Welcome to Canadian Punjabi Post
Follow us on

02

July 2025
 
ਨਜਰਰੀਆ

ਜ਼ਿੰਦਗੀ ਦੀ ਅਵੱਲੜੀ ਵਿਆਕਰਣ

June 02, 2020 10:17 AM

-ਪ੍ਰਿੰਸੀਪਲ ਵਿਜੇ ਕੁਮਾਰ
ਇਸ ਦੁਨੀਆ 'ਚ ਅੱਜ ਤੱਕ ਕੋਈ ਅਜਿਹਾ ਮਨੁੱਖ ਨਹੀਂ ਹੋਇਆ, ਜਿਸ ਦੇ ਜੀਵਨ ਵਿੱਚ ਕਦੇ ਦੁੱਖ ਨਾ ਆਇਆ ਹੋਵੇ, ਪਰ ਅੱਜ ਤੱਕ ਇਹ ਵੀ ਕਦੇ ਨਹੀਂ ਹੋਇਆ ਕਿ ਦੁੱਖ ਤੋਂ ਬਾਅਦ ਸੁੱਖ ਨਾ ਆਇਆ ਹੋਵੇ। ਦੁੱਖ-ਸੁੱਖ ਆਉਣਾ ਜ਼ਿੰਦਗੀ ਦੀ ਅਹਿਮ ਪ੍ਰਕਿਰਿਆ ਹੈ। ਇਹ ਬੰਦੇ ਦੀ ਸੋਚ 'ਤੇ ਨਿਰਭਰ ਹੈ ਕਿ ਉਹ ਦੁੱਖ-ਸੁੱਖ ਦੇ ਆਉਣ ਨੂੰ ਕਿਸ ਨਜ਼ਰ ਨਾਲ ਲੈਂਦਾ ਹੈ। ਜਿਹੜੇ ਲੋਕ ਦੁੱਖ-ਸੁੱਖ ਵੇਲੇ ਆਪਣੀ ਸੋਚ ਦਾ ਸੰਤੁਲਨ ਬਣਾ ਕੇ ਰੱਖਦੇ ਹਨ, ਦੁੱਖ ਸਮੇਂ ਬਹੁਤੀ ਦੁਹਾਈ ਨਹੀਂ ਪਾਉਂਦੇ, ਸੁੱਖ ਵੇਲੇ ਧਰਤੀ ਨਾਲ ਜੁੜੇ ਰਹਿੰਦੇ ਹਨ ਤੇ ਰੱਬ ਨਹੀਂ ਭੁੱਲਦੇ, ਉਨ੍ਹਾਂ ਲੋਕਾਂ ਨੂੰ ਜ਼ਿੰਦਗੀ ਦੀ ਵਿਆਕਰਣ ਦਾ ਗਿਆਨ ਹੁੰਦਾ ਹੈ। ਮੇਰੇ ਪਿਤਾ ਜੀ ਕਹਿੰਦੇ ਹੁੰਦੇ ਸਨ ਕਿ ਰੱਬ ਜੇ ਜ਼ਿੰਦਗੀ ਦਾ ਇੱਕ ਦਰਵਾਜ਼ਾ ਬੰਦ ਕਰੇ ਤਾਂ ਉਹ ਦਸ ਦਰਵਾਜ਼ੇ ਖੋਲ੍ਹ ਵੀ ਦਿੰਦਾ ਹੈ। ਨਾ ਤਾਂ ਦੁੱਖ ਸਦਾ ਲਈ ਰਹਿੰਦਾ ਹੈ ਤੇ ਸੁੱਖ ਵੀ ਆਪਣੀ ਵਾਰੀ ਬਦਲਦਾ ਰਹਿੰਦਾ ਹੈ।
ਸਾਡੀ ਰਿਸ਼ਤੇਦਾਰੀ 'ਚ ਲਗਦੇ ਚਾਚਾ ਜੀ ਦੋ ਭਰਾ ਸਨ। ਉਨ੍ਹਾਂ ਦੇ ਛੋਟੇ ਭਰਾ ਦੇ ਤਿੰਨ ਬੱਚੇ ਸਨ ਤੇ ਵੱਡੇ ਭਰਾ ਦੇ ਦੋ। ਵੱਡੇ ਭਰਾ ਦੀ ਘਰਵਾਲੀ ਬਹੁਤ ਤੇਜ਼ ਸੀ। ਉਸ ਨੇ ਘਰ ਦੀ ਸਾਰੀ ਜਾਇਦਾਦ ਸਾਂਭ ਕੇ ਛੋਟੇ ਭਰਾ ਨੂੰ ਘਰ ਛੱਡਣ ਲਈ ਮਜਬੂਰ ਕਰ ਦਿੱਤਾ। ਘਰ ਛੱਡਣ ਵੇਲੇ ਉਸ ਦੀ ਘਰਵਾਲੀ ਨੇ ਉਸ ਨੂੰ ਕਿਹਾ: ਅਸੀਂ ਘਰ ਛੱਡ ਕੇ ਕਿੱਥੇ ਜਾਵਾਂਗੇ? ਘਰ ਵਿੱਚ ਸਾਡਾ ਹਿੱਸਾ ਵੀ ਹੈ, ਅਸੀਂ ਘਰ ਛੱਡ ਕੇ ਕਿਉਂ ਜਾਈਏ? ਛੋਟੇ ਚਾਚਾ ਜੀ ਨੇ ਆਪਣੀ ਘਰਵਾਲੀ ਨੂੰ ਸਮਝਾ ਕੇ ਕਿਹਾ, ‘‘ਭਾਗਵਾਨੇ! ਮੈਥੋਂ ਰੋਜ਼-ਰੋਜ਼ ਦਾ ਕਲੇਸ਼ ਨਹੀਂ ਝੱਲ ਹੁੰਦਾ। ਲੋਕ ਪਰਵਾਰ ਦਾ ਤਮਾਸ਼ਾ ਵੇਖਦੇ ਹਨ।” ਚਾਚੀ ਜੀ ਨੇ ਪੁੱਛਿਆ ਕਿ ਜਾਵਾਂਗੇ ਕਿੱਥੇ? ਚਾਚਾ ਜੀ ਨੇ ਅੱਗੋਂ ਕਿਹਾ, ‘‘ਪਰਮਾਤਮਾ ਜਿੱਥੇ ਲੈ ਜਾਵੇਗਾ। ਦੁਨੀਆ ਵਿੱਚ ਸਕੂਨ ਨਾਲੋਂ ਕੋਈ ਵੱਡੀ ਚੀਜ਼ ਨਹੀਂ।”
ਚਾਚਾ ਜੀ ਦੇ ਵਿਦਿਆਰਥੀ ਜੀਵਨ ਦਾ ਇੱਕ ਬਹੁਤ ਖਾਸ ਦੋਸਤ ਦਿੱਲੀ ਉੱਚੇ ਅਹੁਦੇ 'ਤੇ ਕੰਮ ਕਰਦਾ ਸੀ। ਉਸ ਨੇ ਚਾਚਾ ਜੀ ਨੂੰ ਨਿੱਜੀ ਟਰਾਂਸਪੋਰਟ 'ਚ ਕਲਰਕ ਲਗਵਾ ਦਿੱਤਾ। ਤਿੰਨ ਪੜ੍ਹਨ ਵਾਲੇ ਨਿਆਣੇ, ਥੋੜ੍ਹੀ ਜਿਹੀ ਕਲਰਕੀ ਦੀ ਤਨਖਾਹ, ਗੁਜ਼ਾਰਾ ਕਰਨਾ ਬਹੁਤ ਔਖਾ ਸੀ। ਚਾਚੀ ਜੀ ਬਹੁਤ ਸਿਰੜੀ, ਸਿਦਕੀ, ਇਮਾਨਦਾਰ ਤੇ ਮਿਹਨਤੀ ਸਨ। ਉਨ੍ਹਾਂ ਨੇ ਇੱਕੋ ਟੀਚਾ ਰੱਖਿਆ ਕਿ ਬੱਚੇ ਚੰਗਾ ਪੜ੍ਹ ਜਾਣ। ਉਨ੍ਹਾਂ ਦੇ ਤਿੰਨੇ ਬੱਚੇ ਇੱਕ ਦੂਜੇ ਤੋਂ ਵੱਧ ਕੇ ਪੜ੍ਹਨ 'ਚ ਹੁਸ਼ਿਆਰ ਸਨ। ਚਾਚੀ ਨੂੰ ਆਸ ਸੀ ਕਿ ਉਨ੍ਹਾਂ ਦੇ ਨਿਆਣੇ ਗੁਰਬਤ ਦੇ ਦਿਨ ਜ਼ਰੂਰ ਭੁਲਾ ਦੇਣਗੇ। ਚਾਚਾ ਜੀ ਨੇ ਕਿਰਸ ਕਰ ਕੇ ਤੇ ਢਿੱਡ ਘੁੱਟ ਕੇ ਆਪਣੇ ਬੱਚਿਆਂ ਨੂੰ ਪੜ੍ਹਾ ਦਿੱਤਾ। ਉਨ੍ਹਾਂ ਦਾ ਵੱਡਾ ਪੁੱਤਰ ਪੜ੍ਹਾਈ ਵਿੱਚ ਏਨਾ ਹੁਸ਼ਿਆਰ ਨਿਕਲਿਆ ਕਿ ਸਰਕਾਰੀ ਖਰਚੇ 'ਤੇ ਪੜ੍ਹ ਕੇ ਚੰਗੇ ਵਿਭਾਗ ਵਿੱਚ ਇੰਜੀਨੀਅਰ ਲੱਗ ਗਿਆ। ਛੋਟਾ ਬੈਂਕ ਦਾ ਅਫਸਰ ਲੱਗ ਗਿਆ। ਧੀ ਡਾਕਟਰ ਬਣ ਗਈ। ਪੁੱਤਾਂ ਨੂੰ ਸਰਕਾਰੀ ਕੋਠੀਆਂ ਮਿਲ ਗਈਆਂ ਤੇ ਘਰਵਾਲੀਆਂ ਅਫਸਰ ਮਿਲ ਗਈਆਂ। ਚਾਚਾ ਜੀ ਕੋਲ ਪੈਸੇ-ਧੇਲੇ ਦੀ ਘਾਟ ਨਹੀਂ ਸੀ। ਉਨ੍ਹਾਂ ਨੂੰ ਨਾ ਰੱਬ ਦਿਸਣੋ ਹਟਿਆ ਤੇ ਨਾ ਹੀ ਧਰਤੀ ਤੋਂ ਚਾਰ ਗਿੱਠ ਉਪਰ ਉਠ ਕੇ ਤੁਰਨ ਲੱਗੇ।
ਓਧਰ ਵੱਡੇ ਚਾਚਾ ਜੀ ਦੇ ਮੁੰਡਿਆਂ ਨੇ ਪੜ੍ਹਨਾ ਕੀ ਸੀ, ਸਗੋਂ ਉਹ ਸਿਰੇ ਦੇ ਆਵਾਰਾਗਰਦ ਨਿਕਲੇ। ਉਨ੍ਹਾਂ ਨੇ ਨਸ਼ੇ-ਪੱਤੇ 'ਚ ਥੋੜ੍ਹੀ-ਬਹੁਤ ਜ਼ਮੀਨ ਵੀ ਵੇਚ ਦਿੱਤੀ। ਪੁੱਤਾਂ ਦੀ ਨਾਲਾਇਕੀ ਵੇਖ ਕੇ ਵੱਡੇ ਚਾਚਾ ਜੀ ਦਿਲ ਦਾ ਦੌਰਾ ਪੈਣ ਕਾਰਨ ਜਹਾਨ ਛੱਡ ਗਏ ਤੇ ਚਾਚੀ ਜੀ ਨੂੰ ਕੈਂਸਰ ਦੀ ਬਿਮਾਰੀ ਖਾ ਗਈ। ਘਰ ਬਰਬਾਦੀ ਦੇ ਕੰਢੇ ਆ ਖੜ੍ਹਾ ਹੋਇਆ। ਛੋਟੇ ਚਾਚਾ ਜੀ ਨੂੰ ਘਰ ਦੀ ਹਾਲਤ ਦਾ ਪਤਾ ਲੱਗਾ ਤਾਂ ਉਹ ਪਰਵਾਰ ਨਾਲ ਆਪਣੇ ਪਿੰਡ ਆਏ। ਵੱਡੀ ਚਾਚੀ ਜੀ ਨੂੰ ਲੱਗਿਆ ਕਿ ਉਹ ਜਾਇਦਾਦ 'ਚੋਂ ਹਿੱਸਾ ਮੰਗਣ ਆਏ ਹਨ। ਵੱਡੀ ਚਾਚੀ ਨੇ ਛੋਟੇ ਚਾਚਾ ਜੀ ਨੂੰ ਕਿਹਾ, ‘‘ਵੀਰਾ, ਮੈਂ ਸਮਝਦੀ ਹਾਂ ਕਿ ਤੁਸੀਂ ਘਰ 'ਚੋਂ ਬਣਦਾ ਹਿੱਸਾ ਲੈਣ ਆਏ ਹੋ। ਮੈਂ ਤੁਹਾਡਾ ਹਿੱਸਾ ਹੱਥੀਂ-ਬੰਨ੍ਹੀਂ ਦੇਣ ਲਈ ਤਿਆਰ ਹਾਂ, ਪਰ ਮੇਰੀ ਨਾਲਾਇਕ ਔਲਾਦ ਨੇ ਘਰ ਦੀ ਬਰਬਾਦੀ ਕਰ ਦਿੱਤੀ ਹੈ। ਜੇ ਰਹਿੰਦੀ-ਖੂੰਹਦੀ ਜਾਇਦਾਦ 'ਚੋਂ ਤੁਸੀਂ ਹਿੱਸਾ ਲੈ ਲਿਆ ਤਾਂ ਇਨ੍ਹਾਂ ਮੇਰੇ ਨਿਆਣਿਆਂ ਨੇ ਰੋਟੀ ਜੋਗੇ ਨਹੀਂ ਰਹਿਣਾ।”
