Welcome to Canadian Punjabi Post
Follow us on

23

September 2020
ਨਜਰਰੀਆ

ਭਾਰਤੀ ਸਿਆਸਤ ਵਿੱਚ ‘ਅਮਰ ਸਿੰਘ' ਵਰਗੇ ਨੇਤਾ ਬਣੇ ਰਹਿਣਗੇ

August 05, 2020 09:18 AM

-ਵਿਨੀਤ ਨਾਰਾਇਣ
ਕਰੀਬ 64 ਸਾਲ ਦੀ ਉਮਰ 'ਚ ਅਮਰ ਸਿੰਘ ਦਾ ਸਿੰਗਾਪੁਰ 'ਚ ਦਿਹਾਂਤ ਹੋ ਗਿਆ। ਉਨ੍ਹਾ ਵਰਗੇ ਬਹੁਤ ਸਾਰੇ ਲੋਕ ਭਾਰਤੀ ਸਿਆਸਤ 'ਚ ਹਨ, ਪਰ ਅਮਰ ਸਿੰਘ ਦੀ ਖਾਸੀਅਤ ਇਹ ਸੀ ਕਿ ਉਹ ਖੁਦ ਨੂੰ ਨੈਸ਼ਨਲ ਚੈਨਲਾਂ ਉੱਤੇ ਵੀ ‘ਦਲਾਲ’ ਕਹਿਣ ਤੋਂ ਨਹੀਂ ਝਿਜਕਦੇ ਸਨ। ਸਿੰਧੀਆ ਪਰਵਾਰ, ਭਰਤੀਆ ਪਰਵਾਰ, ਅੰਬਾਨੀ ਪਰਵਾਰ, ਬੱਚਨ ਪਰਵਾਰ ਜਾਂ ਯਾਦਵ ਪਰਵਾਰ ਵਿੱਚ ਫੁੱਟ ਪੁਆਉਣ ਦ ਸਿਹਰਾ ਅਮਰ ਸਿੰਘ ਨੂੰ ਦਿੱਤਾ ਜਾਂਦਾ ਹੈ। ਉਨ੍ਹਾਂ 'ਤੇ ਦੋਸ਼ ਸੀ ਕਿ ਉਹ ਇਨ੍ਹਾਂ ਰੱਜੇ-ਪੁੱਜੇ, ਮਸ਼ਹੂਰ ਤੇ ਤਾਕਤਵਰ ਪਰਵਾਰਾਂ 'ਚ ਕੁੂਟਨੀਤੀ ਨਾਲ ਫੁੱਟ ਪੁਆਉਂਦੇ ਸਨ ਅਤੇ ਇੱਕ ਭਰਾ ਦਾ ਪੱਲਾ ਫੜ ਕੇ ਦੂਸਰੇ ਦਾ ਕੰਮ ਕਰਵਾਉਂਦੇ ਸਨ, ਸ਼ਾਇਦ ਇਸ 'ਚ ਆਪਣਾ ਫਾਇਦਾ ਵੀ ਉਠਾਉਂਦੇ ਹੋਣਗੇ। ਵੱਡੀ ਗਿਣਤੀ 'ਚ ਫਿਲਮੀ ਹੀਰੋਇਨਾਂ ਨੂੰ ਸਿਆਸਤ ਵਿੱਚ ਜਾਂ ਸਿਆਸੀ ਗਲਿਆਰਿਆਂ ਵਿੱਚ ਮਹੱਤਵ ਦਿਵਾਉਣ ਦਾ ਕੰਮ ਵੀ ਅਮਰ ਸਿੰਘ ਬਾਖੂਬੀ ਕਰਦੇ ਸਨ। ਇਸ ਕਾਰਨ ਅਨੇਕ ਵਿਵਾਦ ਉਠੇ ਤੇ ਸੁਪਰੀਮ ਕੋਰਟ ਤੱਕ ਗਏ। ਉਨ੍ਹਾਂ ਦੀ ਮੁਹਾਰਤਾ ਇੰਨੀ ਸੀ ਕਿ ਕੇਂਦਰ 'ਚ ਭਾਜਪਾ ਸਰਕਾਰ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੱਕ ਆਪਣੀ ਪਾਰਟੀ ਦੇ ਨੇਤਾਵਾਂ ਨਾਲੋਂ ਅਮਰ ਸਿੰਘ ਨੂੰ ਪਹਿਲ ਦਿੰਦੇ ਸਨ। ਇਹ ਉਸ ਸਮੇਂ ਭਾਜਪਾ ਦੇ ਨੇਤਾਵਾਂ ਵਿੱਚ ਚਿੰਤਾ ਅਤੇ ਚਰਚਾ ਦਾ ਵਿਸ਼ਾ ਰਹਿੰਦਾ ਸੀ।
ਸਭ ਨੂੰ ਪਤਾ ਹੈ ਕਿ ਸਰਕਾਰਾਂ ਡੇਗਣ, ਬਚਾਉਣ ਵਿੱਚ ਪਾਰਲੀਮੈਂਟ ਮੈਂਬਰਾਂ ਤੇ ਵਿਧਾਇਕਾਂ ਦੀ ਖਰੀਦੋ-ਫਰੋਖਤ ਕਰਵਾਉਣ ਵਿੱਚ ਅਮਰ ਸਿੰਘ ਦੀ ਮਹੱਤਵ ਪੂਰਨ ਭੂਮਿਕਾ ਹੁੰਦੀ ਸੀ। ਲੋਕਾਂ ਨੂੰ ਅਰੁਣ ਜੇਤਲੀ ਦੇ ਘਰ ਅਮਰ ਸਿੰਘ ਦੀ ਦੇਰ ਰਾਤ ਹੋਈ ਉਹ ਖੁਫੀਆ ਬੈਠਕ ਯਾਦ ਹੋਵੇਗੀ ਜੋ ਮੀਡੀਆ ਦੀ ਸਰਗਰਮੀ ਨਾਲ ਚਰਚਾ 'ਚ ਆ ਗਈ ਸੀ ਕਿਉਂਕਿ ਓਦੋਂ ਦੇ ਸਿਆਸੀ ਮਾਹੌਲ 'ਚ 2 ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦਾ ਏਦਾਂ ਮਿਲਣਾ ਵੱਡੇ ਵਿਵਾਦ ਦਾ ਕਾਰਨ ਬਣਿਆ ਸੀ।
ਅਮਰ ਸਿੰਘ ਨਾਲ ਮੇਰਾ ਵੀ ਠੀਕ-ਠਾਕ ਸੰਪਰਕ ਸੀ, ਪਰ 1995 ਵਿੱਚ ਇੱਕ ਘਟਨਾ ਅਜਿਹੀ ਹੋਈ ਜਿਸ ਤੋਂ ਬਾਅਦ ਅਮਰ ਸਿੰਘ ਨੇ ਮੇਰੇ ਨਾਲ ਸਬੰਧ ਤਾਂ ਸੁਖਾਵੇਂ ਰੱਖੇ, ਪਰ ਇਹ ਸਮਝ ਗਿਆ ਕਿ ਮੈਂ ਉਨ੍ਹਾਂ ਦੇ ਮਤਲਬ ਦਾ ਬੰਦਾ ਨਹੀਂ। ਇਹ ਵੀ ਉਨ੍ਹਾਂ ਦੀ ਵਿਸ਼ੇਸ਼ਤਾ ਸੀ। ‘ਜੈਨ ਹਵਾਲਾ ਕਾਂਡ’ ਵਿੱਚ ਸੁਪਰੀਮ ਕੋਰਟ ਦੀ ਸਖ਼ਤੀ ਪਿੱਛੋਂ ਸੀ ਬੀ ਆਈ ਅਤੇ ਐਨਫੋਰਸਮੈਂਟ ਡਾਇਰੈਕਟੋਰੇਟ ਸਰਗਰਮ ਹੋਇਆ ਤੇ ਕਈ ਪਾਰਟੀਆਂ ਦੇ ਸਿਆਸੀ ਆਗੂਆਂ 'ਚ ਭੜਥੂ ਪੈ ਗਿਆ। ਓਦੋਂ ਅਮਰ ਸਿੰਘ ਵੀ ਦੂਸਰਿਆਂ ਵਾਂਗ ਕਰੋੜਾਂ ਰੁਪਏ ਦੀ ਰਿਸ਼ਵਤ ਦੀ ਤਜਵੀਜ਼ ਲੈ ਕੇ ਮੇਰੇ ਕੋਲ ਆਏ ਤਾਂ ਕਿ ਮੈਂ ਇਸ ਮੁੱਦੇ ਨੂੰ ਛੱਡ ਦੇਵਾਂ। ਮੇਰੇ ਰੁੱਖੇ ਅਤੇ ਸਖ਼ਤ ਲਹਿਜੇ ਤੋਂ ਉਹ ਪ੍ਰੇਸ਼ਾਨ ਹੋ ਗਏ ਅਤੇ ਬਾਅਦ ਵਿੱਚ ਥਾਂ-ਥਾਂ ਕਹਿੰਦੇ ਫਿਰੇ ਕਿ ‘‘ਵਿਨੀਤ ਨਾਰਾਇਣ ਮੁੂਰਖ ਹਨ, 100 ਕਰੋੜ ਰੁਪਏ ਮਿਲਦੇ ਅਤੇ ਕੇਂਦਰ ਵਿੱਚ ਮੰਤਰੀ ਦਾ ਅਹੁਦਾ।''
ਜਦੋਂ ਉਤਰ ਪ੍ਰਦੇਸ਼ 'ਚ ਸਮਾਜਵਾਦੀ ਪਾਰਟੀ ਦੀ ਸਰਕਾਰ ਸੀ, ਉਹ ‘ਉਤਰ ਪ੍ਰਦੇਸ਼ ਵਿਕਾਸ ਕੌਂਸਲ ਦੇ ਪ੍ਰਧਾਨ ਸਨ। ਉਸ ਨਾਤੇ ਮੈਂ ਉਨ੍ਹਾਂ ਨੂੰ ਵ੍ਰਿੰਦਾਵਨ ਆਉਣ ਦਾ ਸੱਦਾ ਦਿੱਤਾ ਕਿਉਂਕਿ ਉਦੋਂ ਮੈਂ ਬ੍ਰਜ ਸੇਵਾ ਵਿੱਚ ਜੁਟ ਗਿਆ ਸੀ ਤੇ ਸਰਕਾਰ ਤੇ ਪ੍ਰਸ਼ਾਸਨ ਦੀ ਮਦਦ ਬਿਨਾਂ ਵੱਡੇ ਪੱਧਰ ਦਾ ਕੋਈ ਵਿਕਾਸ ਕੰਮ ਸੌਖਾ ਪੂਰਾ ਨਹੀਂ ਹੁੰਦਾ, ਉਸ 'ਚ ਬੜੇ ਅੜਿੱਕੇ ਆਉਂਦੇ ਹਨ। ਇਸ ਲਈ ਮੈਨੂੰ ਜਾਪਿਆ ਕਿ ਅਮਰ ਸਿੰਘ ਨੂੰ ਸੱਦਣ ਨਾਲ ਇਨ੍ਹਾਂ ਸੇਵਾ ਕਾਰਜਾਂ 'ਚ ਮਦਦ ਮਿਲੇਗੀ। ਇਸ ਆਯੋਜਨ ਤੋਂ ਬਾਅਦ ਮੈਂ ਅਮਰ ਸਿੰਘ ਨੂੰ ਮਿਲਣ ਦਿੱਲੀ ਗਿਆ ਤੇ ਕਿਹਾ ਕਿ ‘‘ਬ੍ਰਜ (ਮਥੁਰਾ) ਦੇ ਵਿਕਾਸ ਬਾਰੇ ਮੈਂ ਕੁਝ ਠੋਸ ਯੋਜਨਾਵਾਂ ਬਣਾਈਆਂ ਹਨ, ਉਸ 'ਚ ਤੁਸੀਂ ਮੇਰੀ ਮਦਦ ਕਰੋ।'' ਅਮਰ ਸਿੰਘ ਨੇ ਸਤਿਕਾਰ ਤਾਂ ਪੂਰਾ ਕੀਤਾ ਪਰ ਟਕੇ ਵਰਗਾ ਜਵਾਬ ਦੇ ਦਿੱਤਾ, ‘ਤੁਸੀਂ ਅਮਿਤਾਭ ਬੱਚਨ ਵਾਂਗ ਮੇਰੇ ਗੂੜ੍ਹੇ ਮਿੱਤਰ ਤਾਂ ਹੈ ਨਹੀਂ। ‘ਹਵਾਲਾ ਕਾਂਡ' ਵਿੱਚ ਮੈਂ ਇੱਕ ਤਜਵੀਜ਼ ਲੈ ਕੇ ਤੁਹਾਡੇ ਕੋਲ ਆਇਆ ਸੀ, ਪਰ ਤੁਸੀਂ ਮੈਨੂੰ ਬੇਰੰਗ ਮੋੜ ਦਿੱਤਾ। ਅੱਜ ਤੁਸੀਂ ਮੇਰੇ ਕੋਲੋ ਕਿਸੇ ਮਦਦ ਦੀ ਆਸ ਕਿਵੇਂ ਕਰ ਸਕਦੇ ਹੋ?’ ਮੈਂ ਸਮਝਦਾ ਹਾਂ ਕਿ ਅਮਰ ਸਿੰਘ ਵਰਗੀ ਸਥਿਤੀ 'ਚ ਕੋਈ ਕਿਸੇ ਨੂੰ ਸਾਫ-ਸਾਫ ਅਜਿਹਾ ਕਹਿਣ ਦੀ ਹਿੰਮਤ ਨਹੀਂ ਕਰੇਗਾ। ਇਹ ਖਾਸੀਅਤ ਉਨ੍ਹਾਂ 'ਚ ਹੀ ਸੀ।
ਅਜਿਹੇ ਦਲਾਲ ਨਾ ਜਨਤਾ ਦੇ ਹਿੱਤ 'ਚ ਕਦੀ ਕੁਝ ਕਰਦੇ ਹਨ ਅਤੇ ਨਾ ਦੇਸ਼ ਦੇ ਹਿੱਤ 'ਚ ਕੁਝ ਕਰਦੇ ਹਨ। ਉਹ ਜੋ ਕੁਝ ਕਰਦੇ ਹਨ, ਆਪਣੇ ਜਾਂ ਆਪਣੇ ਦੋਸਤਾਂ ਦੇ ਫਾਇਦੇ ਲਈ ਕਰਦੇ ਹਨ। ਫਿਰ ਵੀ ਇਨ੍ਹਾਂ ਨੂੰ ਸਿਆਸੀ ਪਾਰਟੀ ਪਾਰਲੀਮੈਂਟਰੀ ਲੋਕਤੰਤਰ ਦੇ ਸਰਬ ਉਚ ਪੱਧਰ 'ਤੇ ਰਾਜ ਸਭਾ ਦਾ ਮੈਂਬਰ ਬਣਵਾ ਦਿੰਦੀ ਹੈ। ਉਸ ਰਾਜ ਸਭਾ ਦਾ, ਜਿਸ ਵਿੱਚ ਸਮਾਜ ਦੇ ਵੱਕਾਰੀ, ਤਜਰਬੇਕਾਰ, ਗਿਆਨੀ ਅਤੇ ਸਮਰਪਿਤ ਲੋਕਾਂ ਨੂੰ ਬੈਠ ਕੇ ‘ਬਹੁਜਨ ਹਿਤਾਏ’ ਗੰਭੀਰ ਚਿੰਤਨ ਕਰਨਾ ਚਾਹੀਦਾ ਹੈ, ਜਦ ਕਿ ਅਜਿਹੇ ਲੋਕਾਂ ਨੂੰ ਉਥੇ ਆਪਣਾ ਧੰਦਾ ਚਲਾਉਣ ਦਾ ਚੰਗਾ ਮੌਕਾ ਮਿਲਦਾ ਹੈ। ਇਸ ਲਈ ਜਦੋਂ ਤੱਕ ਸਾਡੀ ਸਿਆਸਤ ਧੋਖੇ, ਝੂਠੇ ਵਾਅਦੇ, ਦੋਹਰੇ ਚਰਿੱਤਰ ਅਤੇ ਜੋੜ-ਤੋੜ ਨਾਲ ਚੱਲਦੀ ਰਹੇਗੀ, ਉਦੋਂ ਤੱਕ ਭਾਰਤੀ ਸਿਆਸਤ 'ਚ ‘ਅਮਰ ਸਿੰਘ' ਕਦੇ ਨਹੀਂ ਮਰਨਗੇ।

 

Have something to say? Post your comment