪੌੜੇ ਵਾਲੈਂ। ਵੱਖਰੀ ਪੰਗਤ ਵਿੱਚ ਬੈਠ।” ਸਾਡੇ ਬਾਲ ਮਨਾਂ ਨੂੰ ਠੇਸ ਪੁੱਜੀ। ਇਹ ਬੇਇਨਸਾਫੀ ਸੀ। ਅਸੀਂ ਬਿਨਾਂ ਸ਼ਰਦਾਈ ਪੀਤੇ ਘੂਰੀਆਂ ਵੱਟਦੇ ਬਾਹਰ ਆ ਗਏ। ਮਾਂ ਤਾ-ਉਮਰ ਜ਼ੋਰ ਲਾਉਂਦੀ ਰਹੀ, ਪਰ ਮੈਂ ਮੁੜ ਬਾਬੇ ਇਸ਼ਨਾਨ ਦਾ ਪਾਣੀ ਸਿਰ ਵਿੱਚ ਨਹੀਂ ਪੁਆਇਆ।
ਇਸ ਵਿਤਕਰੇ ਦਾ ਮਲਾਲ ਕਰਦੇ ਅਸੀਂ ਅਗਲੀ ਜਮਾਤ ਚੜ੍ਹ ਗਏ। ਸਾਡੇ ਹੱਥ ਲਿਖਤ ਪਰਚੇ ਵੰਡਦਾ ਮਸਾਟਰ ਮਦਨ ਲਾਲ ਅਗਾਂਹ ਹੋਰ ਮਿਹਨਤ ਕਰਨ ਦੀਆਂ ਨਸੀਹਤਾਂ ਦੇ ਰਿਹਾ ਸੀ। ਪਾਸ ਹੋਣ ਦੀ ਖੁਸ਼ੀ ਵਿੱਚ ਅਸੀਂ ਕੂਕਾਂ ਮਾਰਦੇ ਖਲ ਵਾਲੀਆਂ ਬੋਰੀਆਂ ਦੀ ਗਰਦ ਝਾੜਦੇ ਘਰ ਨੂੰ ਤੁਰ ਪਏ। ਉਸ ਦਿਨ ਵੀ ਸਾਡੀ ਹਥਾਈ ਵਿੱਚ ਅਖੰਡ ਪਾਠ ਚੱਲ ਰਿਹਾ ਸੀ। ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਦੀ ਮਹਿਕ ਆ ਰਹੀ ਸੀ। ਪਤਾ ਨਹੀਂ, ਸਮੇਂ ਦੀ ਕਿਸੇ ਸ਼ਕਤੀ ਨੇ ਜਾਂ ਧਾਰਮਿਕ ਬੰਦਿਆਂ ਦੀ ਇੱਕ ਹੋਰ ਪਰਖ ਨੇ ਸਾਡੇ ਪੈਰ ਉਧਰ ਮੋੜ ਦਿੱਤੇ। ਤਿੰਨ ਮੇਲ ਦਾ ਪ੍ਰਸ਼ਾਦ ਤੇ ਪਚਰੰਗਾ ਅਚਾਰ ਜਿਸ ਪੰਗਤ ਵਿੱਚ ਵਰਤ ਰਿਹਾ ਸੀ, ਅਸੀਂ ਉਹ ਮੱਲ ਲਈ। ਇਸ ਵਾਰ ਗੁਰਦੁਆਰੇ ਵਾਲੇ ਭਾਈ ਨੇ ਨਹੀਂ, ਇੱਕ ਜ਼ਿਮੀਂਦਾਰ ਨੇ ਤਾਰੀ ਦੀ ਬਾਂਹ ਆ ਫੜੀ। ਉਸ ਬੰਦੇ ਨੇ ਚਪੇੜ ਵੀ ਉਗਰੀ। ਤਾਰੀ ਝਟਕੇ ਨਾਲ ਬਾਂਹ ਛੁਡਾ ਕੇ ਮੇਰੇ ਵੱਲ ਦੇਖਣ ਲੱਗਾ। ਮੈਂ ਵੀ ਉਸ ਬੰਦੇ ਵੱਲ ਤਿ੍ਰਸਕਾਰ ਨਾਲ ਦੇਖਦਾ ਹਥਾਈ ਤੋਂ ਬਾਹਰ ਆ ਗਿਆ। ਰਾਹ ਵਿੱਚ ਅਸੀਂ ਫਿਰ ਇਸ ਬੇਇਨਸਾਫੀ ਖਿਲਾਫ ਬੋਲਦੇ ਘਰਾਂ ਵੱਲ ਤੁਰ ਪਏ। ਜਮਾਤ ਚੜ੍ਹਨ ਦੀ ਖੁਸ਼ੀ ਵੀ ਸੀ। ਹੋਈ ਬੇਇਨਸਾਫੀ ਦਾ ਰੰਜ ਲੈ ਕੇ ਘਰ ਆਇਆ।
