ਚੰਡੀਗੜ੍ਹ, 15 ਨਵੰਬਰ (ਪੋਸਟ ਬਿਊਰੋ)- ਪੰਜਾਬ 'ਚ ਹੋਈਆਂ ਬੇਅਦਬੀ ਅਤੇ ਗੋਲੀਕਾਂਡ ਦੀਆਂ ਵਾਰਦਾਤਾਂ ਦੀ ਜਾਂਚ ਕਰਨ ਲਈ ਰਾਜ ਸਰਕਾਰ ਵੱਲੋਂ ਬਣਾਈ ਵਿਸ਼ੇਸ਼ ਜਾਂਚ ਟੀਮ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਬਿਆਨ ਦਰਜ ਕਰਵਾਉਣ ਲਈ ਵਿਸ਼ੇਸ਼ ਛੋਟ ਦਿੱਤੀ ਹੈ।
ਵਰਨਣ ਯੋਗ ਹੈ ਕਿ ਐਸ ਆਈ ਟੀ ਨੇ ਪਹਿਲਾ ਸਾਬਕਾ ਮੁੱਖ ਮੰਤਰੀ ਬਾਦਲ ਨੂੰ ਅੰਮ੍ਰਿਤਸਰ ਦੇ ਸਰਕਟ ਹਾਊਸ 'ਚ ਪੇਸ਼ ਹੋਣ ਲਈ ਕਿਹਾ ਸੀ, ਪਰ ਬਾਅਦ ਵਿੱਚ ਉਨ੍ਹਾਂ ਨੂੰ ਉਨ੍ਹਾਂ ਦੀ ਸਹੂਲਤ ਅਨੁਸਾਰ ਮਨਪਸੰਦ ਜਗ੍ਹਾ ਬਿਆਨ ਦੇਣ ਦੀ ਛੋਟ ਦੇ ਦਿੱਤੀ ਹੈ। ਪਹਿਲਾਂ ਐਸ ਆਈ ਟੀ ਵੱਲੋਂ ਬਾਦਲ ਨੂੰ ਭੇਜੇ ਸੰਮਨਾਂ ਬਾਰੇ ਤਿੱਖੀ ਨੁਕਤਾਚੀਨੀ ਕੀਤੀ ਗਈ ਸੀ, ਜਿਸ ਮਗਰੋਂ ਪੇਸ਼ ਹੋਣ ਦੀਆਂ ਸ਼ਰਤਾਂ 'ਚ ਢਿੱਲ ਦਿੱਤੀ ਗਈ ਹੈ। ਜਾਣਕਾਰ ਸੂਤਰਾਂ ਅਨੁਸਾਰ ਸੰਮਨ ਜਾਰੀ ਕਰਨ ਵਾਲੇ ਐਸ ਆਈ ਟੀ ਦੇ ਮੈਂਬਰ ਆਈ ਜੀ ਕੁੰਵਰ ਵਿਜੇ ਪ੍ਰਤਾਪ ਨੇ ਸਾਬਕਾ ਮੁੱਖ ਮੰਤਰੀ ਬਾਦਲ ਦੀ ਉਮਰ ਦੇ ਪੱਖ ਤੋਂ ਇਹ ਖੁੱਲ੍ਹ ਦਿੱਤੀ ਹੈ ਅਤੇ ਇਹ ਵੀ ਦੱਸਿਆ ਗਿਆ ਹੈ ਕਿ ਹਾਲੇ ਤੱਕ ਐਸ ਆਈ ਟੀ ਨੂੰ ਬਾਦਲ ਵੱਲੋਂ ਜਵਾਬ ਨਹੀਂ ਮਿਲਿਆ ਹੈ। ਦੱਸਣ ਯੋਗ ਹੈ ਕਿ ਇਸ ੇਿਸ 'ਚ ਬਣੀ ਐਸ ਆਈ ਟੀ ਨੇ ਬਾਦਲ ਨੂੰ 16 ਨਵੰਬਰ ਨੂੰ ਸੁਖਬੀਰ ਸਿੰਘ ਬਾਦਲ ਨੂੰ 19 ਨਵੰਬਰ ਅਤੇ ਅਦਾਕਾਰ ਅਕਸ਼ੈ ਕੁਮਾਰ ਨੂੰ 21 ਨਵੰਬਰ ਨੂੰ ਪੇਸ਼ ਹੋਣ ਲਈ ਸੰਮਨ ਭੇਜੇ ਹਨ। ਇਸ ਬਾਰੇ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬਾਦਲ ਕਿਸ ਜਗ੍ਹਾ ਬਿਆਨ ਦੇਣਗੇ ਇਸ ਬਾਰੇ ਤੈਅ ਨਹੀਂ ਹੋਇਆ।
ਦੂਜੇ ਪਾਸੇ ਐਸ ਆਈ ਟੀ ਨੇ ਕਿਹਾ ਹੈ ਕਿ ਅਕਸ਼ੈ ਕੁਮਾਰ ਨੂੰ ਵੀ ਨਿੱਜੀ ਤੌਰ ਉੱਤੇ ਪੇਸ਼ ਹੋ ਕੇ ਬਿਆਨ ਦਰਜ ਕਰਵਾਉਣੇ ਪੈਣਗੇ, ਪਰ ਅਜੇ ਤੱਕ ਉਸ ਵੱਲੋਂ ਵੀ ਕੋਈ ਜਵਾਬ ਨਹੀਂ ਦਿੱਤਾ ਗਿਆ। ਇਸ ਤੋਂ ਪਹਿਲਾਂ ਅਕਸ਼ੈ ਕੁਮਾਰ ਵੱਲੋਂ ਟਵੀਟ ਕਰਕੇ ਆਪਣਾ ਪੱਖ ਰੱਖ ਦਿੱਤਾ ਗਿਆ ਸੀ, ਪਰ ਐਸ ਆਈ ਟੀ ਨੇ ਨਿੱਜੀ ਪੇਸ਼ੀ ਲਈ ਕਿਹਾ ਹੈ।