Welcome to Canadian Punjabi Post
Follow us on

23

September 2020
ਨਜਰਰੀਆ

ਵਿਅੰਗ: ਲੇਖਕ ਦੀ ਆਤਮ ਨਿਰਭਰਤਾ ਦੇ ਨਾਲ ਸਮਝੌਤਾ ਨਹੀਂ

August 05, 2020 09:23 AM

-ਅਭਿਸ਼ੇਕ ਅਵਸਥੀ
ਮੈਂ ਠਾਣ ਲਿਆ ਹੈ। ਖੁਦ ਨੂੰ ਆਤਮ ਨਿਰਭਰ ਮੰਨ ਲਿਆ ਹੈ। ਅੱਜ ਤਾਂ ਮਾਲਕ ਵੀ ਆਤਮ ਨਿਰਭਰ ਬਣਨ ਨੂੰ ਕਹਿੰਦੇ ਹਨ ਤਾਂ ਮੈਂ ਇੱਕ ਆਤਮ ਨਿਰਭਰ ਲੇਖਕ ਬਣਾਂਗਾ। ਅੱਜ ਤੋਂ ‘ਕਟ-ਕਾਪੀ ਪੇਸਟ’ ਦਾ ਸਿਧਾਂਤ ਤਿਆਗਦਾ ਹਾਂ। ਕਿੰਨਾ ਹੀ ਬੇਕਾਰ ਕਿਉਂ ਨਾ ਲਿਖਾਂ, ਲਿਖਾਂਗਾ ਖਾਲਸ ਆਪਣਾ ਹੀ, ਅਰਥਾਤ ਸਿਧਾਂਤ ਵਿੱਚ ਜਿਸ ਨੂੰ ਮੌਲਿਕ ਕਹਿੰਦੇ ਹਨ। ਸਹੁੰ ਖਾਂਦਾ ਹਾਂ ਕਿ ਦਿਮਾਗ ਵਿੱਚ ਅੱਜ ਤੋਂ ਰਚਨਾ ਦਾ ਮੌਲਿਕ ਬੀਜ ਹੀ ਪੈਦਾ ਹੋਵੇਗਾ। ਸਾਹਿਤਕ ਚੋਰੀ-ਚਕਾਰੀ ਮੈਂ ਉੱਚੇ ਲੈਵਲ ਵਾਲਿਆਂ ਲਈ ਛੱਡ ਰਿਹਾ ਹਾਂ। ਜ਼ਿੰਦਗੀ ਵਿੱਚ ਕੁਝ ਨਵਾਂ ਕਰਨ ਦੀ ਪ੍ਰੇਰਨਾ ਮਿਲੀ ਹੈ। ਪੂਰਨ ਰੂਪ ਨਾਲ ਆਤਮ ਨਿਰਭਰ ਲੇਖਕ ਬਣਨ ਲਈ ਮੇਰੀ ਯੋਜਨਾ ਇਸ ਪ੍ਰਕਾਰ ਰਹੇਗੀ :
ਉਧਾਰ ਦੀ ਸਟੇਸ਼ਨਰੀ ਦਾ ਚੀਨੀ ਐਪ ਦੀ ਤਰ੍ਹਾਂ ਬਾਈਕਾਟ ਕਰਾਂਗਾ। ਖੁਦ ਦੇ ਪੈੱਨ ਨਾਲ, ਖੁਦ ਦੇ ਕਾਗਜ਼ ਉਤੇ, ਖੁਦ ਦੀ ਰਚਨਾ ਲਿਖਾਂਗਾ।
ਰਚਨਾਵਾਂ ਦੀ ‘ਹਾਫ-ਸੈਂਚੁਰੀ’ ਹੁੰਦੇ ਹੀ ਉਨ੍ਹਾਂ ਨੂੰ ਜਿਲਦ ਕਰਾਵਾਂਗਾ। ਖਰੜਾ ਤਿਆਰ ਕਰ ਕੇ ਉਸ ਨੂੰ ਡਾਕ ਰਾਹੀਂ ਨਾਮਵਰ ਪ੍ਰਕਾਸ਼ਕ ਨੂੰ ਭੇਜਾਂਗਾ। ਦੌਰ-ਏ-ਆਤਮ ਨਿਰਭਰਤਾ ਵਿੱਚ ਪ੍ਰਕਾਸ਼ਕ ਦੀ ਕੁਰਸੀ ਮੇਰੀ ਹੀ ਹੋਵੇਗੀ।
ਡਾਕ ਰਾਹੀਂ ਇੱਕ ਮਹੀਨੇ ਦਾ ਸਮਾਂ ਲੱਗੇਗਾ। ਉਸ ਦੇ ਬਾਅਦ ਪ੍ਰਕਾਸ਼ਕ ਨੂੰ ਅਰਥਾਤ ਮੈਨੂੰ ਖਰੜਾ ਮਿਲੇਗਾ।
ਦੋ ਮਹੀਨੇ ਬਾਅਦ, ਖੁਦ ਨੂੰ ਈ-ਮੇਲ ਕਰਾਂਗਾ, ‘ਨਮਸਕਾਰ! ਖਰੜਾ ਮਿਲਿਆ। ਸੰਪਾਦਕ ਮੰਡਲ ਇਸ 'ਤੇ ਵਿਚਾਰ ਕਰੇਗਾ। ਸਮਾਂ ਲੱਗੇਗਾ। ਧੀਰਜ ਰੱਖੋ। ਵਾਰ-ਵਾਰ ਫੋਨ ਕਰ ਕੇ ਸਾਨੂੰ ਪਰੇਸ਼ਾਨ ਕੀਤਾ ਤਾਂ ਠੀਕ ਨਹੀਂ ਹੋਵੇਗਾ।’
ਤਿੰਨ ਮਹੀਨੇ ਬਾਅਦ ਮੈਂ ਪ੍ਰਕਾਸ਼ਕ ਵਾਲੇ ਈ-ਮੇਲ ਆਈ ਡੀ ਤੋਂ ਖੁਦ ਅਰਥਾਤ ਲੇਖਕ ਨੂੰ ਮਨਜ਼ੂਰੀ ਦੀ ਮੇਲ ਕਰ ਦਿਆਂਗਾ ਅਤੇ ਮਨਜ਼ੂਰੀ ਦੀ ਸੂਚਨਾ ਸੋਸ਼ਲ ਮੀਡੀਆ 'ਤੇ ਵਾਇਰਲ ਕਰਾਂਗਾ। ਵਧਾਈ ਦੀਆਂ ਲਗਭਗ ਸੌ ਟਿੱਪਣੀਆਂ ਤਾਂ ਮੈਂ ਖੁਦ ਹੀ ਕਰ ਦਿਆਂਗਾ।
ਕੁਝ ਨਵਾਂ ਅੰਕੁਰ ਲੇਖਕਾਂ ਨੂੰ ਤੇਜ਼ੀ ਨਾਲ ਫੁਟਣ ਨੂੰ ਪ੍ਰੇਰਤ ਕਰਾਂਗਾ ਤਾਂ ਕਿ ਉਹ ਸ਼ੁਭ ਕਾਮਨਾਵਾਂ ਨੂੰ ਸਾਲਾਂ ਤੋਂ ਮੇਰੀ ਖਾਲੀ ਪਈ ਫੇਸਬੁਕ ਵਾਲ ਦੇ ਤਲਾਬ ਨੂੰ ਭਰ ਦੇਣ। ਕੁਝ ਸੀਨੀਅਰਾਂ ਤੋਂ ਉਨ੍ਹਾਂ ਦੀਆਂ ਕਿਤਾਬਾਂ ਦਾ ਅਮੇਜ਼ਨ ਦਾ ਲਿੰਕ ਲਵਾਂਗਾ। ਮਜਬੂਰਨ ਉਹ ਫੇਸਬੁਕ 'ਤੇ ਮੇਰੀ ਲਿਖਤ ਦੀ ਪ੍ਰਸ਼ੰਸਾ ਕਰਨਗੇ। ਫਿਰ ਕੌਣ ਲੇਖਕ? ਕਿਹੜੀਆਂ ਕਿਤਾਬਾਂ?
ਅੱਜਕੱਲ੍ਹ ਕਿਤਾਬ ਦੇ ਕਵਰ ਤੋਂ ਲੋਕ ਜੱਜ ਕਰ ਲੈਂਦੇ ਹਨ। ਇਸ ਲਈ ਪੁਸਤਕ ਦਾ ਤੜਕਦਾ-ਭੜਕਦਾ ਕਵਰ ਬਣਾਵਾਂਗਾ। ਬਹੁਤਾ ਹੋਇਆ ਤਾਂ ਕਿਸੇ ਮਾਡਲ ਦੀ ਤਸਵੀਰ ਕਵਰ ਉੱਤੇ ਲਾਵਾਂਗਾ, ਕਿਉਂਕਿ ਬਤਰਜ ‘ਜੋ ਦਿਸਦਾ ਹੈ, ਉਹੀ ਵਿਕਦਾ ਹੈ’, ਕਵਰ ਦੀ ਰੋਜ਼ਾਨਾ ਮਾਰਕੀਟਿੰਗੇ ਕਰਾਂਗਾ। ਆਪਣਾ ਹੱਥ ਜਗਨਨਾਥ। ਇਸ਼ਤਿਹਾਰ ਆਪਣੇ ਹੱਥ। ਰੋਜ਼ ਲੋਕਾਂ ਨੂੰ ਵਟਸਐਪ, ਮੈਸੇਂਜਰ, ਈ ਮੇਲ ਆਦਿ 'ਤੇ ਖੁਦ ਕਿਤਾਬ ਦਾ ਕਵਰ ਭੇਜ ਕੇ ਲੋਕਾਂ ਤੋਂ ਕਵਰ 'ਤੇ ਪ੍ਰਤੀਕਿਰਿਆਵਾਂ ਮੰਗਾਂਗਾ, ਪਰ ਆਤਮ ਨਿਰਭਰਤਾ ਨਾਲ ਕੋਈ ਸਮਝੌਤਾ ਨਹੀਂ। ਆਖਰੀ ਰਾਏ ਮੇਰੀ ਹੀ ਹੋਵੇਗੀ।
ਭੂਮਿਕਾ, ਫਲੈਪ ਆਦਿ ਦਾ ਮੈਟਰ ਮੈਂ ਆਪਣੇ ‘ਨਿਕ ਨੇਮ' ਨਾਲ ਲਿਖ ਲਵਾਂਗਾ। ਪ੍ਰਕਾਸ਼ਕ ਅਰਥਾਤ ਮੇਰਾ ਕਹਿਣਾ ਹੈ ਕਿ ਮੈਂ ਬਹੁਤ ਵੱਡਾ ਲੇਖਕ ਹਾਂ। ਵੱਡਾ ਲੇਖਕ ਗਲਤੀਆਂ ਨਹੀਂ ਕਰਦਾ। ਪਰੂਫ ਰੀਡਿੰਗ ਦੀ ਜ਼ਰੂਰਤ ਨਹੀਂ ਪਵੇਗੀ।
ਪ੍ਰਕਾਸ਼ਕ ਯਾਨੀ ਕਿ ਮੈਂ, ਕਿਤਾਬ ਦੀ ਪੂਰੀ ਪ੍ਰਿੰਟਿੰਗ ਘਰੇਲੂ ਪ੍ਰਿੰਟਰ 'ਤੇ ਹੀ ਕਰੇਗਾ। ਪ੍ਰਕਾਸ਼ਕ ਡਾਕ ਦੁਆਰਾ ਕਿਤਾਬ ਦੀ ਕਾਪੀ ਮੇਰੇ ਤੱਕ ਪੁਚਾਏਗਾ। ਮੈਂ ਖੁਦ ਨੂੰ ਆਪਣੀ ਕਿਤਾਬ ਦੀ ਪਹਿਲੀ ਕਾਪੀ ਭੇਂਟ ਕਰਾਂਗਾ। ਦੋ-ਚਾਰ ਸੈਲਫੀ ਲਵਾਂਗਾ। ਲੇਖਕ ਤੇ ਕਿਤਾਬ ਦਾ ਚਿੱਤਰ ਸੋਸ਼ਲ ਮੀਡੀਆ 'ਤੇ ਪਾਵਾਂਗਾ। ਕਿਸੇ ਵੱਡੇ ਲੇਖਕ ਦੀ ਤਸਵੀਰ ਨਾਲ ਕਿਤਾਬ ਦੀ ਤਸਵੀਰ ਲਾਵਾਂਗਾ। ਦੱਸਾਂਗਾ ਕਿ ਫਲਾਣੇ ਲੇਖਕ ਦੀ ਕਿਤਾਬ ਨਾਲ ਟੱਕਰ ਲੈ ਰਹੀ ਹੈ ਮੇਰੀ ਕਿਤਾਬ, ਪਰ ਇਹ ਸਭ ਪ੍ਰਕਾਸ਼ਕ ਦੀ ਆਈ ਡੀ ਨਾਲ ਹੋਵੇਗਾ। ਪ੍ਰਕਾਸ਼ਕ ਨੂੰ ਪੂਰਾ ਪੇਮੈਂਟ ਕਰਾਂਗਾ। ਇਸ ਦੌਰ ਵਿੱਚ ਰਾਇਲਟੀ ਵਗੈਰਾ ਦੀ ਗੱਲ ਬੇਮਾਇਨੇ ਹੈ। ਫਿਰ ਵੀ ਪ੍ਰਕਾਸ਼ਕ ਦੇ ਕਹਿਣ 'ਤੇ ਕਰਾਰ ਦੇ ਤਹਿਤ ਰਾਇਲਟੀ ਲੈ ਲਵਾਂਗਾ। ਪ੍ਰਕਾਸ਼ਕ ਤੈਅ ਰਾਇਲਟੀ ਤੋਂ ਅੱਧੀ ਰਕਮ ਅਦਾ ਕਰੇਗਾ। ਪ੍ਰਕਾਸ਼ਕ ਯਾਨੀ ਮੈਂ, ਲੇਖਕ (ਮੈਂ ਹੀ) ਦਾ ਭਰਪੂਰ ਸ਼ੋਸ਼ਣ ਕਰੇਗਾ। ਰਸਮ ਹੈ ਤਾਂ ਨਿਭਾਉਣੀ ਹੀ ਪਵੇਗੀ। ਆਤਮ ਨਿਰਭਰਤਾ ਨਾਲ ਕੋਈ ਸਮਝੌਤਾ ਨਾ ਕਰਦੇ ਹੋਏ ਖੁਦ ਦਾ ਸ਼ੋਸ਼ਣ ਵੀ ਕਰ ਲਵਾਂਗਾ।
ਅੱਗੋਂ ਵਾਰੀ ਉਸ ਦੀ, ਜਿਸ ਦੇ ਲਈ ਕਿਤਾਬ ਲਿਖੀ ਗਈ ਹੈ। ਪ੍ਰਕਾਸ਼ਕ ਯਾਨੀ ਕਿ ਮੈਂ, ਕਿਤਾਬ ਨੂੰ ਪਾਠਕ ਤੱਕ ਯਾਨੀ ਕਿ ਮੇਰੇ ਤੱਕ ਪਹੁੰਚਾਏਗਾ। ਆਤਮ ਨਿਰਭਰਤਾ ਨਾਲ ਸਮਝੌਤਾ ਨਹੀਂ। ਕਿਤਾਬ ਇੰਨੀ ਵਧੀਆ ਹੋਵੇਗੀ ਕਿ ਮੈਂ ਉਸ ਨੂੰ ਕਈ-ਕਈ ਵਾਰ ਪੜ੍ਹ ਜਾਵਾਂਗਾ। ਆਖਰੀ ਪੜਾਅ। ਪੂਰੀ ਆਤਮ ਨਿਰਭਰਤਾ ਦੇ ਨਾਲ ਪੁਸਤਕ ਨੂੰ ਸਮੀਖਿਅਕ ਤੱਕ ਭੇਜਿਆ ਜਾਏਗਾ। ਇਹ ਦੱਸਣ ਦੀ ਲੋੜ ਨਹੀਂ ਕਿ ਸਮੀਖਿਅਕ ਕੌਣ ਹੋਵੇਗਾ। ਆਖਰ ਆਤਮਨਿਰਭਰਤਾ ਵੱਲ ਵਧ ਰਿਹਾ ਹਾਂ ਭਰਾ। ਸਮੀਖਿਅਕ ਸਾਵਧਾਨੀ ਨਾਲ ਕਿਤਾਬ ਦੇ ਹਰ ਇੱਕ ‘ਵਾਲ ਕੀ ਖਾਲ’ ਕੱਢੇਗਾ। ਵੱਧ ਤੋਂ ਵੱਧ ਤਰੁੱਟੀਆਂ ਕੱਢ ਕੇ ਉਹ ਹਰ ਤਰ੍ਹਾਂ ਨਾਲ ਸਮੀਖਿਆ ਧਰਮ ਦਾ ਪੂਰਨ ਰੂਪ ਨਾਲ ਪਾਲਣ ਕਰੇਗਾ।
ਇਸ ਪ੍ਰਕਾਰ ਮੈਂ ਇੱਕ ਖੁਦ ਇੱਕ ਪੂਰਨ ਆਤਮ ਨਿਰਭਰ ਲੇਖਕ ਬਣ ਕੇ ਨਾਂਅ ਰੋਸ਼ਨ ਕਰਾਂਗਾ।

Have something to say? Post your comment