Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਪੰਜਾਬ ਦੀ ਸਾਂਝੀਵਾਲਤਾ ਦਾ ਪ੍ਰਤੀਕ ਸ਼ਹੀਦ ਊਧਮ ਸਿੰਘ

July 31, 2020 09:02 AM

-ਬਲਦੇਵ ਸਿੰਘ
ਬਹਾਦਰੀ ਅਤੇ ਸ਼ਹਾਦਤਾਂ ਦੇ ਪੱਖੋਂ ਪੰਜਾਬੀਆਂ ਦਾ ਇਤਿਹਾਸ ਬੇਜੋੜ ਤੇ ਬੇਮਿਸਾਲ ਹੈ। ਤੈਮੂਰਾਂ, ਮੰਗੋਲਾਂ, ਗੌਰੀਆਂ ਤੇ ਮੁਗਲਾਂ ਦੇ ਹੱਲਿਆ ਵੇਲੇ ਕੋਈ ਵਿਰਲਾ ਹੀ ਹਮਲਾਵਰ ਹੋਵੇਗਾ, ਜਿਸ ਦੇ ਪੰਜਾਬੀਆਂ ਨੇ ਦੰਦ ਨਾ ਖੱਟੇ ਕੀਤੇ ਹੋਣ ਅਤੇ ਉਸ ਨੂੰ ਆਪਣੀ ਬਹਾਦਰੀ ਤੇ ਅਣਖ ਦਾ ਜਲਵਾ ਨਾ ਵਿਖਾਇਆ ਹੋਵੇ। ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਵੀ, ਘੱਟ ਗਿਣਤੀ ਹੋਣ ਦੇ ਬਾਵਜੂਦ, ਪੰਜਾਬੀਆਂ ਦੀਆਂ ਕੁਰਬਾਨੀਆਂ ਦੀ ਹਿੱਸੇਦਾਰੀ ਸਭ ਤੋਂ ਵੱਧ ਰਹੀ ਹੈ।
ਅਕਾਲੀਆਂ, ਬੱਬਰ ਅਕਾਲੀਆਂ ਅਤੇ ਗਦਰੀ ਬਾਬਿਆਂ ਤੋਂ ਬਾਅਦ ਮਦਨ ਲਾਲ ਢੀਂਗਰਾ, ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਅਜੀਤ ਸਿੰਘ ਹੁਰਾਂ ਤੋਂ ਪਿੱਛੋਂ ਸ਼ਹੀਦ ਊਧਮ ਸਿੰਘ ਦੇ ਜੀਵਨ ਦਾ ਸੰਘਰਸ਼ ਤੇ ਕੁਰਬਾਨੀ ਅਜਿਹੀ ਲਾਸਾਨੀ ਮਿਸਾਲ ਹੈ ਜਿਹੜੀ ਹਮੇਸ਼ਾ ਇਨਕਲਾਬੀਆਂ ਦਾ ਖੂਨ ਗਰਮਾਉਂਦੀ ਰਹੇਗੀ। ਦੁੱਖ ਹੈ ਕਿ ਸ਼ਹੀਦ ਊਧਮ ਸਿੰਘ ਦਾ ਜਿੰਨਾ ਜ਼ਿਕਰ ਹੋਣਾ ਚਾਹੀਦਾ ਸੀ, ਨਹੀਂ ਹੋਇਆ। ਰਾਜਨੀਤੀ ਅਤੇ ਸੌੜੀ ਸੋਚ ਨੇ ਇਤਿਹਾਸ ਨੂੰ ਇੰਨਾ ਪੱਖਪਾਤੀ ਬਣਾ ਦਿੱਤਾ ਕਿ ਆਜ਼ਾਦੀ ਦੇ ਸੰਘਰਸ਼ ਸਮੇਂ ਜਿਨ੍ਹਾਂ ਨੇ ਮੁਆਫੀਆਂ ਮੰਗ ਕੇ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਮੁਆਫ ਕਰਵਾਈਆਂ, ਉਨ੍ਹਾਂ ਨੂੰ ‘ਭਾਰਤ ਰਤਨ’ ਵਰਗੀਆਂ ਉਪਾਧੀਆਂ ਨਾਲ ਸਨਮਾਨਣ ਦੇ ਉਪਰਾਲੇ ਹੋ ਰਹੇ ਹਨ ਅਤੇ ਜਿਹੜੇ ਆਪਣੇ ਵਤਨ, ਵਤਨ ਦੀ ਮਿੱਟੀ ਤੇ ਆਪਣੇ ਲੋਕਾਂ ਲਈ ਜਾਨਾਂ ਵਾਰ ਗਏ, ਉਨ੍ਹਾਂ ਨੂੰ ‘ਸ਼ਹੀਦ' ਦਾ ਦਰਜਾ ਦੇਣ ਤੋਂ ਹਿਚਕਿਚਾਉਂਦੇ ਹਨ। ਇਹ ਨਹੀਂ ਭੁੱਲਣਾ ਚਾਹੀਦਾ, ਉਹੀ ਕੌਮਾਂ ਜਿਊਂਦੀਆਂ ਰਹਿੰਦੀਆਂ ਹਨ, ਜਿਹੜੀਆਂ ਆਪਣੇ ਸ਼ਹੀਦਾਂ ਤੇ ਆਪਣੇ ਲੋਕਨਾਇਕਾਂ ਦਾ ਮਾਣ ਕਰਦੀਆਂ ਹਨ। ਪੰਜਾਬੀਆਂ ਨੇ ਆਪਣੇ ਲਹੂ ਦੀ ਆਹੂਤੀ ਨਾਲ ਸ਼ਾਨਾਮੱਤਾ ਇਤਿਹਾਸ ਸਿਰਜਿਆ ਹੈ, ਪਰ ਅਫਸੋਸ ਹੈ ਇਸ ਨੂੰ ਸਾਂਭਣ ਅਤੇ ਲਿਖਣ ਦੀ ਗੰਭੀਰਤਾ ਨਹੀਂ ਦਿਖਾਈ। 31 ਜਲਾਈ ਨੂੰ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਹੈ। ਇਸ ਦਿਨ ਸੰਨ 1940 ਨੂੰ ਲੰਡਨ ਦੀ ਪੈਟੋਨਵਿਲੇ ਜੇਲ੍ਹ ਵਿੱਚ ਇਸ ਸੂਰਮੇ ਨੂੰ ਸਵੇਰ ਦੇ ਨੌਂ ਵਜੇ ਫਾਂਸੀ ਦਿੱਤੀ ਗਈ ਸੀ ਤੇ ਇਸੇ ਜੇਲ੍ਹ ਵਿੱਚ ਇੱਕ ਕੋਨੇ ਵਿੱਚ ਦਫਨਾ ਦਿੱਤਾ ਗਿਆ ਸੀ।
