Welcome to Canadian Punjabi Post
Follow us on

06

August 2020
ਨਜਰਰੀਆ

ਸਿਦਕ ਨਾਲ ਜਿੱਤੀ ਕੋਰੋਨਾ ਦੀ ਜੰਗ

July 10, 2020 08:19 AM

-ਨਵਦੀਪ ਸਿੰਘ ਗਿੱਲ
ਕੋਰੋਨਾ ਮਹਾਮਾਰੀ ਦੇ ਸਹਿਮ ਦੌਰਾਨ ਚੰਡੀਗੜ੍ਹ ਦੇ ਸੈਕਟਰ 38 ਵੈਸਟ ਸਥਿਤ ਮੇਰੀ ਰਿਹਾਇਸ਼ ਨਜ਼ਦੀਕ ਇੱਕ ਲੜਕੀ ਭਾਵਨਾ ਕੋਰੋਨਾ ਪਾਜ਼ੀਟਿਵ ਪਾਈ ਗਈ। ਉਹ ਪੀ ਜੀ ਆਈ ਵਿਖੇ ਸਟਾਫ ਨਰਸ ਵਜੋਂ ਤੈਨਾਤ ਹੈ ਤੇ ਕੋਵਿਡ 19 ਵਿਰੁੱਧ ਜੰਗ ਵਿੱਚ ਅਗਲੀ ਕਤਾਰ ਵਿੱਚ ਲੜ ਰਹੀ ਸੀ। ਇਸ ਤੋਂ ਵੀ ਅਹਿਮ ਗੱਲ ਕਿ ਉਹ ਕੋਵਿਡ 19 ਦੇ ਮਰੀਜ਼ਾਂ ਦੀ ਦੇਖਭਾਲ ਕਰਦੀ ਸੀ। ਸੰਘਣੀ ਵਸੋਂ ਤੇ ਨੌਕਰੀ ਦੇ ਰੁਝੇਵਿਆਂ ਕਾਰਨ ਅਸੀਂ ਸੈਕਟਰ ਵਿੱਚ ਵਸਦੇ ਬਾਕੀ ਵਸਨੀਕਾਂ ਬਾਰੇ ਖਾਸ ਨਹੀਂ ਜਾਣਦੇ। ਛੱਬੀ ਸਾਲਾਂ ਦੀ ਇਸ ਲੜਕੀ ਬਾਰੇ ਇਹੋ ਪਤਾ ਲੱਗਾ ਕਿ ਉਹ ਪੀ ਜੀ ਆਈ ਵਿਖੇ ਨੌਕਰੀ ਕਰਦੀ ਹੈ ਤੇ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਕੋਰੋਨਾ ਪਾਜ਼ੀਟਿਵ ਦੀ ਖਬਰ ਮੀਡੀਆ ਦੀਆਂ ਸੁਰਖੀ ਤਾਂ ਬਣਨੀ ਹੀ ਸੀ, ਸੈਕਟਰ ਵਿੱਚ ਵੀ ਪੂਰੀ ਤਰ੍ਹਾਂ ਫੈਲ ਗਈ। ਵਟਸਐਪ ਗਰੁੱਪਾਂ 'ਤੇ ਖਬਰ ਘੁੰਮਣ ਲੱਗੀ। ਸੈਕਟਰ 'ਚ ਮਾਹੌਲ ਵੀ ਬਦਲ ਗਿਆ।
ਗਲੀਆਂ-ਮੁਹੱਲਿਆਂ ਵਿਚ ਵੀ ਰੇੜ੍ਹੀ-ਫੜ੍ਹੀ ਵਾਲਿਆਂ ਦੀ ਭੀੜ ਘੱਟ ਗਈ। ਪਾਰਕ ਵਿੱਚ ਸੈਰ ਕਰਨ ਵਾਲਿਆਂ ਦੀ ਗਿਣਤੀ ਵੀ ਘਟ ਗਈ। ਗਲੀਆਂ ਵਿੱਚ ਅਜੀਬ ਜਿਹੀ ਚੁੱਪ ਤੇ ਬੇਚੈਨੀ ਦਾ ਮਾਹੌਲ ਸੀ। ਮਿਲਕ ਬੂਥ ਵਾਲੇ ਨੇ ਬੈਰੀਕੇਡ ਲਾ ਕੇ ਸਮਾਜਕ ਵਿੱਥ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਸ਼ੁਰੂ ਕਰ ਦਿੱਤੀ। ਘਰਾਂ ਦਾ ਕੂੜਾ-ਕਰਕਟ ਵੀ ਫਲੈਟਾਂ 'ਚੋਂ ਸਿੱਧਾ ਚੁੱਕਣ ਦੀ ਥਾਂ ਵਸਨੀਕਾਂ ਨੂੰ ਹੇਠਾਂ ਬਾਹਰ ਰੱਖਣ ਦੇ ਹੁਕਮ ਹੋ ਗਏ ਤਾਂ ਜੋ ਕੂੜਾ-ਕਰਕਟ ਚੁੱਕਣ ਵਾਲੇ ਬਾਹਰੋ-ਬਾਹਰ ਲਿਜਾ ਸਕਣ। ਸੰਬੰਧਤ ਘਰ ਦੇ ਬਾਹਰ ਵੀ ਸਟਿੱਕਰ ਲਾ ਕੇ ਗਲੀ ਦੇ ਦੋਵੇਂ ਪਾਸਿਆਂ ਨੂੰ ਸੀਲ ਕਰ ਦਿੱਤਾ ਗਿਆ।
ਆਂਢ-ਗੁਆਂਢ ਢਹਿਦੀ ਕਲਾ ਵਾਲੀਆਂ ਗੱਲਾਂ ਹੋਣ ਲੱਗੀਆਂ। ਇਸ ਤੋਂ ਪਹਿਲਾਂ ਕਰਫਿਊ, ਲਾਕਡਾਊਨ ਦੌਰਾਨ ਸਾਰੇ ਵਸਨੀਕ ਪੂਰੀ ਚੌਕਸੀ ਵਰਤਦੇ ਆ ਰਹੇ ਸਨ ਤੇ ਆਪਸੀ ਸਮਾਜਕ ਵਿੱਥ ਦਾ ਖਿਆਲ ਰੱਖਦੇ ਹੋਏ ਇਕੱਠਾਂ ਤੋਂ ਵੀ ਗੁਰੇਜ਼ ਕਰ ਰਹੇ ਸਨ, ਪਰ ਇੱਕ ਕੇਸ ਆਉਣ ਤੋਂ ਬਾਅਦ ਸਿਹਤ ਵਿਭਾਗ ਦੀਆਂ ਸਲਾਹਾਂ ਦੀ ਪਾਲਣਾ ਹੋਰ ਸ਼ਿੱਦਤ ਨਾਲ ਹੋਣ ਲੱਗੀ। ਇੰਨੇ ਨੂੰ ਸੁੱਖ ਦੀ ਖਬਰ ਆਈ ਕਿ ਭਾਵਨਾ ਸਿਹਤਯਾਬ ਹੋ ਕੇ ਘਰ ਪਰਤ ਰਹੀ ਹੈ। ਉਸ ਨੇ ਚੰਡੀਗੜ੍ਹ ਵਿੱਚ ਸਭ ਤੋਂ ਘੱਟ ਸਮੇਂ (10 ਦਿਨ) ਵਿੱਚ ਤੰਦਰੁਸਤ ਹੋ ਕੇ ਘਰ ਪਰਤਣ ਦਾ ਰਿਕਾਰਡ ਬਣਾਇਆ। ਭਾਵਨਾ ਦੀ ਜ਼ਿੰਦਾਦਿਲੀ ਤੇ ਮਜ਼ਬੂਤ ਇੱਛਾ ਸ਼ਕਤੀ ਨਾਲ ਠੀਕ ਹੋਣ ਦੀ ਖਬਰ ਫੈਲਣ ਦੀ ਦੇਰ ਸੀ ਕਿ ਪੂਰੇ ਸੈਕਟਰ ਵਾਸੀ ਚੜ੍ਹਦੀ ਕਲਾ ਵਿੱਚ ਹੋ ਗਏ। ਉਸ ਨੇ ਲੋਕਾਂ ਵਿੱਚ ਨਵੀਂ ਰੂਹ ਫੂਕ ਦਿੱਤੀ।
