Welcome to Canadian Punjabi Post
Follow us on

23

September 2020
ਨਜਰਰੀਆ

ਕਾਸ਼! ਮਾਂ ਦੀ ਅਸੀਸ ਨਾ ਮੰਨੀ ਜਾਂਦੀ

August 06, 2020 09:18 AM

-ਪ੍ਰਿੰਸੀਪਲ ਵਿਜੇ ਕੁਮਾਰ
ਮੇਰੇ ਨਾਲੋਂ ਵੱਡੇ ਭਰਾ ਦੀ ਮੌਤ ਹੋਣ ਕਾਰਨ ਵੱਡੇ ਹੋਣ ਦਾ ਰੁਤਬਾ ਮੇਰੇ ਹਿੱਸੇ ਆ ਗਿਆ ਸੀ। ਪਿਤਾ ਜੀ ਦੀ ਬਹੁਤ ਚੇਤੀ ਮੌਤ ਤੇ ਕੋਈ ਤਾਇਆ-ਚਾਚਾ ਨਾ ਹੋਣ ਕਾਰਨ ਹਾਲਾਤ ਨੇ ਮੈਨੂੰ ਉਮਰ ਨਾਲੋਂ ਪਹਿਲਾਂ ਹੀ ਵੱਡਾ ਅਤੇ ਸਿਆਣਾ ਕਰ ਦਿੱਤਾ ਸੀ। ਪਿਤਾ ਜੀ ਦੀ ਬਿਮਾਰੀ ਨਾਲ ਚੱਲੀ ਦੇਰ ਤੱਕ ਲੜਾਈ ਤੇ ਪਰਵਾਰ ਦੀ ਗੁਰਬਤ ਨੇ ਮੈਥੋਂ ਅਤੇ ਮੇਰੀ ਮਾਂ ਕੋਲੋਂ ਕਾਫੀ ਕੁਝ ਖੋਹ ਲਿਆ ਸੀ। ਫਿਕਰਮੰਦੀ ਨੇ ਮਾਂ ਨੂੰ ਭਾਵੇਂ ਬਹੁਤ ਛੇਤੀ ਬੁੱਢੀ ਕਰ ਦਿੱਤਾ, ਪਰ ਉਸ ਦੇ ਸੰਘਰਸ਼ ਨੇ ਮੈਨੂੰ ਬਹੁਤ ਛੇਤੀ ਫਰਜ਼ਾਂ ਦੀ ਪਰਿਭਾਸ਼ਾ ਸਮਝਾ ਦਿੱਤੀ ਸੀ। ਮਾਂ ਤੇ ਪਿਤਾ ਜੀ ਦਾ ਸੁਫਨਾ ਸੀ ਕਿ ਮੈਂ ਪੁਲਸ ਅਧਿਕਾਰੀ ਬਣਾਂ, ਪਰ ਰੋਜ਼ੀ-ਰੋਟੀ ਦੇ ਫਿਕਰ ਨੇ ਸਕੂਲੀ ਪੜ੍ਹਾਈ ਬਹੁਤ ਔਖੇ ਹੋ ਕੇ ਪੂਰੀ ਹੋਣ ਦਿੱਤੀ।
ਅਧਿਆਪਕ ਦੀ ਨੌਕਰੀ ਕਰਦਿਆਂ ਜੋ ਕੁਝ ਕਮਾਇਆ ਉਹ ਸਾਰਾ ਕੁਝ ਪਰਵਾਰਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਲੱਗ ਗਿਆ। ਪੱਲਾ ਲਗਭਗ ਖਾਲੀ ਦਾ ਖਾਲੀ ਸੀ। ਪਿਤਾ ਜੀ ਦੀ ਕੋਈ ਬਹੁਤੀ ਲੰਬੀ-ਚੌੜੀ ਜਾਇਦਾਦ ਨਾ ਹੋਣ ਕਾਰਨ ਮਾਂ ਕੋਲ ਕੇਵਲ ਅਸੀਸਾਂ ਸਨ। ਮੇਰੇ ਲਈ ਉਹ ਵੀ ਬਹੁਤ ਵੱਡੀ ਜਾਇਦਾਦ ਹਨ। ਮਾਂ ਨੂੰ ਮੇਰੇ ਨਾਲ ਇਸ ਲਈ ਵੀ ਲਗਾਅ ਸੀ ਕਿ ਬਾਕੀ ਭਰਾਵਾਂ ਦੀ ਦੁਕਾਨਦਾਰ ਹੋਣ ਕਾਰਨ ਮਾਲੀ ਹਾਲਤ ਕਾਫੀ ਚੰਗੀ ਸੀ। ਮਾਂ ਭਾਵੇਂ ਹਰ ਵੇਲੇ ਅਸੀਸਾਂ ਦਿੰਦੀ ਰਹਿੰਦੀ, ਪਰ ਉਹ ਖਾਸ ਮੌਕੇ 'ਤੇ ਖਾਸ ਤਰ੍ਹਾਂ ਦੀ ਅਸੀਸ ਦੇਣ ਦੀ ਭਾਲ ਵਿੱਚ ਸੀ। ਵਿਆਹ ਤੋਂ ਬਾਅਦ ਮੇਰੀ ਪਤਨੀ ਦੇ ਜਦੋਂ ਬੱਚਾ ਹੋਣਾ ਸੀ ਤਾਂ ਮਾਂ ਨੇ ਅਕਾਲ ਪੁਰਖ ਨੂੰ ਅਰਜ਼ ਕੀਤੀ; ਮੇਰੇ ਪੁੱਤ ਦੇ ਘਰ ਪੁੱਤ ਹੋਣਾ ਚਾਹੀਦਾ ਹੈ ਕਿਉਂਕਿ ਇਸ ਤੋਂ ਧੀ ਦੇ ਵਿਆਹ ਦਾ ਖਰਚਾ ਨਹੀਂ ਹੋਣਾ। ਮਾਂ ਦੇ ਮਨ ਦੀ ਇੱਛਾ ਪੂਰੀ ਹੋ ਗਈ।
ਸਾਡੇ ਘਰ ਜਦੋਂ ਦੂਜਾ ਬੱਚਾ ਹੋਣਾ ਸੀ ਤਾਂ ਪਤਨੀ ਨੇ ਮਾਂ ਨੂੰ ਕਿਹਾ ਕਿ ਉਹ ਪਰਮਾਤਮਾ ਨੂੰ ਕੁੜੀ ਹੋਣ ਦੀ ਬੇਨਤੀ ਕਰੇ। ਪਰਵਾਰ ਵਿੱਚ ਕੁੜੀ ਹੋਣੀ ਵੀ ਬਹੁਤ ਜ਼ਰੂਰੀ ਹੈ। ਭਰਾ ਦੇ ਰੱਖੜੀ ਬੰਨ੍ਹਣ ਲਈ ਇੱਕ ਭੈਣ ਹੋਣੀ ਲਾਜ਼ਮੀ ਹੈ, ਪਰ ਮਾਂ ਨੇ ਅੱਗੋਂ ਕਿਹਾ, ‘‘ਤੂੰ ਚੁੱਪ ਕਰ ਕੇ ਬਹਿ ਜਾ। ਤੇਰੇ ਦਿਓਰਾਂ ਤੇ ਤੇਰੀ ਨਣਦ ਦੀਆਂ ਕੁੜੀਆਂ ਵੀ ਤੇਰੇ ਪੁੱਤ ਦੀਆਂ ਭੈਣਾਂ ਹੀ ਹਨ। ਕੀ ਉਹ ਤੇਰੇ ਪੁੱਤ ਦੇ ਰੱਖੜੀ ਨਹੀਂ ਬੰਨ੍ਹਣਗੀਆਂ?”
ਮਾਂ ਦੇ ਅੱਗੇ ਬੋਲਣ ਦੀ ਹਿੰਮਤ ਕਿਸ ਵਿੱਚ ਸੀ! ਮਾਂ ਨੇ ਦੂਜੀ ਵਾਰ ਵੀ ਪਰਮਾਤਮਾ ਨੂੰ ਅਰਜ਼ ਕੀਤੀ ਕਿ ਸਾਡੇ ਘਰ ਪੁੱਤਰ ਹੀ ਹੋਵੇ। ਮਾਂ ਦੀ ਬੇਨਤੀ ਸੁਣੀ ਗਈ। ਦੂਜਾ ਬੱਚਾ ਵੀ ਸਾਡੇ ਘਰ ਪੁੱਤ ਹੋਇਆ। ਮਾਂ ਨੇ ਸੁੱਖ ਸੁੱਖਾ ਦਿੱਤੀ। ਮੁਹੱਲੇ ਵਾਲਿਆਂ ਤੇ ਰਿਸ਼ਤੇਦਾਰੀ ਵਿੱਚ ਲੱਡੂ ਵੰਡੇ। ਜਾਣ-ਪਛਾਣ ਦੇ ਲੋਕਾਂ ਨੇ ਵਧਾਈਆਂ ਦਿੱਤੀਆਂ, ਪਰ ਇਹ ਅਹਿਸਾਸ ਨਹੀਂ ਸੀ ਕਿ ਮਾਂ ਦੀ ਇਹ ਅਸੀਸ ਸਾਨੂੰ ਕੀ ਅਨੁਭਵ ਕਰਾਏਗੀ। ਸਮਾਂ ਬਦਲਿਆ, ਮੈਨੂੰ ਨੌਕਰੀ ਕਾਰਨ ਘਰ ਛੱਡਣਾ ਪਿਆ। ਭੈਣਾਂ ਵਿਆਹੀਆਂ ਗਈਆਂ। ਭਰਾਵਾਂ ਦੇ ਆਪਣੇ ਪਰਵਾਰ ਹੋ ਗਏ। ਮੇਰੇ ਬੱਚਿਆਂ ਵਾਂਗ ਮੇਰੀਆਂ ਭਤੀਜੀਆਂ ਪੜ੍ਹਾਈ ਤੇ ਨੌਕਰੀਆਂ ਦੀ ਵਜ੍ਹਾ ਕਾਰਨ ਘਰਾਂ ਤੋਂ ਦੂਰ ਚਲੀਆਂ ਗਈਆਂ। ਘਰ ਦਾ ਵਾਤਾਵਰਣ ਪਹਿਲਾਂ ਤੋਂ ਬਦਲ ਗਿਆ।
ਪਿੰਡ ਤੋਂ ਆ ਕੇ ਸ਼ਹਿਰ ਵਿੱਚ ਰਹਿਣ ਤੋਂ ਬਾਅਦ ਸ਼ੁਰੂ-ਸ਼ੁਰੂ ਵਿੱਚ ਕੋਈ ਨਾ ਕੋਈ ਭਤੀਜੀ ਜਾਂ ਭਾਣਜੀ ਪੁੱਤਰਾਂ ਦੇ ਰੱਖੜੀ ਬੰਨ੍ਹ ਜਾਂਦੀਆਂ ਸਨ, ਪਰ ਏਥੇ ਦੋਵੇਂ ਪੁੱਤਰਾਂ ਨੂੰ ਰੱਖੜੀ ਦੇ ਤਿਉਹਾਰ 'ਤੇ ਆਪਣੇ ਗੁੱਟਾਂ 'ਤੇ ਰੱਖੜੀ ਬੰਨ੍ਹਵਾਉਣ ਦੀ ਉਡੀਕ ਰਹਿੰਦੀ ਹੈ। ਉਨ੍ਹਾਂ ਨੂੰ ਕਿਸੇ ਭੂਆ ਅਤੇ ਚਾਚੀਆਂ ਦੀਆਂ ਕੁੜੀਆਂ ਦੀਆਂ ਧੀਆਂ ਦੀ ਰੱਖੜੀ ਨਹੀਂ ਪਹੁੰਚਦੀ। ਉਹ ਆਪਣੇ ਮੋਬਾਈਲ 'ਤੇ ਹੈਪੀ ਰੱਖੜੀ ਦਾ ਸੁਨੇਹਾ ਭੇਜ ਕੇ ਆਪਣਾ ਫਰਜ਼ ਪੂਰਾ ਕਰ ਦਿੰਦੀਆਂ ਹਨ। ਉਨ੍ਹਾਂ ਕੋਲ ਤਰਕ ਇਹ ਹੁੰਦਾ ਹੈ ਕਿ ਕੰਮ ਅਤੇ ਪੜ੍ਹਾਈ ਦੇ ਰੁਝੇਵਿਆਂ ਕਾਰਨ ਸਮਾਂ ਹੀ ਨਹੀਂ ਮਿਲਦਾ।
ਅੱਜਕੱਲ੍ਹ ਨਵੀਂ ਟੈਕਨਾਲੋਜੀ ਨੇ ਰੱਖੜੀ ਭੇਜਣ ਦਾ ਕੰਮ ਹੋਰ ਸੌਖਾ ਕਰ ਦਿੱਤਾ ਹੈ। ਦੁਕਾਨਾਂ 'ਤੇ ਵੀ ਜਾਣ ਦੀ ਲੋੜ ਨਹੀਂ। ਕੰਪਨੀਆਂ ਘਰ ਬੈਠਿਆਂ ਮਠਿਆਈ ਦੇ ਡੱਬੇ ਸਮੇਤ ਰੱਖੜੀ ਪਹੁੰਚਾ ਦਿੰਦੀਆਂ ਹਨ। ਭਰਾ ਰੱਖੜੀ ਬੰਨ੍ਹਣ ਦੇ ਸ਼ਗਨ ਵਜੋਂ ਦਿੱਤੇ ਜਾਣ ਵਾਲੇ ਪੈਸੇ ਵੀ ਭੈਣਾਂ ਦੇ ਬੈਂਕਾਂ ਦੇ ਖਾਤਿਆਂ ਵਿੱਚ ਆਨਲਾਈਨ ਪਾ ਦਿੰਦੇ ਹਨ। ਰਿਸ਼ਤਿਆਂ ਵਿੱਚ ਪਈਆਂ ਦਰਾੜਾਂ ਦੀਆਂ ਪਰਤਾਂ ਦੀ ਡੂੰਘਾਈ ਵਧਣ ਕਾਰਨ ਇਸ ਤਿਉਹਾਰ ਦਾ ਮਹੱਤਵ ਪੇਤਲਾ ਪੈਂਦਾ ਜਾ ਰਿਹਾ ਹੈ।
ਦੋਵੇਂ ਪੁੱਤਰ ਰੱਖੜੀ ਵਾਲੇ ਦਿਨ ਆਪਣੇ ਬਚਪਨ ਦੇ ਦਿਨਾਂ ਨੂੰ ਜ਼ਰੂਰ ਯਾਦ ਕਰਦੇ ਹਨ। ਉਨ੍ਹਾਂ ਨੂੰ ਉਹ ਗੱਲ ਨਹੀਂ ਭੁੱਲਦੀ, ਜਦੋਂ ਉਹ ਆਪਣੀ ਭੂਆ ਤੇ ਚਾਚੀਆਂ ਦੀਆਂ ਕੁੜੀਆਂ ਨੂੰ ਵਧੀਆ-ਵਧੀਆ ਰੱਖੜੀਆਂ ਲਿਆਉਣ ਲਈ ਸੁਨੇਹਾ ਭੇਜਦੇ ਹੁੰਦੇ ਸਨ। ਉਸ ਵੇਲੇ ਉਨ੍ਹਾਂ ਦੇ ਮਨਾਂ ਵਿੱਚ ਭੈਣਾਂ ਨਾਲ ਸੰਬੰਧ ਹੋਣ ਦਾ ਅਹਿਸਾਸ ਸੀ, ਪਰ ਅੱਜਕੱਲ੍ਹ ਰੱਖੜੀ ਦੇ ਤਿਉਹਾਰ ਵਾਲਾ ਮਹੀਨਾ ਆਰੰਭ ਹੁੰਦਿਆਂ ਹੀ ਉਨ੍ਹਾਂ ਨੂੰ ਉਡੀਕ ਹੋਣ ਲੱਗ ਪੈਂਦੀ ਹੈ ਕਿ ਭੂਆ ਅਤੇ ਚਾਚੀਆਂ ਦੀ ਕੋਈ ਨਾ ਕੋਈ ਕੁੜੀ ਇਹ ਸੋਚ ਕੇ ਕਿ ਇਨ੍ਹਾਂ ਦੀ ਕੋਈ ਸਕੀ ਭੈਣ ਨਹੀਂ, ਇਨ੍ਹਾਂ ਦੇ ਗੁੱਟ ਖਾਲੀ ਹੋਣਗੇ, ਰੱਖੜੀ ਭੇਜ ਦੇਵੇਗੀ, ਪਰ ਉਨ੍ਹਾਂ ਦੀ ਉਡੀਕ ਨੂੰ ਬੂਰ ਨਹੀਂ ਪੈਂਦਾ। ਰੱਖੜੀ ਵਾਲੇ ਦਿਨ ਉਨ੍ਹਾਂ ਦੇ ਚਿਹਰਿਆਂ ਉਤੇ ਉਦਾਸੀ ਹੁੰਦੀ ਹੈ। ਉਹ ਆਪਣੀ ਮਾਂ ਨੂੰ ਫੋਨ ਕਰ ਕੇ ਕਹਿੰਦੇ ਹਨ, ‘ਮੰਮੀ, ਕੀ ਤੁਹਾਨੂੰ ਇਸ ਦਾ ਅਹਿਸਾਸ ਨਹੀਂ ਸੀ ਕਿ ਸਾਨੂੰ ਇੱਕ ਭੈਣ ਦੀ ਲੋੜ ਪੈਣੀ ਹੈ। ਆਪਣੀ ਭੈਣ ਆਪਣੀ ਹੁੰਦੀ ਹੈ। ਉਸ ਨੂੰ ਇਹ ਗੱਲ ਮਹਿਸੂਸ ਹੋ ਸਕਦੀ ਹੈ ਕਿ ਉਸ ਦੇ ਭਰਾ ਉਡੀਕਦੇ ਹੋਣਗੇ।’
ਮੇਰੇ ਪਿਤਾ ਜੀ ਅਕਸਰ ਕਿਹਾ ਕਰਦੇ ਸਨ ਕਿ ਕੁੜੀਆਂ ਵਾਲੇ ਘਰ ਦੀ ਗੱਲ ਵੱਖਰੀ ਹੁੰਦੀ ਹੈ। ਹਰ ਕੋਈ ਸੋਚ-ਵਿਚਾਰ ਕੇ ਬੋਲਦਾ ਹੈ। ਪਰਵਾਰ ਦਾ ਕੋਈ ਵੀ ਵਿਅਕਤੀ ਮਰਿਆਦਾ ਵਾਲੇ ਬੰਨੇ ਨਹੀਂ ਟੱਪਦਾ। ਹਰ ਕੋਈ ਸਮੇਂ ਸਿਰ ਘਰ ਪਹੁੰਚਦਾ ਹੈ। ਰੱਖੜੀ ਵਾਲੇ ਦਿਨ ਮਨ ਵਿੱਚ ਦੋ ਗੱਲਾਂ ਜ਼ਰੂਰ ਆਉਂਦੀਆਂ ਹਨ। ਪਹਿਲੀ ਗੱਲ ਇਹ ਹੁੰਦੀ ਹੈ ਕਿ ਪਰਵਾਰ ਵਿੱਚ ਕੁੜੀ ਜ਼ਰੂਰੀ ਹੋਣੀ ਚਾਹੀਦੀ ਹੈ। ਦੂਜੀ ਗੱਲ ਇਹ ਹੈ ਕਿ ਰੱਬ ਨੂੰ ਮਾਂ ਦੀ ਇਹ ਅਸੀਸ ਮੰਨਣੀ ਨਹੀਂ ਚਾਹੀਦੀ ਸੀ।
ਦੋਵੇਂ ਪੁੱਤਰ ਹੁੰਦੇ ਹੋਏ ਵੀ ਘਰ ਵਿੱਚ ਉਹ ਰੌਣਕ ਨਹੀਂ ਹੈ, ਜੋ ਧੀਆਂ ਨਾਲ ਹੁੰਦੀ ਹੈ। ਦੋਵੇਂ ਭੈਣਾਂ ਮਾਂ ਨੂੰ ਰੋਜ਼ ਫੋਨ ਕਰ ਕੇ ਉਸ ਦਾ ਹਾਲ ਪੁੱਛਦੀਆਂ ਹਨ, ਪਰ ਦੂਰ ਵਸਦੇ ਪੁੱਤਰਾਂ ਨੂੰ ਫੋਨ ਆਪ ਕਰਨੇ ਪੈਂਦੇ ਹਨ। ਮਾਂ ਭਾਵੇਂ ਮਰੇ ਮੂੰਹ 'ਤੇ ਕੁਝ ਨਹੀਂ ਕਹਿੰਦੀ, ਪਰ ਰੱਖੜੀ ਵਾਲੇ ਦਿਨ ਉਸ ਨੂੰ ਵੀ ਮਹਿਸੂਸ ਹੁੰਦਾ ਹੈ ਕਿ ਮੇਰੇ ਪੁੱਤ ਦੇ ਘਰ ਧੀ ਦੀ ਘਾਟ ਹੈ।
ਸਾਡੇ ਇੱਕ ਨਜ਼ਦੀਕੀ ਰਿਸ਼ਤੇਦਾਰ ਦੇ ਪੁੱਤ ਉਸ ਦੀ ਲੰਬੀ ਬਿਮਾਰੀ 'ਚ ਸੇਵਾ ਕਰਨ ਤੋਂ ਨਾਂਹ ਕਰ ਗਏ, ਉਸ ਦੀ ਧੀ ਉਸ ਨੂੰ ਆਪਣੇ ਘਰ ਲੈ ਗਈ। ਸੇਵਾ ਤੋਂ ਖੁਸ਼ ਹੋ ਕੇ ਉਸ ਨੇ ਆਪਣੀ ਜਾਇਦਾਦ ਦਾ ਕੁਝ ਹਿੱਸਾ ਧੀ ਦੇ ਨਾਂਅ ਲਾਉਣ ਦੀ ਇੱਛਾ ਜ਼ਾਹਰ ਕੀਤੀ, ਪਰ ਧੀ ਨੇ ਅੱਗੋਂ ਕਿਹਾ ਕਿ ਮੈਂ ਤੁਹਾਨੂੰ ਜਾਇਦਾਦ ਖਾਤਰ ਲੈ ਕੇ ਨਹੀਂ ਆਈ, ਮੈਂ ਤਾਂ ਧੀ ਦਾ ਬਣਦਾ ਫਰਜ਼ ਨਿਭਾਉਣ ਖਾਤਰ ਤੁਹਾਨੂੰ ਲੈ ਕੇ ਆਈ ਹਾਂ।

 

Have something to say? Post your comment