Welcome to Canadian Punjabi Post
Follow us on

11

August 2020
ਨਜਰਰੀਆ

ਮਾਂ ਦੇ ਹੱਥਾਂ ਦੀ ਛੋਹ

July 09, 2020 10:09 AM

-ਗੁਰਬਿੰਦਰ ਸਿੰਘ ਮਾਣਕ
ਬਹੁਤ ਛੋਟੇ ਹੁੰਦਿਆਂ ਮੈਂ ਤੇ ਮੇਰਾ ਛੋਟਾ ਭਰਾ ਅੱਗੜ-ਪਿੱਛੜ ਪੜ੍ਹਦੇ ਸਾਂ। ਸਕੂਲ ਪੜ੍ਹਦੇ ਸਮੇਂ ਸ਼ਨੀਵਾਰ ਨੂੰ ਅੱਧੀ ਛੁੱਟੀ ਸਾਰੀ ਹੋਣ ਦੀ ਖੁਸ਼ੀ ਹੀ ਨਹੀਂ ਸੰਭਾਲੀ ਜਾਂਦੀ ਸੀ, ਐਤਵਾਰ ਦੀ ਪੂਰੀ ਛੁੱਟੀ ਨਾਲ ਮਨ ਖਿੜ ਉਠਦਾ ਸੀ। ਬਹੁਤ ਚਾਅ ਨਾਲ ਮਾਂ ਕੋਲ ਬੈਠ ਕੇ ਆਪਣੀ ਖੁਸ਼ੀ ਸਾਂਝੀ ਕਰਦੇ ਕਿ ਕੱਲ੍ਹ ਅਸੀਂ ਸਕੂਲ ਜਾਣਾ ਹੀ ਨਹੀਂ। ਮਾਂ ਪਿਆਰ ਨਾਲ ਮੱਥੇ ਚੁੰਮਦੀ ਤਾਂ ਸਾਡੀ ਖੁਸ਼ੀ ਦੂਣ ਸਵਾਈ ਹੋ ਜਾਂਦੀ। ਉਹ ਆਪਣੇ ਕੋਲ ਬਿਠਾ ਕੇ ਦੁੱਧ ਪਿਲਾਉਂਦੀ। ਧਤੂਨੇ ਵਿੱਚੋਂ ਮਲਾਈ ਕੱਢ ਕੇ ਬੇਹੀ ਰੋਟੀ 'ਤੇ ਰੱਖ ਕੇ ਉੱਤੇ ਸ਼ੱਕਰ ਪਾ ਕੇ ਖਾਣ ਲਈ ਦਿੰਦੀ। ਨਾਲ ਨਾਲ ਗੱਲਾਂ ਵੀ ਕਰੀ ਜਾਂਦੀ। ਜਾਪਦਾ ਜਿਵੇਂ ਸਕੂਲ ਛੁੱਟੀ ਹੋਣ ਦੀ ਉਸ ਨੂੰ ਵੀ ਅੰਤਾਂ ਦੀ ਖੁਸ਼ੀ ਹੋਈ।
ਸ਼ਾਮ ਪਏ ਖੇਤਾਂ ਵਿੱਚੋਂ ਪਿਤਾ ਜੀ ਆਉਂਦੇ ਤਾਂ ਅਸੀਂ ਦੋਵੇਂ ਦੌੜ ਕੇ ਉਨ੍ਹਾਂ ਦੀਆਂ ਲੱਤਾਂ ਨਾਲ ਚਿੰਬੜ ਜਾਂਦੇ ਤੇ ਉਨ੍ਹਾਂ ਨਾਲ ਵੀ ਅਗਲੇ ਦਿਨ ਦੀ ਛੁੱਟੀ ਦੀ ਖੁਸ਼ੀ ਸਾਂਝੀ ਕਰਦੇ। ਖੇਤੀ ਦੇ ਕੰਮ ਵਿੱਚ ਥੱਕੇ ਹੋਣ ਦੇ ਬਾਵਜੂਦ ਸਾਨੂੰ ਗਲਵਕੜੀ ਵਿੱਚ ਲੈ ਕੇ ਪਿਆਰ ਕਰਦੇ। ਨਿੱਕੀਆਂ ਨਿੱਕੀਆਂ ਗੱਲਾਂ ਵੀ ਕਰੀ ਜਾਂਦੇ। ਸਾਡੀ ਪੜ੍ਹਾਈ ਦੀ ਜਾਣਕਾਰੀ ਲੈਂਦੇ। ਅਸੀਂ ਸਕੂਲ ਵਿੱਚ ਵਾਪਰਿਆ ਸਭ ਕਝ ਦੱਸ ਦਿੰਦੇ। ਨਾਲ ਇੱਕ ਦੂਜੇ ਦੀਆਂ ਸ਼ਿਕਾਇਤਾਂ ਵੀ ਲਾਈ ਜਾਂਦੇ। ਪਿਤਾ ਜੀ ਸਾਡੀਆਂ ਗੱਲਾਂ ਸੁਣਦੇ ਖੁਸ਼ ਵੀ ਹੁੰਦੇ ਤੇ ਵਿੱਚ ਵਿੱਚ ਸਾਡੇ ਕੰਨ ਵੀ ਮਰੋੜੀ ਜਾਂਦੇ। ਮਾਂ ਤੇ ਵੱਡੀ ਭੈਣ ਵਾਰ ਵਾਰ ਆ ਕੇ ਟੋਕਦੀਆਂ,‘‘ਚਲੋ ਬੱਸ ਕਰੋ, ਪਿਤਾ ਜੀ ਨੂੰ ਨਹਾ ਲੈਣ ਦਿਓ।” ਪਿਤਾ ਜੀ ਨਹਾ ਕੇ ਰਹਿਰਾਸ ਦਾ ਪਾਠ ਕਰਦੇ। ਅਰਦਾਸ ਉਪਰੰਤ ਅਸੀਂ ਦੋਵੇਂ ਫਿਰ ਉਨ੍ਹਾਂ ਦੇ ਮੰਜੇ ਉਤੇ ਜਾ ਕੇ ਬੈਠਦੇ। ਉਹ ਸਾਨੂੰ ਸਿੱਖ ਇਤਿਹਾਸ ਦੀਆਂ ਕਈ ਸਾਖੀਆਂ ਸੁਣਾਉਂਦੇ। ਜੇ ਸਾਡਾ ਹੁੰਗਾਰਾ ਮੱਠਾ ਹੁੰਦਾ ਤਾਂ ਉਨ੍ਹਾਂ ਤੋਂ ਝਿੜਕਾਂ ਵੀ ਪੈਂਦੀਆਂ। ਰੋਟੀ ਖਾਣ ਉਪਰੰਤ ਪਤਾ ਨਾ ਲੱਗਦਾ ਕਿ ਕਦੋਂ ਨੀਂਦ ਦੇ ਘੋੜੇ 'ਤੇ ਸਵਾਰ ਹੋ ਗਏ। ਪਹਿਲਾਂ ਜਾਗਦਿਆਂ ਦੋਵਾਂ ਵਿੱਚ ਇਹ ਲੜਾਈ ਹੁੰਦੀ ਕਿ ਪਿਤਾ ਜੀ ਨਾਲ ਕੌਣ ਸੌਵੇਂਗਾ। ਕਈ ਵਾਰ ਸਾਡੀ ਜ਼ਿੱਦ ਅੱਗੇ ਹਾਰਦਿਆਂ ਪਤਿਾ ਜੀ ਇੱਕ ਨੂੰ ਇੱਕ ਪਾਸੇ ਪਾ ਲੈਂਦੇ ਅਤੇ ਦੂਜੇ ਨੂੰ ਦੂਜੇ ਪਾਸੇ।
ਪਿਤਾ ਜੀ ਨੂੰ ਵੱਡੇ ਤੜਕੇ ਉੱਠਣ ਦੀ ਆਦਤ ਸੀ। ਉਹ ਇਸ਼ਨਾਨ ਕਰਨ ਉਪਰੰਤ ਸੁਖਮਣੀ ਸਾਹਿਬ ਸਮੇਤ ਨਿੱਤ ਨੇਮ ਦੀਆਂ ਸਾਰੀਆਂ ਬਾਣੀਆਂ ਦਾ ਪਾਠ ਕਰਦੇ। ਉਹ ਸਾਰੇ ਪਰਵਾਰ ਨੂੰ ਵੀ ਇਹੀ ਕਹਿੰਦੇ ਕਿ ਸਾਰੇ ਵੇਲੇ ਸਿਰ ਉੱਠੋ। ਆਮ ਦਿਨਾਂ ਵਿੱਚ ਸਾਡੇ ਉੱਤੇ ਵੀ ਇਹੀ ਨਿਯਮ ਲਾਗੂ ਹੁੰਦਾ, ਪਰ ਛੁੱਟੀ ਵਾਲੇ ਦਿਨ ਸਾਨੂੰ ਥੋੜ੍ਹਾ ਚਿਰ ਹੋਣ ਸੌਣ ਦੀ ਛੋਟ ਮਿਲ ਜਾਂਦੀ। ਇਹ ਛੋਟ ਏਨੀ ਜ਼ਿਆਦਾ ਵੀ ਨਹੀਂ ਸੀ ਹੁੰਦੀ ਕਿ ਸਾਰਾ ਦਿਨ ਸੁੱਤੇ ਰਹੀਏ। ਐਤਵਾਰ ਨੂੰ ਸਭ ਤੋਂ ਵੱਡਾ ਤੇ ਮੁਸ਼ਕਲ ਕੰਮ ਸਿਰ ਨਹਾਉਣਾ ਹੁੰਦਾ। ਸਾਡੀ ਇੱਛਾ ਹੁੰਦੀ ਸੀ ਕਿ ਨਹਾਉਣ ਧੁਆਉਣ ਦਾ ਕੰਮ ਮਾਂ ਕਰੇ। ਮਾਂ ਪਿਆਰ ਨਾਲ ਦੁਲਾਰੀ ਵੀ ਜਾਂਦੀ ਤੇ ਸਾਡੇ ਗਿੱਟਿਆਂ ਗੋਡਿਆਂ ਨੂੰ ਰਗੜ ਰਗੜ ਕੇ ਮੈਲ ਵੀ ਲਾਹੀ ਜਾਂਦੀ। ਮੈਂ ਅੱਖਾਂ ਵਿੱਚ ਸਾਬਣ ਪੈਣ ਤੋਂ ਬਹੁਤ ਘਬਰਾਉਂਦਾ। ਮਾਂ ਸਾਹਮਣੇ ਅਸੀਂ ਰੋਣ ਵੀ ਲੱਗ ਜਾਂਦੇ। ਉਹ ਸਾਨੂੰ ਪੁਚਕਾਰ ਕੇ ਚੁੱਪ ਕਰਾ ਲੈਂਦੀ। ਸਾਨੂੰ ਮਾਂ ਦੇ ਹੱਥਾਂ ਦੀ ਛੋਹ ਨਾਲ ਛੇਤੀ ਸਭ ਕੁਝ ਭੁੱਲ ਜਾਂਦਾ। ਸਾਡੇ ਨਾ ਚਾਹੰੁਦਿਆਂ ਵੀ ਅਕਸਰ ਪਿਤਾ ਜੀ ਸਾਡਾ ਇਸ਼ਨਾਨ ਕਰਉਂਦੇ।
ਉਨ੍ਹਾਂ ਦਿਨਾਂ ਵਿੱਚ ਘਰਾਂ ਵਿੱਚ ਪਾਣੀ ਲਈ ਨਲਕੇ ਹੀ ਹੁੰਦੇ ਸਨ। ਪਿਤਾ ਜੀ ਸਾਡੇ ਸਿਰਾਂ ਨੂੰ ਦੋ-ਦੋ ਵਾਰ ਸਾਬਣ ਲਾਉਂਦੇ। ਸਾਨੂੰ ਹਦਾਇਤ ਵੀ ਕਰੀ ਜਾਂਦੇ ਕਿ ਸਿਰ ਨੂੰ ਮਲੀ ਜਾਓ। ਅੱਖਾਂ ਵਿੱਚ ਸਾਬਣ ਪੈ ਕੇ ਸਾਡੇ ਬੁਰਾ ਹਾਲ ਹੋ ਜਾਂਦਾ। ਪਿਤਾ ਜੀ ਦੇ ਦਬਕੇ ਕਾਰਨ ਅਸੀਂ ਚਾਹ ਕੇ ਵੀ ਰੋ ਨਾ ਸਕਦੇ। ਪਿਤਾ ਜੀ ਨਲਕਾ ਗੇੜੀ ਜਾਂਦੇ ਤੇ ਅਸੀਂ ਹਉਕੇ ਭਰਦੇ ਸਿਰ ਮਲੀ ਜਾਂਦੇ। ਇਸ ਪਿੱਛੋਂ ਸਾਡੇ ਸਿਰਾਂ ਵਿੱਚ ਦਹੀਂ ਮਲਿਆ ਜਾਂਦਾ। ਘੱਟੋ ਘੱਟ ਅੱਧਾ ਘੰਟਾ ਪਿਤਾ ਜੀ ਸਾਡੇ ਸਿਰ ਨਹਾਉਣ 'ਤੇ ਲਾਉਂਦੇ। ਫਿਰ ਪਿੰਡਿਆਂ ਨੂੰ ਸਾਬਣ ਮਲਦੇ, ਨਾਲ ਸਾਨੂੁੰ ਹੱਥਾਂ ਪੈਰਾਂ ਤੇ ਗਿੱਟਿਆਂ ਗੋਡਿਆਂ ਨੂੰ ਮਲੀ ਜਾਣ ਦਾ ਆਦੇਸ਼ ਵੀ ਦਿੰਦੇ। ਕਦੇ ਸਾਡੇ ਕੋਲੋਂ ਵਾਰ ਵਾਰ ਨੱਕ ਸਾਫ ਕਰਾਉਂਦੇ। ਗੱਲ ਕੀ ਅਸੀਂ ਰੋਣਹਾਕੇ ਮੂੰਹ ਬਣਾਈ ਥੱਕ ਹਾਰ ਜਾਂਦੇ ਕਿ ਪਿਤਾ ਜੀ ਬੱਸ ਕਰਨ, ਪਰ ਪਿਤਾ ਜੀ ਕਹੀ ਜਾਂਦੇ, ‘‘ਪੁੱਤ, ਦੋ-ਦੋ ਚੁੱਭੀਆਂ ਹੋਰ ਲਾ ਲਓ ਮੈਂ ਗੇੜਦਾਂ ਨਲਕਾ।” ਸਿਆਲਾਂ ਦੇ ਦਿਨਾਂ ਵਿੱਚ ਇਹ ਸਥਿਤੀ ਹੋਰ ਵੀ ਦੁਖਦਾਈ ਬਣ ਜਾਂਦੀ। ਅੱਜ ਵਾਂਗ ਗੀਜ਼ਰ ਤਾਂ ਘਰਾਂ ਵਿੱਚ ਹੁੰਦੇ ਨਹੀਂ ਸਨ। ਪਿਤਾ ਜੀ ਸਰ੍ਹੋਂ ਦਾ ਤੇਲ ਲੈ ਕੇ ਪਹਿਲਾਂ ਸਾਡੀ ਮਾਲਿਸ਼ ਕਰਦੇ ਤੇ ਤਾਜ਼ੇ ਪਾਣੀ ਨਾਲ ਸਾਨੂੰ ਨੁੁਹਾ ਕੇ ਰਜਾਈ ਵਿੱਚ ਬਿਠਾ ਦਿੰਦੇ।
