Welcome to Canadian Punjabi Post
Follow us on

05

August 2021
 
ਨਜਰਰੀਆ

ਜ਼ਿੰਦਗੀ ਦੀ ਸਾਦਗੀ ਦਾ ਪੈਗਾਮ

June 29, 2020 11:02 AM

-ਨਿਰਮਲ ਜੌੜਾ
ਪਿੱਛੇ ਜਿਹੇ ਜਦੋਂ ਕੋਰੋਨਾ ਵਾਇਰਸ ਕਾਰਨ ਸੰਪੂਰਨ ਤਾਲਾਬੰਦੀ ਚੱਲ ਰਹੀ ਸੀ ਤਾਂ ਇੱਕ ਘਰ ਵਿੱਚ ਪਈਆਂ ਕਿਤਾਬਾਂ ਫੋਲਦਿਆਂ ਉਨ੍ਹਾਂ 'ਚੋਂ ਇੱਕ ਛੋਟੀ ਜਿਹੀ ਕਿਤਾਬ ਮਿਲੀ ‘ਸਾਦੇ ਵਿਆਹ ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ।’ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਛਾਪੀ ਗਈ ੳਥੈ ਜ਼ਿੰਦਗੀ ਨੂੰ ਖੁਸ਼ਹਾਲੀ ਧਾਂ ਰਾਹ ਦਿਖਾਉਂਦੀ ਇਹ ਪੁਸਤਕ ਵਾਈਸ ਚਾਂਸਲਰ ਡਾਕਟਰ ਬਲਦੇਵ ਸਿੰਘ ਢਿੱਲੋਂ ਦੇ ਸੰਦੇਸ਼ ‘ਵਿਖਾਵੇ ਤਿਆਗੀਏ, ਸਾਦਗੀ ਅਪਣਾਈਏ’ ਤੋਂ ਸ਼ੁਰੂ ਹੁੰਦੀ ਹੈ ਜਿਸ ਵਿੱਚ ਦੋ ਦਰਜਨ ਤੋਂ ਵੱਧ ਲਿਖਤਾਂ ਰਾਹੀਂ ਵੱਧ ਰਹੇ ਵਿਖਾਵਿਆਂ ਦੇ ਮਾਰੂ ਅਸਰ ਅਤੇ ਸਾਦਗੀ ਦੀ ਅਹਿਮੀਅਤ ਮਿਸਾਲਾਂ ਸਮੇਤ ਦਰਸਾਈ ਗਈ ਹੈ। ਪੱਤਰਕਾਰੀ ਵਿਭਾਗ ਦੇ ਪ੍ਰੋਫੈਸਰ ਸਰਬਜੀਤ ਸਿੰਘ ਦੀ ਸੰਪਾਦਨਾ 'ਚ ਜ਼ਿੰਦਗੀ ਨੂੰ ਸਾਦਗੀ ਨਾਲ ਜੋੜਨ ਦਾ ਇਹ ਇੱਕ ਖੂਬਸੂਰਤ ਯਤਨ ਹੈ।
