Welcome to Canadian Punjabi Post
Follow us on

28

March 2024
 
ਨਜਰਰੀਆ

ਪੀ ਐੱਮ ਕੇਅਰਜ਼ ਫੰਡ ਬਨਾਮ ਬਾਬੇ ਦਾ ਖੀਸਾ

July 09, 2020 10:11 AM

-ਰਣਜੀਤ ਲਹਿਰਾ
ਕੋਰੋਨਾ ਮਹਾਮਾਰੀ ਦੇ ਟਾਕਰੇ ਦੇ ਨਾਂਅ 'ਤੇ ਕਾਇਮ ਕੀਤੇ ਪੀ ਐੱਮ ਕੇਅਰਜ਼ ਫੰਡ ਵਿੱਚ ਚੀਨ ਦੀਆਂ ਬਹੁ-ਕੌਮੀ ਕੰਪਨੀਆਂ ਵੱਲੋਂ ਖੁੱਲ੍ਹੇ ਦਿਲ ਨਾਲ ਦਾਨ ਕਰਨ ਦੇ ਤਾਜ਼ਾ ਦੋਸ਼ਾਂ ਨੇ ਇਸ ਫੰਡ ਬਾਰੇ ਚਰਚਾ ਇੱਕ ਵਾਰ ਫਿਰ ਛੇੜ ਦਿੱਤੀ ਹੈ। ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨੀ ਫੌਜਾਂ ਵੱਲੋਂ 20 ਭਾਰਤੀ ਫੌਜੀਆਂ ਨੂੰ ਮਾਰ ਦੇਣ ਦੀ ਦੁਖਦਾਈ ਘਟਨਾ ਤੋਂ ਬਾਅਦ ਲੱਗੇ ਇਨ੍ਹਾਂ ਦੋਸ਼ਾਂ ਨਾਲ ਭਾਵੇਂ ਮੋਦੀ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਹੈ, ਫਿਰ ਵੀ ਸਰਕਾਰ ਇਨ੍ਹਾਂ ਦੋਸ਼ਾਂ ਦਾ ਸਿੱਧਾ ਤੇ ਸਪੱਸ਼ਟ ਜਵਾਬ ਨਹੀਂ ਦੇਂਦੀ। ਉਂਝ ਪੀ ਐੱਮ ਕੇਅਰਜ਼ ਫੰਡ ਪਹਿਲੀ ਵਾਰ ਸਵਾਲਾਂ ਦੇ ਘੇਰੇ ਵਿੱਚ ਨਹੀਂ ਆਇਆ। ਜਦੋਂ ਤੋਂ ਇਹ ਫੰਡ ਕਾਇਮ ਕੀਤਾ ਗਿਆ ਹੈ, ਉਦੋਂ ਤੋਂ ਹੀ ਸਵਾਲ ਉਠ ਰਹੇ ਹਨ।
ਬੀਤੀ 28 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਨਾਲ ਪੈਦਾ ਹੋਈ ਆਫਤ ਦਾ ਸਾਹਮਣਾ ਕਰਨ ਲਈ ਪੀ ਐੱਮ ਕੇਅਰਜ਼ ਫੰਡ ਕਾਇਮ ਕਰਨ ਦਾ ਐਲਾਨ ਕੀਤਾ ਸੀ। ਦੇਸ਼ ਦੇ ਨਾਗਰਿਕਾਂ ਤੇ ਕਾਰਪੋਰੇਟ ਘਰਾਣਿਆਂ ਨੂੰ ਇਸ ਫੰਡ ਵਿੱਚ ਦਿਲ ਖੋਲ੍ਹ ਕੇ ਦਾਨ ਦੇਣ ਦੀ ਅਪੀਲ ਕੀਤੀ ਅਤੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਇਸ ਫੰਡ ਵਿੱਚ ਜਿਹੜਾ ਪੈਸਾ ਆਵੇਗਾ, ਉਸ ਨਾਲ ਕੋਰੋਨਾ ਵਾਇਰਸ ਦੇ ਖਿਲਾਫ ਲੜੀ ਜਾ ਰਹੀ ਜੰਗ ਮਜ਼ਬੂਤ ਹੋਵੇਗੀ। ਪ੍ਰਧਾਨ ਮੰਤਰੀ ਦੀ ਅਪੀਲ ਉੱਤੇ ਦੇਸੀ-ਵਿਦੇਸ਼ੀ ਕਾਰਪੋਰੇਟ ਕੰਪਨੀਆਂ ਅਤੇ ਘਰਾਣਿਆਂ ਨੇ ਦਿਲ ਖੋਲ੍ਹ ਕੇ ਫੰਡ ਦਿੱਤਾ ਸੀ। ਇਸ ਫੰਡ ਦੇ ਟਰੱਸਟ ਦੇ ਚੇਅਰਮੈਨ ਖੁਦ ਪ੍ਰਧਾਨ ਮੰਤਰੀ ਹਨ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਸ ਦੇ ਮੈਂਬਰ ਹਨ। ਇਸ ਫੰਡ ਦੀ ਕਾਇਮ ਹੋਣ ਤੋਂ ਅਗਲੇ ਹੀ ਦਿਨ ਵਿੱਤ ਮੰਤਰੀ ਸੀਤਾਰਮਨ ਅਤੇ ਕਾਰਪੋਰੇਟ ਮੰਤਰਾਲੇ ਨੇ ਐਲਾਨ ਕਰ ਦਿੱਤਾ ਕਿ ਇਸ ਫੰਡ ਵਿੱਚ ਦਾਨ ਕੀਤੀ ਰਾਸ਼ੀ ਨੂੰ ਧਾਰਾ 80 (ਜੀ) ਹੇਠ ਆਮਦਨ ਟੈਕਸ ਤੋਂ ਛੋਟ ਹੋਵੇਗੀ। ਸ਼ੁਰੂ ਵਿੱਚ ਇਸ ਨੂੰ ਇੰਝ ਪੇਸ਼ ਕੀਤਾ ਗਿਆ, ਜਿਵੇਂ ਇਹ ਕੇਂਦਰ ਸਰਕਾਰ ਦਾ ਕੋਈ ਸਰਕਾਰੀ ਫੰਡ ਹੋਵੇ, ਪਰ ਜਲਦੀ ਹੀ ਸਾਫ ਹੋ ਗਿਆ ਕਿ ਗੱਲ ਇਹ ਨਹੀਂ। ਇਥੋਂ ਹੀ ਸ਼ੱਕ ਪੈਦਾ ਹੋਣ ਲੱਗ ਪਏ।
ਪਹਿਲਾ ਸ਼ੱਕ ਇਸ ਗੱਲ ਨੇ ਖੜ੍ਹਾ ਕੀਤਾ ਕਿ ਜਦੋਂ ਕਿਸੇ ਆਫਤ ਜਾਂ ਮਹਾਂਮਾਰੀ ਦਾ ਸਾਹਮਣਾ ਕਰਨ ਲਈ ਪਹਿਲਾਂ ਹੀ ਪ੍ਰਧਾਨ ਮੰਤਰੀ ਰਿਲੀਫ ਫੰਡ ਹੈ ਤਾਂ ਪੀ ਐੱਮ ਕੇਅਰਜ਼ ਫੰਡ ਦੀ ਜ਼ਰੂਰਤ ਕਿਉਂ ਪਈ? ਪਹਿਲੇ ਫੰਡ ਵਿੱਚ 38 ਅਰਬ ਦੇ ਕਰੀਬ ਰੁਪਏ ਪਹਿਲਾਂ ਹੀ ਪਏ ਹਨ। ਫਿਰ ਸਵਾਲ ਪੈਦਾ ਹੋਇਆ ਕਿ ਜੇ ਟਰੱਸਟ ਸਰਕਾਰੀ ਨਹੀਂ ਤਾਂ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਰੱਖਿਆ ਮੰਤਰੀ, ਵਿੱਤ ਮੰਤਰੀ ਇਸ ਟਰੱਸਟ ਦੇ ਮੈਂਬਰ ਕਿਸ ਹੈਸੀਅਤ ਵਿੱਚ ਹਨ? ਜੇ ਇਹ ਸਰਕਾਰੀ ਟਰੱਸਟ ਨਹੀਂ ਤਾਂ ਸਰਕਾਰੀ ਏਜੰਸੀਆਂ ਅਤੇ ਭਾਜਪਾ ਲੀਡਰ ਇਸ ਨੂੰ ਸਰਕਾਰੀ ਕੋਸ਼ ਵਾਂਗ ਪ੍ਰਚਾਰ ਕਿਉਂ ਕਰਦੇ ਹਨ? ਫਿਰ ਇਹ ਵੀ ਬਾਹਰ ਆ ਗਿਆ ਕਿ ਇਸ ਟਰੱਸਟ ਦਾ ਆਡਿਟ ਵੀ ਕੰਪਟਰੋਲਰ ਐਂਡ ਆਡੀਟਰ ਜਨਰਲ (ਕੈਗ) ਨਹੀਂ ਕਰ ਸਕਦਾ, ਸਗੋਂ ਟਰੱਸਟੀਆਂ ਦੇ ਨਿਯੁਕਤ ਕੀਤੇ ਆਡੀਟਰ ਕਰਨਗੇ। ਹਰ ਟਰੱਸਟ ਦੀ ਡੀਡ ਹੁੰਦੀ ਹੈ ਜਿਸ ਵਿੱਚ ਉਸ ਦੇ ਉਦੇਸ਼ਾਂ, ਕਾਰਜ ਪ੍ਰਣਾਲੀ ਤੇ ਰਜਿਸਟਰੇਸ਼ਨ ਵਗੈਰਾ ਦੀ ਜਾਣਕਾਰੀ ਦਿੱਤੀ ਜਾਂਦੀ ਹੈ, ਪਰ ਪੀ ਐੱਮ ਕੇਅਰਜ਼ ਫੰਡ ਦੀ ਅਜਿਹੀ ਕੋਈ ਜਾਣਕਾਰੀ ਅੱਜ ਤੱਕ ਜਨਤਕ ਨਹੀਂ ਕੀਤੀ ਗਈ। ਲੋਕਾਂ ਨੂੰ ਸ਼ਾਇਦ ਹੀ ਕਦੇ ਪਤਾ ਲੱਗੇ ਕਿ ਪੀ ਐਮ ਕੇਅਰਜ਼ ਫੰਡ ਵਿੱਚ ਕਿੰਨਾ ਪੈਸਾ ਜਮ੍ਹਾ ਹੋਇਆ, ਕਿੱਥੋਂ ਆਇਆ, ਕਿੰਨਾ ਪੈਸਾ ਕਿੱਥੇ-ਕਿੱਥੇ ਖਰਚ ਹੋਇਆ।
ਪੀ ਐੱਮ ਕੇਅਰਜ਼ ਫੰਡ ਬਾਰੇ ਪੈਦਾ ਹੋਏ ਸ਼ੱਕ ਦਾ ਤਿੰਨ ਮਹੀਨੇ ਬੀਤਣ ਪਿੱਛੋਂ ਵੀ ਕਿਧਰੋਂ ਕੋਈ ਤਸੱਲੀ ਬਖਸ਼ ਜਵਾਬ ਨਾ ਮਿਲਣ ਨੇ ਮੇਰੇ ਵਰਗੇ ਕਈ ਲੋਕਾ ਦੀ ਸ਼ੱਕ ਵਧਾ ਦਿੱਤਾ ਹੈ। ਇਸ ਫੰਡ ਵਿੱਚ ਪਾਰਦਰਸ਼ਤਾ ਨਾ ਹੋਣ ਕਾਰਨ ਨਾ ਸਿਰਫ ਲੋਕਾਂ ਅੰਦਰ ਭਰਮ ਭੁਲੇਖੇ ਪੈਦਾ ਹੋਏ, ਸਗੋਂ ਆਰ ਟੀ ਆਈ ਕਾਰਕੁਨਾਂ ਅਤੇ ਹੋਰ ਲੋਕਾਂ ਨੇ ਪੀ ਐੱਮ ਕੇਅਰਜ਼ ਫੰਡ ਦਾ ਮੁੱਦਾ ਕੋਰਟ ਤੱਕ ਪਹੁੰਚਾ ਦਿੱਤਾ। ਬੰਬੇ ਅਤੇ ਦਿੱਲੀ ਹਾਈ ਕੋਰਟਾਂ ਵਿੱਚ ਇਸ ਬਾਰੇ ਸੁਣਵਾਈਆਂ ਵਿੱਚ ਸਰਕਾਰੀ ਪੱਖ ਦਾ ਸਾਰਾ ਜ਼ੋਰ ਪੀ ਐੱਮ ਕੇਅਰਜ਼ ਫੰਡ ਨੂੰ ਆਰ ਟੀ ਆਈ ਦੇ ਘੇਰੇ ਤੋਂ ਬਾਹਰ ਰੱਖਣ ਸਮੇਤ ਇਸ ਦੀ ਰਾਜ਼ਦਾਰੀ ਬਣਾਈ ਰੱਖਣ ਤੇ ਲੱਗਾ ਹੋਇਆ ਹੈ। ਸਰਕਾਰ ਨਹੀਂ ਚਾਹੁੰਦੀ ਕਿ ਲੋਕਾਂ ਨੂੰ ਇਸ ਦਾ ਹਿਸਾਬ-ਕਿਤਾਬ ਦਿੱਤਾ ਜਾਵੇ।
