Welcome to Canadian Punjabi Post
Follow us on

11

July 2020
ਨਜਰਰੀਆ

ਭਾਰਤ ਵੱਲ ਚੀਨ ਦੀ ਨੀਤੀ ਅਤੇ ਸਵਾਲ ਭਾਰਤੀ ਲੀਡਰਸਿ਼ਪ ਦੇ ਬੇਤੁਕੇ ਅਤੇ ਬੇਲੋੜੇ ਬਿਆਨਾਂ ਦਾ

June 29, 2020 11:05 AM

-ਜਤਿੰਦਰ ਪਨੂੰ
ਭਾਰਤੀ ਨਾਗਰਿਕ ਹੋਣ ਦੇ ਨਾਤੇ ਚੀਨ ਦੀ ਅਜੋਕੀ ਨੀਤੀ ਜਿੰਨੀ ਕਿਸੇ ਹੋਰ ਨੂੰ ਚੁਭਦੀ ਹੈ, ਸਾਨੂੰ ਵੀ ਉਸ ਤੋਂ ਵੱਧ ਨਹੀਂ ਤਾਂ ਕਿਸੇ ਹੋਰ ਤੋਂ ਘੱਟ ਨਹੀਂ ਚੁਭਦੀ। ਜਦੋਂ ਸਵਾਲ ਸਰਹੱਦ ਦੀ ਬਜਾਏ ਡੰਗ ਟਪਾਊ ਅਸਲ ਕੰਟਰੋਖ ਰੇਖਾ ਉਲੰਘਣ ਅਤੇ ਝੜਪ ਹੋਣ ਨਾਲ ਭਾਰਤ ਦੇ ਵੀਹ ਫੌਜੀਆਂ ਦੇ ਮਾਰੇ ਜਾਣ ਦਾ ਹੁੰਦਾ ਹੈ, ਸਾਨੂੰ ਵੀ ਇਸ ਦਾ ਓਨਾ ਹੀ ਗੁੱਸਾ ਆਉਂਦਾ ਹੈ ਤੇ ਆਉਣਾ ਵੀ ਚਾਹੀਦਾ ਹੈ, ਜਿੰਨਾ ਇਸ ਦੇਸ਼ ਵਿੱਚ ਕਿਸੇ ਹੋਰ ਨੂੰ ਆਉਂਦਾ ਹੈ। ਕਮਿਊਨਿਸਟ ਪਾਰਟੀ ਦੀ ਅਗਵਾਈ ਹੇਠ ਚੀਨ ਨੇ ਬਹੁਤ ਸਾਰੇ ਖੇਤਰਾਂ ਵਿੱਚ ਤਰੱਕੀ ਕੀਤੀ ਹੈ, ਇਹ ਤਰੱਕੀ ਉਸ ਨੂੰ ਮੁਬਾਰਕ, ਪਰ ਆਪਣੇੇ ਗਵਾਂਢੀ ਦੇਸ਼ਾਂ ਨਾਲ ਉਹ ਕੋਈ ਚੰਗਾ ਵਿਹਾਰ ਨਹੀਂ ਕਰਦਾ। ਇੱਕ ਵਕਤ ਸੰਸਾਰ ਭਰ ਦੇ ਖੱਬੇ ਪੱਖੀਆਂ ਅਤੇ ਦੇਸ਼ਭਗਤ ਸੋਚ ਵਾਲੇ ਹੋਰ ਲੋਕਾਂ ਨੂੰ ਅਮਰੀਕਾ ਨਾਲ ਸਿੱਧਾ ਭਿੜ ਰਹੇ ਵੀਅਤਨਾਮ ਦੇ ਨਾਲ ਭਾਵਕ ਸਾਂਝ ਨਾਲ ਭਰਪੂਰ ਦੇਖਿਆ ਜਾਂਦਾ ਸੀ, ਪਰ ਜਦੋਂ ਸਾਮਰਾਜੀ ਜੂਲੇ ਤੋਂ ਉਸ ਦੀ ਬੰਦ ਖਲਾਸੀ ਹੋਈ ਤਾਂ ਉਸ ਨਾਲ ਵੀ ਚੀਨ ਨੇ ਆਢਾ ਲਾ ਲਿਆ ਸੀ। ਉਸ ਵਕਤ ਅਮਰੀਕੀ ਕਮਿਊਨਿਸਟ ਪਾਰਟੀ ਦੇ ਜਨਰਲ ਸੈਕਟਰੀ ਗੱਸ ਹਾਲ ਦੀ ਚੀਨੀ ਆਗੂਆਂ ਦੇ ਨਾਂਅ ਇੱਕ ਖੁੱਲ੍ਹੀ ਚਿੱਠੀ ਬਹੁਤ ਚਰਚਿਤ ਹੋਈ ਸੀ, ਜਿਸ ਨੇ ਪੜ੍ਹੀ ਹੋਵੇਗੀ, ਉਹ ਅੱਜ ਦੇ ਚੀਨ ਦੀਆਂ ਨੀਤੀਆਂ ਬਾਰੇ ਵੱਧ ਚੰਗੀ ਤਰ੍ਹਾਂ ਸਮਝ ਸਕਦੇ ਹਨ। ਚੀਨ ਦੀ ਲੀਡਰਸਿ਼ਪ ਇਸ ਵਕਤ ਬਾਕੀ ਸੰਸਾਰ ਨਾਲ ਕਿਵੇਂ ਵਰਤਦੀ ਹੈ, ਉਸ ਨੂੰ ਛੱਡ ਕੇ ਸਿਰਫ ਭਾਰਤ ਬਾਰੇ ਵੇਖਿਆ ਜਾਵੇ ਤਾਂ ਉਸ ਦਾ ਵਿਹਾਰ ਆਮ ਕਰ ਕੇ ਵੈਰ-ਭਾਵੀ ਗਵਾਂਢੀ ਵਾਲਾ ਰਿਹਾ ਹੈ।
ਅਸੀਂ 1962 ਦੀ ਜੰਗ ਦੀ ਗੱਲ ਨਹੀਂ ਛੇੜਨਾ ਚਾਹੁੰਦੇ, ਜਿਸ ਦੀ ਜਾਂਚ ਰਿਪੋਰਟ ਉਸ ਵਕਤ ਤੋਂ ਅੱਜ ਤਕ ਸਾਡੇ ਦੇਸ਼ ਦੀਆਂ ਕਈ ਸਰਕਾਰਾਂ ਨੇ ਰਿਲੀਜ਼ ਕਰਨ ਦੇ ਵਾਅਦੇ ਕੀਤੇ, ਨਰਿੰਦਰ ਮੋਦੀ ਨੇ ਵੀ ਇਹੋ ਵਾਅਦਾ ਕੀਤਾ ਸੀ, ਬਾਅਦ ਵਿੱਚ ਸਭ ਨੇ ਭੁਲਾ ਦਿੱਤੇ ਤੇ ਫਿਰ ਗੱਲ ਆਈ-ਗਈ ਹੋ ਜਾਂਦੀ ਰਹੀ। ਸਾਡੇ ਸਮਿਆਂ ਵਿੱਚ ਚੀਨ ਜੰਗ ਛੇੜ ਦੇਵੇਗਾ, ਇਹ ਗੱਲ ਬੜੀ ਦੇਰ ਦੀ ਚੱਲਦੀ ਸੀ, ਪਰ ਜੰਗ ਦੀ ਸੰਭਾਵਨਾ ਅੱਜ ਜਿੰਨੀ ਕਦੇ ਨਹੀਂ ਬਣੀ। ਅੱਜ ਵੀ ਇਹ ਕੋੋਈ ਪੱਕਾ ਨਹੀਂ ਕਿ ਜੰਗ ਲੱਗੇਗੀ, ਇਹ ਟਲਣੀ ਚਾਹੀਦੀ ਹੈ ਤੇ ਟਲ ਸਕਦੀ ਹੈ। ਫਿਰ ਵੀ ਚੀਨ ਦਾ ਵਿਹਾਰ ਕਈ ਮਾਮਲਿਆਂ ਵਿੱਚ ਭਾਰਤ ਦੇ ਲੋਕਾਂ ਨੂੰ ਨਾ ਸਿਰਫ ਚੁਭਦਾ ਹੈ, ਸਗੋਂ ਕਿਸੇ ਖਾਸ ਨੀਤੀ ਦਾ ਪ੍ਰਤੀਕ ਜਾਪਦਾ ਹੈ। ਕਈ ਸਾਲ ਪਹਿਲਾਂ ਜਦੋਂ ਉਸ ਦੇ ਇੰਜੀਨੀਅਰ ਪਾਕਿਸਤਾਨ ਦੇ ਖੋਕਰਾਪਾਰ ਰੇਲਵੇ ਸਟੇਸ਼ਨ ਉੱਤੇ ਆ ਬੈਠੇ ਸਨ, ਅਸੀਂ ਓਦੋਂ ਵੀ ਕਿਹਾ ਸੀ ਕਿ ਚੀਨ ਦਾ ਏਥੇ ਆਉਣਾ ਠੀਕ ਨਹੀਂ। ਭਾਰਤ-ਪਾਕਿਸਤਾਨ ਵਿਚਾਲੇ ਜਿਵੇਂ ਅਟਾਰੀ-ਵਾਹਗਾ ਰੇਲ ਲਾਈਨ ਹੈ, ਉਸੇ ਤਰ੍ਹਾਂ ਰਾਜਸਥਾਨ ਦੇ ਮੁੰਨਾਬਾਓ ਤੋਂ ਪਾਕਿਸਤਾਨ ਦੇ ਖੋਕਰਾਪਾਰ ਵਿਚਾਲੇ ਵੀ ਰੇਲ ਲਿੰਕ ਹੈ ਤੇ ਖੋਕਰਾਪਾਰ ਦਾ ਰੇਲਵੇ ਸਟੇਸ਼ਨ ਓਥੇ ਸਰਹੱਦ ਦੀ ਲਾਈਨ ਪਾਰ ਕਰਦੇ ਸਾਰ ਹੀ ਬਣਿਆ ਹੋਇਆ ਹੈ। ਕਈ ਸਾਲ ਪਹਿਲਾਂ ਉਸ ਰੇਲਵੇ ਸਟੇਸ਼ਨ ਨੂੰ ਅਪਗਰੇਡ ਕਰਨ ਦੇ ਬਹਾਨੇ ਚੀਨ ਦੇ ਫੌਜੀ ਇੰਜੀਨੀਅਰ ਓਥੇ ਆਣ ਬੈਠੇ ਸਨ ਤੇ ਕਈ ਮਹੀਨੇ ਓਥੇ ਹੀ ਰਹੇ ਸਨ। ਐਟਮੀ ਤਾਕਤ ਹੋਣ ਦੇ ਦਾਅਵੇ ਕਰਨ ਵਾਲਾ ਪਾਕਿਸਤਾਨ ਆਪਣਾ ਰੇਲਵੇ ਸਟੇਸ਼ਨ ਵੀ ਅਪਗਰੇਡ ਨਹੀਂ ਕਰ ਸਕਦਾ, ਇਹ ਗੱਲ ਮੰਨਣੀ ਔਖੀ ਹੈ, ਇਹ ਸਿਰਫ ਚੀਨੀ ਫੌਜੀਆਂ ਦੇ ਓਥੇ ਆਉਣ ਦਾ ਬਹਾਨਾ ਸਮਝਿਆ ਗਿਆ ਸੀ। ਅਸੀਂ ਉਸ ਤੋਂ ਬਾਅਦ ਪਾਕਿਸਤਾਨ ਵਿੱਚ ਸੜਕਾਂ ਬਣਾਉਣ ਦੇ ਬਹਾਨੇ ਹਰ ਥਾਂ ਚੀਨ ਦੇ ਫੌਜੀ ਇੰਜੀਨੀਅਰਾਂ ਦਾ ਆਉਣਾ ਵੀ ਵੇਖਿਆ ਹੋਇਆ ਹੈ।
ਚੀਨ ਸਰਕਾਰ ਅਤੇ ਉਸ ਨੂੰ ਚਲਾਉਣ ਵਾਲਿਆਂ ਦੀਆਂ ਨੀਤੀਆਂ ਆਪਣੀ ਥਾਂ ਹਨ, ਅਤੇ ਇਹ ਨੀਤੀਆਂ ਭਾਰਤੀ ਲੋਕਾਂ ਦੇ ਲਈ ਚੰਗੀਆਂ ਨਹੀਂ ਜਾਪਦੀਆਂ, ਪਰ ਭਾਰਤ ਵਿੱਚ ਚੀਨ ਦੀ ਘਰ-ਘਰ ਪਹੁੰਚ ਕਰਨ ਵੇਲੇ ਇਹ ਗੱਲਾਂ ਕਿਸੇ ਵੀ ਪਾਰਟੀ ਨੇ ਨਹੀਂ ਸਨ ਸੋਚੀਆਂ। ਅੱਜ ਭਾਰਤ ਵਿੱਚ ਸਭ ਤੋਂ ਵੱਧ ਵਿਕਦੇ ਪੰਜ ਮੋਬਾਈਲ ਫੋਨ ਸੈੱਟਾਂ ਵਿੱਚੋਂ ਚਾਰ ਚੀਨ ਦੇ ਬਣੇ ਵਿਕਦੇ ਹਨ। ਨਰਿੰਦਰ ਮੋਦੀ ਸਰਕਾਰ ਬਾਈਕਾਟ ਦਾ ਨਾਅਰਾ ਦੇ ਰਹੀ ਹੈ। ਲੋਕ ਬਾਈਕਾਟ ਵੀ ਕਰਨ ਤਾਂ ਇਸ ਤੋਂ ਬਾਅਦ ਨਹੀਂ ਖਰੀਦਣਗੇ, ਪਹਿਲੇ ਖਰੀਦੇ ਸੈੱਟ ਕਿਸੇ ਨੇ ਨਹਿਰ ਵਿੱਚ ਨਹੀਂ ਸੁੱਟਣੇ, ਉਹ ਫਿਰ ਵੀ ਚੱਲਦੇ ਰਹਿਣਗੇ। ਟੀ ਵੀ ਚੈਨਲਾਂ ਵਾਲੇ ਐਂਕਰ ਮੁੰਡੇ-ਕੁੜੀਆਂ ਜਦੋਂ ਭਾਰਤ ਦੇ ਲੋਕਾਂ ਨੂੰ ਚੀਨੀ ਮਾਲ ਦੇ ਬਾਈਕਾਟ ਨੂੰ ਉਕਸਾਉਂਦੇ ਹਨ ਤਾਂ ਉਨ੍ਹਾਂ ਦੇ ਸਾਹਮਣੇ ਪਏ ਲੈਪ-ਟਾਪ ਉੱਤੇ ਚੀਨੀ ਕੰਪਨੀ ਦਾ ਨਾਂਅ ਲਿਖਿਆ ਸਾਫ ਦਿੱਸਦਾ ਹੁੰਦਾ ਹੈ। ਚੀਨ ਦੀ ਕੰਪਨੀ ਏਹੋ ਜਿਹਾ ਸਾਮਾਨ ਜਦੋਂ ਭਾਰਤ ਵਿੱਚ ਵੇਚਦੀ ਹੈ ਤਾਂ ਨਾ ਉਸ ਦੇ ਮੈਨੇਜਰ ਤੇ ਸੇਲਜ਼-ਪਰਸਨ ਚੀਨ ਤੋਂ ਆਉਂਦੇ ਹਨ ਤੇ ਨਾ ਮਾਲ ਹੀ ਚੀਨ ਦਾ ਬਣਿਆ ਹੁੰਦਾ ਹੈ। ਸਿ਼ਓਮੀ ਨਾਂਅ ਦੀ ਚੀਨੀ ਕੰਪਨੀ ਦੇ ਸੱਤ ਪਲਾਂਟ ਭਾਰਤ ਵਿੱਚ ਲੱਗੇ ਹੋਏ ਹਨ ਅਤੇ ਭਾਰਤ ਵਿੱਚ ਉਨ੍ਹਾਂ ਦਾ ਸਭ ਤੋਂ ਵੱਡਾ ਅਧਿਕਾਰੀ ਮਨੂੰ ਜੈਨ ਚੀਨੀ ਨਹੀਂ, ਭਾਰਤੀ ਹੈ। ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਅਤੇ ਸ੍ਰੀਸਿਟੀ ਦੋ ਸ਼ਹਿਰਾਂ ਵਿੱਚ ਅਤੇ ਤਾਮਿਲ ਨਾਡੂ ਦੇ ਸ੍ਰੀਪੇਰੰਬਦੂਰ ਜਾਂ ਉੱਤਰ ਪ੍ਰਦੇਸ਼ ਦੇ ਦਿੱਲੀ ਨਾਲ ਜੁੜਵੇਂ ਨੋਇਡਾ ਨਾਂਅ ਦੇ ਸ਼ਹਿਰ ਵਿੱਚ ਇਹ ਪਲਾਂਟ ਓਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜ ਵਿੱਚ ਲੱਗੇ ਹਨ, ਜਿਹੜਾ ਚੀਨ ਦੇ ਬਾਈਕਾਟ ਦੀ ਮੁਹਿੰਮ ਦਾ ਆਗੂ ਸਮਝਿਆ ਜਾਂਦਾ ਹੈ। ਗੁਜਰਾਤ ਵਿੱਚ ਨਰਿੰਦਰ ਮੋਦੀ ਵੱਲੋਂ ਲਵਾਇਆ ਸਰਦਾਰ ਪਟੇਲ ਦਾ ਬੁੱਤ ਵੀ ਚੀਨ ਦੀ ਕਾਰੀਗਰੀ ਦਾ ਨਮੂਨਾ ਪੇਸ਼ ਕਰਦਾ ਹੈ ਤੇ ਧਾਰਮਿਕ ਮੂਰਤੀਆਂ ਅਤੇ ਹੋਰ ਪ੍ਰਤੀਕ ਵੀ ਚੀਨ ਦੇ ਬਣਾਏ ਹੋਏ ਭਾਰਤ ਵਿੱਚ ਵਿਕਦੇ ਹਨ ਤੇ ਇਸ ਦਾ ਤੋੜ ਭਾਰਤ ਦੀ ਸਰਕਾਰ ਕੋਲ ਕੋਈ ਹੈ ਨਹੀਂ। ਦੇਸ਼ ਦੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਖਿਝ ਰਹੀ ਹੈ ਕਿ ਅਸੀਂ ਏਨੇ ਗਏ-ਬੀਤੇ ਹਾਂ ਕਿ ਆਪਣੇ ਲਈ ਧਾਰਮਿਕ ਮੂਰਤੀਆਂ ਨਹੀਂ ਬਣਾ ਸਕਦੇ, ਪਰ ਇਸ ਨਾਲ ਉਹ ਸਾਫ ਮੰਨ ਜਾਂਦੀ ਹੈ ਕਿ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਵੀ ਮੰਦਰਾਂ ਵਿੱਚ ਚੀਨ ਤੋਂ ਬਣਵਾਈਆਂ ਪਈਆਂ ਹਨ। ਇਹ ਸਾਰਾ ਕੁਝ ਹੁੰਦੇ ਹੋਏ ਵੀ ਜਿਹੜਾ ਕੋਈ ਬਾਈਕਾਟ ਕਰਵਾ ਸਕਦਾ ਹੈ, ਕਰਵਾ ਲਵੇ, ਕੋਈ ਰੋਕਣ ਨਹੀਂ ਲੱਗਾ।
ਇਸ ਬਾਈਕਾਟ ਕਰਨ ਜਾਂ ਨਾ ਕਰਨ ਤੋਂ ਵੱਡੀ ਗੱਲ ਸੋਚਣ ਵਾਲੀ ਇਹ ਹੈ ਕਿ ਜਿਹੜਾ ਮੁੱਦਾ ਇਸ ਵੇਲੇ ਲੋਕਾਂ ਦੀ ਬਹਿਸ ਦਾ ਕੇਂਦਰ ਬਣਿਆ ਪਿਆ ਹੈ, ਉਸ ਵਿੱਚ ਕੇਂਦਰ ਸਰਕਾਰ ਅਤੇ ਖੁਦ ਪ੍ਰਧਾਨ ਮੰਤਰੀ ਇੱਕ ਪਿਛੋਂ ਦੂਸਰੀ ਅਜਿਹੀ ਗੱਲ ਕਹੀ ਜਾਂਦੇ ਹਨ, ਜਿਸ ਨਾਲ ਭਾਰਤ ਦੀ ਸਥਿਤੀ ਹਾਸੋਹੀਣੀ ਹੋਈ ਜਾਂਦੀ ਹੈ। ਪ੍ਰਧਾਨ ਮੰਤਰੀ ਨੂੰ ਪਹਿਲਾਂ ਇਹ ਗੱਲ ਕਹਿੰਦੇ ਸੁਣਿਆ ਗਿਆ ਕਿ ਭਾਰਤ ਦੀ ਹੱਦ ਵਿੱਚ ਚੀਨ ਇੱਕ ਇੰਚ ਵੀ ਘੁਸਪੈਠ ਨਹੀਂ ਕਰ ਸਕਿਆ ਅਤੇ ਭਾਸ਼ਣ ਚੱਲਦੇ ਵਿੱਚ ਹੀ ਦੂਸਰੀ ਗੱਲ ਉਨ੍ਹਾਂ ਕਹਿ ਦਿੱਤੀ ਕਿ ਚੀਨ ਵਾਲੇ ਸਾਡੀ ਹੱਦ ਵਿੱਚ ਆ ਕੇ ਉਸਾਰੀ ਕਰਦੇ ਸਨ ਅਤੇ ਸਾਡੇ ਫੌਜੀ ਜਵਾਨਾਂ ਨੇ ਜਾ ਕੇ ਰੋਕਿਆ ਤਾਂ ਝੜਪ ਹੋਈ ਸੀ। ਲੋਕ ਹੈਰਾਨ ਸਨ ਕਿ ਨਾਲੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਉਹ ਇੱਕ ਇੰਚ ਅੱਗੇ ਨਹੀਂ ਆਏ ਤੇ ਨਾਲੇ ਕਿਹਾ ਹੈ ਕਿ ਸਾਡੀ ਹੱਦ ਵਿੱਚ ਉਹ ਉਸਾਰੀ ਕਰਦੇ ਪਏ ਸਨ। ਅੱਗੇ ਨਹੀਂ ਸਨ ਆਏ ਤਾਂ ਸਾਡੀ ਹੱਦ ਵਿੱਚ ਉਹ ਉਸਾਰੀ ਕਿਵੇਂ ਕਰਦੇ ਸਨ? ਇਹ ਗੱਲ ਸਮਝ ਤੋਂ ਪਰੇ ਸੀ। ਫਿਰ ਇਹ ਸਵਾਲ ਉੱਠ ਪਿਆ ਹੈ ਕਿ ਚੀਨ ਸਾਡੀ ਹੱਦ ਵਿੱਚ ਵੜਿਆ ਨਹੀਂ ਸੀ ਤਾਂ ਝੜਪ ਵਿੱਚ ਭਾਰਤੀ ਫੌਜੀ ਜਿਸ ਥਾਂ ਮਾਰੇ ਗਏ, ਉਹ ਜਗ੍ਹਾ ਕਿੱਧਰ ਸੀ? ਜੇ ਉਹ ਜਗ੍ਹਾ ਸਾਡੀ ਹੱਦ ਵਿੱਚ ਨਹੀਂ ਸੀ ਤਾਂ ਕੱਲ੍ਹ ਨੂੰ ਦੁਨੀਆ ਵਾਲੇ ਸਮਝਣਗੇ ਕਿ ਭਾਰਤੀ ਫੌਜ ਨੇ ਕੰਟਰੋਲ ਰੇਖਾ ਟੱਪਣ ਦੀ ਗਲਤੀ ਕੀਤੀ ਸੀ। ਇਹ ਭਾਰਤ ਦਾ ਪ੍ਰਭਾਵ ਹੋਰ ਵੀ ਖਰਾਬ ਕਰਨ ਵਾਲੀ ਗੱਲ ਸੀ। ਅਟਲ ਬਿਹਾਰੀ ਵਾਜਪਾਈ ਜਦੋਂ ਪ੍ਰਧਾਨ ਮੰਤਰੀ ਸੀ, ਇਹੋ ਕਹਿਣ ਦੀ ਭੁੱਲ ਓਦੋਂ ਵੀ ਪਹਿਲੇ ਪੜਾਅ ਉੱਤੇ ਹੋਈ ਸੀ ਕਿ ਪਾਕਿਸਤਾਨ ਦੀ ਫੌਜ ਸਾਡੇ ਪਾਸੇ ਵੱਲ ਘੁਸਪੈਠ ਕਰ ਹੀ ਨਹੀਂ ਸਕੀ, ਪਰ ਜਦੋਂ ਲੜਾਈ ਲਮਕ ਗਈ ਤਾਂ ਸਰਕਾਰ ਨੂੰ ਕਹਿਣਾ ਪਿਆ ਸੀ ਕਿ ੳਨ੍ਹਾਂ ਨੇ ਹੱਦ ਲੰਘ ਕੇ ਗਲਤੀ ਕੀਤੀ ਹੈ, ਜਦੋਂ ਤੱਕ ਪਹਿਲੀ ਥਾਂ ਨਹੀਂ ਚਲੇ ਜਾਣਗੇ, ਗੋਲੀਬੰਦੀ ਨਹੀਂ ਹੋ ਸਕਦੀ। ਉਹ ਹੀ ਗਲਤੀ ਇਸ ਵਾਰ ਫਿਰ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਹੱਦ ਉਲੰਘੀ ਹੈ ਤਾਂ ਸਿੱਧਾ ਕਹਿਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਇਹ ਕਹਿੰਦਾ ਹੈ ਕਿ ਉਨ੍ਹਾਂ ਦੀ ਜੁਰਅੱਤ ਨਹੀਂ ਕਿ ਹੱਦ ਉਲੰਘ ਜਾਣ ਤੇ ਵਿਦੇਸ਼ ਮੰਤਰੀ ਕਹਿ ਰਿਹਾ ਹੈ ਕਿ ਉਨ੍ਹਾਂ ਨੇ ਅਸਲੀ ਕੰਟਰੋਲ ਰੇਖਾ ਦਾ ਸਤਿਕਾਰ ਕਾਇਮ ਨਹੀਂ ਰੱਖਿਆ, ਜਿਸ ਦਾ ਅਰਥ ਹੈ ਕਿ ਉਨ੍ਹਾਂ ਨੇ ਹੱਦ ਉਲੰਘੀ ਹੈ। ਇਸ ਨਾਲ ਸੰਸਾਰ ਵਿੱਚ ਜਿਹੜੀ ਤਸਵੀਰ ਪੇਸ਼ ਹੁੰਦੀ ਹੈ, ਪ੍ਰਧਾਨ ਮੰਤਰੀ ਜਾਂ ਉਸ ਦੀ ਟੀਮ ਦੇ ਮੈਂਬਰਾਂ ਨੂੰ ਉਸ ਦੀ ਚਿੰਤਾ ਹੀ ਨਹੀਂ ਜਾਪਦੀ।