ਭਾਵਨਾ ਜਦੋਂ ਪੀ ਜੀ ਆਈ ਦੇ ਵਾਹਨ ਤੋਂ ਘਰ ਮੁੜੀ ਤਾਂ ਉਸ ਦੇ ਸਵਾਗਤ ਲਈ ਸੈਕਟਰ ਵਾਸੀ ਪੱਬਾਂ ਭਾਰ ਸਨ। ਸੈਕਟਰ ਦੀਆਂ ਸਮਾਜਕ ਗਤੀਵਿਧੀਆਂ ਵਿੱਚ ਅੱਗੇ ਰਹਿਣ ਵਾਲੇ ਚਿਤਰੰਜਨ ਸਿੰਘ, ਸਥਾਨਕ ਰਿਹਾਇਸ਼ ਐਸੋਸੀਏਸ਼ਨ ਦੇ ਪ੍ਰਧਾਨ ਪੰਕਜ ਗੁਪਤਾ, ਬਲਬੀਰ ਸਿੰਘ, ਰੇਖਾ ਸੂਦ ਸਣੇ ਕਈਆਂ ਨੇ ਭਾਵਨਾ ਦਾ ਸਵਾਗਤ ਕਰਦਿਆਂ ਉਸ ਉਤੇ ਫੁੱਲਾਂ ਦੀ ਵਰਖਾ ਕੀਤੀ। ਉਸ ਦੇ ਆਉਣ ਨਾਲ ਮਾਹੌਲ ਹੀ ਬਦਲ ਗਿਆ। ਪਾਰਕ ਵਿੱਚ ਵੀ ਰੌਣਕਾਂ ਲੱਗ ਗਈਆਂ।
ਅਗਲੇ ਦਿਨ ਅਖਬਾਰਾਂ ਵਿੱਚ ਭਾਵਨਾ ਦੇ ਜੰਗ ਜੇਤੂਆਂ ਵਰਗੇ ਹੋਏ ਸਵਾਗਤ ਦੀਆਂ ਖਬਰਾਂ ਸੁਰਖੀਆਂ ਬਣੀਆਂ। ਇਸ ਲੜਕੀ ਨੇ ਸੈਕਟਰ ਦੇ ਵਟਸਐਪ ਗਰੁੱਪ ਵਿੱਚ ਸਾਰੇ ਹਸਪਤਾਲ ਸਟਾਫ, ਪਰਵਾਰਕ ਮੈਂਬਰਾਂ ਦੇ ਸਬਰ, ਦੋਸਤਾਂ ਦੀ ਹੱਲਾਸ਼ੇਰੀ ਅਤੇ ਵਾਪਸੀ 'ਤੇ ਸੈਕਟਰ ਵਾਸੀਆਂ ਵੱਲੋਂ ਕੀਤੇ ਸਵਾਗਤ ਲਈ ਭਾਵਨਾ ਦਾ ਧੰਨਵਾਦ ਕੀਤਾ। ਨਾਲ ਇਹ ਸੰਦੇਸ਼ ਵੀ ਦਿੱਤਾ ਕਿ ਕੋਰੋਨਾ ਖਿਲਾਫ ਜੰਗ ਖਤਮ ਨਹੀਂ ਹੋਈ, ਇਸ ਲਈ ਚੌਕਸੀ ਦੀ ਪਾਲਣਾ ਹਰ ਹੀਲੇ ਕਰੋ।
ਭਾਵਨਾ ਖੁਦ ਦੀ ਕੋਵਿਡ ਮਰੀਜ਼ਾਂ ਦੀ ਸਿਰੜ ਅਤੇ ਸਿਦਕ ਨਾਲ ਡਿਊਟੀ ਦੌਰਾਨ ਦੇਖਭਾਲ ਤੋਂ ਬਾਅਦ ਪਰਤ ਕੇ ਪੂਰੀ ਚੌਕਸੀ ਦੀ ਪਾਲਣਾ ਕਰਦੀ ਰਹੀ ਸੀ, ਜਿਸ ਕਾਰਨ ਉਸ ਦੇ ਪਾਜ਼ੀਟਿਵ ਪਾਏ ਜਾਣ ਦੇ ਬਾਵਜੂਦ ਉਸ ਦੇ ਪਰਵਾਰ ਵਿੱਚ ਸੁੱਖ-ਸਾਂਦ ਰਹੀ। ਉਸ ਦੇ ਪਿਤਾ ਕਮਲਜੀਤ ਸਿੰਘ ਨੂੰ ਜਿੱਥੇ ਆਪਣੀ ਬੇਟੀ 'ਤੇ ਮਾਣ ਹੈ, ਉਥੇ ਹੀ ਸਾਰੇ ਸੈਕਟਰ ਨੂੰ ਉਸ 'ਤੇ ਫਖਰ ਹੈ, ਜਿਸ ਨੇ ਪਹਿਲਾਂ ਕੋਰੋਨਾ ਮਰੀਜ਼ਾਂ ਦੀ ਸੰਭਾਲ ਵਾਲੀ ਡਿਊਟੀ ਤਨਦੇਹੀ, ਲਗਨ ਤੇ ਪ੍ਰਤੀਬੱਧਤਾ ਨਾਲ ਕੀਤੀ, ਫਿਰ ਕੋਰੋਨਾ ਪਾਜ਼ੀਟਿਵ ਪਾਏ ਜਾਣ ਪਿੱਛੋਂ ਮਜ਼ਬੂਤ ਇੱਛਾ ਸ਼ਕਤੀ ਨਾਲ ਇਲਾਜ ਕਰਵਾ ਕੇ ਥੋੜ੍ਹੇ ਸਮੇਂ ਅੰਦਰ ਸਿਹਤਯਾਬ ਹੋ ਕੇ ਘਰ ਪਰਤੀ। ਕੋਰੋਨਾ ਵਿਰੁੱਧ ਜੰਗ ਲੜਨ ਦਾ ਕਾਰਗਰ ਤਰੀਕਾ ਹੈ ਕਿ ਅੱਗੇ ਹੋ ਕੇ ਲੜਨਾ ਅਤੇ ਪਿੱਛੇ ਬਚਾਅ ਤੇ ਸਾਵਧਾਨੀ ਵੀ ਪੂਰਾ ਕਰਨਾ। ਬੁਲੰਦ ਹੌਸਲੇ ਤੇ ਜ਼ਿੰਦਾਦਿਲੀ ਨਾਲ ਭਾਵਨਾ ਸਾਰਿਆਂ ਵਾਸਤੇ ਮਿਸਾਲ ਬਣ ਗਈ ਹੈ। ਅਸਲ ਵਿੱਚ ਇਸ ਮਹਾਮਾਰੀ ਵਿਰੁੱਧ ਇੰਝ ਹੀ ਲੜਾਈ ਜਿੱਤੀ ਜਾ ਸਕਦੀ ਹੈ।
ਸਾਨੂੰ ਢੇਰੀ ਨਹੀਂ ਢਾਹੁਣੀ ਚਾਹੀਦੀ, ਪਰ ਨਾਲ ਜਿੰਨਾ ਸੰਭਵ ਹੋਵੇ, ਪ੍ਰਹੇਜ਼ ਤੇ ਸਾਵਧਾਨੀ ਰੱਖੋ। ਸਾਰੀਆਂ ਸਿਹਤ ਸੰਬੰਧੀ ਸਲਾਹਾਂ ਤੇ ਪ੍ਰੋਟੋਕਾਲ ਦਾ ਪਾਲਣ ਕਰਨਾ ਵੀ ਯਕੀਨੀ ਬਣਾਉਣਾ ਚਾਹੀਦਾ ਹੈ। ਭੀੜ ਕਰਨ ਤੋਂ ਬਚੋ ਅਤੇ ਸਮਾਜਕ ਵਿੱਥ ਦੇ ਨਾਲ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਲੜਾਈ ਵਿੱਚ ਸਭ ਤੋਂ ਵੱਧ ਵਧਾਈ ਦੇ ਪਾਤਰ ਸਿਹਤ ਕਾਮੇ ਹਨ, ਜੋ ਅੱਗੇ ਹੋ ਕੇ ਲੜ ਵੀ ਰਹੇ ਹਨ ਅਤੇ ਆਪਣੇ ਅਤੇ ਆਪਣੇ ਪਰਵਾਰਾਂ ਦਾ ਖਿਆਲ ਵੀ ਰੱਖ ਰਹੇ ਹਨ। ਮੇਰੇ ਦਫਤਰ ਦੇ ਤਿੰਨ ਸਾਥੀਆਂ ਇਕਬਾਲ ਸਿੰਘ ਬਰਾੜ, ਅਮਨਦੀਪ ਸਿੰਘ ਸੰਧੂ ਤੇ ਕਰਣ ਮਹਿਤਾ ਦੀਆਂ ਪਤਨੀਆਂ ਸਿਹਤ ਵਿਭਾਗ ਵਿੱਚ ਕੰਮ ਕਰਦੀਆਂ ਹਨ, ਜਿਨ੍ਹਾਂ ਕੋਲੋਂ ਮੈਂ ਰੋਜ਼ ਉਨ੍ਹਾਂ ਦੀ ਸਖਤ ਡਿਊਟੀ ਤੇ ਸਾਵਧਾਨੀ ਦੀ ਪਾਲਣਾ ਦੀਆਂ ਗੱਲਾਂ ਸੁਣਦਾ ਹਾਂ। ਮੇਰੀ ਵੱਡੀ ਭੈਣ ਰਿੰਪੀ, ਜੋ ਅਮਰੀਕਾ ਦੇ ਸ਼ਹਿਰ ਡੈਲਸ ਵਿਖੇ ਰਹਿੰਦੀ ਹੈ, ਮੈਡੀਕਲ ਖੇਤਰ ਵਿੱਚ ਨੌਕਰੀ ਕਰਦੀ ਹੈ।
ਕਰਫਿਊ ਦੌਰਾਨ ਵੀ ਦਫਤਰ ਜਾਣ ਕਰ ਕੇ ਕਈ ਵਾਰ ਮੇਰੇ ਜਾਣਕਾਰਾਂ ਨੇ ਕਹਿਣਾ, ‘ਤੈਨੂੰ ਡਰ ਨਹੀਂ ਲੱਗਦਾ?’ ਮੇਰਾ ਇੱਕੋ ਜਵਾਬ ਹੋਣਾ, ‘ਧੰਨ ਨੇ ਡਾਕਟਰ ਤੇ ਪੈਰਾ ਮੈਡੀਕਲ ਕਾਮੇ, ਜੋ ਸਭ ਤੋਂ ਅੱਗੇ ਹੋ ਕੇ ਲੜਾਈ ਲੜ ਰਹੇ ਹਨ।’ ਕੋਰੋਨਾ ਕਾਰਨ ਸਾਨੂੰ ਆਪਣੇ ਕੰਮ-ਕਾਰ ਅਤੇ ਬਣਦੀਆਂ ਡਿਊਟੀਆਂ ਨਿਭਾਉਣ ਦੇ ਨਾਲ ਸਾਵਧਾਨੀ ਵੀ ਵਰਤਣੀ ਜ਼ਰੂਰੀ ਹੈ। ਕਈ ਵਾਰ ਲਗਾਤਾਰ ਮਾਸਕ ਪਹਿਨਣ ਅਤੇ ਵਾਰ-ਵਾਰ ਸੈਨੀਟਾਈਜ਼ਰ ਨਾਲ ਹੱਥ ਧੋਣ ਕਰ ਕੇ ਅੱਕੇ ਹੋਏ ਮਹਿਸੂਸ ਕਰੀਦਾ ਹੈ, ਪਰ ਸਾਨੂੰ ਸਾਰਿਆਂ ਨੂੰ ਇਹ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਹੀ ਪੈਣਾ ਹੈ। ਇਹੋ ਇਸ ਲੜਾਈ ਖਿਲਾਫ ਕਾਰਗਰ ਹਥਿਆਰ ਹੈ। ਕੋਰੋਨਾ 'ਤੇ ਜਿੱਤ ਲਈ ਇਹੋ ‘ਮਿਸ਼ਨ ਫਤਿਹ’ ਦਾ ਨਾਅਰਾ ਹੈ।
ਜਦੋਂ ਤੱਕ ਕੋਰੋਨਾ ਦੇ ਕਿਸੇ ਇਲਾਜ ਜਾਂ ਵੈਕਸੀਨ ਦੀ ਖੋਜ ਨਹੀਂ ਹੋ ਜਾਂਦੀ, ਉਦੋਂ ਤੱਕ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਨਾਲ ਇਸ ਆਫਤ ਦਾ ਸਾਹਮਣਾ ਕਰਨਾ ਪੈਣਾ ਹੈ। ਲਾਪਰਵਾਹੀ ਅਤੇ ਘਬਰਾਉਣਾ ਇਸ ਦਾ ਹੱਲ ਨਹੀਂ। ਘਰਾਂ ਵਿੱਚ ਰਹਿਣ ਲਈ ਮਜਬੂਰ ਹੋਣ 'ਤੇ ਲੋਕਾਂ ਦੇ ਸੁਭਾਅ ਵੀ ਚਿੜਚਿੜੇ ਹੋ ਗਏ ਹੋਣੇ ਨੇ, ਪਰ ਇਹੋ ਸਮੇਂ ਦੀ ਮੰਗ ਹੈ ਕਿ ਜਿੰਨਾ ਹੋ ਸਕੇ, ਘਰ ਵਿੱਚ ਰਹੀਏ। ਮੁਸੀਬਤ ਵਿੱਚ ਹੀ ਇਨਸਾਨ ਦੀ ਅਸਲ ਪਰਖ ਹੁੰਦੀ ਹੈ ਅਤੇ ਇਸ ਵਿੱਚ ਸਫਲ ਹੋਣ ਵਾਲੇ ਭਾਵਨਾ ਵਰਗੇ ਕਈ ਚਿਹਰੇ ਸਾਡੇ ਸਾਰਿਆਂ ਲਈ ਪ੍ਰੇਰਨਾ ਦਾ ਸੋਮਾ ਬਣਦੇ ਹਨ।

 

Have something to say? Post your comment