ਪਤਾ ਨਹੀਂ ਕਿਉਂ ਜਦੋਂ ਪੀ ਐੱਮ ਕੇਅਰਜ਼ ਫੰਡ ਦੀ ਗੱਲ ਚੱਲਦੀ ਹੈ ਤਾਂ ਮੈਨੂੁੰ ਝੱਟ ਸਾਡੇ ਪ੍ਰਧਾਨ ਸੇਵਕ ਦੇ ‘ਮੈਂ ਤੋ ਫਕੀਰ ਹੂੰ, ਝੋਲਾ ਉਠਾ ਕੇ ਚਲਾ ਜਾਊਂਗਾ’ ਵਾਲੇ ਬਿਆਨ ਅਤੇ ਉਸ ਬਾਬੇ ਦੀ ਕਹਾਣੀ ਚੇਤੇ ਆ ਜਾਂਦੀ ਹੈ ਜਿਹੜਾ ਸੰਗਤ ਨੂੰ ‘ਖਾਲੀ ਖੀਸਾ’ ਦਿਖਾ ਕੇ ਤੁਰਦਾ ਬਣਿਆ ਸੀ। ਹੋਇਆ ਇੰਝ ਕਿ 1969 ਦੀਆਂ ਲੋਕ ਸਭਾ ਚੋਣਾਂ ਵਿੱਚ ਬਠਿੰਡਾ ਹਲਕੇ ਤੋਂ ਇੱਕ ਪਾਰਟੀ ਦੇ ਉਮੀਦਵਾਰ ਦੀ ਆਪਮੁਹਾਰੀ ਚੋਣ ਮੁਹਿੰਮ ਵਿੱਚ ਮੋਟਾ ਫੰਡ ਇਕੱਠਾ ਹੋ ਗਿਆ। ਮਾਇਆ ਦੀ ਵਗਦੀ ਗੰਗਾ ਵਿੱਚ ਹੱਥ ਧੋਣ ਅਤੇ ਵਾਹ-ਵਾਹ ਖੱਟਣ ਲਈ ਬਰੇਟਾ ਇਲਾਕੇ ਦਾ ਇੱਕ ‘ਸੱਤ ਪੱਤਣਾਂ ਵਾਲਾ ਤਾਰੂ ਬਾਬਾ' ਆਪੂ ਹੀ ਚੋਣ ਮੁਹਿੰਮ ਦੀ ਵਾਗਡੋਰ ਸੰਭਾਲ ਬੈਠਾ। ਚੋਣ ਮੁਹਿੰਮ ਦੀ ਸਮਾਪਤੀ ਤੋਂ ਬਾਅਦ ਬਰੇਟਾ ਇਲਾਕੇ ਦੇ ਵਰਕਰਾਂ ਦਾ ਇਕੱਠ ਹੋਇਆ ਅਤੇ ਚੋਣ ਫੰਡਾਂ ਦੇ ਹਿਸਾਬ-ਕਿਤਾਬ ਲਈ ਉਮੀਦਵਾਰ ਦੁਆਲੇ ਜੁੜ ਕੇ ਬੈਠਿਆ। ਜੁੜੀ ਹੋਈ ਸੰਗਤ ਵਿੱਚੋਂ ਕਿਸੇ ਨੇ ਉਨ੍ਹਾਂ ਨੂੰ ਚੋਣ ਮੁਹਿੰਮ ਦੇ ਫੰਡ ਦਾ ਹਿਸਾਬ ਦੇਣ ਲਈ ਆਖ ਦਿੱਤਾ, ਪਰ ਉਹ ਸੰਗਤ ਨੂੰ ਫਤਿਹ ਬੁਲਾ ਕੇ ਆਪਣੇ ਬੇਰੜੀ ਬੋਲੀ ਵਿੱਚ ਕਹਿਣ ਲੱਗੇ, ‘‘ਹੈ ਕਮਲੇ ਨਾ ਹੋਣ ਕਿਤੋਂ ਦੇ, ਮੈਂ ਅਨਪੜ੍ਹ ਬੰਦਾ ਭਲਾ ਕਾਸ ਕਾ ਸਾਹਬ ਦੇਊਂ? ਮੇਰੇ ਪੈ ਤੋ ਜਿਹੜਾ ਪੈਸਾ ਆਵੇ ਥਾ, ਖੀਸੇ ਤੋਂ ਕੱਢ ਕੇ ਫੜਾ ਦੇਊਂ ਤਾ। ਆਹ ਦੇਖ ਲਓ ਭਾਈ ਖੀਸਾ ਮੇਰਾ ਖਾਲੀ ਐ।” ਇੰਨਾ ਕਹਿ ਕੇ ਬਾਬਾ ਜੀ ਨੇ ਖਾਲੀ ਖੀਸੇ ਨੂੰ ਉਲਟ ਕੇ ਦਿਖਾਉਂਦਿਆਂ ਗੱਲ ਨਿਬੇੜ ਦਿੱਤੀ।
ਖੁਦਾ ਨਾ ਖਾਸਤਾ ਜੇ ਕਦੇ ‘ਮੈਂ ਤੋ ਫਕੀਰ ਹੂੰ...’ ਕਹਿਣ ਵਾਲਾ ‘ਪ੍ਰਧਾਨ ਸੇਵਕ’ ਵੀ ਝੋਲਾ ਉਠਾ ਕੇ ਇੰਝ ਹੀ ਤੁਰ ਗਿਆ...?

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