Welcome to Canadian Punjabi Post
Follow us on

23

September 2020
ਨਜਰਰੀਆ

ਨਾਨ-ਮੈਡੀਕਲ, ਪ੍ਰੈੱਪ ਤੇ ਸੰਗੀਤ

August 04, 2020 08:46 AM

-ਗੋਵਰਧਨ ਗੱਬੀ
ਅੱਠਵੀਂ ਜਮਾਤ ਤੱਕ ਦੀ ਪੜ੍ਹਾਈ ਮੈਂ ਆਪਣੇ ਗੁਆਂਢੀ ਪਿੰਡ ਦੇ ਸਰਕਾਰੀ ਮਿਡਲ ਸਕੂਲ ਤੋਂ ਕੀਤੀ ਸੀ। ਨੌਵੀਂ ਤੇ ਦਸਵੀਂ ਜਮਾਤ ਵਾਸਤੇੇ ਸਰਕਾਰੀ ਹਾਈ ਸਕੂਲ ਵਿੱਚ ਮੈਨੂੰ ਦਾਖਲ ਕਰਾਇਆ ਗਿਆ। ਹਾਈ ਸਕੂਲ ਸਾਡੇ ਪਿੰਡ ਤੋਂ ਪੰਜ-ਛੇ ਕਿਲੋਮੀਟਰ ਦੂਰ ਸੀ। ਮੈਂ ਪੜ੍ਹਾਈ ਵਿੱਚ ਬਹੁਤਾ ਹੁਸ਼ਿਆਰ ਨਹੀਂ ਸਾਂ, ਪਰ ਜਮਾਤ ਦੇ ਨਾਲਾਇਕ ਵਿਦਿਆਰਥੀਆਂ 'ਚ ਵੀ ਨਹੀਂ ਆਉਂਦਾ ਸੀ। ਸੰਨ 1982 ਵਿੱਚ ਦਸਵੀਂ ਜਮਾਤ ਮੈਂ 61.20 ਫੀਸਦੀ ਨੰਬਰ ਲੈ ਕੇ ਪਹਿਲੇ ਦਰਜੇ ਵਿੱਚ ਪਾਸ ਕੀਤੀ ਸੀ। ਸਕੂਲ ਦੇ ਵੱਧ ਨੰਬਰ ਲੈਣ ਵਾਲੇ ਵਿਦਿਆਰਥੀਆਂ ਵਿੱਚ ਮੇਰਾ ਤੀਸਰਾ ਥਾਂ ਸੀ। ਮੇਰੇ ਪੰਜਾਬੀ ਦੇ ਵਿਸ਼ੇ ਵਿੱਚ 77.5 ਫੀਸਦੀ ਤੇ ਅੰਗਰੇਜ਼ੀ 'ਚੋਂ 69 ਫੀਸਦੀ ਨੰਬਰ ਆਏ ਸਨ। ਮੇਰਾ ਸਭ ਤੋਂ ਵੱਧ ਪਸੰਦੀਦਾ ਵਿਸ਼ਾ ਡਰਾਇੰਗ ਸੀ, ਪਰ ਸਭ ਤੋਂ ਘੱਟ ਨੰਬਰ ਉਸੇ ਵਿੱਚ ਆਏ ਸਨ, ਜਿਸ ਕਰ ਕੇ ਮੇਰੇ ਕੁੱਲ ਨੰਬਰਾਂ ਦੀ ਫੀਸਦੀ ਘਟ ਗਈ ਸੀ।