ਪੂਰੇ ਇੱਕੀ ਸਾਲ, ਜਲ੍ਹਿਆਂਵਾਲਾ ਬਾਗ ਅੰਮ੍ਰਿਤਸਰ ਦੀ ਘਟਨਾ, ਊਧਮ ਸਿੰਘ ਦੇ ਸੀਨੇ ਵਿੱਚ ਅੱਗ ਵਾਂਗ ਬਲਦੀ ਰਹੀ ਤੇ ਬੇਕਸੂਰ ਨਿਹੱਥੇ ਪੰਜਾਬੀਆਂ ਦੀਆਂ ਚੀਕਾਂ ਉਸ ਦੇ ਕੰਨਾਂ ਵਿੱਚ ਗੂੰਜਦੀਆਂ ਰਹੀਆਂ। ਜਨਰਲ ਡਾਇਰ ਤੱਕ ਪੁੱਜਣ ਲਈ ਉਹ ਕਦੇ ਉਦੈ ਸਿੰਘ, ਕਦੇ ਸ਼ੇਰ ਸਿੰਘ, ਕਦੇ ਊਧਮ ਸਿੰਘ, ਕਦੇ ਊਧਮ ਸਿੰਘ, ਮੁਹੰਮਦ ਸਿੰਘ ਆਜ਼ਾਦ, ਆਜ਼ਾਦ ਸਿੰਘ, ਬਾਵਾ, ਫਰੈਂਕ ਬ੍ਰਾਜ਼ੀਲ ਬਣ ਕੇ ਯਤਨ ਕਰਦਾ ਰਿਹਾ। ਸ਼ਾਇਦ ਹੀ ਕੋਈ ਅਜਿਹਾ ਇਨਕਲਾਬੀ ਜਾਂ ਆਜ਼ਾਦੀ ਘੁਲਾਟੀਆ ਹੋਵੇਗਾ, ਜਿਸ ਨੇ ਆਪਣੇ ਮਕਸਦ ਨੂੰ ਪੂਰਾ ਕਰਨ ਦੇ ਲਈ ਏਨੇ ਨਾਂਅ ਬਦਲੇ ਹੋਣ। ਸ਼ਹੀਦ ਊਧਮ ਸਿੰਘ ਨੇ ਸਿਰਫ ਆਪਣੇ ਨਾਂਅ ਹੀ ਨਹੀਂ ਬਦਲੇ, ਆਪਣੀ ਮੰਜ਼ਿਲ ਸਰ ਕਰਨ ਲਈ ਉਸ ਨੇ ਵੱਖ-ਵੱਖ ਦੇਸ਼ਾਂ ਅਤੇ ਮਹਾਂਦੀਪਾਂ ਦੀਆਂ ਯਾਤਰਾਵਾਂ ਵੀ ਕੀਤੀਆਂ। ਕਦੇ ਸੜਕ ਰਾਹੀਂ, ਕਦੇ ਸਮੁੰਦਰਾਂ ਰਾਹੀਂ। ਜਦ ਤੱਕ ਉਸ ਨੇ ਆਪਣਾ ਮਿਸ਼ਨ ਪੂਰਾ ਨਹੀਂ ਕਰ ਲਿਆ, ਉਹ ਚੈਨ ਨਾਲ ਨਹੀਂ ਬੈਠਾ। ਉਹ ਗਦਰੀ ਬਾਬਿਆਂ ਨੂੰ ਮਿਲਿਆ, ਕ੍ਰਾਂਤੀਕਾਰੀਆਂ ਕੋਲ ਜਾਂਦਾ ਰਿਹਾ। ਉਨ੍ਹਾਂ ਲਈ ਹਥਿਆਰਾਂ ਦਾ ਪ੍ਰਬੰਧ ਕਰਦਾ ਰਿਹਾ। ਕਮਾਲ ਦੀ ਗੱਲ ਹੈ; ਆਪਣੇੇ ਸਾਥੀਆਂ ਨਾਲ ਉਹ ਇਹੋ ਜਿਹਾ ਵਿਹਾਰ ਕਰਦਾ, ਸਾਰੇ ਉਸ ਨੂੰ ‘ਫੜ੍ਹਾਂ ਮਾਰਨ ਵਾਲਾ’ ਸਮਝਦੇ ਸਨ। ਉਸ ਦੀਆਂ ਗੱਲਾਂ ਨੂੰ ਕਦੇ ਗੰਭੀਰਤਾ ਨਾਲ ਨਹੀਂ ਸੀ ਲੈਂਦੇ। ਉਲਟਾ ਉਸ ਨੂੰ ਕਹਿੰਦੇ ਸਨ, ‘ਤੂੰ ਕਦੇ ਵੀ ਥੇਮਜ਼ ਦੇ ਪਾਣੀਆਂ ਨੂੰ ਅੱਗ ਨਹੀਂ ਲਾ ਸਕੇਂਗਾ।’
13 ਮਾਰਚ 1940 ਨੂੰ ਊਧਮ ਸਿੰਘ ਨੇ ਸੱਚਮੁੱਚ ਥੇਮਜ਼ ਦੇ ਪਾਣੀਆਂ ਨੂੰ ਅੱਗ ਲਾ ਦਿੱਤੀ। ਇੰਗਲੈਂਡ ਵਿੱਚ ਉਸ ਦੇ ਦੋਸਤ ਤਾਂ ਚਕਿੱਤ ਹੀ ਰਹਿ ਗਏ, ਪੂਰਾ ਬਰਤਾਨੀਆ, ਭਾਰਤ ਅਤੇ ਵਿਸ਼ਵ ਭਰ ਵਿੱਚ ਇਸ ਸਾਹਸੀ ਕਾਰਨਾਮੇ ਦੇ ਚਰਚੇ ਹੋਣ ਲੱਗੇ। ਮਾਈਕਲ ਉਡਵਾਇਰ ਨੂੰ ਮਾਰ ਕੇ ਅਤੇ ਉਸ ਦੇ ਸਹਿਯੋਗੀਆਂ ਨੂੰ ਜ਼ਖਮੀ ਕਰ ਕੇ ਊਧਮ ਸਿੰਘ ਘਟਨਾ ਵਾਲੇ ਸਥਾਨ ਤੋਂ ਭੇਜਿਆ ਨਹੀਂ। ਉਸ ਮੌਕੇ ਦੀ ਤਸਵੀਰ ਵਿੱਚ ਉਹ ਮੁਸਕਰਾ ਰਿਹਾ ਦਿਸਦਾ ਹੈ ਤੇ ਮਾਣ ਨਾਲ ਭਰਿਆ ਹੋਇਆ ਹੈ। ਊਧਮ ਸਿੰਘ ਨੂੰ ਗਿਆਨ ਸੀ ਕਿ ਉਸ ਨੂੰ ਫਾਂਸੀ ਦੀ ਸਜ਼ਾ ਮਿਲੇਗੀ। ਉਹ ਕਹਿੰਦਾ ਹੈ, ‘ਮੈਂ ਆਪਣੇ ਸ਼ਹੀਦ ਸਾਥੀਆਂ ਕੋਲ ਜਾ ਰਿਹਾ ਹਾਂ।’ ਉਹ ਇੰਨਾ ਸ਼ਾਂਤਚਿੱਤ ਅਤੇ ਪ੍ਰਸੰਨ ਨਜ਼ਰ ਆਉਂਦਾ ਹੈ ਜਿਵੇਂ ਉਸ ਦੀ ਛਾਤੀ ਤੋਂ ਭਾਰੀ ਬੋਝ ਉੱਤਰ ਗਿਆ ਹੋਵੇ। ਊਧਮ ਸਿੰਘ ਦਾ ਅਸਲ ਸ਼ਿਕਾਰ ਜਨਰਲ ਡਾਇਰ ਸੀ, ਪਰ ਉਹ ਕੁਝ ਸਮਾਂ ਪਹਿਲਾਂ ਅਧਰੰਗ ਦੀ ਬਿਮਾਰੀ ਕਾਰਨ ਆਪਣੀ ਮੌਤੇ ਮਰ ਗਿਆ ਸੀ। ਮਾਈਕਲ ਓਡਵਾਇਰ ਨੂੰ ਮਾਰਨ ਦੇ ਊਧਮ ਸਿੰਘ ਨੂੰ ਕਈ ਮੌਕੇ ਮਿਲੇ, ਪਰ ਉਸ ਅਜਿਹੀ ਥਾਂ ਅਤੇ ਸਮੇਂ ਦੀ ਉਡੀਕ ਵਿੱਚ ਸੀ, ਜਿੱਥੇ ਇਹ ਘਟਨਾ ਪੂਰੇ ਸੰਸਾਰ ਵਿੱਚ ਫੈਲ ਸਕੇ।
26 ਦਸੰਬਰ 1899 ਨੂੰ ਊਧਮ ਸਿੰਘ ਦਾ ਜਨਮ ਸੁਨਾਮ ਵਿੱਚ ਹੋਇਆ ਸੀ (ਇਤਿਹਾਸਕਾਰਾਂ ਦਾ ਜਨਮ ਤੇ ਜਨਮ ਸਥਾਨ ਬਾਰੇ ਥੋੜ੍ਹਾ-ਬਹੁਤਾ ਮਤਭੇਦ ਹੈ। ਬਚਪਨ ਵਿੱਚ ਊਧਮ ਸਿੰਘ ਦਾ ਨਾਂਅ ਸ਼ੇਰ ਸਿੰਘ ਸੀ ਅਤੇ ਉਸ ਦੇ ਵੱਡੇ ਭਰਾ ਦਾ ਨਾਮ ਸਾਧੂ ਸਿੰਘ। ਅੰਮ੍ਰਿਤ ਪਾਨ ਕਰ ਕੇ ਚੂਹੜ ਸਿੰਘ ਕੰਬੋਜ਼ (ਪਿਤਾ) ਟਹਿਲ ਸਿੰਘ ਬਣ ਗਿਆ। ਉਹ ਰੇਲਵੇ ਵਿਭਾਗ ਵਿੱਚ ਉਪਲੀ ਪਿੰਡ ਲਾਗੇ ਰੇਲਵੇ ਫਾਟਕ 'ਤੇ ਗੇਟਮੈਨ ਦੀ ਨੌਕਰੀ ਕਰਦਾ ਸੀ। ਦੋ ਸਾਲ ਦਾ ਸੀ ਸ਼ੇਰ ਸਿੰਘ ਜਦੋਂ ਉਸ ਦੀ ਮਾਂ ਦਾ ਦੇਹਾਂਤ ਹੋ ਗਿਆ ਸੀ। ਸਾਧੂ ਸਿੰਘ, ਸ਼ੇਰ ਸਿੰਘ ਤੋਂ ਪੰਜ ਸਾਲ ਵੱਡਾ ਸੀ। ਘਰ ਦੀ ਹਾਲਤ ਚੰਗੀ ਨਹੀਂ ਸੀ। ਟਹਿਲ ਸਿੰਘ ਆਪਣੇ ਦੋਵਾਂ ਬੱਚਿਆਂ ਨੂੰ ਲੈ ਕੇ ਅੰਮ੍ਰਿਤਸਰ ਰਹਿੰਦੇ ਆਪਣੇ ਇਕ ਕੀਰਤਨੀਏ ਰਿਸ਼ਤੇਦਾਰ ਚੰਚਲ ਸਿੰਘ ਕੋਲ ਜਾਣ ਦਾ ਫੈਸਲਾ ਕਰਦਾ ਹੈ। ਰਸਤੇ ਵਿੱਚ ਬਿਮਾਰ ਹੋ ਜਾਂਦਾ ਹੈ। ਸਬੱਬ ਨਾਲ ਚੰਚਲ ਸਿੰਘ ਨਾਲ ਮੁਲਾਕਾਤ ਹੋ ਜਾਂਦੀ ਹੈ। ਟਹਿਲ ਸਿੰਘ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਂਦਾ ਹੈ। ਉਥੇ ਉਸ ਦੀ ਮੌਤ ਹੋ ਜਾਂਦੀ ਹੈ। ਉਹ ਕੀਰਤਨੀਆ ਹੈ, ਦੂਰ ਨੇੜੇ ਵੀ ਜਾਣਾ ਪੈਂਦਾ ਹੈ। ਬੱਚਿਆਂ ਦੀ ਦੇਖਭਾਲ ਕਿਵੇਂ ਹੋਵੇਗੀ? ਇਹ ਸੋਚ ਕੇ ਚੰਚਲ ਸਿੰਘ ਦੋਵਾਂ ਬੱਚਿਆਂ ਨੂੰ ਅੰਮ੍ਰਿਤਸਰ ਦੇ ਕੇਂਦਰੀ ਖਾਲਸਾ ਯਤੀਮਖਾਨੇ ਵਿੱਚ ਦਾਖਲ ਕਰਵਾ ਦਿੰਦਾ ਹੈ।
ਯਤੀਮਖਾਨੇ ਦੀ ਇਹ ਰਵਾਇਤ ਸੀ ਕਿ ਇਥੇ ਹਰ ਬੱਚੇ ਨੂੰ ਅੰਮ੍ਰਿਤ ਪਾਨ ਕਰਨਾ ਜ਼ਰੂਰੀ ਸੀ। ਸ਼ੇਰ ਸਿੰਘ ਤੇ ਸਾਧੂ ਸਿੰਘ ਨੂੰ ਵੀ ਅੰਮ੍ਰਿਤਪਾਨ ਕਰਾਇਆ ਗਿਆ ਸੀ। ਸ਼ੇਰ ਸਿੰਘ ਦਾ ਨਾਂਅ ਊਧਮ ਸਿੰਘ ਰੱਖਿਆ (ਕੁਝ ਇਤਿਹਾਸਕਾਰ ਸਾਧੂ ਸਿੰਘ ਦਾ ਨਾਮ ਮੁਕਤਾ ਸਿੰਘ ਵੀ ਲਿਖਦੇ ਹਨ)। ਦੋਵੇਂ ਬੱਚੇ ਯਤੀਮਖਾਨੇ ਵਿੱਚ ਪਲਦੇ ਤੇ ਉਥੇ ਦਸਤਕਾਰੀ ਸਿਖਦੇ ਰਹੇ। ਊਧਮ ਸਿੰਘ ਬਣੇ ਸ਼ੇਰ ਸਿੰਘ ਨੇ ਬੜੇ ਕੰਮ ਬਦਲੇ। ਕਦੇ ਕੁਰਸੀਆਂ ਬਣਾਉਣ ਲੱਗ ਜਾਂਦਾ, ਕਦੇ ਉਸ ਨੂੰ ਸਿਲਾਈ ਦਾ ਕੰਮ ਚੰਗਾ ਲੱਗਦਾ, ਕਦੇ ਉਹ ਤਬਲਾ ਸਿੱਖਣ ਲੱਗਦਾ, ਕਦੇ ਕੀਰਤਨੀਆ ਬਣ ਬਹਿੰਦਾ। ਬਚਪਨ ਵਿੱਚ ਹੀ ਉਹ ਟਿਕ ਕੇ ਕੰਮ ਕਰਨ ਦੇ ਸੁਭਾਅ ਵਾਲਾ ਨਹੀਂ ਸੀ। ਇਹ ਹੀ ਸੁਭਾਅ ਉਸ ਦੇ ਅੰਤ ਤੱਕ ਨਾਲ ਨਿਭਿਆ, ਜਦੋਂ ਹਰ ਯਾਤਰਾ ਵੇਲੇ ਉਹ ਆਪਣਾ ਨਾਂਅ ਬਦਲ ਲੈਂਦਾ ਸੀ। 1913 ਵਿੱਚ ਨਮੂਨੀਏ ਦੀ ਬਿਮਾਰੀ ਨਾਲ ਉਸ ਦੇ ਵੱਡੇ ਭਰਾ ਸਾਧੂ ਸਿੰਘ (ਮੋਤਾ ਸਿੰਘ) ਦੀ ਮੌਤ ਹੋ ਗਈ। ਸ਼ੇਰ ਸਿੰਘ ਨੂੰ ਵੱਡੇ ਭਰਾ ਦਾ ਬਾਪ ਜਿੰਨਾ ਆਸਰਾ ਸੀ। ਉਹ ਉਦਾਸ ਰਹਿਣ ਲੱਗਾ। ਰਾਤ ਵੇਲੇ ਰੋਇਆ ਕਰੇ। ਅਸਮਾਨ ਵਿੱਚ ਦਿਸਦੇ ਤਾਰਿਆਂ ਵਿੱਚੋਂ ਆਪਣੇ ਮਾਂ-ਬਾਪ ਅਤੇ ਭਰਾ ਭਾਲਿਆ ਕਰੇ। ਹੌਲੀ ਹੌਲੀ ਉਹ ਸੰਭਲਿਆ ਤੇ ਉਸ ਨੇ 1971 ਵਿੱਚ ਦਸਵੀਂ ਜਮਾਤ ਪਾਸ ਕਰ ਲਈ। ਯਤੀਮਖਾਨੇ ਤੋਂ ਸਕੂਲ ਜਾਂਦਿਆਂ ਜਾਂ ਸਕੂਲ ਤੋਂ ਯਤੀਮਖਾਨੇ ਵੱਲ ਮੁੜਦਿਆਂ ਕਦੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਜਾਂਦਿਆਂ ਰਸਤੇ ਵਿੱਚ ਉਹ ਅੰਗਰੇਜ਼ਾਂ ਨੂੰ ਵੇਖਦਾ, ਉਹ ਕਿਸੇ ਨੂੰ ਕੋੜੇ ਮਾਰ ਰਹੇ ਹੁੰਦੇ, ਕਿਸੇ ਕੋਲੋਂ ਬੈਠਕਾਂ ਕਢਵਾ ਰਹੇ ਹੁੰਦੇ, ਉਸ ਦਾ ਮਨ ਦੁਖੀ ਹੁੰਦਾ। ਜਦੋਂ ਮੌਕਾ ਮਿਲਦਾ ਤਾਂ ਜਾਨਣ ਦੀ ਕੋਸ਼ਿਸ਼ ਕਰਦਾ, ਉਹ ਅੰਗਰੇਜ਼ ਕਿਉਂ ਸਜ਼ਾ ਦਿੰਦੇ ਹਨ। ਪਤਾ ਲੱਗਦਾ ਇਥੋਂ ਅੰਗਰੇਜ਼ ਅਫਸਰ ਘੋੜੇ ਉਤੇ ਲੰਘ ਰਿਹਾ ਸੀ। ਬੇਧਿਆਨੀ ਵਿੱਚ ਕਿਸੇ ਦੁਕਾਨਦਾਰ ਜਾਂ ਰਾਹਗੀਰ ਨੇ ਅੰਗਰੇਜ਼ ਨੂੰ ਸਲੂਟ ਨਹੀਂ ਮਾਰਿਆ ਤਾਂ ਉਸ ਨੂੰ ਕੋੜੇ ਮਾਰੇ ਜਾਂਦੇ ਹਨ ਜਾਂ ਬੈਠਕਾਂ ਕਢਵਾਈਆਂ ਜਾਂਦੀਆਂ ਹਨ। ਅੰਗਰੇਜ਼ ਅਫਸਰਾਂ ਦੇ ਇਸ ਵਿਹਾਰ ਨੇ ਊਧਮ ਸਿੰਘ ਦਾ ਮਨ ਅੰਗਰੇਜ਼ਾਂ ਪ੍ਰਤੀ ਨਫਰਤ ਅਤੇ ਘ੍ਰਿਣਾ ਨਾਲ ਭਰ ਦਿੱਤਾ। ਸਮੇਂ ਦੇ ਨਾਲ ਨਾਲ ਇਸ ਘ੍ਰਿਣਾ ਵਿੱਚ ਹੋਰ ਵਾਧਾ ਹੁੰਦਾ ਗਿਆ।
13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ ਦੀ ਘਟਨਾ ਨਾਲ ਪੂਰੇ ਭਾਰਤ ਵਿੱਚ ਰੋਸ ਦੀ ਲਹਿਰ ਫੈਲ ਗਈ। ਸਾਲ 1915 ਦੇ ਡਿਫੈਂਸ ਆਫ ਇੰਡੀਆ ਐਕਟ ਨੇ ਇਸ ਘਟਨਾ ਦੇ ਬੀਜ ਬੀਜੇ ਸਨ। ਰੌਲਟ ਐਕਟ ਨੇ ਇਸ ਨੂੰ ਸਿੰਜਿਆ। ਭਾਰਤੀਆਂ ਦੀਆਂ ਮੁਸ਼ਕਾਂ ਕੱਸਣ ਲਈ ਇਹ ਕਾਨੂੰਨ ਲਿਆਂਦਾ ਗਿਆ ਸੀ। ਸ਼ੱਕ ਦੇ ਆਧਾਰ 'ਤੇ ਕਿਸੇ ਨੂੰ ਵੀ ਫੜ ਲਓ। ਨਾ ਮੁਕੱਦਮਾ, ਨਾ ਸੁਣਵਾਈ, ਨਾ ਫਰਿਆਦ। ਸਿੱਧੀ ਸਜ਼ਾ ਕਾਲੇ ਪਾਣੀ ਜਾਂ ਉਮਰ ਕੈਦ। ਨਾ ਕੋਈ ਅਪੀਲ ਸੀ, ਨਾ ਕੋਈ ਦਲੀਲ, ਨਾ ਕੋਈ ਵਕੀਲ।
ਮੁਜ਼ਾਹਰਿਆਂ ਤੇ ਜਲਸਿਆਂ ਜਲੂਸਾਂ ਦੇ ਡਰ ਤੋਂ ਅੰਗਰੇਜ਼ੀ ਹਕੂਮਤ ਨੇ ਜਨਤਾ ਦੇ ਆਗੂ ਡਾਕਟਰ ਸੈਫੂਦੀਨ ਕਿਚਲੂ ਅਤੇ ਡਾਕਟਰ ਸਤਿਆਪਾਲ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਕੇ ਡਲਹੌਜੀ ਨਜ਼ਰਬੰਦ ਕਰ ਦਿੱਤਾ। ਉਸੇ ਰੋਸ ਵਿੱਚ ਅਤੇ ਆਪਣੇ ਆਗੂਆਂ ਨੂੰ ਰਿਹਾਅ ਕਰਾਉਣ ਲਈ ਜਲ੍ਹਿਆਂਵਾਲਾ ਬਾਗ ਵਿੱਚ ਪੰਜਾਬੀ, ਜਿਨ੍ਹਾਂ ਵਿੱਚ ਹਿੰਦੂ, ਸਿੱਖ ਤੇ ਮੁਸਲਮਾਨ ਵੀ ਸਨ, ਇਕੱਠੇ ਹੋਏ। 13 ਅਪਰੈਲ ਵਿਸਾਖੀ ਵਾਲਾ ਦਿਨ ਸੀ। ਕੁਝ ਸ਼ਰਧਾਲੂ ਦਰਬਾਰ ਸਾਹਿਬ ਸੀਸ ਨਿਵਾਉਣ ਆਏ ਸਨ। ਉਹ ਵੀ ਜਲਸੇ ਵਿੱਚ ਸ਼ਾਮਲ ਹੋ ਗਏ। ਜਨਰਲ ਡਾਇਰ ਨੇ ਧਾਰਾ 144 ਲਾਈ ਹੋਈ ਸੀ ਤੇ ਇਕੱਠ ਕਰਨ ਦੀ ਮਨਾਹੀ ਸੀ। ਇੱਕ ਮੁਖਬਰ ਦੇ ਦੱਸਣ 'ਤੇ ਡਾਇਰ ਭੜਕ ਉਠਿਆ ਅਤੇ ਉਸ ਨੇ ਜਾ ਕੇ ਨਿਹੱਥੇ ਲੋਕਾਂ ਉਪਰ ਬਿਨਾਂ ਚਿਤਾਵਨੀ ਦਿੱਤਿਆਂ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ। ਗੈਰ ਸਰਕਾਰੀ ਅੰਕੜਿਆਂ ਅਨੁਸਾਰ 1000 ਤੋਂ ਵੱਧ ਲੋਕ ਮਾਰੇ ਗਏ ਅਤੇ 1200 ਤੋਂ ਵੱਧ ਜ਼ਖਮੀ ਹੋਏ। ਅੰਮ੍ਰਿਤਸਰ ਦੇ ਸਿਵਲ ਸਰਜਨ ਅਨੁਸਾਰ 1800 ਮੌਤਾਂ ਹੋਈਆਂ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਊਧਮ ਸਿੰਘ ਆਪਣੇ ਯਤੀਮਖਾਨੇ ਦੇ ਸਾਥੀਆਂ ਨਾਲ ਉਥੇ ਪਾਣੀ ਪਿਲਾਉਣ ਦੀ ਸੇਵਾ ਕਰ ਰਿਹਾ ਸੀ ਤੇ ਦਰਿੰਦਗੀ ਦਾ ਇਹ ਕਾਂਡ ਉਸ ਨੇ ਅੱਖੀਂ ਵੇਖਿਆ ਸੀ ਤੇ ਦਰਬਾਰ ਸਾਹਿਬ ਜਾ ਕੇ ਇਸ਼ਨਾਨ ਕਰ ਕੇ, ਬਦਲਾ ਲੈਣ ਦਾ ਪ੍ਰਣ ਕੀਤਾ ਸੀ।
ਊਧਮ ਸਿੰਘ ਨੇ ਕਰਤਾਰ ਸਿੰਘ ਸਰਾਭੇ ਦੀ ਜੀਵਨੀ ਪੜ੍ਹੀ ਸੀ। ਮਦਨ ਲਾਲ ਢੀਂਗਰਾ ਬਾਰੇ ਸੁਣਿਆ ਹੋਇਆ ਸੀ। ਜਲ੍ਹਿਆਂਵਾਲਾ ਬਾਗ ਕਾਂਡ ਤੋਂ ਬਾਅਦ ਉਸ ਦੇ ਜਿਊਣ ਦਾ ਮਕਸਦ ਹੀ ਬਦਲ ਗਿਆ। ਉਸ ਦਾ ਕੀਤਾ ਹੋਇਆ ਪ੍ਰਣ 21 ਸਾਲਾਂ ਬਾਅਦ 13 ਮਾਰਚ 1940 ਨੂੰ ਉਦੋਂ ਪੂਰਾ ਹੋਇਆ ਜਦੋਂ ਬਾਅਦ ਦੁਪਹਿਰ ਤਿੰਨ ਵਜੇ ਵੈਸਮਿੰਸਟਰ ਦੇ ਕੈਕਸਟਨ ਹਾਲ ਵਿੱਚ ਈਸਟ ਇੰਡੀਆ ਸੁਸਾਇਟੀ ਦੀ ਸਾਂਝੀ ਮੀਟਿੰਗ ਸਮੇਂ ਊਧਮ ਸਿੰਘ ਨੇ ਮਾਈਕਲ ਓਡਵਾਇਰ ਅਤੇ ਉਸ ਦੇ ਸਾਥੀਆਂ ਦੇ ਗੋਲੀਆਂ ਮਾਰੀਆਂ। ਮਾਈਕਲ ਓਡਵਾਇਰ ਮੰਚ ਦੀਆਂ ਪੌੜੀਆਂ ਵਿੱਚ ਡਿੱਗ ਪਿਆ ਤੇ ਮਰ ਗਿਆ। ਲਾਰਡ ਜੈਟਲੈਂਡ ਤੇ ਲਾਰਡ ਲੈਮਿੰਗਟਨ ਜ਼ਖਮੀ ਹੋ ਗਏ। ਖਬਰ ਫੈਲੀ ਤਾਂ ਲੰਡਨ ਵਿੱਚ ਜਿਵੇਂ ਭੂਚਾਲ ਆ ਗਿਆ। ਬਾਅਦ ਵਿੱਚ ਊਧਮ ਸਿੰਘ ਨੇ ਹੈਰਾਨੀ ਨਾਲ ਪੁੱਛਿਆ, ‘‘ਇਕੋ ਮਰਿਐ? ਮੇਰਾ ਤਾਂ ਖਿਆਲ ਸੀ ਮੈਂ ਬਹੁਤਿਆਂ ਨੂੰ ਮਾਰ ਦਿੱਤਾ ਹੋਣੈ।”
ਉਸ ਵੇਲੇ ਊਧਮ ਸਿੰਘ ਨੇ ਬੇਹੱਦ ਹੌਸਲੇ ਵਾਲਾ, ਜ਼ਿੰਦਾਦਿਲ, ਸਿਰੜ ਵਾਲਾ ਤੇ ਜਨੂੰਨੀ ਹੋਣ ਦਾ ਸਬੂਤ ਦਿੱਤਾ। ਜੇ ਊਧਮ ਸਿੰਘ ਦੇ ਖ਼ਤਾਂ ਦਾ ਗੰਭੀਰਤਾ ਨਾਲ ਮੁਲਾਂਕਣ ਕਰੀਏ ਤਾਂ ਇਨ੍ਹਾਂ ਵਿੱਚੋਂ ਬੜੇ ਰੌਚਕ ਅਤੇ ਭੇਤ ਭਰੇ ਤੱਥ ਲੱਭਦੇ ਹਨ। ਉਸ ਦੇ ਇੱਕ ਖ਼ਤ ਵਿੱਚ ਦੋਸਤ ਸ਼ਿਵ ਸਿੰਘ ਜੌਹਲ ਬਹੁਅਰਥੀ ਸ਼ਬਦਾਂ ਦਾ ਮਤਲਬ ਨਹੀਂ ਸਮਝਦਾ ਤਾਂ ਅਗਲੀ ਚਿੱਠੀ ਵਿੱਚ ਊਧਮ ਸਿੰਘ ਦੋਸਤ ਨੂੰ ਪਿਆਰੇ ਜਾਹਲ ਸਿੰਘ ਕਹਿ ਕੇ ਸੰਬੋਧਨ ਕਰਦਾ ਹੈ। ਇੱਕ ਖ਼ਤ ਵਿੱਚ ਊਧਮ ਸਿੰਘ ਆਪਣੀ ਕਾਲ ਕੋਠੜੀ ਨੂੰ ਕਿਲ੍ਹਾ ਲਿਖਦਾ ਹੈ, ਆਪਣੇ ਆਪ ਨੂੰ ਜਾਰਜ ਬਾਦਸ਼ਾਹ ਦਾ ਪ੍ਰਾਹੁਣਾ ਸਮਝਦਾ ਹੈ। ਉਹ ਲਿਖਦਾ ਹੈ, ਮੇਰੀ ਦੇਖਭਾਲ ਲਈ ਬਹੁਤ ਅੰਗ-ਰੱਖਿਅਕ ਨੇ। ਇੱਕ ਹੋਰ ਖਤ ਵਿੱਚ ਊਧਮ ਸਿੰਘ ਲੋਹੇ ਦੀ ਆਰੀ (ਬਲੇਡ) ਮੰਗਦਾ ਹੈ। ਉਹ ਢੰਗ ਵੀ ਦੱਸਦਾ ਹੈ ਕਿ ਕਿਵੇਂ ਕਿਤਾਬ ਦੀ ਮੋਟੀ ਜਿਲਦ ਵਿੱਚ ਉਸ ਨੂੰ ਛੁਪਾਉਣਾ ਹੈ। ਇਥੋਂ ਫਰਾਰ ਹੋ ਕੇ ਉਹ ਆਪਣੇ ਅਧੂਰੇ ਕੰਮ ਕਰਨਾ ਚਾਹੰੁਦਾ ਹੈ। ਊਧਮ ਸਿੰਘ ਦੇ ਖਤ ਉਸ ਦੇ ਦਲੇਰ ਸੁਭਾਅ, ਨਿਡਰਤਾ ਅਤੇ ਕੁਝ ਕਰ ਗੁਜ਼ਰਨ ਦੇ ਸੰਕਲਪਾਂ ਦੀ ਗਵਾਹੀ ਭਰਦੇ ਹਨ। ਇਨ੍ਹਾਂ ਖਤਾਂ ਦਾ ਖਾਸਾ ਮਹੱਤਵ ਹੈ ਕਿਉਂਕਿ ਇਨ੍ਹਾਂ ਖਤਾਂ ਉਪਰ ਬਾਕਾਇਦਾ ਤਾਰੀਖ ਅਤੇ ਸੰਨ ਮਿਲਦੇ ਤੇ ਸਰਕਾਰੀ ਰਿਕਾਰਡ ਵਿੱਚ ਦਰਜ ਹੋਣ ਕਰ ਕੇ ਇਹ ਪ੍ਰਮਾਣਿਕ ਇਤਿਹਾਸਕ ਦਸਤਾਵੇਜ਼ ਹਨ।
ਆਪਣੇ ਮਿਸ਼ਨ ਦੀ ਪੂਰਤੀ ਲਈ ਊਧਮ ਸਿੰਘ 1924 ਦੇ ਸ਼ੁਰੂ ਵਿੱਚ ਗਦਰੀਆਂ ਨੂੰ ਮਿਲਿਆ। ਅਮਰੀਕਾ ਵਿੱਚ ਉਸ ਨੇ ਆਜ਼ਾਦ ਪਾਰਟੀ ਨਾਮ ਦੀ ਜਥੇਬੰਦੀ ਵੀ ਬਣਾਈ। ਇਥੇ ਹੀ ਉਸ ਨੇ ਜਾਅਲੀ ਨੋਟ ਤੇ ਹਥਿਆਰ ਬਣਾਉਣੇ ਸਿੱਖੇ। ਇਹ ਗੱਲਾਂ ਭਾਰਤ ਵੀ ਪੁੱਜੀਆਂ ਤਾਂ ਭਗਤ ਸਿੰਘ ਨੇ ਉਸ ਨੂੰ ਭਾਰਤ ਆਉਣ ਲਈ ਕਿਹਾ, ‘‘ਤੇਰੀ ਇਥੇ ਲੋੜ ਹੈ।” ਕੁਝ ਹਵਾਲਿਆਂ ਤੋਂ ਪਤਾ ਲੱਗਦਾ ਹੈ, ਊਧਮ ਸਿੰਘ ਨੇ ਭਗਤ ਸਿੰਘ ਨੂੰ ਕਰੰਸੀ ਅਤੇ ਹਥਿਆਰ ਲਿਆ ਕੇ ਦਿੱਤੇ।
1927 ਨੂੰ ਊਧਮ ਸਿੰਘ ਸੂਹੀਆਂ ਦੀ ਲਗਾਤਾਰ ਨਿਗਰਾਨੀ ਕਾਰਨ ਫੜਿਆ ਗਿਆ। ਉਸ ਤੋਂ ਇਨਕਲਾਬੀ ਸਾਹਿਤ ਤੇ ਹਥਿਆਰ ਮਿਲੇ ਸਨ। ਗੈਰ ਕਾਨੂੰਨੀ ਹਥਿਆਰ ਅਤੇ ਸਾਹਿਤ ਰੱਖਣ ਦੇ ਜੁਰਮ ਵਿੱਚ ਪੰਜ ਸਾਲ ਸਜ਼ਾ ਹੋਈ ਅਤੇ ਮੀਆਂ ਵਾਲੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਏਥੇ ਉਸ ਦੀ ਮੁਲਾਕਾਤ ਭਗਤ ਸਿੰਘ ਨਾਲ ਹੁੰਦੀ ਹੈ। ਭਗਤ ਸਿੰਘ ਇਸ ਜੇਲ੍ਹ ਵਿੱਚ ਥੋੜ੍ਹਾ ਸਮਾਂ ਰਿਹਾ ਤੇ ਫਿਰ ਊਧਮ ਸਿੰਘ ਦੀ ਕੈਦ ਦੇ ਦੌਰਾਨ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ 23 ਮਾਰਚ 1931 ਨੂੰ ਫਾਂਸੀ ਦੇ ਦਿੱਤੀ ਗਈ। ਊਧਮ ਸਿੰਘ ਅਕਤੂਬਰ 1931 ਨੂੰ ਰਿਹਾਅ ਹੋਇਆ। ਭਗਤ ਸਿੰਘ ਨੂੰ ਦੁਬਾਰਾ ਨਾ ਮਿਲ ਸਕਣ ਦਾ ਉਸ ਨੂੰ ਬਹੁਤ ਵੱਡਾ ਸਦਮਾ ਲੱਗਾ।
ਜੇਲ੍ਹ ਵਿੱਚੋਂ ਆਉਣ ਤੋਂ ਬਾਅਦ ਊਧਮ ਸਿੰਘ ਕਦੇ ਸਾਧੂ ਦੇ ਭੇਸ ਵਿੱਚ ਕਸ਼ਮੀਰ ਗਿਆ, ਕਦੇ ਨਾਂਅ ਬਦਲ ਕੇ ਪਾਸਪੋਰਟ ਬਣਵਾ ਕੇ ਆਪਣੇ ਸ਼ਿਕਾਰ ਦੀ ਭਾਲ ਵਿੱਚ ਮੋਟਰ ਮਕੈਨਿਕ, ਇੰਜੀਨੀਅਰ ਬਣ ਜਾਂਦਾ, ਲੇਡੀ ਗਾਰਮੈਂਟਸ ਵੇਚਣ ਵਾਲਾ ਹਾਕਰ ਬਣ ਜਾਂਦਾ। ਇਹ ਸਭ ਕਰਦਿਆਂ ਆਪਣੇ ਮਿਸ਼ਨ ਨੂੰ ਉਹ ਸਦਾ ਧਿਆਨ ਵਿੱਚ ਰੱਖਦਾ।
ਪੈਂਟੋਨਵਿਲੇ ਜੇਲ੍ਹ ਵਿੱਚ ਊਧਮ ਸਿੰਘ ਨੇ 42 ਦਿਨ ਭੁੱਖ ਹੜਤਾਲ ਰੱਖੀ ਸੀ। ਉਸ ਨੂੰ ਰੋਜ਼ ਨਹਾਉਣ ਦੀ ਆਗਿਆ ਨਹੀਂ ਸੀ ਦਿੱਤੀ ਗਈ ਤੇ ਊਧਮ ਸਿੰਘ ਦੀ ਜ਼ਿੱਦ ਸੀ, ਅਸੀਂ ਭਾਰਤੀ ਇਸ਼ਨਾਨ ਕਰੇ ਬਗੈਰ ਖਾਣਾ ਨਹੀਂ ਖਾਂਦੇ। ਇੱਕ ਖਤ ਵਿੱਚ ਊਧਮ ਸਿੰਘ, ਭਗਤ ਸਿੰਘ ਬਾਰੇ ਜ਼ਿਕਰ ਕਰਦਾ ਹੈ, ‘‘...10 ਸਾਲ ਹੋ ਗਏ, ਮੇਰਾ ਸਭ ਤੋਂ ਪਿਆਰਾ ਦੋਸਤ ਮੈਨੂੰ ਪਿੱਛੇ ਛੱਡ ਕੇ ਚਲਾ ਗਿਆ। ਮੈਨੂੰ ਯਕੀਨ ਹੈ ਮਰਨ ਤੋਂ ਬਾਅਦ ਮੈਂ ਉਸ ਨੂੰ ਮਿਲ ਪਵਾਂਗਾ ਕਿਉਂਕਿ ਉਹ ਮੇਰਾ ਇੰਤਜ਼ਾਰ ਕਰ ਰਿਹਾ ਹੈ...।”
