Welcome to Canadian Punjabi Post
Follow us on

11

August 2020
ਨਜਰਰੀਆ

ਤਵੀਤ ਨਹੀਂ ਹਨ ਫੇਸ ਮਾਸਕ

July 09, 2020 10:09 AM

-ਗੁਰ ਕ੍ਰਿਪਾਲ ਸਿੰਘ ਅਸ਼ਕ
ਕੋਰੋਨਾ ਵਾਇਰਸ ਤੋਂ ਪੈਦਾ ਹੋਏ ਸੰਕਟ ਦੇ ਦੌਰ ਵਿੱਚ ਡਾਕਟਰੀ ਸਲਾਹਾਂ ਤੋਂ ਲੈ ਕੇ ਸਰਕਾਰੀ ਹਦਾਇਤਾਂ ਤੱਕ ਸੋਸ਼ਲ ਡਿਸਟੈਂਸਿੰਗ ਅਤੇ ਵਾਰ-ਵਾਰ ਹੱਥ ਧੋਣ ਦੇ ਨਾਲ ਫੇਸ ਮਾਸਕ ਪਹਿਨਣ ਦੀ ਸਲਾਹ ਦੇ ਰਹੀਆਂ ਹਨ। ਇਹੀ ਇਸ ਬਿਮਾਰੀ ਤੋਂ ਬਚਾਓ ਦੇ ਮੁੱਖ ਤਰੀਕੇ ਹਨ। ਜੇ ਕੋਈ ਜਨਤਕ ਥਾਵਾਂ 'ਤੇ ਫੇਸ ਮਾਸਕ ਨਹੀਂ ਪਹਿਨਦਾ ਜਾਂ ਜਨਤਕ ਥਾਵਾਂ 'ਤੇ ਥੁੱਕਦਾ ਹੈ ਤਾਂ ਉਸ ਲਈ 500 ਰੁਪਏ ਪ੍ਰਤੀ ਅਪਰਾਧ ਜੁਰਮਾਨੇ ਦੀ ਸਜ਼ਾ ਮੌਜੂਦ ਹੈ। ਥੁੱਕਣ ਵਾਲੇ ਤਾਂ ਕਦੇ-ਕਦਾਈਂ ਕਾਬੂ ਆਉਂਦੇ ਹਨ, ਪਰ ਮਾਸਕ ਨਾ ਪਹਿਨਣ ਵਾਲਾ ਦੂਰੋਂ ਦਿਖਾਈ ਦੇ ਜਾਂਦਾ ਹੈ। ਪੰਜ ਸੌ ਰੁਪਏ ਜੁਰਮਾਨਾ ਦੀ ਸਜ਼ਾ ਤੋਂ ਬਚਣ ਲਈ ਲੋਕਾਂ ਨੇ ਫੇਸ ਮਾਸਕ ਕੋਲ ਰੱਖਣੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਨੂੰ ਪਾਉਣਾ ਬਹੁਤਿਆਂ ਦੀ ਆਦਤ ਵਿੱਚ ਅਜੇ ਤੱਕ ਵੀ ਸ਼ਾਮਲ ਨਹੀਂ ਅਤੇ ਪੁਲਸ ਨੂੰ ਦੇਖ ਕੇ ਆਪਣੀ ਜੇਬ ਵਿੱਚ ਪਾਇਆ ਰੁਮਾਲ ਕੱਢ ਕੇ ਮੂੰਹ 'ਤੇ ਲਪੇਟ ਲੈਂਦੇ ਹਨ।
ਰੁਮਾਲ ਜਾਂ ਚੁੰਨੀ ਫੇਸ ਮਾਸਕ ਦਾ ਬਦਲ ਨਹੀਂ ਹਨ। ਉਂਝ ਐਮਰਜੈਂਸੀ ਸਮੇਂ ਇਨ੍ਹਾਂ ਦੀ ਵਰਤੋਂ ਕਰ ਲੈਣੀ ਥੋੜ੍ਹਾ-ਬਹੁਤਾ ਫਾਇਦਾ ਭਾਵੇਂ ਦੇ ਸਕਦੀ ਹੈ, ਪਰ ਤਰਸ ਉਨ੍ਹਾਂ ਲੋਕਾਂ ਦੀ ਅਕਲ ਉੱਤੇ ਆਉਂਦਾ ਹੈ, ਜੋ ਫੇਸ ਮਾਸਕ ਖਰੀਦ ਵੀ ਲੈਂਦੇ ਹਨ, ਪਰ ਮੂੰਹ 'ਤੇ ਲਾਉਣ ਦੀ ਥਾਂ ਇਸ ਨੂੰ ਗਲੇ ਵਿੱਚ ਲਟਕਾ ਲੈਂਦੇ ਹਨ। ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਤਵੀਤ ਨਹੀਂ ਹਨ, ਜੋ ਗਲੇ ਵਿੱਚ ਲਟਕਾਉਣ ਨਾਲ ਹੀ ਕੋਰੋਨਾ ਤੋਂ ਬਚਾਅ ਕਰ ਦੇਣਗੇ।
ਸਮਝਣ ਵਾਲੇ ਸਮਝਦੇ ਹਨ ਕਿ ਇਨ੍ਹਾਂ ਨੂੰ ਕੋਰੋਨਾ ਵਾਇਰਸ ਤੋਂ ਵੱਡਾ ਪੁਲਸ ਦਾ ਚਲਾਣ ਲੱਗਦਾ ਹੈ। ਇਹ ਗਲੇ ਵਿੱਚ ਲਟਕਾਉਂਦੇ ਸਿਰਫ ਇਸ ਕਾਰਨ ਹਨ ਕਿ ਜੇ ਪੁਲਸ ਦਾ ਨਾਕਾ ਲੱਗਾ ਦਿਖਾਈ ਦੇ ਜਾਵੇ ਤਾਂ ਉਹ ਇਸ ਨੂੰ ਖਿੱਚ ਕੇ ਮੂੰਹ 'ਤੇ ਕਰ ਲੈਣ। ਉਨ੍ਹਾਂ ਲੋਕਾਂ ਨੂੰ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਸ ਤਰ੍ਹਾਂ ਦੀਆਂ ਚਲਾਕੀਆਂ ਨਾਲ ਉਹ ਕਿਸੇ ਨੂੰ ਨਹੀਂ, ਬਲਕਿ ਆਪਣੇ-ਆਪ ਨੂੰ ਧੋਖਾ ਦੇ ਰਹੇ ਹਨ। ਜੇ ਉਹ ਉਸ ਵਾਇਰਸ ਦੇ ਕਾਬੂ ਆ ਗਏ ਤਾਂ ਕੇਵਲ ਆਪ ਹੀ ਨਹੀਂ ਬਲਕਿ ਘਰ ਬੈਠੇ ਪਰਵਾਰ ਦੇ ਜੀਆਂ ਅਤੇ ਦੋਸਤਾਂ-ਮਿੱਤਰਾਂ ਲਈ ਵੀ ਸੰਕਟ ਖੜ੍ਹਾ ਕਰ ਸਕਦੇ ਹਨ।
ਆਮ ਲੋਕਾਂ ਲਈ ਘਰ ਵਿੱਚ ਕੱਪੜੇ ਤੋਂ ਬਣਾਇਆ ਮਾਸਕ ਸੁਰੱਖਿਆ ਲਈ ਕਾਫੀ ਹੁੰਦਾ ਹੈ। ਐਨ 95 ਕਿਸਮ ਦੇ ਮਾਸਕ ਉਨ੍ਹਾਂ ਡਾਕਟਰਾਂ ਅਤੇ ਮੈਡੀਕਲ ਸਟਾਫ ਲਈ ਹਨ, ਜੋ ਕੋਰੋਨਾ ਮਰੀਜ਼ਾਂ ਦੇ ਇਲਾਜ ਵਿੱਚ ਲੱਗੇ ਹੋਏ ਹਨ। ਦੇਖਣ ਵਿੱਚ ਆਇਆ ਹੈ ਕਿ ਕੁਝ ਆਮ ਲੋਕ ਵੀ ਇਸ ਸ਼੍ਰੇਣੀ ਦੇ ਮਾਸਕ ਚੁੱਕੀ ਫਿਰਦੇ ਹਨ। ਉਹ ਜਿਵੇਂ ਇਨ੍ਹਾਂ ਦੀ ਵਰਤੋਂ ਕਰ ਰਹੇ ਹਨ, ਓਦਾਂ ਇਹ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਦੇਣ ਵਿੱਚ ਅਰਥਹੀਣ ਹੋ ਜਾਂਦੇ ਹਨ। ਮਾਸਕ ਨੂੰ ਸਿਰਫ ਇਸ ਦੀਆਂ ਤਣੀਆਂ ਤੋਂ ਫੜ ਕੇ ਲਾਇਆ ਜਾਣਾ ਚਾਹੀਦਾ ਹੈ ਅਤੇ ਇਸ ਦੇ ਉਪਰ ਕਦੇ ਹੱਥ ਨਹੀਂ ਲਾਇਆ ਜਾਣਾ ਚਾਹੀਦਾ ਤਾਂ ਕਿ ਵਾਇਰਸ ਦੀ ਮੌਜੂਦਗੀ ਵਿੱਚ ਉਸ ਦੇ ਪਸਾਰ ਤੋਂ ਗੁਰੇਜ਼ ਹੋ ਸਕੇ। ਇਸ ਦੇ ਅੰਦਰਲੇ ਪਾਸੇ ਨੂੰ ਨਹੀਂ ਛੂਹਣਾ ਚਾਹੀਦਾ, ਪਰ ਅਕਸਰ ਦੇਖਣ ਵਿੱਚ ਇਹ ਆਉਂਦਾ ਹੈ ਕਿ ਲੋਕ ਇਨ੍ਹਾਂ ਗੱਲਾਂ ਵੱਲ ਬਿਲਕੁਲ ਧਿਆਨ ਨਹੀਂ ਦਿੰਦੇ।
ਅਨੇਕਾਂ ਅਜਿਹੇ ਲੋਕ ਹਨ, ਜੋ ਇਨ੍ਹਾਂ ਨੂੰ ਜੇਬ ਵਿੱਚ ਪਾ ਲੈਂਦੇ ਹਨ ਤੇ ਬਿਨਾਂ ਉਪਰੋਕਤ ਗੱਲਾਂ ਦੀ ਪਾਲਣਾ ਕੀਤੇ ਤੋਂ ਮਾਸਕ ਨੂੰ ਮੂੰਹ 'ਤੇ ਚੜ੍ਹਾ ਲੈਂਦੇ ਹਨ। ਜੇ ਵਾਇਰਸ ਤੋਂ ਪ੍ਰਭਾਵਤ ਹੋਈ ਥਾਂ 'ਤੇ ਗਲਤੀ ਨਾਲ ਵੀ ਹੱਥ ਲੱਗਾ ਹੋਵੇ ਤਾਂ ਇਸ ਨੂੰ ਅੰਦਰੋਂ ਛੂਹ ਲੈਣ ਨਾਲ ਵਾਇਰਸ ਦਾ ਸੁਭਾਵਿਕ ਹੀ ਅੱਗੇ ਸਫਰ ਸ਼ੁਰੂ ਹੋ ਜਾਵੇਗਾ। ਰੁਮਾਲ ਅਤੇ ਚੁੰਨੀ ਦੇ ਮਾਮਲੇ ਵਿੱਚ ਵੀ ਇਹੀ ਗਲਤੀ ਹੁੰਦੀ ਹੈ। ਅਕਸਰ ਅਜਿਹੇ ਲੋਕ ਦੇਖਣ ਨੂੰ ਮਿਲਦੇ ਹਨ, ਜੋ ਮਾਸਕ ਲਾ ਕੇ ਇਹ ਆਖ ਕੇ ਨੱਕ ਬਾਹਰ ਕਰ ਲੈਂਦੇ ਹਨ ਕਿ ਉਨ੍ਹਾਂ ਦਾ ਦਮ ਘੁਟਣ ਲੱਗ ਜਾਂਦਾ ਹੈ। ਹਕੀਕਤ ਇਹ ਹੈ ਕਿ ਮਾਸਕ ਲਾਉਣ ਨਾਲ ਦਮ ਨਹੀਂ ਘੁਟਦਾ ਬਲਕਿ ਅਸੀਂ ਖੁਦ ਹੀ ਅਜਿਹਾ ਵਹਿਮ ਪਾਲ ਲੈਂਦੇ ਹਾਂ। ਜ਼ਰੂਰਤ ਮਾਸਕ ਪਹਿਨਣ ਦੀ ਆਦਤ ਬਣਾਉਣ ਦੀ ਹੈ।
ਹਕੀਕਤ ਵਿੱਚ ਮਾਸਕ ਕੇਵਲ ਸਾਨੂੰ ਅਚੇਤਤ ਸਾਹਮਣੇ ਆਉਣ ਵਾਲੇ ਸੰਕਟ ਤੋਂ ਬਚਾਅ ਲਈ ਹੀ ਨਹੀਂ, ਬਲਕਿ ਇਸ ਗੱਲੋਂ ਚੌਕਸ ਰੱਖਣ ਲਈ ਵੀ ਹਨ ਕਿ ਅਸੀਂ ਆਪਣੀ ਆਦਤ ਤਹਿਤ ਨੱਕ, ਮੂੰਹ ਅਤੇ ਅੱਖਾਂ ਨੂੰ ਨਾ ਛੂਹ ਲਈਏ। ਕੋਰੋਨਾ ਵਾਇਰਸ ਇਨ੍ਹਾਂ ਤਿੰਨਾਂ ਰਸਤਿਆਂ ਤੋਂ ਹੀ ਮਨੁੱਖ ਦੇ ਸਰੀਰ ਵਿੱਚ ਪ੍ਰਵੇਸ਼ ਕਰ ਸਕਦਾ ਹੈ। ਜਾਣਕਾਰਾਂ ਮੁਤਾਬਕ ਇੱਕ ਵਿਅਕਤੀ ਇੱਕ ਘੰਟੇ ਵਿੱਚ ਔਸਤ 16 ਵਾਰ ਆਪਣੇ ਚਿਹਰੇ ਨੂੰ ਛੂੰਹਦਾ ਹੈ। ਆਸਟਰੇਲੀਆ ਵਿੱਚ ਮੈਡੀਕਲ ਦੇ ਵਿਦਿਆਰਥੀਆਂ 'ਤੇ 2015 ਵਿੱਚ ਹੋਈ ਸਟੱਡੀ ਦੇ ਨਤੀਜਿਆਂ ਮੁਤਾਬਕ ਇਹ ਗਿਣਤੀ ਔਸਤ 23 ਸੀ ਅਤੇ ਇਨ੍ਹਾਂ 'ਚੋਂ ਅੱਧੀ ਵਾਰ ਉਨ੍ਹਾਂ ਨੇ ਆਪਣੇ ਮੂੰਹ, ਨੱਕ ਤੇ ਅੱਖਾਂ ਨੂੰ ਛੂਹਿਆ ਸੀ। ਇਥੋਂ ਤੱਕ ਕਿ ਉਹ ਪੇਸ਼ੇਵਰ ਲੋਕ ਜਿਨ੍ਹਾਂ ਨੂੰ ਇਸ ਤਰ੍ਹਾਂ ਨਾਲ ਛੂਹਣ ਦੇ ਨਤੀਜਿਆਂ ਦਾ ਪਤਾ ਹੈ, ਉਨ੍ਹਾਂ ਨੇ ਵੀ ਦੋ ਘੰਟੇ ਵਿੱਚ ਆਪਣੇੇ ਚਿਹਰੇ ਨੂੰ ਔਸਤ 10 ਵਾਰ ਛੂਹਿਆ।