ਚੀਨ ਇੱਕ-ਸਾਰ ਚਾਲ ਚੱਲਣਾ ਜਾਣਦਾ ਹੈ ਤੇ ਓਥੋਂ ਦੀ ਲੀਡਰਸਿ਼ਪ ਹੋਮ-ਵਰਕ ਕੀਤੇ ਬਿਨਾਂ ਕੁਝ ਨਹੀਂ ਬੋਲਦੀ ਤੇ ਭਾਰਤ ਦੀ ਮੁਸ਼ਕਲ ਇਹ ਹੈ ਕਿ ਏਥੇ ਹੋਰ ਕੋਈ ਬੋਲੀ ਜਾਂਦਾ ਹੈ। ਸੜਕਾਂ ਦਾ ਮੰਤਰੀ ਬਾਰਡਰ ਬਾਰੇ ਬੋਲਦਾ ਹੈ ਅਤੇ ਰੱਖਿਆ ਮੰਤਰੀ ਖੁਰਾਕ ਸਪਲਾਈ ਬਾਰੇ ਅਤੇ ਖੁਰਾਕ ਸਪਲਾਈ ਵਾਲਾ ਮੰਤਰੀ ਕੋਰੋਨਾ ਵਾਇਰਸ ਦਾ ਇਲਾਜ ਕਰਨ ਵਾਲੀ ਵੈਕਸੀਨ ਦੀ ਵਿਆਖਿਆ ਕਰੀ ਜਾਂਦਾ ਹੈ। ਆਪੋ ਆਪਣੀ ਹੱਦ ਵਿਚ ਰਹਿਣਾ ਤੇ ਸੋਚ ਕੇ ਬੋਲਣਾ ਕੋਈ ਆਗੂ ਜਾਣਦਾ ਹੀ ਨਹੀਂ। ਹੇਠਲੇ ਆਗੂਆਂ ਨੂੰ ਇਹ ਹੱਦ ਰੱਖਣ ਦੀ ਲੋੜ ਕੀ ਹੈ, ਜਦੋਂ ਪ੍ਰਧਾਨ ਮੰਤਰੀ ਖੁਦ ਇਹ ਹੱਦ ਨਹੀਂ ਰੱਖਦੇ। ਭਾਰਤ ਦੀਆਂ ਚੀਨ ਸਮੇਤ ਬਹੁਤੀਆਂ ਉਲਝਣਾਂ ਦਾ ਕਾਰਨ ਵੀ ਸ਼ਾਇਦ ਇਹੋ ਹੈ ਕਿ ਏਥੇ ਬੋਲਣ ਤੋਂ ਪਹਿਲਾਂ ਤੋਲਣ ਲਈ ਛੋਟਾ-ਵੱਡਾ ਕੋਈ ਵੀ ਆਗੂ ਤਿਆਰ ਨਹੀਂ। ਬਹੁਤੇ ਸਿਆਣਿਆਂ ਦੀ ਖਿੱਚੋਤਾਣ ਹਰ ਮਸਲੇ ਨੂੰ ਗੰਭੀਰ ਬਣਾ ਦੇਂਦੀ ਹੈ ਅਤੇ ਫਿਰ ਦੋਸ਼ ਜਿਸ ਨੂੰ ਮਰਜ਼ੀ ਦੇ ਲਿਆ ਜਾਵੇ, ਆਪਣੀ ਬੁੱਕਲ ਵਿੱਚ ਝਾਤੀ ਮਾਰਨ ਦੀ ਲੋੜ ਕਿਸੇ ਨੂੰ ਨਹੀਂ ਪੈਂਦੀ।

Have something to say? Post your comment