ਕੁਝ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਹੈ, ਅਮਰੀਕਾ ਰਹਿੰਦਿਆਂ ਊਧਮ ਸਿੰਘ ਇੱਕ ਕ੍ਰਾਂਤੀਕਾਰੀ ਲੜਕੀ ਲਲੂਪੀ (ਲੂਪੀ/ਲੂਬੀ) ਦੇ ਸੰਪਰਕ ਵਿੱਚ ਆਇਆ। ਉਨ੍ਹਾਂ ਸ਼ਾਦੀ ਕਰ ਲਈ। ਦੋ ਲੜਕੇ ਵੀ ਹੋਏ। ਜਦੋਂ ਊਧਮ ਸਿੰਘ ਇੰਗਲੈਂਡ ਆਗਿਆ ਤਾਂ ਉਹ ਲੜਕੀ ਆਪਣੇ ਮਾਂ-ਬਾਪ ਕੋਲ ਕੈਲੀਫੋਰਨੀਆ ਚਲੀ ਗਈ। ਬਾਅਦ ਵਿੱਚ ਉਸ ਦਾ ਕੀ ਬਣਿਆ? ਊਧਮ ਸਿੰਘ ਦੇ ਦੋ ਲੜਕੇ ਕਿੱਥੇ ਗਏ? ਇਹ ਵੇਰਵੇ ਕਿਤੇ ਨਹੀਂ ਮਿਲਦੇ। ਲੰਡਨ ਵਿੱਚ ਊਧਮ ਸਿੰਘ ਦੀ ਦੋਸਤ ਲੜਕੀ ਮੈਰੀ ਦਾ ਜ਼ਿਕਰ ਬਹੁਤ ਮਿਲਦਾ ਹੈ। 13 ਮਾਰਚ 1940 ਕੈਕਸਟਨ ਹਾਲ ਵਿੱਚ ਮੈਰੀ ਊਧਮ ਸਿੰਘ ਦੇ ਨਾਲ ਸੀ। ਇੱਕ ਦਿਨ ਪਹਿਲਾਂ ਦੋਵਾਂ ਨੇ ਉਸ ਹਾਲ ਦੀ ਰੇਕੀ ਕੀਤੀ ਸੀ। ਇੰਗਲੈਂਡ ਆ ਕੇ ਊਧਮ ਸਿੰਘ ਨੇ ਕਈ ਨੌਕਰੀਆਂ ਕੀਤੀਆਂ, ਰਿਹਾਇਸ਼ਾਂ ਵੀ ਬਦਲੀਆਂ। ਲੰਡਨ ਦੇ ਇੱਕ ਫਿਲਮ ਸਟੂਡੀਓ ਵਿੱਚ ‘ਸਾਬੂ ਦਿ ਐਲੀਫੇਂਟ ਬੋਏ’ ਫਿਲਮ ਵਿੱਚ ਕੋਈ ਛੋਟਾ-ਮੋਟਾ ਰੋਲ ਵੀ ਕੀਤਾ।
ਲੰਡਨ ਦੇ ਕੈਕਸਟਨ ਹਾਲ ਵਿੱਚ ਊਧਮ ਸਿੰਘ ਵੱਲੋਂ ਕੀਤੇ ਸਾਹਸੀ ਕਾਰਨਾਮੇ ਬਾਰੇ ਭਾਰਤੀ ਲੀਡਰਾਂ ਨੇ ਬਰਤਾਨਵੀ ਤਾਜ ਦੀ ਜੀ ਹਜ਼ੂਰੀ ਕਰਦਿਆਂ ਇਸ ਘਟਨਾ ਦੀ ਘੋਰ ਨਿੰਦਿਆਂ ਕੀਤੀ : ਸਾਡੇ ਅੱਜ ਦੇ ਰਾਸ਼ਟਰ ਪਿਤਾ ਤੇ ਓਸ ਵੇਲੇ ਤੇ ਮਹਾਤਮਾ ਗਾਂਧੀ ਨੇ ਕਿਹਾ, ‘‘ਸਰ ਮਾਈਕਲ ਓਡਵਾਇਰ ਦੀ ਮੌਤ, ਲਾਰਡ ਜੈਂਡਲੈਡ, ਲਾਰਡ ਲੈਮਿੰਗਟਨ ਤੇ ਸਰ ਲੁਈਸ ਡੇਨ ਦੇ ਜ਼ਖਮੀ ਹੋਣ ਨਾਲ ਮੈਨੂੁੰ ਡੂੰਘਾ ਦੁੱਖ ਹੋਇਆ...। ਮੈਂ ਇਸ ਕਾਰਨਾਮੇ ਨੂੰ ਪਾਗਲਪਣ ਸਮਝਦਾ ਹਾਂ।” ਜਵਾਹਰ ਲਾਲ ਨਹਿਰੂ ਨੇ ਆਪਣੇ ਬਿਆਨ ਵਿੱਚ ਕਿਹਾ, ‘‘ਮੈਨੂੰ ਇਸ ਕਤਲ ਦਾ ਵੱਡੇ ਪੱਧਰ 'ਤੇ ਪਛਤਾਵਾ ਹੈ।” 1952 ਵਿੱਚ ਨਹਿਰੂ ਜਦ ਪੰਜਾਬ ਫੇਰੀ ਸਮੇਂ ਸੁੁਨਾਮ ਆਇਆ ਤਾਂ ਉਸ ਦੀ ਬੋਲੀ ਬਦਲ ਗਈ :‘‘ਮੈ ਸ਼ਹੀਦੇ-ਆਜ਼ਮ ਊਧਮ ਸਿੰਘ ਕੋ ਸ਼ਰਧਾ ਸੇ ਪ੍ਰਣਾਮ ਕਰਤਾ ਹੂੰ, ਜੋ ਇਸ ਲੀਏ ਤਖਤਾਦਾਰ ਕੋ ਚੂਮ ਗਇਆ ਕਿ ਹਮੇਂ ਆਜ਼ਾਦੀ ਮਿਲੇ...।”
ਇਸ ਮਹਾਨ ਕ੍ਰਾਂਤੀਕਾਰੀ ਨੂੰ 19 ਜੁਲਾਈ 1974 ਨੂੰ ਆਪਣੇ ਦੇਸ਼ ਦੀ ਮਿੱਟੀ ਨਸੀਬ ਹੋਈ। ਅਣਥੱਕ ਕੋਸ਼ਿਸ਼ਾਂ ਤੋਂ ਬਾਅਦ ਉਸ ਦੀਆਂ ਪਵਿੱਤਰ ਅਸਥੀਆਂ ਇਸ ਦਿਨ ਭਾਰਤ ਪੁੱਜੀਆਂ ਅਤੇ ਫਿਰ ਵੱਖ-ਵੱਖ ਥਾਵਾਂ, ਸ਼ਹਿਰਾਂ, ਕਸਬਿਆਂ ਵਿੱਚੋਂ ਲੰਘਦਿਆਂ ਜੋਸ਼ੀਲੇ ਨਾਅਰਿਆਂ ਦੀ ਗੂੰਜ ਵਿੱਚ ਆਖਰ 31 ਜੁਲਾਈ 1974 ਨੂੰ ਠਾਠਾਂ ਮਾਰਦੇ ਮਨੁੱਖੀ ਸਮੁੰਦਰ ਦਾ ਕਾਫਲਾ ਇਸ ਇਨਕਲਾਬੀ ਦੀਆਂ ਅਸਥੀਆਂ ਨਾਲ ਸੁਨਾਮ ਪਹੁੰਚਿਆ। ਸ਼ਹੀਦ ਦੇ ਸਵਾਗਤ ਲਈ ਥਾਂ-ਥਾਂ ਸਵਾਗਤੀ ਗੇਟ ਬਣਾਏ ਗਏ ਸਨ। ਅੰਤਿਮ ਰਸਮਾਂ ਵੇਲੇ ਮੁਸਲਮਾਨਾਂ, ਹਿੰਦੂਆਂ ਅਤੇ ਸਿੱਖਾਂ ਨੇ ਆਪਣੀ ਆਪਣੀ ਆਸਥਾ ਅਤੇ ਸ਼ਰਧਾ ਅਨੁਸਾਰ ਅੰਮਿਤ ਸਸਕਾਰ ਦੀਆਂ ਰਸਮਾਂ ਕੀਤੀਆਂ। ਊਧਮ ਸਿੰਘ ਦੀ ਮਹਾਨ ਕੁਰਬਾਨੀ ਦਾ ਸਨਮਾਨ ਕਰਦਿਆਂ ਸੁਨਾਮ ਦਾ ਨਾਂਅ ‘ਸੁਨਾਮ ਊਧਮ ਸਿੰਘ ਵਾਲਾ’ ਰੱਖਿਆ ਗਿਆ। ਪੰਜਾਬ ਅਤੇ ਭਾਰਤ ਹੀ ਨਹੀਂ, ਪੂਰੇ ਵਿਸ਼ਵ ਵਿੱਚ ਸ਼ਹੀਦ ਊਧਮ ਸਿੰਘ ਦੀਆਂ ਯਾਦਗਾਰਾਂ ਬਣਾਈਆਂ ਗਈਆਂ ਹਨ। ਨੌਜਵਾਨ ਜਥੇਬੰਦੀਆਂ, ਲਾਇਬਰੇਰੀਆਂ, ਸੜਕਾਂ, ਸਕੂਲਾਂ,ਕਾਲਜਾਂ ਦੇ ਨਾਮ ਊਧਮ ਸਿੰਘ ਦੇ ਨਾਂਅ ਨਾਲ ਰੱਖੇ ਜਾ ਰਹੇ ਹਨ ਤੇ ਅਨੇਕਾਂ ਸ਼ਹਿਰਾਂ ਦੇ ਚੌਰਾਹਿਆਂ ਵਿੱਚ ਸ਼ਹੀਦ ਊਧਮ ਸਿੰਘ ਦੇ ਬੁੱਤ ਸਥਾਪਤ ਕੀਤੇ ਗਏ ਹਨ।
ਮਾਈਕਲ ਓਡਵਾਇਰ ਦੇ ਕਤਲ ਦੇ ਮੁਕੱਦਮੇ ਦਾ ਸਾਹਮਣਾ ਕਰਦਿਆਂ ਜੱਜ ਮਿਸਟਰ ਐਟਕਿਨਸਨ ਦੀ ਅਦਾਲਤ ਵਿੱਚ ਊਧਮ ਸਿੰਘ ਨੇ ਲਲਕਾਰ ਕੇ ਕਿਹਾ, ‘‘ਮੈਂ ਮੌਤ ਦੀ ਸਜ਼ਾ ਤੋਂ ਨਹੀਂ ਡਰਦਾ। ਇਹ ਤਾਂ ਮੇਰੇ ਵਾਸਤੇ ਕੁਝ ਵੀ ਨਹੀਂ। ਮੈਨੂੰ ਮਰ ਜਾਣ ਦਾ ਬਿਲਕੁਲ ਕੋਈ ਫਿਕਰ ਨਹੀਂ। ਮੈਂ ਕਿਸੇ ਮੰਤਵ ਲਈ ਕੁਰਬਾਨ ਹੋ ਰਿਹਾ ਹਾਂ। ਅਸੀਂ ਬ੍ਰਿਟਿਸ਼ ਸਾਮਰਾਜ ਦੇ ਸਤਾਏ ਹੋਏ ਹਾਂ। ਮੈਨੂੰ ਮਾਣ ਹੈ ਕਿ ਮੈਂ ਆਪਣੀ ਮਾਤ ਭੂਮੀ ਨੂੰ ਆਜ਼ਾਦ ਕਰਾਉਣ ਲਈ ਮਰ ਰਿਹਾ ਹਾਂ। ਮੈਨੂੰ ਆਸ ਹੈ ਕਿ ਜਦੋਂ ਮੈਂ ਚਲਾ ਗਿਆ, ਮੇਰੀ ਥਾਂ ਹਜ਼ਾਰਾਂ ਦੇਸ਼ ਵਾਸੀ ਆਉਣਗੇ ਤੇ ਤੁਹਾਨੂੰ ਗੰਦੇ ਕੁੱਤਿਆਂ ਨੂੰ ਬਾਹਰ ਧੱਕਣਗੇ। ਭਾਰਤ ਵਿੱਚੋਂ ਤੁਹਾਡਾ ਸਫਾਇਆ ਕਰ ਦਿੱਤਾ ਜਾਵੇਗਾ।”
ਸ਼ਹੀਦ ਊਧਮ ਸਿੰਘ ਆਪਣੇ ਲੋਕਾਂ ਤੋਂ ਵੱਡੀ ਤਵੱਕੋਂ ਰੱਖਦਾ ਸੀ। ਫਾਂਸੀ ਵੱਲ ਜਾਂਦਿਆਂ ਭਗਤ ਸਿੰਘ ਦੀ ਪੁਸਤਕ ਦਾ ਪੰਨਾ ਮੋੜ ਕੇ ਉਠਿਆ ਸੀ। ਸਾਡੀ ਨੌਜਵਾਨ ਪੀੜ੍ਹੀ ਅਜਿਹੇ ਜਾਂਬਾਜ਼ ਇਨਕਲਾਬੀਆਂ ਨੂੰ ਭੁੱਲਦੀ ਜਾਂਦੀ ਹੈ। ਸਾਡੇ ਇਨ੍ਹਾਂ ਸੂਰਬੀਰ ਨਾਇਕਾਂ, ਬੱਬਰ ਅਕਾਲੀਆਂ, ਗਦਰੀ ਬਾਬਿਆਂ ਦਾ ਮਕਸਦ ਸੀ, ਮੈਂ ਮਰਾਂ, ਮੇਰਾ ਦੇਸ਼ ਜੀਵੇ, ਮੇਰੇ ਲੋਕ ਜੀਣ। ਇਨ੍ਹਾਂ ਸੂਰਬੀਰਾਂ ਦੀਆਂ ਕੁਰਬਾਨੀਆਂ ਸਦਕਾ ਆਜ਼ਾਦ ਦੇਸ਼ ਦੀ ਵਾਗਡੋਰ ਸੰਭਾਲਣ ਵਾਲੇ ਸਾਡੇ ਬਹੁਤੇ ਨੇਤਾਵਾਂ ਦੀ ਭਾਵਨਾ ਬਣੀ ਰਹੀ ਹੈ ਕਿ ‘‘ਇਹ ਦੇਸ਼ ਭਾਵੇਂ ਮਰੇ, ਇਹ ਦੇਸ਼ ਭਾਵੇਂ ਉਜੜੇ, ਭਾਵੇਂ ਢੱਠੇ ਖੂਹ 'ਚ ਪਵੇ, ਭਾਵੇਂ ਸਾਰੇ ਲੋਕ ਮਰ ਜਾਣ, ਪਰ ਮੈਂ ਜੀਵਾਂ, ਮੇਰਾ ਪਰਵਾਰ ਜੀਵੇ।” ਨੌਜਵਾਨਾਂ ਨੂੰ ਊਧਮ ਸਿੰਘ, ਭਗਤ ਸਿੰਘ ਤੇ ਕਰਤਾਰ ਸਿੰਘ ਸਰਾਭੇ ਜਿਹੇ ਲੋਕਨਾਇਕਾਂ ਦਾ ਜੀਵਨ ਅਤੇ ਸਾਹਿਤ ਪੜ੍ਹਾਉਣ ਦੀ ਬਹੁਤ ਲੋੜ ਹੈ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”