ਸੰਨ 2012 ਵਿੱਚ ਫਲੋਰੀਆਨੋਪੋਲਿਸ, ਬਰਾਜ਼ੀਲ ਅਤੇੇ ਵਾਸ਼ਿੰਗਟਨ ਡੀ ਸੀ ਦੇ ਇੱਕ ਸਬਵੇਅ 'ਤੇ ਕੀਤੇ ਗਏ ਅਧਿਐਨ ਵਿੱਚ ਸਾਹਮਣੇ ਆਇਆ ਸੀ ਕਿ ਇੱਕ ਮਨੁੱਖ ਇੱਕ ਘੰਟੇ ਵਿਚ ਕਿਸੇ ਸਤ੍ਹਾ ਨੂੰ ਛੂਹਣ ਤੋਂ ਬਾਅਦ ਤਿੰਨ ਤੋਂ ਵਧੇਰੇ ਵਾਰ ਆਪਣੇ ਹੱਥ ਨੂੰ ਨੱਕ ਜਾਂ ਮੂੰਹ 'ਤੇ ਲੈ ਕੇ ਗਏ। ਇਹ ਮਨੁੱਖ ਦੀ ਜਮਾਂਦਰੂ ਆਦਤ ਹੈ। ਕੋਈ ਇਹ ਦਾਅਵਾ ਕਰੇ ਕਿ ਉਸ ਨੇ ਇਸ 'ਤੇ ਕਾਬੂ ਪਾ ਲਿਆ ਹੈ ਤਾਂ ਝੂਠ ਹੋਵੇਗਾ। ਇਸ ਹਾਲਾਤ ਵਿੱਚ ਫੇਸ ਮਾਸਕ ਹੀ ਇਸ ਤੋਂ ਚੌਕਸ ਰੱਖ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਫੇਸ ਮਾਸਕ ਦੀ ਵਰਤੋਂ ਕਰੀਏ ਤੇ ਇਸ ਨੂੰ ਪਹਿਨਣ ਤੋਂ ਪਹਿਲਾਂ ਇਸ ਨੂੰ ਪਹਿਨਣ ਦੇ ਤੌਰ ਤਰੀਕੇ ਵੀ ਚੰਗੀ ਤਰ੍ਹਾਂ ਸਿੱਖ ਲਈਏ।
ਆਓ! ਇਸ ਦੇ ਨਾਲ ਗੱਲ ਕਰ ਲਈਏ ਕੋਰੋਨਾ ਤੋਂ ਬਚਾਅ ਲਈ ਦੂਜੇ ਦੱਸੇ ਗਏ ਢੰਗਾਂ ਦੀ। ਸਾਡੇ ਸਭਿਆਚਾਰ ਮੁਤਾਬਕ ਦੂਜਿਆਂ ਨਾਲ ਹੱਥ ਮਿਲਾਉਣ ਜਾਂ ਮੂੰਹ ਚੁੰਮਣ ਦੀ ਬਜਾਏ ਇੱਕ ਫਾਸਲੇ ਤੋਂ ਨਮਸਤੇ, ਆਦਾਬ ਅਰਥਾਤ ਸਤਿ ਸ੍ਰੀ ਅਕਾਲ ਕਹਿਣਾ ਬਿਹਤਰ ਹੈ। ਦੋ ਗਜ਼ ਦਾ ਫਾਸਲਾ ਇਸ ਲਈ ਵੀ ਜ਼ਰੂਰੀ ਹੈ ਕਿ ਖੰਘਣ ਜਾਂ ਛਿੱਕਣ ਨਾਲ ਵਾਇਰਸ ਥੁੱਕ ਦੀਆਂ ਸੂਖਮ ਬੂੰਦਾਂ ਰਾਹੀਂ ਦੂਜੇ ਦੇ ਸਾਹਾਂ ਵਿੱਚ ਰਲ ਕੇ ਉਸ ਨੂੰ ਪ੍ਰਭਾਵਤ ਕਰ ਸਕਦਾ ਹੈ। ਪਾਨ-ਮਸਾਲੇ ਮੂੰਹ ਵਿੱਚ ਪਾ ਕੇ ਥਾਂ-ਥਾਂ ਥੁੱਕਣਾ ਬਿਮਾਰੀ ਦੇ ਪਸਾਰ ਵਿੱਚ ਸਹਾਈ ਹੋਣਾ ਹੀ ਹੈ।

Have something to say? Post your comment