ਪਿਤਾ ਜੀ ਪਾਸੇ ਹੁੰਦੇ ਤਾਂ ਅਸੀਂ ਮਾਂ ਕੋਲ ਆਉਂਦਿਆਂ ਹੀ ਰੋਣ ਲੱਗ ਜਾਂਦੇ। ਉਹ ਸਾਨੂੰ ਕਲਾਵੇ ਵਿੱਚ ਲੈ ਕੇ ਪਿਆਰ ਕਰਦੀ, ਸਾਡੇ ਪੀਣ ਲਈ ਦੁੱਧ ਲਿਆਉਂਦੀ। ਅਸੀਂ ਝੱਟ ਰੋਣਾ-ਧੋਣਾ ਭੁੱਲ ਕੇ ਮਾਂ ਨਾਲ ਗੱਲਾਂ ਕਰਨ ਲੱਗਦੇ। ਕਈ ਵਾਰ ਪਿਤਾ ਜੀ ਸਾਡੇ ਸਿਰਾਂ ਵਿੱਚ ਤੇਲ ਵੀ ਆਪ ਹੀ ਝੱਸਦੇ, ਪਰ ਸਾਡਾ ਮਨ ਕਰਦਾ ਤੇਲ ਵੀ ਮਾਂ ਹੀ ਲਾਵੇ ਤੇ ਸਿਰ ਵਾਹ ਕੇ ਜੂੜਾ ਵੀ ਉਹੀ ਕਰੇ। ਮਾਂ ਚੰਗੀ ਤਰ੍ਹਾਂ ਤੇਲ ਝੱਸ ਕੇ ਉਲਝੇ ਵਾਲਾਂ ਨੂੰ ਹੌਲੀ-ਹੌਲੀ ਵਾਹੰੁਦੀ। ਵੱਡੇ ਹੋਇਆਂ ਸਿਰ ਭਾਵੇਂ ਆਪ ਨਹਾ ਲੈਂਦੇ, ਪਰ ਤੇਲ ਮਾਂ ਹੀ ਝੱਸਦੀ ਰਹੀ। ਵਿਆਹੇ ਜਾਣ ਤੋਂ ਕਿੰਨੇ ਸਾਲਾਂ ਤੱਕ ਤੇਲ ਮਾਂ ਹੀ ਝੱਸਦੀ ਰਹੀ। ਕਿੰਨਾ ਸਕੂਨ ਮਿਲਦਾ ਸੀ ਮਾਂ ਦੇ ਹੱਥਾਂ ਦੀ ਛੋਹ ਨਾਲ ਇਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ।
ਸਮਾਂ ਭਾਵੇਂ ਬਹੁਤ ਬਦਲ ਗਿਆ ਹੈ, ਪਰ ਮਾਂ ਦੀ ਮਮਤਾ ਨੂੰ ਸ਼ਾਇਦ ਕੋਈ ਫਰਕ ਨਹੀਂ ਪਿਆ। ਮੇਰਾ ਪੁੱਤਰ ਅਤੇ ਧੀ ਵੀ ਉਸੇ ਤਰ੍ਹਾਂ ਕਰਦੇ ਹਨ, ਭਾਵੇਂ ਸਾਰਾ ਦਿਨ ਸਿਰ ਖਿਲਾਰੀ ਬੈਠੇ ਰਹਿਣ, ਆਪਣੇ ਆਪ ਤੇਲ ਨਹੀਂ ਲਾਉਂਦੇ। ਉਹ ਵੀ ਮਾਂ ਦੇ ਹੱਥਾਂ ਦੀ ਛੋਹ ਲੈਣ ਲਈ ਹਮੇਸ਼ਾ ਬੇਤਾਬ ਰਹਿੰਦੇ ਹਨ। ਔਰਤ ਮਾਂ, ਪਤਨੀ, ਭੈਮ ਤੇ ਧੀ ਦੇ ਰੂਪ ਵਿੱਚ ਜ਼ਿੰਦਗੀ ਦੀ ਧਰੋਹਰ ਹੈ। ਇਸ ਦੀ ਨਿਰਛਲ ਤੇ ਆਪਾ ਵਾਰੂ ਭਾਵਨਾ ਦਾ ਕਰਜ਼ ਕਰਦੇ ਨਹੀਂ ਉਤਾਰਿਆ ਜਾ ਸਕਦਾ।

Have something to say? Post your comment