ਪਹਿਲੀ ਤੋਂ ਲੈ ਕੇ ਦਸਵੀਂ ਤੱਕ ਸਾਡੀ ਪੜ੍ਹਾਈ ਦਾ ਮਾਧਿਅਮ ਪੰਜਾਬੀ ਸੀ। ਅੰਗਰੇਜ਼ੀ ਵਿਸ਼ਾ ਬਹੁਤ ਪਸੰਦ ਸੀ, ਪਰ ਸਾਡਾ ਅੰਗਰੇਜ਼ੀ ਵਾਲਾ ਅਧਿਆਪਕ ਆਪ ਵੀ ਪੰਜਾਬੀ ਮੀਡੀਅਮ ਦੀ ਪੜ੍ਹਾਈ ਕਰ ਕੇ ਆਇਆ ਹੋਇਆ ਸੀ। ਛੇਵੀਂ ਜਮਾਤ ਵਿੱਚ ਸਾਨੂੰ ਅੰਗਰੇਜ਼ੀ ਸਿਖਾਉਣ ਅਤੇ ਪੜ੍ਹਾਉਣ ਵਾਲੀ ਭੈਣਜੀ ਨੇ ਇਸ ਵਿਦੇਸ਼ੀ ਭਾਸ਼ਾ ਸਿੱਖਣ ਵਾਸਤੇ ਸਾਡੇ ਮਨਾਂ ਅੰਦਰ ਜਜ਼ਬਾ ਤੁੰਨ-ਤੰੁਨ ਕੇ ਭਰ ਦਿੱਤਾ ਸੀ। ਜ਼ਿੰਦਗੀ ਵਿੱਚ ਕੀ ਬਣਨਾ ਹੈ? ਉਸ ਵੇਲੇ ਇਸ ਬਾਰੇ ਨਾ ਤਾਂ ਮੇਰਾ ਕੋਈ ਸੁਫਨਾ ਸੀ ਅਤੇ ਨਾ ਯੋਜਨਾ। ਸਾਡੇ ਪਰਵਾਰਾਂ ਵਿੱਚ ਸਿਆਣਾ ਰਾਹ ਦਸੇਰਾ ਕੋਈ ਨਹੀਂ ਸੀ। ਸਾਡੇ ਇਲਾਕੇ ਦੇ ਬਹੁਤੇ ਨੌਜਵਾਨਾਂ ਦਾ ਦਸਵੀਂ ਜਮਾਤ ਪਾਸ ਕਰਨ ਪਿੱਛੋਂ ਮੁੱਖ ਟੀਚਾ ਫੌਜ ਵਿੱਚ ਭਰਤੀ ਹੋਣਾ ਹੁੰਦਾ ਸੀ। ਕੋਈ ਵਿਰਲਾ ਹੀ ਉਚੇਰੀ ਅਤੇ ਉਚੇਚੀ ਪੜ੍ਹਾਈ ਵਾਸਤੇ ਕਾਲਜ ਵੱਲ ਮੂੰਹ ਕਰਦਾ ਸੀ।
ਉਨ੍ਹੀਂ ਦਿਨੀਂ ਸਾਡੇ ਦੂਰ ਦੇ ਰਿਸ਼ਤੇਦਾਰ ਦਾ ਇੱਕ ਮੁੰਡਾ ਪੋਲੀਟੈਕਨਿਕ ਸੰਸਥਾ ਤੋਂ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ ਕਰ ਕੇ ਸਰਕਾਰੀ ਮਹਿਕਮੇ ਵਿੱਚ ਨਵਾਂ-ਨਵਾਂ ਓਵਰਸੀਅਰ ਲੱਗਾ ਸੀ। ਸਾਰੇ ਰਿਸ਼ਤੇਦਾਰਾਂ ਵਿੱਚ ਉਸ ਦੀ ਖੂਬ ਚਰਚਾ ਹੁੰਦੀ ਸੀ। ਮੈਂ ਤਾਂ ਨਹੀਂ, ਪਰ ਮੇਰੇ ਘਰ ਵਾਲਿਆਂ ਨੇ ਵੀ ਮੈਨੂੰ ਓਵਰਸੀਅਰ ਬਣਾਉਣ ਦਾ ਸੁਫਨਾ ਪਾਲ ਰੱਖਿਆ ਸੀ। ਉਨ੍ਹੀਂ ਦਿਨੀਂ ਪੋਲੀਟੈਕਨਿਕ ਕਾਲਜ ਵਿੱਚ ਓਵਰਸੀਅਰ ਦਾ ਦਾਖਲਾ ਦਸਵੀਂ ਦੇ ਨੰਬਰਾਂ ਦੇ ਆਧਾਰ 'ਤੇ ਹੁੰਦਾ ਸੀ। ਦਾਖਲੇ ਵਾਸਤੇ ਲੋੜੀਂਦੇ ਫੀਸਦੀ ਨੰਬਰਾਂ ਤੋਂ ਇੱਕ ਫੀਸਦੀ ਘੱਟ ਹੋਣ ਕਰ ਕੇ ਮੇਰਾ ਦਾਖਲਾ ਕਿਸੇ ਪੋਲੀਟੈਕਨਿਕ ਸੰਸਥਾ ਵਿੱਚ ਨਾ ਹੋ ਸਕਿਆ। ਓਵਰਸੀਅਰ ਬਣਨ ਦਾ ਸੁਫਨਾ ਟੁੱਟਦੇ ਹੀ ਘਰ ਵਾਲਿਆਂ ਸਮੇਤ ਕੁਝ ਦਿਨਾਂ ਵਾਸਤੇ ਮੈਂ ਮਸੋਸਿਆ ਗਿਆ। ਫਿਰ ਕਿਸੇ ਹੋਰ ਭੱਦਰ ਪੁਰਸ਼ ਰਿਸ਼ਤੇਦਾਰ ਨੇ ਘਰ ਦਿਆਂ ਨੂੰ ਸਲਾਹ ਦਿੱਤੀ ਕਿ ਮੁੰਡੇ ਨੂੰ ਇੰਜੀਨੀਅਰ ਬਣਾਉਣਾ ਹੈ ਤਾਂ ਫਿਰ ਡਿਪਲੋਮਾ ਨਹੀਂ, ਡਿਗਰੀ ਕਰਵਾਓ, ਜਿਸ ਵਾਸਤੇ ਵਿਦਿਅਕ ਯੋਗਤਾ ਘੱਟ ਤੋਂ ਘੱਟ ਪ੍ਰੀ-ਇੰਜੀਨੀਅਰਿੰਗ (ਬਾਰ੍ਹਵੀਂ) ਹੁੰਦੀ ਸੀ, ਜਿਸ ਦੀ ਪਹਿਲੀ ਪੌੜੀ ਹੰੁਦੀ ਸੀ ਪ੍ਰੀ-ਯੂਨੀਵਰਸਿਟੀ (ਪ੍ਰੈੱਪ) ਭਾਵ ਗਿਆਰਵੀਂ ਜਮਾਤ, ਜੋ ਉਨ੍ਹੀਂ ਦਿਨੀਂ ਕਾਲਜਾਂ ਤੇ ਸਕੂਲਾਂ ਵਿੱਚ ਸਮਾਨੰਤਰ ਚੱਲਦੀ ਸੀ।
ਨੇੜਲੇ ਸ਼ਹਿਰ ਦੇ ਇੱਕ ਨਿੱਜੀ ਕਾਲਜ ਵਿੱਚ ਮੈਨੂੰ ਵਿਗਿਆਨ ਦੇ ਨਾਨ-ਮੈਡੀਕਲ ਗਰੁੱਪ ਦੀ ਪ੍ਰੈੱਪ ਜਮਾਤ ਵਿੱਚ ਦਾਖਲ ਕਰਵਾ ਦਿੱਤਾ ਗਿਆ। ਅੰਗਰੇਜ਼ੀ, ਹਿਸਾਬ, ਫਿਜਿ਼ਕਸ, ਕੈਮਿਸਟਰੀ ਦੇ ਨਾਲ ਇੱਕ ਚੋਣਵਾਂ ਵਿਸ਼ਾ ਲੈਣਾ ਹੁੰਦਾ ਸੀ ਜਿਸ ਵਿੱਚ ਸੰਗੀਤ, ਸਰੀਰਕ ਸਿਖਿਆ, ਸੰਸਕ੍ਰਿਤ ਆਦਿ ਸ਼ਾਮਲ ਸੀ। ਮੈਂ ਸੰਗੀਤ ਨੂੰ ਚੁਣ ਲਿਆ। ਖੈਰ! ਪੜ੍ਹਾਈ ਸ਼ੁਰੂ ਹੋ ਗਈ। ਕੁਝ ਦਿਨਾਂ ਵਿੱਚ ਹੀ ਮੈਨੂੰ ਅਹਿਸਾਸ ਹੋ ਗਿਆ ਕਿ ਸਾਇੰਸ ਦੇ ਵਿਸ਼ਿਆਂ ਨੂੰ ਅੰਗਰੇਜ਼ੀ ਵਿੱਚ ਸਮਝ ਪਾਉਣਾ ਮੇਰੇ ਵੱਸ ਤੋਂ ਬਾਹਰ ਹੈ। ਅੰਗਰੇਜ਼ੀ ਵਿਸ਼ੇ ਦੀ ਮੈਨੂੰ ਕੋਈ ਔਖ ਨਹੀਂ ਸੀ। ਉਸ ਦਾ ਮੁੱਖ ਕਾਰਨ ਸੀ ਅੰਗਰੇਜ਼ੀ ਵਾਲੀ ਮੈਡਮ। ਉਹ ਪੱਚੀ ਕੁ ਸਾਲਾਂ ਦੀ ਸੀ ਤੇ ਬੇਹੱਦ ਖੂਬਸੂਰਤ ਸੀ। ਮੈਡਮ ਪ੍ਰਤੀ ਮੈਂ ਖਿੱਚਿਆ ਗਿਆ ਤੇ ਅੰਗਰੇਜ਼ੀ ਦਿਲ ਲਾ ਕੇ ਸਿੱਖਣ ਲੱਗਾ। ਉਸ ਮੈਡਮ ਦੀ ਪੜ੍ਹਾਈ-ਲਿਖਾਈ ਪੰਜਾਬੀ ਮਾਧਿਅਮ ਵਿੱਚ ਹੋਈ ਲੱਗਦੀ ਸੀ। ਸਾਡੀ ਜਮਾਤ ਦੇ ਵਿਦਿਆਰਥੀਆਂ ਵਿੱਚ ਕੁਝ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਤੋਂ ਵੀ ਆਏ ਸਨ। ਉਹ ਮੈਡਮ ਨੂੰ ਟਿੱਚ ਸਮਝਦੇ ਸਨ। ਅਕਸਰ ਉਸ ਦੀ ਜਮਾਤ ਨਹੀਂ ਲਾਉਂਦੇ ਸਨ। ਜੇ ਲਾਉਂਦੇ ਵੀ ਤਾਂ ਕਲਾਸਰੂਮ ਵਿੱਚ ਲੱਗੇ ਬੈਂਚਾਂ ਨੂੰ ਹੱਥਾਂ ਨਾਲ ਰਗੜ ਰਗੜ ਕੇ ਅਜੀਬ ਕਿਸਮ ਦੀਆਂ ਆਵਾਜ਼ਾਂ ਕੱਢ ਕੇ ਮੈਡਮ ਨੂੰ ਪ੍ਰੇਸ਼ਾਨ ਕਰਦੇ ਸਨ। ਥੱਕ-ਹਾਰ ਕੇ ਮੈਡਮ ਉਨ੍ਹਾਂ ਨੂੰ ਕਹਿ ਦਿੰਦੀ ਕਿ ਜਿਸ ਨੇ ਜਮਾਤ ਨਹੀਂ ਲਾਉਣੀ, ਬਾਹਰ ਜਾ ਸਕਦਾ ਹੈ। ਪਹਿਲੇ ਤਿੰਨ-ਚਾਰ ਮਹੀਨੇ ਉਸ ਦਾ ਮੈ ਸ਼ਾਇਦ ਇਕਲੌਤਾ ਵਿਦਿਆਰਥੀ ਸੀ, ਜੋ ਉਸ ਦੀਆਂ ਜਮਾਤਾਂ ਨਿਰੰਤਰ ਲਾ ਰਿਹਾ ਸੀ। ਮੈਡਮ ਵੀ ਪੂਰੀ ਨਿੱਠ ਕੇ ਮੈਨੂੰ ਅੰਗਰੇਜ਼ ਬਣਾਉਣ ਲੱਗੀ ਹੋਈ ਸੀ। ਸੰਗੀਤ ਵਿੱਚ ਮੇਰੀ ਦਿਲਚਸਪ ਲਗਾਤਾਰ ਵਧਦੀ ਜਾ ਰਹੀ ਸੀ। ਹਫਤੇ ਵਿੱਚ ਤਿੰਨ ਦਿਨ ਲੱਗਣ ਵਾਲੀਆਂ ਜਮਾਤਾਂ ਵਿੱਚ ਮੈਂ ਲਗਾਤਾਰ ਜਾ ਰਿਹਾ ਸਾਂ। ਸੁਰ ਅਤੇ ਤਾਲ ਦੇ ਮੋਹ ਵਿੱਚ ਲਪੇਟਿਆ ਜਾ ਰਿਹਾ ਸਾਂ।
ਸਾਡੇ ਸੰਗੀਤ ਗੁਰੂ ਨੇ ਕਾਲਜ ਦੇ ਸਾਲਾਨਾ ਸਮਾਗਮ ਲਈ ਮੈਨੂੰ ਪਾਕਿਸਤਾਨੀ ਗਜ਼ਲ ਦੀ ਤਿਆਰੀ ਕਰਾਉਣੀ ਸ਼ੁਰ ਕਰ ਦਿੱਤੀ ਸੀ। ਓਧਰ ਮੇਰੇ ਵੱਲੋਂ ਅਣਥੱਕ ਕੋਸ਼ਿਸ਼ ਦੇ ਬਾਵਜੂਦ ਸਾਇੰਸ ਦੇ ਵਿਸ਼ੇ ਮੇਰੇ ਕੋਲੋਂ ਉਂਝ ਹੀ ਦੂਰ ਰਹਿਣ ਲੱਗ ਪਏ, ਜਿਵੇਂ ਓਡੋਮਾਸ ਕੋਲੋਂ ਮੱਛਰ। ਛਿਮਾਹੀ ਇਮਤਿਹਾਨਾਂ ਵਿੱਚ ਅੰਗਰੇਜ਼ੀ ਵਾਲੀ ਮੈਡਮ ਨੇ ਜਾਣਬੁੱਝ ਕੇ ਆਪਣੇ ਵਿਸ਼ੇ ਵਿੱਚ ਮੈਨੂੰ ਸਭ ਤੋਂ ਵੱਧ ਨੰਬਰ ਲੈਣ ਵਾਲਾ ਵਿਦਿਆਰਥੀ ਬਣਾ ਦਿੱਤਾ। ਸਾਲਾਨਾ ਸਮਾਗਮ ਵਿੱਚ ਮੈਂ ਗਜ਼ਲ ਵੀ ਗਾ ਲਈ। ਦੂਸਰੇ ਪਾਸੇ ਸਾਇੰਸ ਦੇ ਵਿਸ਼ਿਆਂ ਵਿੱਚ ਲਗਭਗ ਜ਼ੀਰੋ ਨੰਬਰ ਆਏ। ਖਬਰਾਂ ਘਰੇ ਪਹੁੰਚ ਗਈਆਂ। ਘਰ ਵਾਲਿਆਂ ਦੀਆਂ ਲਾਹਨਤਾਂ, ਟਕੋਰਾਂ ਤੇ ਟਿੱਚਰਾਂ ਸ਼ੁਰੂ ਹੋ ਗਈਆਂ।
ਅਖੀਰ ਸਾਲਾਨਾ ਇਮਤਿਹਾਨਾਂ ਵਿੱਚ ਸੰਗੀਤ ਤੇ ਅੰਗਰੇਜ਼ੀ ਦੇ ਵਿਸ਼ਿਆਂ ਤੋਂ ਇਲਾਵਾ ਜਨਾਬ ਹੁਰੀ ਸਾਰਿਆਂ 'ਚੋਂ ਫੇਲ੍ਹ ਹੋ ਗਏ। ਫਲਸਰੂਪ ਪੈਰਾਂ 'ਤੇ ਖੜ੍ਹੇ ਹੋਣ ਦਾ ਵਾਸਤਾ ਦੇ ਕੇ ਘਰ ਵਾਲਿਆਂ ਮੈਨੂੰ ਸੰਗੀਤ ਅਤੇ ਅੰਗਰੇਜ਼ੀ ਵਾਲੀ ਮੈਡਮ ਕੋਲੋਂ ਦੂਰ ਰਹਿਣ ਦੇ ਹੁਕਮ ਦੇ ਦਿੱਤੇ। ਫਿਰ ਕਿਸੇ ਦੀ ਸਲਾਹ 'ਤੇ ਅਮਲ ਕਰ ਕੇ ਕਾਲਜ ਤੋਂ ਹਟਾ ਕੇ ਮੈਨੂੰ ਗਿਆਰ੍ਹਵੀਂ ਜਮਾਤ ਵਾਸਤੇ ਸ਼ਹਿਰ ਦੇ ਸਰਕਾਰੀ ਹਾਇਰ ਸੈਕੰਡਰੀ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਗਿਆ। ਸਾਡੇ ਖਾਨਦਾਨ ਵਿੱਚ ਮੈਂ ਪਹਿਲਾ ਵਿਅਕਤੀ ਸਾਂ, ਜੋ ਕਾਲਜ ਵਿੱਚ ਇੱਕ ਸਾਲ ਪੜ੍ਹ ਕੇ ਅਤੇ ਫੇਲ੍ਹ ਹੋ ਕੇ ਦੋਬਾਰਾ ਸਕੂਲ ਵਿੱਚ ਦਾਖਲ ਹੋਇਆ ਸਾਂ। ਇਹ ਮੇਰੇ ਲਈ ਬੜਾ ਨਮੋਸ਼ੀ ਵਾਲਾ ਵਰਤਾਰਾ ਸੀ। ਅਜਿਹਾ ਹੋਰਾਂ ਨਾਲ ਵੀ ਹੁੰਦਾ ਹੋਵੇਗਾ, ਪਰ ਮੈਨੂੰ ਇਹ ਬਹੁਤ ਪਰੇਸ਼ਾਨ ਕਰ ਰਿਹਾ ਸੀ। ਦਸਵੀਂ ਵਾਂਗ ਉਨ੍ਹਾਂ ਮਾਸਟਰਾਂ ਕੋਲੋਂ ਚਪੇੜਾਂ ਤੇ ਹੱਥਾਂ 'ਤੇ ਦੋਬਾਰਾ ਸੋਟੀਆਂ ਅਤੇ ਫੁੱਟਿਆਂ ਦੀਆਂ ਮਾਰਾਂ ਖਾਧੀਆਂ। ਨਤੀਜਾ ਗਿਆਰ੍ਹਵੀਂ ਜਮਾਤ ਦਾ ਨਾਨ-ਮੈਡੀਕਲ ਵਾਲਾ ਇਮਤਿਹਾਨ ਮੈਂ ਦੂਜੇ ਦਰਜੇ ਵਿੱਚ ਪਾਸ ਕਰਨ ਵਿੱਚ ਕਾਮਯਾਬ ਹੋ ਗਿਆ, ਪਰ ਇਸ ਵਾਸਤੇ ਮੈਨੂੰ ਸੁਰ-ਸੰਗੀਤ ਤੋਂ ਦੂਰ ਹੋਣਾ ਪੈ ਗਿਆ, ਜੋ ਮੇਰੀ ਰੂਹ ਦੀ ਖੁਰਾਕ ਸੀ।

 

Have something to say? Post your comment