Welcome to Canadian Punjabi Post
Follow us on

11

August 2020
ਨਜਰਰੀਆ

ਅਜੋਕੇ ਅਤੇ ਅਤੀਤ ਦੇ ਛੜੇ

July 08, 2020 09:13 AM

-ਪਰਮਜੀਤ ਕੌਰ ਸਰਹਿੰਦ
‘ਛੜਾ' ਸ਼ਬਦ ਦਾ ਜ਼ਿਕਰ ਸੁਣਦਿਆਂ ਹੀ ਛੜੇ ਨਾਲ ਸਬੰਧਤ ਪੰਜਾਬੀ ਗੀਤ, ਲੋਕਗੀਤ ਜਾਂ ਲੋਕ-ਕਾਵਿ ਦੀ ਕੋਈ ਬੋਲੀ ਜ਼ਿਹਨ ਵਿੱਚ ਗੁੂੰਜਣ ਲੱਗਦੀ ਹੈ ਜਿਨ੍ਹਾਂ ਵਿੱਚ ਇਸ ਬੇਦੋਸ਼ੇ ਨੂੰ ਰੱਜ ਕੇ ਨਿੰਦਿਆ-ਭੰਡਿਆ ਜਾਂਦਾ ਹੈ। ਸ਼ਹਿਰਾਂ ਨਾਲੋਂ ਪਿੰਡਾਂ ਵਿੱਚ ਇਹ ‘ਭਾਈਚਾਰਾ' ਵੱਧ ਹੁੰਦਾ ਸੀ, ਪਰ ਵਰਤਮਾਨ ਸਮੇਂ ਕੋਈ ਛੜਾ ਘੱਟ ਹੀ ਦਿੱਸਦਾ-ਸੁਣਦਾ ਹੈ। ਅੱਜਕੱਲ੍ਹ ਇਹ ਕਿਸੇ ਪੰਜਾਬੀ ਫ਼ਿਲਮ ਵਿੱਚ ਹੀ ਦਿੱਸਦਾ ਹੈ। ਇਸ ਦਾ ਵੱਡਾ ਕਾਰਨ ਪਰਵਾਰਾਂ ਦਾ ਛੋਟੇ ਹੋਣਾ ਤੇ ਲੋਕਾਂ ਦਾ ਜਾਗਰੂਕ ਹੋ ਜਾਣਾ ਵੀ ਹੈ। ਨਵੀਂ ਪੀੜ੍ਹੀ ਨੂੰ ਤਾਂ ਛੜਾ ਸ਼ਬਦ ਦੇ ਅਰਥ ਵੀ ਪਤਾ ਨਹੀਂ ਹੋਣਗੇ ਕਿਉਂਕਿ ਵਿਰਲੇ-ਟਾਵੇਂ ਰਹਿ ਗਏ ਛੜੇ ਨੂੰ ‘ਅਨਮੈਰਿਡ' ਹੀ ਕਿਹਾ ਜਾਂਦਾ ਹੈ।
ਛੜਿਆਂ ਅਰਥਾਤ ਸਾਰੀ ਉਮਰ ਬਿਨਾ ਵਿਆਹੇ ਰਹਿਣ ਵਾਲੇ ਮਰਦਾਂ ਦੀ ਗਿਣਤੀ ਪੇਂਡੂ ਸਮਾਜ ਵਿੱਚ ਵੱਧ ਰਹੀ ਹੈ। ਇਸਦਾ ਮੁੱਖ ਕਾਰਨ ਕਿਸਾਨੀ ਕਿੱਤਾ ਰਿਹਾ ਕਿਉਂਕਿ ਮੁੱਢੋਂ ਹੀ ਜ਼ਿਮੀਂਦਾਰ ਦੀ ਆਰਥਿਕਤਾ ਕਿਸਾਨੀ ਨਾਲ ਜੁੜੀ ਰਹੀ ਹੈ। ਜ਼ਮੀਨ ਦੀ ਮਾਲਕੀ ਦੇ ਹੱਕ ਅਣਵਿਆਹੇ ਜਾਂ ਵਿਆਹੇ ਮਰਦ ਨੂੰ ਬਰਾਬਰ ਹਨ। ਪੁਰਾਣੇ ਸਮੇਂ ਇੱਕ ਪਰਵਾਰ ਵਿੱਚ ਸੱਤ-ਅੱਠ ਭੈਣ-ਭਰਾ ਹੋਣੇ ਆਮ ਗੱਲ ਸੀ। ਜਦੋਂ ਤੱਕ ਪਰਵਾਰ ਇਕੱਠਾ ਰਹਿੰਦਾ ਤਾਂ ਆਮਦਨ ਸਾਂਝੀ ਹੁੰਦੀ। ਜਦੋਂ ਜ਼ਮੀਨ ਦੀ ਵੰਡ ਦੀ ਨੌਬਤ ਆਉਂਦੀ ਤਾਂ ਵੱਡੇ ਬਜ਼ੁਰਗਾਂ ਦੀ ਮਾਨਸਿਕਤਾ ਅਜਿਹੀ ਹੁੰਦੀ ਕਿ ਜ਼ਮੀਨ ਨੂੰ ਕਿਵੇਂ ਬਚਾਈਏ ਤੇ ਉਹ ਇੱਕ ਦੋ ਪੁੱਤਰਾਂ ਨੂੰ ਕੁਆਰੇ ਜਾਂ ਛੜੇ ਰੱਖਣ ਵਿੱਚ ਪਰਵਾਰ ਦੀ ਭਲਾਈ ਸਮਝਦੇ। ਅਨਪੜ੍ਹਤਾ ਕਾਰਨ ਰੁਜ਼ਗਾਰ ਦਾ ਹੋਰ ਵੀ ਕੋਈ ਜ਼ਰੀਆ ਨਹੀਂ ਸੀ ਹੁੰਦਾ, ਕੋਈ ਇਕਾ-ਦੁੱਕਾ ਫ਼ੌਜ ਵਿੱਚ ਭਰਤੀ ਹੋ ਜਾਂਦਾ। ਉਸ ਸਮੇਂ ਅਜੇ ਸ਼ਹਿਰਾਂ ਵਿੱਚ ਜਾ ਕੇ ਕੰਮ ਕਰਨ ਦਾ ਰੁਝਾਨ ਵੀ ਨਹੀਂ ਸੀ। ਕੁੱਲ ਮਿਲਾ ਕੇ ਥੋੜ੍ਹੀ ਜਾਂ ਬਹੁਤੀ ਜ਼ਮੀਨ 'ਤੇ ਹੀ ਸਾਰਾ ਦਾਰਮਦਾਰ ਹੁੰਦਾ ਸੀ।
ਆਰਥਿਕ ਮੰਦਹਾਲੀ ਕਾਰਨ ਜਦੋਂ ਪੁੱਤਰ ਵਿਆਹ ਦੀ ਉਮਰ ਟੱਪ ਜਾਂਦੇ ਤਾਂ ਮਾਪੇ ਕਿਸੇ ਆਪਣੇ ਵਰਗੇ ਲੋੜਵੰਦ ਘਰ, ਛੋਟਿਆਂ ਇੱਕ-ਦੋ ਪੁੱਤਰਾਂ ਨੂੰ ਵਿਆਹ ਲੈਂਦੇ। ਸੂਝਵਾਨ ਬਜ਼ੁਰਗ ਨੂੰਹ ਨੂੰ ਜ਼ਿੰਮੇਵਾਰੀ ਦਿੰਦੇ ਆਖਦੇ ਕਿ ਬਾਕੀ ਵੀ ਤੂੰ ਵਿਆਹੁਣੇ ਨੇ। ਵੱਡੇ ਪਰਵਾਰਾਂ ਵਿੱਚ ਛੜੇ ਰਹਿ ਗਏ ਮਰਦ ਦੂਜੇ ਭਰਾਵਾਂ ਅਤੇ ਪਿਓ ਨਾਲ ਰਲ ਕੇ ਸਖ਼ਤ ਮਿਹਨਤ ਕਰਕੇ ਹੋਏ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਗਿਲਾ ਵੀ ਕਰਦੇ ਸਨ ਕਿ ਅਸੀਂ ਤੁਹਾਡੇ ਟੱਬਰਾਂ ਲਈ ਕਮਾਈਆਂ ਕਰਦੇ ਹਾਂ, ਸਾਡੇ ਕਿਹੜਾ ਜੁਆਕ ਭੁੱਖੇ ਰੋਂਦੇ ਨੇ। ਇਹ ਲੋਕ ਪੂਰੇ ਪਰਵਾਰ 'ਤੇ ਰੋਹਬ ਰੱਖਦੇ ਤੇ ਅੱਡ ਹੋ ਕੇ ਜ਼ਮੀਨ ਸ਼ਰੀਕਾਂ ਨੂੰ ਦੇ ਦੇਣ ਦਾ ਦਬਕਾ ਵੀ ਮਾਰਦੇ। ਇਹ ਮਸਲਾ ਛੜੇ ਜੇਠ ਨਾਲ ਵੱਧ ਜੁੜਿਆ ਹੁੰਦਾ। ਲੋਕ-ਕਾਵਿ ਇਸ ਦੀ ਗਵਾਹੀ ਦਿੰਦਾ ਹੈ ਤੇ ਇਸ ਬੋਲੀ ਵਿੱਚੋਂ ਬੇਵਸੀ ਝਲਕਦੀ ਹੈ:
ਮੇਰੀ ਵੰਗ ਵੀ ਟੁੱਟੀ ਮੇਰੀ ਕੈਂਠੀ ਵੀ ਟੁੱਟੀ
ਤੂੰ ਕੋਲ ਵੇ ਖੜ੍ਹਾ ਤੇ ਮੈਂ ਜੇਠ ਨੇ ਕੁੱਟੀ।
ਕਿਧਰੇ ਛੜੇ ਜੇਠ ਨੂੰ ਦਬੰਗ ਭਰਜਾਈ ਵੱਲੋਂ ਕੁੱਟ ਵੀ ਦਿੱਤਾ ਜਾਂਦਾ ਤੇ ਉਹ ਮਚਲੀ ਬਣ ਕੇ ਕਹਿੰਦੀ-
ਨੀਂ ਮੈਂ ਕੱਟ ਦੇ ਭੁਲੇਖੇ ਛੜਾ ਜੇਠ ਕੁੱਟ 'ਤਾ।
ਛੜੇ ਜੇਠ ਨੂੰ ਨਾਂਹ ਪੱਖੀ ਕਿਰਦਾਰ ਵਜੋਂ ਹੀ ਦੇਖਿਆ ਜਾਂਦਾ ਹੈ, ਜਦੋਂ ਕਿ ਕਿਸੇ ਛੜੇ ਦਿਓਰ ਨਾਲ ਐਨੀ ਕੁਪੱਤ ਨਹੀਂ ਹੁੰਦੀ। ਦੁਖੀ ਹੋਇਆ ਛੜਾ ਕਹਿੰਦਾ ਹੈ:
ਛੜਾ-ਛੜਾ ਨਾ ਕਰਿਆ ਕਰ ਨੀਂ ਛੜੇ ਤਾਂ ਰੱਬ ਦੇ ਮਾਰੇ,
ਇਨ੍ਹਾਂ ਛੜਿਆਂ ਨੂੰ ਨਾ ਝਿੜਕੀਂ ਮੁਟਿਆਰੇ।
...ਅਤੇ ਕਦੇ ਛੜਾ ਕੁਰਲਾ ਵੀ ਉਠਦਾ:
ਛੜਿਆਂ ਦੀ ਜੂਨ ਬੁਰੀ
ਚੁੱਲ੍ਹੇ ਅੱਗ ਨਾ ਘੜੇ ਵਿੱਚ ਪਾਣੀ।
ਛੜੇ ਦਿਓਰ ਨਾਲ ਭਰਜਾਈ ਦਾ ਐਨਾ ਇੱਟ ਖੜੱਕਾ ਨਹੀਂ ਹੁੰਦਾ, ਜਿੰਨਾ ਛੜੇ ਜੇਠ ਨਾਲ ਹੁੰਦਾ ਹੈ। ਇਸ ਦਾ ਕਾਰਨ ਸ਼ਾਇਦ ਇਹ ਹੋ ਸਕਦਾ ਹੈ ਕਿ ਪਤੀ ਦੀ ਵਡੇਰੀ ਉਮਰ ਕਾਰਨ ਅੱਲ੍ਹੜ ਮੁਟਿਆਰ ਭਰਜਾਈ ਦਾ ਝੁਕਾਅ ਦਿਓਰ ਵੱਲ ਹੋ ਜਾਂਦਾ ਸੀ ਤੇ ਇਸ ਸੁਖਾਂਤਕ ਦਿਸਦੇ ਰਿਸ਼ਤੇ ਕਾਰਨ ਕਈ ਮਾੜੇ ਸਿੱਟੇ ਵੀ ਸਾਹਮਣੇ ਆਉਂਦੇ ਸਨ। ਕੋਈ ਸੂਝਵਾਨ ਮੁਟਿਆਰ ਦਿਓਰ ਨੂੰ ਛੋਟੇ ਭਰਾਵਾਂ ਜਾਂ ਪੁੱਤਾਂ ਵਾਂਗ ਵੀ ਪਿਆਰਦੀ। ਦਿਓਰ ਨੂੰ ਭਾਬੀ ਦੇ ਪੇਕਿਆਂ ਵੱਲੋਂ ਰਿਸ਼ਤੇ ਦੀ ਆਸ ਵੀ ਰਹਿੰਦੀ ਜਦ ਕਿ ਜੇਠ ਨੂੰ ਨਹੀਂ।
ਛੜੇ ਕੇਵਲ ਆਰਥਿਕ ਮੰਦਹਾਲੀ ਕਾਰਨ ਹੀ ਛੜੇ ਨਹੀਂ ਸਨ ਰਹਿੰਦੇ, ਬਲਕਿ ਮੂਲ ਰੂਪ ਵਿੱਚ ਇਸ ਦੇ ਤਿੰਨ-ਚਾਰ ਕਾਰਨ ਲੱਭਦੇ ਹਨ। ਕਿਸੇ ਮਰਦ-ਮੁੰਡੇ ਦਾ ਅਪਾਹਜ ਜਾਂ ਬਦਸੂਰਤ ਹੋਣਾ ਵੀ ਉਸ ਦਾ ਵਿਆਹ ਨਹੀਂ ਹੋਣ ਦਿੰਦਾ। ਤੀਜਾ ਕਾਰਨ ਕਿਸੇ ਦਾ ਵੈਲੀ ਹੋਣਾ ਅਰਥਾਤ ਲੜਾਈ-ਝਗੜੇ, ਗੁੰਡਾਗਰਦੀ ਜਾਂ ਮਾੜੇ ਅਨਸਰਾਂ ਨਾਲ ਮੇਲ ਜੋਲ ਅਤੇ ਸ਼ਰਾਬੀ-ਅਫੀਮਚੀ ਹੋਣ ਕਾਰਨ ਕੋਈ ਆਪਣੀ ਧੀ-ਭੈਣ ਦਾ ਰਿਸ਼ਤਾ ਨਹੀਂ ਸੀ ਕਰਦਾ। ਚੌਥਾ ਕਾਰਨ ਉਸਦਾ ਚਰਿੱਤਰਹੀਣ ਹੋਣਾ ਵੀ ਬਣਦਾ। ਕਿਸੇ ਵੀ ਔਰਤ 'ਤੇ ਮਾੜੀ ਨਜ਼ਰ ਰੱਖਣੀ ਜਾਂ ਗਲਤ ਔਰਤਾਂ ਨਾਲ ਸਬੰਧ ਰੱਖਣ ਕਾਰਨ ਇਹ ਲੋਕ ਸਮਾਜ ਵਿੱਚੋਂ ਛੇਕਿਆਂ ਵਰਗੇ ਹੁੰਦੇ ਤੇ ਇਹ ਵੀ ‘ਛੜਾ ਮੰਡਲੀ' ਦੇ ਮੈਂਬਰ ਬਣ ਜਾਂਦੇ। ਮਾਇਕ ਪੱਖੋਂ ਤੰਗ ਲੋਕਾਂ ਦਾ ਜੋੜ ਆਪਣੇ ਵਰਗਿਆਂ ਨਾਲ ਬਣਦਾ ਸੀ, ਪਰ ਕਈ ਸਿਆਣੇ ਮਾਪੇ ਲੰਮੀ ਸੋਚ ਕੇ ਇਹ ਕਹਿੰਦੇ ਕਿ ਸਾਡੇ ਘਰ ਤਾਂ ਧੀ ਨੇ ਤੰਗੀਆਂ-ਤੁਰਸ਼ੀਆਂ ਕੱਟੀਆਂ ਨੇ, ਅੱਗੋਂ ਸਾਰੀ ਉਮਰ ਭੁੱਖੀ ਮਾਰਨ ਲਈ ਗ਼ਰੀਬ ਦੇ ਨਹੀਂ ਵਿਆਹੁਣੀ। ਇਸਦੇ ਉਲਟ ਕੁਝ ਲੋਕਾਂ ਦੀ ਸੋਚ ਹੁੰਦੀ ਕਿ ਬਾਕੀ ਭਰਾਂ ਤਾਂ ਛੜੇ ਹੀ ਰਹਿਣਗੇ, ਸਭ ਕਾਸੇ ਦੀ ਮਾਲਕ ਸਾਡੀ ਧੀ ਨੇ ਹੀ ਬਣਨਾ ਹੈ।
ਇੱਕ ਪੱਖ ਇਹ ਵੀ ਦੇਖਿਆ ਗਿਆ ਹੈ ਕਿ ਸਾਂਝੇ ਪਰਵਾਰ ਦੀ ਸਾਂਝੀ ਕਮਾਈ ਨਾਲ ਜਦੋਂ ਘਰ ਵਿੱਚ ਬਰਕਤ ਹੋਣ ਲੱਗਦੀ ਤਾਂ ਕਦੇ-ਕਦਾਈ ਕੋਈ ਛੜਾ ਜੇਠ ਵੀ ਵਿਆਹਿਆਂ ਜਾਂਦਾ। ਕਿਸੇ ਗ਼ਰੀਬ ਦੀ ਉਮਰੋਂ ਨਿਆਣੀ ਜਿਹੀ ਧੀ ਵੀ ਉਸ ਦੇ ਲੜ ਲੱਗ ਜਾਂਦੀ ਅਤੇ ਤਾ-ਉਮਰ ਅਣਜੋੜ ਵਰ ਦਾ ਦਰਦ ਹੰਢਾਉਂਦੀ। ਕਿਸੇ ਵਿਧਵਾ ਜਾਂ ਤਲਾਕਸ਼ੂਦਾ ਨਾਲ ਅਜਿਹੇ ਮਰਦ ਦਾ ਜੋੜ ਬਣ ਜਾਂਦਾ। ਕੋਈ ਛੜਾ ਪਹਾੜੀ ਖੇਤਰ ਵਿੱਚੋਂ ਵੀ ਕਿਸੇ ਗੁਰਬਤ ਮਾਰੇ ਦੀ ਧੀ-ਭੈਣ ਨੂੰ ਕਿਸੇ ਵਸਤੂ ਵਾਂਗ ਮੁੱਲ ਲੈ ਆਉਂਦਾ। ਕੁਝ ਲੋਕ ਯੂ ਪੀ ਤੋਂ ਮੁੱਲ ਦੀ ਤੀਵੀਂ ਲੈ ਆਉਂਦੇ ਜਿਸ ਨੂੰ ‘ਪੂਰਬਣੀ' ਕਿਹਾ ਜਾਂਦਾ। ਛੜੇ ਦਾ ਘਰ ਵਸ ਜਾਂਦਾ, ਪਰ ਇਹ ਦੂਜੀ ਜਾਤੀ ਜਾਂ ਸੂਬੇ ਦੀਆਂ ਔਰਤਾਂ ਸ਼ਰੀਕੇ-ਭਾਈਚਾਰੇ ਵਿੱਚ ਛੇਤੀ ਸਵੀਕਾਰ ਨਾ ਕੀਤੀਆਂ ਜਾਂਦੀਆਂ। ਛੜਿਆਂ ਦੇ ਪਰਵਾਰ ਵਿੱਚ ਵਿਆਹੁਤਾ ਪਤਨੀ ਇੱਕ ਦੀ ਹੁੰਦੀ, ਪਰ ਉਸ 'ਤੇ ਪਤੀ ਦੇ ਦੂਜੇ ਛੜੇ ਭਰਾਵਾਂ ਦਾ ਉਨ੍ਹਾਂ ਹੀ ਹੱਕ ਹੁੰਦਾ। ਉਨ੍ਹਾਂ ਦੇ ਬੱਚੇ ਵੀ ਹੁੰਦੇ ਜੋ ਕਾਨੂੰਨੀ ਜਾਂ ਸਮਾਜਿਕ ਤੌਰ 'ਤੇ ਵਿਆਹੇ ਮਰਦ ਦੀ ਔਲਾਦ ਵਜੋਂ ਜਾਣੇ ਜਾਂਦੇ। ਇਹ ਇਸ ਰਿਸ਼ਤੇ ਦਾ ਘਿਨਾਉਣਾ ਪੱਖ ਹੈ। ਅੱਜ ਔਰਤ ਆਪਣੇ ਹੱਕ ਤੇ ਆਬਰੂ ੁਪ੍ਰਤੀ ਚੇਤੰਨ ਹੈ ਤੇ ਪਤੀ ਵੀ ਪਤਨੀ ਦੇ ਕਿਸੇ ਹੋਰ ਨਾਲ ਸਬੰਧ ਬਾਰੇ ਮਰਨ-ਮਾਰਨ 'ਤੇ ਉਤਾਰੂ ਹੈ। ਉਹ ਪਿਛਲਾ ਸਮਾਂ ਔਰਤ ਦੀ ਗ਼ੁਲਾਮ ਦਸ਼ਾ ਦਾ ਜ਼ਮਾਨਾ ਸੀ। ਉਸ ਨੂੰ ਬੌਧਿਕ ਸੋਝੀ ਵੀ ਨਹੀਂ ਹੁੰਦੀ, ਪਰ ਫਿਰ ਵੀ ਉਹ ਬਾਗੀ ਹੋ ਕੇ ਆਪਣਾ ਰੋਹ ਲੋਕ-ਕਾਵਿ ਵਿੱਚ ਪ੍ਰਗਟਾਉਂਦੀ ਸੀ।
ਛੜਿਆਂ ਦੀ ਜੀਵਨੀ 'ਤੇ ਝਾਤ ਮਾਰਦਿਆਂ ਪਤਾ ਲੱਗਦਾ ਹੈ ਕਿ ਇਨ੍ਹਾਂ ਨੂੰ ਮੋਹ-ਮਮਤਾ ਕੇਵਲ ਮਾਵਾਂ-ਭੈਣਾਂ ਤੋਂ ਹੀ ਨਸੀਬ ਹੁੰਦੀ, ਹੋਰਾਂ ਵੱਲੋਂ ਇਨ੍ਹਾਂ ਨੂੰ ਸਦਾ ਤਿਰਛੀ ਤੇ ਸ਼ੱਕੀ ਨਜ਼ਰ ਨਾਲ ਹੀ ਵੇਖਿਆ ਜਾਂਦਾ ਹੈ। ਔਰਤਾਂ ਤਾਂ ਛੇਤੀ ਕੀਤਿਆਂ ਉਨ੍ਹਾਂ ਦੀ ਮਾਂ ਮਰੀ ਤੋਂ ਅਫ਼ਸੋਸ ਕਰਨ ਵੀ ਨਹੀਂ ਜਾਂਦੀਆਂ ਤਾਂ ਹੀ ਇਹ ਇੱਕ ਤੁਕੀ ਬੋਲੀ ਹੋਂਦ ਵਿੱਚ ਆਈ ਹੋਵੇਗੀ:
ਛੜਿਆਂ ਦੀ ਮਾਂ ਮਰ ਗਈ
ਕੋਈ ਡਰਦੀ ਪਿੱਟਣ ਨਾ ਜਾਵੇ।
ਇਸ ਗੱਲੋਂ ਮੁਨਕਰ ਨਹੀਂ ਹੋਇਆ ਜਾਂ ਸਕਦਾ ਕਿ ਸਾਰੇ ਛੜੇ ਮਾੜੇ ਨਹੀਂ ਹੁੰਦੇ, ਉਹ ਉਚੇ ਸੁੱਚੇ ਕਿਰਦਾਰ ਵਾਲੇ ਵੀ ਹੁੰਦੇ ਹਨ। ਉਨ੍ਹਾਂ ਨੂੰ ਪਰਵਾਰ ਵੱਲੋਂ ਮਾਣ ਆਦਰ ਵੀ ਮਿਲਦਾ ਅਤੇ ਉਹ ਭਰਾਵਾਂ ਦੇ ਬੱਚਿਆਂ ਲਈ ਸਾਰਾ ਜੀਵਨ ਲੇਖੇ ਲਾ ਦਿੰਦੇ। ਕਈ ਛੜੇ ਗ਼ੈਰਤਮੰਦ ਵੀ ਹੁੰਦੇ ਤੇ ਘਰ ਪਰਵਾਰ ਵਿੱਚ ਹੁੰਦੀ ਨਿਰਾਦਰੀ ਕਾਰਨ ਆਪਣਾ ਹੱਕ-ਹਿੱਸਾ ਕਿਸੇ ਸ਼ਰੀਕ ਜਾਂ ਦੂਜੇ ਨੂੰ ਦੇ ਦਿੰਦੇ। ਉਸ ਨਾਲ ਪਰਵਾਰਾਂ ਵਿੱਚ ਉਮਰਾਂ ਦੀਆਂ ਦੁਸ਼ਮਣੀਆਂ ਵੀ ਪੈ ਜਾਂਦੀਆਂ। ਕੁਝ ਛੜੇ ਬਹੁਤ ਦਰਵੇਸ਼ ਹੁੰਦੇ, ਉਹ ਧਾਰਮਿਕ ਬਿਰਤੀ ਕਾਰਨ ਆਪਣਾ ਸਮਾਂ ਭਜਨ-ਬੰਦਗੀ ਜਾਂ ਸਮਾਜ ਸੇਵੀ ਕੰਮਾਂ ਵਿੱਚ ਬਿਤਾ ਦਿੰਦੇ।
ਛੜਿਆਂ ਦੀਆਂ ਸਾਰੀਆਂ ਕਿਸਮਾਂ ਤੋਂ ਇਲਾਵਾ ਅੱਜ ਦੇ ਸਮੇਂ ਇੱਕ ਨਵੀਂ ਕਿਸਮ ਹੋਂਦ ਵਿੱਚ ਆਈ ਹੈ ਉਹ ਹੈ ‘ਚਿੱਟੇ ਦੇ ਚੱਟੇ ਹੋਏ' ਜਾਂ ਹੋਰ ਨਸ਼ਾ ਖਾਣ ਵਾਲੇ। ਜਿੱਥੇ ਬੀਤੇ ਸਮੇਂ ਲੜਕੀ ਦਾ ਰਿਸ਼ਤਾ ਕਰਨ ਸਮੇਂ ਜ਼ਮੀਨ-ਜਾਇਦਾਦ ਦੇ ਨਾਲ ਖਾਨਦਾਨੀ ਦੇਖੀ-ਪੁੱਛੀ ਜਾਂਦੀ ਸੀ, ਉਥੇ ਅੱਜ ਸਭ ਤੋਂ ਪਹਿਲਾਂ ਲੜਕੇ ਬਾਰੇ ਨਸ਼ੇ ਸਬੰਧੀ ਪੜਤਾਲ ਕੀਤੀ ਜਾਂਦੀ ਹੈ। ਕੁਝ ਸਮਾਂ ਪਹਿਲਾਂ ਲੜਕੇ ਵਾਲੇ ਦੂਜੇ ਨੂੰ ਮੂਰਖ ਬਣਾ ਕੇ ਪੁੱਤ ਵਿਆਹ ਲੈਂਦੇ ਸਨ, ਪਰ ਜਦੋਂ ਨਤੀਜੇ ਮਾਪਿਆਂ ਨੂੰ ਭੁਗਤੇ ਕਰਨ ਲੱਗੇ। ਅੱਜ ਦੇ ਛੜਿਆਂ ਦੀ ਇਹ ਨਵੀਂ ਕਿਸਮ ਅਤੀਤ ਦੇ ਛੜਿਆਂ ਨਾਲੋਂ ਵੱਧ ਖ਼ਤਰਨਾਕ ਹੈ। ਜੇ ਅਜੇ ਵੀ ਇਸ ਵਿਗੜੀ ਕਿਸਮ ਨੂੰ ਸੁਧਾਰਨ ਦੇ ਪੁਖ਼ਤਾ ਪ੍ਰਬੰਧ ਨਾ ਕੀਤੇ ਗਏ ਤਾਂ ਸਮਾਜਿਕ ਕਦਰਾਂ-ਕੀਮਤਾਂ ਨੂੰ ਪਹਿਲਾਂ ਹੀ ਲੱਗਿਆ ਖੋਰਾ ਸਾਡੇ ਸਮਾਜ ਦੀਆਂ ਜੜਾਂ ਨੂੰ ਖੋਖਲਾ ਕਰ ਦੇਵੇਗਾ।

Have something to say? Post your comment