Welcome to Canadian Punjabi Post
Follow us on

06

July 2020
ਨਜਰਰੀਆ

ਸਿਸਟਮ ਤੋਂ ਚਾਦਰ ਖਿੱਚਦੀਆਂ ਤਸਵੀਰਾਂ

June 02, 2020 10:18 AM

-ਦੇਸ ਰਾਜ ਕਾਲੀ
ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੁੰਦੀ ਹੈ, ਇੱਕ ਬੱਚਾ ਕਿਸੇ ਰੇਲਵੇ ਸਟੇਸ਼ਨ 'ਤੇ ਆਪਣੀ ਮਰ ਚੁੱਕੀ ਮਾਂ ਦੇ ਉਪਰੋਂ ਚਾਦਰ ਲਾਹ ਕੇ ਉਸ ਨੂੰ ਉਠਾਉਣ ਦਾ ਯਤਨ ਕਰ ਰਿਹਾ ਹੈ। ਬੱਚਾ ਬਹੁਤ ਹੀ ਛੋਟੀ ਉਮਰ ਦਾ ਹੈ। ਉਸ ਨੂੰ ਕੋਈ ਅਹਿਸਾਸ ਨਹੀਂ ਕਿ ਮਾਂ ਜਾ ਚੁੱਕੀ ਹੈ ਕਿਸੇ ਅਨੰਤ ਯਾਤਰਾ 'ਤੇ। ਉਹ ਤੁਰੀ ਤਾਂ ਸੀ ਕਿ ਕਿਸੇ ਮਹਿਫੂਜ਼ ਥਾਂ ਪਹੁੰਚਣ ਲਈ, ਪਰ ਸਫਰ ਅਨੰਤ ਹੋ ਗਿਆ। ਸਿਸਟਮ ਦੀ ਪੋਲ ਤੋਂ ਚਾਦਰ ਲਹਿੰਦੀ ਹੈ। ਇੱਕ ਅਣਜਾਣ ਪੇਂਟਰ ਉਸ ਮਾਂ ਨੂੰ ਭਾਰਤ ਦਾ ਨਕਸ਼ਾ ਚਿੱਤਰਦਾ ਹੈ ਅਤੇ ਉਸ ਉਪਰਲੀ ਚਾਦਰ ਨੂੰ ਤਿਰੰਗਾ। ਬੱਚਾ ਉਸ ਤਿਰੰਗੇ ਨੂੰ ਉਤਾਰਨ ਲਈ ਜੂਝ ਰਿਹਾ ਹੈ। ਇਸ ਅੱਗ ਵਰ੍ਹਾਉਂਦੇ ਸਮੇਂ 'ਚ ਇਹ ਵੀਡੀਓ ਜਾਂ ਤਸਵੀਰਾਂ ਸਿਰਫ ਤਸਵੀਰਾਂ ਨਹੀਂ ਹੁੰਦੀਆਂ, ਬਰੁਤ ਸਾਰੇ ਮਸਲਿਆਂ ਦੇ ਸਨਮੁੱਖ ਤਿੱਖੇ ਸਵਾਲ ਹੁੰਦੇ ਨੇ? ਇਹ ਭਵਿੱਖੀ ਸੰਕਟਾਂ ਦੀ ਨਿਸ਼ਾਨਦੇਹੀ ਦੀਆਂ ਪ੍ਰਤੀਕ ਹੁੰਦੀਆਂ ਹਨ। ਇਹ ਸਿਸਟਮ ਦਾ ਮੂੰਹ ਚਿੜਾਉਂਦੀਆਂ ਨੇ। ਇਨ੍ਹਾਂ ਦੇ ਬਹੁਤ ਡੂੰਘੇ ਮਾਇਨੇ ਹੁੰਦੇ ਨੇ। ਸਰਕਾਰਾਂ ਇਨ੍ਹਾਂ ਨੂੰ ਭਾਵੇਂ ਅੱਖੋਂ-ਪਰੋਖੇ ਕਰ ਦੇਣ, ਪਰ ਸਮੇਂ ਨੇ ਇਨ੍ਹਾਂ ਦੇ ਜਵਾਬ ਮੰਗਣੇ ਹੀ ਹਨ। ਇਨ੍ਹਾਂ ਭਾਵੇਂ ਮਿਟਾ ਦਿੱਤੀਆਂ ਤਸਵੀਰਾਂ ਦਾ ਖੁਰਾ-ਖੋਜ ਵੀ ਬਾਅਦ 'ਚ ਨਹੀਂ ਲੱਭਦਾ, ਪਰ ਜਿਨ੍ਹਾਂ ਹਿਰਦਿਆਂ ਉੱਤੇ ਇਨ੍ਹਾਂ ਚਮਗਿੱਦੜਾਂ ਦੇ ਪੰਜਿਆਂ ਦੇ ਨਿਸ਼ਾਨ ਜ਼ਖਮ ਕਰ ਗਏ ਹੁੰਦੇ ਨੇ, ਉਨ੍ਹਾਂ 'ਚੋਂ ਰਿਸਦਾ ਖੂਨ ਇਨ੍ਹਾਂ ਨੂੰ ਭੁੱਲਣ ਨਹੀਂ ਦਿੰਦਾ। ਸਿੱਤਮ ਉਪਰੋਂ ਇਹ ਕਿ ਸਿਸਟਮ ਦੀ ਬੇਰਹਿਮੀ, ਬੇਕਿਰਕੀ ਇਸ ਕਦਰ ਕਿ ਲੋਕ ਉਂਗਲਾਂ ਟੁੱਕਦੇ ਨੇ। ਰੇਲਵੇ ਨੇ ਇਸ ਮਾਂ ਦੀ ਮੌਤ ਦੀ ਜ਼ਿੰਮੇਵਾਰੀ ਇਹ ਕਹਿ ਕੇ ਠੁਕਰਾ ਦਿੱਤੀ ਕਿ ਮੈਡੀਕਲ ਰਿਪੋਰਟ ਮੁਤਾਬਕ ਇਸ ਔਰਤ ਨੂੰ ਦਿਲ ਦੀ ਬਿਮਾਰੀ ਸੀ। ਸਾਡੀਆਂ ਅੱਖਾਂ ਸਾਹਵੇਂ ਦੁਸ਼ਿਅੰਤ ਕੁਮਾਰ ਦਾ ਸ਼ੇਅਰ ਗੂੰਜਦਾ ਹੈ :
ਕਈ ਫਾਕੇ ਬਿਤਾ ਕਰ ਮਰ ਗਯਾ ਜੋ
ਉਸਕੇ ਬਾਰੇ ਮੇਂ ਵੋ ਸਭ ਕਹਤੇ ਹੈਂ ਅਬ,
ਐਸਾ ਨਹੀਂ ਐਸਾ ਹੂਆ ਹੋਗਾ
ਇਸ ਦਿ੍ਰਸ਼ ਦਾ ਦਰਦ ਅਜੇ ਟਸ-ਟਸ ਕਰ ਰਿਹਾ ਸੀ ਕਿ ਇੱਕ ਨਵੀਂ ਵੀਡੀਓ ਵਾਇਰਲ ਹੋ ਗਈ, ਜਿਸ 'ਚ ਇੱਕ ਮੈਡੀਕਲ ਇੰਸਟੀਚਿਊਟ ਦੇ ਗੇਟ ਅੱਗੇ ਇਲਾਜ ਖੁਣੋਂ ਇੱਕ ਪਰਵਾਸੀ ਮਜ਼ਦੂਰ ਔਰਤ ਦੀ ਮੌਤ ਹੋ ਗਈ ਅਤੇ ਉਸ ਦੇ ਦੋ ਮਾਸੂਮ ਬੱਚੇ ਉਸ ਨੂੰ ਪਾਣੀ ਪਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਸ਼ਾਇਦ ਇਨ੍ਹਾਂ ਬੱਚਿਆਂ ਨੂੁੰ ਮੌਤ ਤਾਂ ਕੀ ਪਾਣੀ ਦੇ ਭਾਵ ਵੀ ਨਾ ਪਤਾ ਹੋਣ, ਪਰ ਕੁਦਰਤ ਨੇ ਕਿਹੜੀ ਸ਼ਕਤੀ ਦਿੱਤੀ ਕਿ ਉਨ੍ਹਾਂ ਨੂੰ ਪਾਣੀ 'ਚ ਜਾਨ ਹੈ, ਦਾ ਭਾਵ ਬੋਧ ਹੋ ਗਿਆ, ਪਰ ਉਹ ਮੌਤ ਦੇ ਮਖੌਲ ਨੂੰ ਕਿੱਥੇ ਸਮਝ ਸਕਦੇ ਨੇ। ਅਣਿਆਈ ਮੌਤ ਦੇ ਮਖੌਲ ਨੂੰ। ਇਹ ਮੰਜ਼ਰ ਵੀ ਬਹੁਤ ਸਾਰੇ ਸਵਾਲ ਪੈਦਾ ਕਰਨ ਵਾਲਾ ਹੈ। ਪਹਿਲੀ ਤਸਵੀਰ ਵਿੱਚ ਚਾਦਰ ਖਿੱਚਦਾ ਬੱਚਾ ਕਿਸੇ ਵੇਲੇ ਸਿਸਟਮ ਨੂੰ ਨਸ਼ਰ ਕਰਦਾ ਜਾਪਦਾ ਹੈ ਅਤੇ ਕਿਸੇ ਵੇਲੇ ਬੇਵੱਸ ਚੀਕ ਉਸ ਦੇ ਸੰਘੋਂ ਬਾਹਰ ਨਹੀਂ ਆ ਰਹੀ ਹੋਣ ਦਾ ਭਾਵ ਮਹਿਸੂਸ ਦੇਖਣ ਵਾਲੇ ਨੂੰ ਹੁੰਦਾ ਹੈ। ਹਾਲਾਂਕਿ ਇਨ੍ਹਾਂ ਦਿਨਾਂ 'ਚ ਚੀਕ ਕਿਸੇ ਮਜ਼ਦੂਰ ਨੇ ਮਾਰੀ ਹੀ ਨਹੀਂ। ਉਹ ਜੂਝਿਆ ਹੈ, ਲੜਿਆ ਹੈ, ਡਟਿਆ ਹੈ, ਉਸ ਨੇ ਹਜ਼ਾਰਾਂ ਮੀਲ ਪੈਂਡਾ ਪੈਦਲ ਤਹਿ ਕੀਤਾ ਹੈ, ਸਾਈਕਲ 'ਤੇ ਤਹਿ ਕੀਤਾ ਹੈ, ਸਰਕਾਰਾਂ ਨੂੰ ਠੁੱਠ ਦਿਖਾ ਕੇ ਕੀਤਾ ਹੈ। ਉਸ ਨੇ ਹੱਥ ਨਹੀਂ ਅੱਡਿਆ। ਅੱਜ ਵੀ ਬੱਸਾਂ ਦੇ ਕਿਰਾਏ ਦੇ ਕੇ ਕੁਝ ਮਜ਼ਦੂਰ ਆਪਣੇ ‘ਦੇਸ’ ਵਾਪਸ ਪਰਤ ਰਹੇ ਨੇ। ਉਨ੍ਹਾਂ ਇਹ ਪ੍ਰਵਾਹ ਵੀ ਨਹੀਂ ਕੀਤਾ ਕਿ ਉਨ੍ਹਾਂ ਨੂੰ ਅੱਗੇ ਜਾ ਕੇ ਕਿਹੜੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਣਾ ਹੈ।
ਸੁਪਰੀਮ ਕੋਰਟ ਪਰਵਾਸੀ ਮਜ਼ਦੂਰਾਂ ਦੀ ਹਾਲਤ 'ਤੇ ਨੋਟਿਸ ਲੈਂਦੀ ਹੈ ਤੇ ਸੂਬਾ ਸਰਕਾਰਾਂ ਦੇ ਨਾਲ-ਨਾਲ ਕੇਂਦਰ ਸਰਕਾਰ ਉੱਤੇ ਸਖਤੀ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਦੇ ਮੁਫਤ ਵਾਪਸੀ ਦੇ ਰਾਹ ਕੇਂਦਰ ਸਰਕਾਰ ਬਣਾਏ। ਇਹ ਜਿੱਥੇ ਅਟਕ ਗਏ, ਉਥੋਂ ਦੀਆਂ ਸੂਬਾ ਸਰਕਾਰਾਂ ਖਾਣ-ਪੀਣ ਦਾ ਪ੍ਰਬੰਧ ਕਰਨ। ਇਨ੍ਹਾਂ ਦਾ ਸਿਰ ਢੱਕਣ। ਫਿਰ ਜਾਗੀ ਵਿਰੋਧੀ ਧਿਰ। ਕਾਂਗਰਸ ਕਹਿਣ ਲੱਗ ਪਈ ਹੈ ਕਿ ਇਨ੍ਹਾਂ ਦੇ ਖਾਤਿਆਂ 'ਚ ਤੁਰੰਤ 10,000 ਨਕਦ ਜਮ੍ਹਾ ਕਰਵਾਵੇ ਕੇਂਦਰ ਸਰਕਾਰ ਤੇ ਹਰ ਮਹੀਨੇ 7500 ਰੁਪਏ ਇਨ੍ਹਾਂ ਖਾਤਿਆਂ 'ਚ ਪਹੁੰਚਦੇ ਕਰੇ। ਕੇਂਦਰ ਸਰਕਾਰ ਦੇ ਵੀਹ ਲੱਖ ਦੇ ਆਰਥਿਕ ਪੈਕੇਜ ਦੇ ਆਮ ਮਜ਼ਦੂਰ ਤੱਕ ਧੇਲਾ ਵੀ ਨਾ ਪਹੁੰਚਣ ਦੇ ਆਸਾਰ ਦੇ ਮੱਦੇਨਜ਼ਰ ਆਵਾਜ਼ ਉਠਾਈ ਜਾ ਰਹੀ ਹੈ ਕਿ ਕੋਰੋਨਾ ਸਮੇਂ ਦੌਰਾਨ ਸਰਕਾਰ ਨੇ ਉਹ ਕਦਮ ਨਹੀਂ ਉਠਾਏ ਜਿਸ ਨਾਲ ਆਮ ਮਜ਼ਦੂਰ ਤੇ ਹੇਠਲੇ ਦਰਜੇ ਦੇ ਕਾਰੋਬਾਰ ਨੂੰ ਲਾਭ ਮਿਲ ਸਕੇ। ਉਨ੍ਹਾਂ ਤੱਕ ਸਿੱਧੇ ਪੈਸੇ ਪਹੁੰਚਾਏ ਜਾਣ ਦਾ ਪ੍ਰਬੰਧ ਸਰਕਾਰ ਕਰੇ, ਇਹ ਆਵਾਜ਼ ਵੀ ਉਠਾਈ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਹੇਠਲੀ ਪੱਧਰ 'ਤੇ ਰੋਜ਼ਗਾਰ ਦਿੱਤੇ ਜਾ ਸਕਣ।
ਮਸਲੇ ਭਾਵੇਂ ਤੁਰ ਗਏ ਪਰਵਾਸੀ ਕਾਮਿਆਂ ਲਈ ਆਪਣੇ ਸੂਬਿਆਂ 'ਚ ਪਹੁੰਚ ਕੇ ਵੱਡੇ ਤੇ ਪੇਚੀਦਾ ਹੋ ਜਾਣੇ ਨੇ, ਪਰ ਏਧਰ ਕਿਸਾਨੀ ਸੰਕਟ ਦਾ ਜੋ ਰੂਪ ਭਿਆਨਕ ਹੋ ਰਿਹਾ ਹੈ, ਉਸ ਵਿੱਚ ਕਾਮਿਆਂ ਦੀ ਕਮੀ ਨੇ ਸੰਕਟ 'ਚ ਕਸਰ ਨਹੀਂ ਰਹਿਣ ਦੇਣੀ। ਝੋਨੇ ਦੀ ਲੁਆਈ ਦਾ ਸੀਜ਼ਨ ਆ ਗਿਆ ਹੈ। ਲਾਗਤ ਮੁੱਲ ਘੱਟ ਕਰਨ ਲਈ ਕਿਸਾਨ ਹਰ ਕੀਮਤ ਉੱਤੇ ਸੋਚੇਗਾ। ਸਮਾਜਕ ਤਣਾਓ ਵੀ ਵਧਣਗੇ। ਮਜ਼ਦੂਰਾਂ ਬਾਰੇ ਕਿਸਾਨੀ ਵਿਚਾਲੇ ਟਕਰਾਅ ਹੁੰਦੇ ਰਹੇ ਨੇ, ਜਿਨ੍ਹਾਂ ਦੀ ਸੰਭਾਵਨਾ ਇਸ ਸਮੇਂ ਵੱਧ ਹੈ। ਫਿਰ ਵੀ ਸਰਕਾਰ ਨੂੰ ਝੋਨੇ ਦੀ ਲੁਆਈ ਦੀ ਤਰੀਕ ਬਾਰੇ, ਝੋਨੇ ਦੀ ਲੁਆਈ ਦੀ ਤਕਨੀਕ ਨੂੰ ਲੈ ਕੇ ਅਜਿਹੇ ਫੈਸਲੇ ਕਰਨੇ ਚਾਹੀਦੇ ਹਨ, ਜਿਨ੍ਹਾਂ ਨਾਲ ਕਿਸਾਨੀ, ਖਾਸ ਕਰ ਕੇ ਛੋਟੀ ਕਿਸਾਨੀ ਦੀ ਬਾਂਹ ਫੜੀ ਜਾ ਸਕੇ। ਇਹੀ ਕਿਸਾਨ ਫਿਰ ਖੇਤ ਮਜ਼ਦੂਰ ਦੀ ਬਾਂਹ ਫੜੇ ਤੇ ਹੌਲੀ ਹੌਲੀ ਇਸ ਸੰਕਟ ਦੀ ਘੜੀ ਨੂੰ ਜਿੱਤ ਸਕਣ ਦੇ ਸਮਰੱਥ ਹੋ ਸਕੀਏ।

Have something to say? Post your comment