ਇਸ ਪੁਸਤਕ ਰਾਹੀਂ ਜੋ ਹੋਕਾ ਦਿੱਤਾ ਗਿਆ, ਉਹ ਭਾਸ਼ਾ ਅਤੇ ਪੇਸ਼ਕਾਰੀ ਪੱਖੋਂ ਲੋਕਾਂ ਦੀ ਸਮਝ ਦੇ ਹਾਣ ਦਾ ਹੋਣ ਕਰ ਕੇ ਲੋਕ ਮਨਾਂ ਵਿੱਚ ਵਸ ਜਾਣ ਵਾਲਾ ਹੈ। ਕੁਝ ਸਮਾਂ ਪਹਿਲਾਂ ਯੂਨੀਵਰਸਿਟੀ ਵੱਲੋਂ ਜ਼ਿੰਦਗੀ ਨੂੰ ਸਾਦਗੀ ਨਾਲ ਜੋੜਨ ਦੀ ਚਲਾਈ ਲਹਿਰ ਦਾ ਹਿੱਸਾ ਹੈ ਇਹ ਪੁਸਤਕ। ਉਸ ਵੇਲੇ ਕੋਰੋਨਾ ਵਾਇਰਸ ਚਿੱਤ-ਚੇਤੇ ਨਹੀਂ ਸੀ, ਪਰ ਯੂਨੀਵਰਸਿਟੀ ਨੇ ਸੁਚੇਤ ਕਰ ਦਿੱਤਾ ਸੀ ਕਿ ਬਦਲਦੀਆਂ ਸਥਿਤੀਆਂ ਵਿੱਚ ਸਭਿਆਚਾਰਕ ਕਦਰਾਂ-ਕੀਮਤਾਂ ਕਾਇਮ ਰੱਖਣ ਤੇ ਆਰਥਿਕ ਖੁਸ਼ਹਾਲੀ ਲਈ ਜੀਵਨ-ਜਾਚ ਬਦਲਣੀ ਪਵੇਗੀ। ਕੰਮ-ਕਿੱਤੇ ਬਦਲ ਰਹੇ ਹਨ ਅਤੇ ਮੌਸਮ ਬਦਲ ਰਹੇ ਨੇ। ਕੁਦਰਤ ਦੇ ਬਹੁਤ ਸਾਰੇ ਕ੍ਰਿਸ਼ਮਿਆਂ ਵਿੱਚ ਤਬਦੀਲੀ ਹੋ ਰਹੀ ਹੈ ਜਿਸ ਦਾ ਅਸਰ ਮਨੁੱਖੀ ਜੀਵਨ 'ਤੇ ਹੋਣਾ ਸੁਭਾਵਿਕ ਹੈ।
ਵਿਸ਼ਵੀਕਰਨ ਦੀ ਚਮਕ-ਦਮਕ ਨੇ ਬੜਾ ਕੁਝ ਉਥਲ-ਪੁਥਲ ਕਰ ਦਿੱਤਾ ਹੈ। ਸਮਾਜ ਦੇ ਹਰ ਵਰਗ ਵਿੱਚ ਬੇਚੈਨੀ ਮਹਿਸੂਸ ਹੋ ਰਹੀ ਹੈ ਜਿਸ ਦਾ ਮੁੱਖ ਕਾਰਨ ਇਛਾਵਾਂ ਅਤੇ ਵਿਖਾਵਿਆਂ ਦਾ ਵਧਣਾ, ਸਮਾਜਕ ਰੁਤਬੇ ਦਾ ਫਿਕਰ, ਲੋਕ ਕੀ ਕਹਿਣਗੇ ਅਤੇ ਨੱਕ ਰੱਖਣ ਦੀਆਂ ਧਾਰਨਾਵਾਂ ਹਨ। ਸਮਾਗਮਾਂ, ਰਸਮਾਂ, ਦਿਨ ਤਿਉਹਾਰਾਂ ਅਤੇ ਵਰਤ ਵਰਤਾਅ ਵਿੱਚ ਲੋੜੋਂ ਵੱਧ ਖਰਚੇ ਇਸ ਦਾ ਨਤੀਜਾ ਹਨ। ਚਾਦਰ ਤੋਂ ਵੱਧ ਪੈਰ ਪਸਾਰਨ ਨਾਲ ਸਿਰ ਜਾਂ ਪੈਰ ਨੰਗੇ ਰਹਿਣਾ ਸੁਭਾਵਿਕ ਹੈ। ਇਹੀ ਵਰਤਾਰਾ ਲੋਕਾਂ ਵਿੱਚ ਬੇਚੈਨੀ, ਚਿੰਤਾ, ਉਦਾਸੀਨਤਾ ਤੇ ਨਿਰਾਸ਼ਤਾ ਪੈਦਾ ਕਰਨ ਦੇ ਨਾਲ ਰਿਸ਼ਤਿਆਂ ਵਿੱਚ ਕੁੜੱਤਣ ਭਰ ਰਿਹਾ ਹੈ। ਇਸ ਲਈ ਚਮਕ ਦਮਕ ਨੂੰ ਤਿਆਗ ਕੇ ਸਾਦਗੀ ਨਾਲ ਜੁੜਨ ਦੀ ਲੋੜ ਹੈ। ਇਸ ਲਹਿਰ ਦੀ ਅਗਵਾਈ ਕਰਦੇ ਡਾਕਟਰ ਬਲਦੇਵ ਸਿੰਘ ਢਿੱਲੋਂ ਲੋਕਾਂ ਨਾਲ ਸਿੱਧੀ ਅਤੇ ਸਾਦੀ ਭਾਸ਼ਾ ਵਿੱਚ ਗੱਲ ਕਰਨ ਦੇ ਹਾਮੀ ਹਨ। ਇਸੇ ਲਈ ਸਾਦਗੀ ਵਾਸਤੇ ਦਿੱਤੇ ਇਸ ਸਾਦੇ ਸੁਨੇਹੇ ਦਾ ਅਸਰ ਪਿੰਡਾਂ-ਸ਼ਹਿਰਾਂ ਦੇ ਸਮਾਗਮਾਂ ਦੀ ਰੂਪ ਰੇਖਾ ਬਦਲਣ ਵਾਲਾ ਹੈ, ਸਮਾਜਕ, ਧਾਰਮਿਕ ਅਤੇ ਰਾਜਨੀਤਕ ਆਗੂਆਂ ਦੀ ਤਕਰੀਰ ਦਾ ਹਿੱਸਾ ਬਣ ਕੇ ਇਹ ਨਾਅਰਾ ਹੋਰ ਅਸਰਦਾਰ ਹੋਣ ਦੇ ਸਮਰੱਥ ਹੈ। ਫੱਟੀ ਵਿੱਚ ਗੱਡੇ ਕਿੱਲੇ ਵਾਂਗ ਯੂਨੀਵਰਸਿਟੀ ਦੀ ਕਹੀ ਸਿੱਧੀ ਅਤੇ ਸਾਦੀ ਗੱਲ ਲੋਕ ਮਨਾਂ ਦੇ ਧੁਰ ਅੰਦਰ ਵਸਦੀ ਹੈ। ਇਹ ਸੁਨੇਹਾ ਸੁਚੇਤ ਕਰਦਾ ਹੈ ਕਿ ਜ਼ਿੰਦਗੀ ਦੀ ਤੜਕ-ਭੜਕ ਖਰਚੇ ਵਧਾ ਰਹੀ ਹੈ ਅਤੇ ਕਰਜ਼ੇ ਚੁੱਕੇ ਜਾ ਰਹੇ ਹਨ। ਫਿਰ ਨਾ ਮੋੜਿਆ ਕਰਜ਼ਾ ਮਨੁੱਖ ਲਈ ਮਿਹਣਾ ਬਣ ਜਾਂਦਾ ਹੈ ਜਿੱਥੋਂ ਚਿੰਤਾ ਉਪਜਦੀ ਹੈ ਅਤੇ ਚਿੰਤਾ ਚਿਖਾ ਬਰਾਬਰ ਹੈ, ਜਦੋਂ ਕਿ ਸਾਦਗੀ ਖੁਸ਼ੀਆਂ-ਖੇੜਿਆਂ ਨੂੰ ਜਾਂਦਾ ਰਾਹ ਹੈ।
ਇਸ ਪੁਸਤਕ 'ਚ ਡਾਕਟਰ ਗੁਰਿੰਦਰ ਕੌਰ ਸੰਘਾ ਦਾ ਸੰਦੇਸ਼ ਹੈ ਕਿ ‘ਹੱਥ ਘੁੱਟ ਕੇ ਕੀਤੇ ਖਰਚੇ ਜ਼ਿੰਦਗੀ ਬਣਾ ਦਿੰਦੇ ਹਨ। ਚਾਦਰ ਨਾਲੋਂ ਵੱਧ ਪਸਾਰੇ ਪੈਰ ਮੰਗਣ ਲਾ ਦਿੰਦੇ ਹਨ।’ ਡਾਕਟਰ ਜਗਦੀਸ਼ ਕੌਰ ਨੇ ਨੌਜਵਾਨ ਪੀੜ੍ਹੀ ਨੂੰ ਹਲੂਣਾ ਦੇਂਦਿਆਂ ਲਿਖਿਆ ਹੈ ਕਿ ਬੱਚਿਆਂ ਨੂੰ ਮਾਪਿਆਂ ਉਤੇ ਬੋਝ ਨਹੀਂ, ਉਨ੍ਹਾਂ ਦੀ ਧਿਰ ਬਣਨਾ ਚਾਹੀਦਾ ਹੈ। ਡਾਕਟਰ ਬ੍ਰਿਜਪਾਲ ਸਿੰਘ ਨੇ ਗੁਰਬਾਣੀ ਨੂੰ ਆਧਾਰ ਬਣਾ ਕੇ ਸਪੱਸ਼ਟ ਕੀਤਾ ਹੈ ਕਿ ਵਿਖਾਵਾ ਹੰਕਾਰ ਦਿੰਦਾ ਹੈ, ਮਨ ਵਿੱਚ ਵਿਕਾਰ ਪੈਦਾ ਕਰਦਾ ਅਤੇ ਡਰ-ਭੈਅ, ਭਰਮ ਵਿੱਚ ਪਾਉਂਦਾ ਹੈ। ਡਾਕਟਰ ਰਣਜੀਤ ਸਿੰਘ ਦੇ ਦੱਸਣ ਅਨੁਸਾਰ ਨਿਮਰਤਾ ਦੀ ਥਾਂ ਹਉਮੈ ਪੰਜਾਬੀਆਂ ਦੇ ਜੀਵਨ ਦਾ ਅੰਗ ਬਣਦੀ ਜਾ ਰਹੀ ਹੈ।
ਇਸ ਤਬਦੀਲੀ ਬਾਰੇ ਗੰਭੀਰ ਚਿੰਤਾ ਦੀ ਲੋੜ ਹੈ। ਸਮਾਜ ਵਿਗਿਆਨੀ ਡਾਕਟਰ ਸੁਖਦੇਵ ਸਿੰਘ ਦਾ ਮਤ ਹੈ ਕਿ ਵਿਆਹਾਂ 'ਤੇ ਕੀਤੇ ਨਾਜਾਇਜ਼ ਖਰਚੇ ਪਰਵਾਰਾਂ ਦੇ ਟੁੱਟਣ ਅਤੇ ਰਿਸ਼ਤਿਆਂ ਵਿੱਚ ਤਰੇੜਾਂ ਦਾ ਕਾਰਨ ਬਣਦੇ ਹਨ। ਡਾਕਟਰ ਨਰਿੰਦਰਪਾਲ ਸਿੰਘ ਚਿੰਤਤ ਹਨ ਕਿ ਉਚੇ ਵਿਚਾਰਾਂ ਵਾਲੀ ਸਾਦੀ ਰਹਿਣੀ-ਬਹਿਣੀ ਤੋਂ ਕੋਹਾਂ ਦੂਰ ਜਾਂਦੇ ਸਾਡੇ ਸਮਾਜ ਵਿੱਚ ਸੰਜੀਦਗੀ ਖਤਮ ਹੋ ਰਹੀ ਤੇ ਹੋਛਾਪਣ ਵੱਧ ਰਿਹਾ ਹੈ। ਡਾਕਟਰ ਹਰਪਰੀਤ ਕੌਰ ਆਖਦੇ ਨੇ ਵਿਆਹ ਲਈ ਸਾਜ਼ੋ-ਸਾਮਾਨ ਇਕੱਠਾ ਕਰਨਾ ਵਿਆਹ ਦੀ ਤਿਆਰੀ ਨਹੀਂ ਹੁੰਦਾ, ਸਗੋਂ ਨਵੇਂ ਰਿਸ਼ਤੇ ਪ੍ਰਵਾਨ ਕਰਨ ਅਤੇ ਨਿਭਾਉਣ ਦੀ ਸੋਚ ਅਪਣਾਉਣ ਲਈ ਆਪਣੇ ਆਪ ਨੂੰ ਤਿਆਰ ਕਰਨ ਦੀ ਲੋੜ ਹੁੰਦੀ ਹੈ। ਜੀਵਨ ਢੰਗ ਉਪਰ ਮਾਰੂ ਅਸਰ ਕਰ ਰਹੇ ਸੰਗੀਤਕ ਸ਼ੋਰ ਪ੍ਰਤੀ ਡਾਕਟਰ ਸਮੇਧਾ ਭੰਡਾਰੀ ਦਾ ਆਖਣਾ ਹੈ ਕਿ ਪੈਸੇ ਅਤੇ ਸ਼ੋਹਰਤ ਨੂੰ ਤਿਆਗ ਕੇ ਅਜਿਹਾ ਸੰਗੀਤ ਪੈਦਾ ਕਰੋ, ਜੋ ਲੋਕ ਮਨਾਂ ਨੂੰ ਰਾਹਤ ਅਤੇ ਤਾਜ਼ਗੀ ਦੇਵੇ। ਡਾਕਟਰ ਸ਼ੀਤਲ ਥਾਪਰ ਦੀ ਚਿੰਤਾ ਹੈ ਕਿ ਵੱਡੇ ਵੱਡੇ ਸਮਾਗਮਾਂ ਦੇ ਰੂਪ ਵਿੱਚ ਵਿਖਾਈ ਜਾ ਰਹੀ ਅਖੌਤੀ ਸ਼ਾਨੋ-ਸ਼ੌਕਤ ਅੰਨ, ਧਨ ਦੀ ਬਰਬਾਦੀ ਕਰਦੀ ਹੋਈ ਕਰਜ਼ਿਆਂ ਦੀ ਪੰਡ ਨੂੰ ਹੋਰ ਭਾਰਾ ਕਰਦੀ ਆ ਰਹੀ ਹੈ। ਡਾਕਟਰ ਹਰਦੀਪ ਕੌਰ ਦੇ ਖਿਆਲ ਨੇ ਸਿਰਫ ਖਰਚਿਆਂ ਨੂੰ ਘਟਾਉਣਾ ਹੀ ਇਸ ਸਮੱਸਿਆ ਦਾ ਹੱਲ ਨਹੀਂ।
ਇਸ ਲਈ ਸਮਾਜ ਦੀ ਮਾਨਸਿਕਤਾ ਵਿੱਚ ਤਬਦੀਲੀ ਦੇ ਯਤਨ ਕਰਨ ਲੋੜ ਹੈ। ਡਾਕਟਰ ਬਲਵਿੰਦਰ ਪਾਲ ਸਿੰਘ ਤੇ ਡਾਕਟਰ ਮਹਿੰਦਰ ਸਿੰਘ ਬਾਜਵਾ ਅਨੁਸਾਰ ਮਹਿੰਗਾ ਵਿਆਹ ਅਤੇ ਭੋਗ ਸਮਾਜਕ ਅਪਰਾਧ ਹਨ। ਇਸ ਲਾਪਰਵਾਹੀ ਦੇ ਨਤੀਜੇ ਖਤਰਨਾਕ ਹੋਣਗੇ। ਇਸੇ ਤਰ੍ਹਾਂ ਪੁਸਤਕ ਵਿਚਲੀਆਂ ਹੋਰ ਲਿਖਤਾਂ ਵੀ ਸਰਲ ਭਾਸ਼ਾ ਅਤੇ ਦਿਲਚਸਪ ਸ਼ਬਦਾਵਲੀ ਵਾਲੀਆਂ ਹਨ, ਜੋ ਪਾਠਕ ਨੂੰ ਆਪਣੇ ਵਹਿਣ ਵਿੱਚ ਵਹਾ ਕੇ ਲਿਜਾਣ ਦੇ ਸਮਰੱਥ ਹਨ। ‘ਜ਼ਿੰਦਗੀ ਨੂੰ ਹਾਂ ਅਤੇ ਖੁਦਕੁਸ਼ੀਆਂ ਨੂੰ ਨਾਂਹ’ ਕਰਦੇ ਇਸ ਮਿਸ਼ਨ 'ਚੋਂ ਜ਼ਿੰਦਗੀ ਦੇ ਕੁਝ ਨਿਚੋੜ ਪੜ੍ਹਨ ਨੂੰ ਮਿਲਦੇ ਹਨ ਜਿਵੇਂ ‘ਵਿਖਾਵੇ ਵਾਲੇ ਵਿਆਹ ਕਰਦੇ ਘਰ ਤਬਾਹ’, ‘ਵਿਆਹ ਵਾਸਤੇ ਲਿਆ ਕਰਜ਼ ਬਣ ਜਾਂਦਾ ਜੀਵਨ ਮਰਜ਼’, ‘ਕਰਜ਼ੇ ਤੋਂ ਜੇ ਬਚ ਕੇ ਰਹਿਣਾ-ਵਿਖਾਵਾ ਫਿਰ ਛੱਡਣਾ ਪੈਣਾ’, ‘ਬਿਊਟੀ ਪਾਰਲਰ ਨਹੀਂ ਪਰਸਨੈਲਟੀ ਪਾਰਲਰ ਜਾਈਏ।’
ਇਸੇ ਤਰ੍ਹਾਂ ਮਨੁੱਖੀ ਮਾਨਸਿਕਤਾ ਨੂੰ ਤੰਦਰੁਸਤ ਰੱਖਣ ਲਈ ਨੁਕਤੇ ਦਿੱਤੇ ਗਏ ਹਨ ਕਿ ਫਾਲਤੂ ਸਲਾਹਾਂ ਤੋਂ ਬਚੋ। ਆਪਣੇ ਆਪ ਨੂੰ ਕਮਜ਼ੋਰ ਨਾ ਸਮਝੋ। ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰੋ। ਖਾਣਾ ਤੇ ਪਹਿਰਾਵਾ ਸਾਦਾ ਰੱਖੋ। ਸੋਚ ਤੇ ਵਿਚਾਰ ਉੱਚੇ ਰੱਖੋ। ਜ਼ਿੰਦਗੀ ਦੀਆਂ ਇਨ੍ਹਾਂ ਸੱਚਾਈਆਂ ਨੂੰ ਯੂਨੀਵਰਸਿਟੀ ਨੇ ਸਟਿੱਕਰਾਂ ਵਜੋਂ ਇਸ ਲਹਿਰ ਦਾ ਹਿੱਸਾ ਬਣਾ ਕੇ ਜਨਤਕ ਕੀਤਾ ਹੈ। ਕੋਰੋਨਾ ਵਾਇਰਸ ਦੇ ਮਾਰੂ ਪ੍ਰਭਾਵ ਅਤੇ ਡਰ ਨੇ ਯੂਨੀਵਰਸਿਟੀ ਵੱਲੋਂ ਜ਼ਿੰਦਗੀ ਦੀ ਸਾਦਗੀ ਲਈ ਦਿੱਤੇ ਇਸ ਸੁਨੇਹੇ ਦੀ ਮਹੱਤਤਾ ਅਤੇ ਸਾਰਥਿਕਤਾ ਨੂੰ ਹੋਰ ਉਭਾਰਿਆ ਹੈ। ਇਹ ਸੁਨੇਹਾ ਲੋਕ ਲਹਿਰ ਬਣੇਗਾ, ਪਰ ਸ਼ਰਤ ਇਹ ਹੈ ਕਿ ਲੋਕ ਜਾਗਰੂਕ ਹੋਣ ਅਤੇ ਚਾਦਰ ਵੇਖ ਕੇ ਪੈਰ ਪਸਾਰਨ। ਸਾਦਗੀ ਛੱਡ ਕੇ ਐਸ਼ੋ-ਆਰਾਮ ਵਾਲੀ ਜੀਵਨ ਸ਼ੈਲੀ ਅਪਣਾਉਣੀ ਬਹੁਤੇ ਮਸਲਿਆਂ ਦੀ ਜੜ੍ਹ ਹੈ। ਕਿੰਨਾ ਚੰਗਾ ਹੋਵੇ, ਜੇ ਲੋਕ ਇੱਕ ਵਾਰ ਫਿਰ ਸਾਦਗੀ ਦਾ ਪੱਲਾ ਫੜ ਲੈਣ।

 
Have something to say? Post your comment