ਅਸਾਧ ਰੋਗਾਂ ਦਾ ਸ਼ਿਕਾਰ ਮਾਂ ਜਿਵੇਂ ਅਕਸਰ ਸਾਹ-ਸਤਹੀਣ ਹੋਈ ਮੰਜੇ 'ਤੇ ਪਈ ਹੁੰਦੀ, ਉਸ ਦਿਨ ਵੀ ਬਿਮਾਰ ਪਈ ਸੀ। ਉਸ ਨੇ ਬਾਰੀ 'ਚ ਪਏ ਰੋਟੀਆਂ ਵਾਲੇ ਛਾਬੇ ਵੱਲ ਇਸ਼ਾਰਾ ਕੀਤਾ ਤੇ ਮੁੜ ਮੂੰਹ ਢੱਕ ਲਿਆ, ਜਿਵੇਂ ਆਖ ਰਹੀ ਹੋਵੇ: ਮੈਂ ਬਹੁਤਾ ਚਿਰ ਨ੍ਹੀਂ ਬਚਦੀ ਬੱਚੜਿਆ। ਛਾਬਾ ਖੱਦਰ ਦੇ ਪੌਣੇ ਨਾਲ ਢਕਿਆ ਹੋਇਆ ਸੀ। ਛਾਬੇ ਵਿੱਚ ਕੋਧਰੇ ਦੀਆਂ ਦੋ ਰੋਟੀਆਂ ਪਈਆਂ ਸੀ। ਜੇ ਕੋਧਰੇ ਵਿੱਚ ਕਣਕ ਦਾ ਆਟਾ ਰਲਾਇਆ ਜਾਵੇ ਤਾਂ ਰੋਟੀ ਵਿੱਚ ਲਚਕ ਆ ਜਾਂਦੀ ਹੈ, ਨਹੀਂ ਤਾਂ ਕੋਧਰੇ ਦੀ ਰੋਟੀ ਟੁਕੜਿਆਂ ਵਿੱਚ ਵੰਡੀ ਜਾਂਦੀ ਹੈ। ਹੱਥ ਪਾਇਆ ਤਾਂ ਰੋਟੀਆਂ ਟੁਕੜਿਆਂ ਵਿੱਚ ਵੰਡੀਆਂ ਗਈਆਂ। ਮਨ ਵਿੱਚ ਕਸੀਸ ਉਠੀ। ਚਿੱਤ ਰੋਟੀ ਖਾਣ ਤੋਂ ਇਨਕਾਰੀ ਹੋ ਗਿਆ। ਜਿਸ ਬੈਠਕ ਵਿੱਚ ਰੋਟੀਆਂ ਵਾਲੀ ਬਾਰੀ ਸੀ, ਉਸ ਦੀ ਪਾਂਡੋ ਮਿੱਟੀ ਨਾਲ ਪੋਚਾਂ ਮਾਰੀ ਕੰਧ ਤੇ ਬਾਬਾ ਨਾਨਕ ਦੀ ਤਸਵੀਰ ਲਟਕ ਰਹੀ ਸੀ। ਬਾਬੇ ਦੇ ਇੱਕ ਹੱਥ ਮਲਿਕ ਭਾਗੋ ਦਾ ਮਾਲ ਪੂੜਾ ਸੀ, ਇੱਕ ਹੱਥ ਕਿਰਤੀ ਲਾਲੋ ਦੀ ਕੋਧਰੇ ਦੀ ਰੋਟੀ ਸੀ। ਮਾਲ ਪੂੜੇ ਵਿੱਚੋਂ ਰੱਤ ਚੋਅ ਰਹੀ ਸੀ, ਕੋਧਰੇ ਦੀ ਰੋਟੀ ਵਿੱਚੋਂ ਦੁੱਧ ਦੀ ਧਾਰ ਵਗ ਰਹੀ ਸੀ। ਦੁੱਧ ਦੀ ਧਾਰ ਦੇਖ ਮੇਰੇ ਬਾਲ ਮਨ ਨੂੰ ਅਭਾਸ ਹੋ ਗਿਆ ਕਿ ਰੱਤ ਨਾਲੋਂ ਤਾਂ ਦੁੱਧ ਵਾਲੀ ਰੋਟੀ ਬਿਹਤਰ ਹੈ। ਮੈਂ ਟੁਕੜੇ ਚਿੱਥਣ ਲੱਗ ਪਿਆ...। ਸਮੇਂ ਨੇ ਕਈ ਪਲਟੀਆਂ ਮਾਰੀਆਂ। ਹੁਣ ਵੀ ਮਨ ਜਿਨ੍ਹਾਂ ਦੇ ਪੱਲੇ ਕੋਧਰੇ ਦੀ ਰੋਟੀ ਹੈ, ਓਧਰ ਹੀ ਖੜ੍ਹਦਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