ਚਾਚਾ ਜੀ ਕੁਝ ਹੋਰ ਕਰਨ ਆਏ ਸਨ। ਉਨ੍ਹਾਂ ਨੇ ਅੱਗੋਂ ਕਿਹਾ, ‘‘ਭਾਬੀ ਜੀ, ਤੁਸੀਂ ਜਾਇਦਾਦ ਦੀ ਗੱਲ ਛੱਡ ਕੇ ਸਾਡੇ ਨਾਲ ਚੱਲੋ। ਪਹਿਲਾਂ ਤੁਹਾਡਾ ਇਲਾਜ ਹੋਣਾ ਜ਼ਰੂਰੀ ਹੈ।” ਚਾਚਾ ਜੀ ਵੱਡੇ ਚਾਚੀ ਜੀ ਨੂੰ ਆਪਣੇ ਨਾਲ ਦਿੱਲੀ ਲੈ ਗਏ। ਚਾਚਾ ਜੀ ਦੀ ਡਾਕਟਰ ਧੀ ਨੇ ਉਨ੍ਹਾਂ ਦਾ ਏਮਜ਼ ਹਸਪਤਾਲ ਵਿੱਚ ਇਲਾਜ ਕਰਵਾਇਆ। ਉਨ੍ਹਾਂ ਨੇ ਵੱਡੇ ਚਾਚਾਜੀ ਦੇ ਇੱਕ ਪੁੱਤਰ ਨੂੰ ਆਪਣੇ ਵਾਲੀ ਟਰਾਂਸਪੋਰਟ ਵਿੱਚ ਨੌਕਰੀ ਲੁਆ ਦਿੱਤਾ। ਵੱਡੇ ਚਾਚੀ ਜੀ ਦਾ ਕੈਂਸਰ ਠੀਕ ਹੋ ਗਿਆ। ਚਾਚੀ ਜੀ ਦੇ ਪੁੱਤ ਨੂੰ ਦਿੱਲੀ ਆ ਕੇ ਅਕਲ ਆ ਗਈ। ਪਿੰਡ ਵਾਲਾ ਮੁੰਡਾ ਵੀ ਮਿਹਨਤ ਕਰਨ ਲੱਗ ਪਿਆ। ਦੋਵਾਂ ਨੇ ਮਿਹਨਤ ਕਰ ਕੇ ਵੇਚੀ ਜ਼ਮੀਨ ਵੀ ਛੁਡਾ ਲਈ। ਦੋਵਾਂ ਦਾ ਘਰ ਵਸ ਗਿਆ। ਛੋਟੇ ਚਾਚੀ ਜੀ ਨੂੰ ਆਪਣੇ ਭਰਾ ਦਾ ਘਰ ਬਰਬਾਦ ਹੋਣ ਤੋਂ ਬਚਾ ਕੇ ਬਹੁਤ ਸਕੂਨ ਮਿਲਿਆ। ਇੱਕ ਦਿਨ ਵੱਡੇ ਚਾਚੀ ਨੇ ਛੋਟੇ ਚਾਚਾ ਜੀ ਨੂੰ ਕਿਹਾ, ‘‘ਮੁੰਡਿਆ! ਮੈਂ ਜਨਮਾਂ-ਜਨਮਾਂ ਤੱਕ ਤੇਰਾ ਅਹਸਾਨ ਨਹੀਂ ਭੁੱਲ ਸਕਦੀ। ਤੂੰ ਸਾਡੇ ਲਈ ਫਰਿਸ਼ਤਾ ਐਂ।” ਚਾਚਾ ਜੀ ਨੇ ਅੱਗੋਂ ਕਿਹਾ, ‘‘ਭਾਬੀ ਜੀ, ਇਹ ਤਾਂ ਸਾਰੇ ਕੁਦਰਤ ਦੇ ਖੇਲ ਹਨ। ਜੇ ਪਰਮਾਤਮਾ ਮੈਨੂੰ ਦਿੱਲੀ ਨਾ ਭੇਜਦਾ ਤਾਂ ਹੋ ਸਕਦਾ ਮੈਂ ਏਨੀ ਤਰੱਕੀ ਵੀ ਨਾ ਕਰਦਾ। ਉਹ ਅਕਾਲ ਪੁਰਖ ਬੰਦੇ ਨੂੰ ਜ਼ਿੰਦਗੀ 'ਚ ਸਮੇਂ-ਸਮੇਂ 'ਤੇ ਬਹੁਤ ਸਬਕ ਸਿਖਾਉਂਦਾ ਹੈ। ਜੇ ਬੰਦੇ ਦੀ ਨੀਅਤ ਅਤੇ ਨੀਤੀ ਠੀਕ ਹੋਵੇ ਤਾਂ ਬੰਦੇ ਦਾ ਕੁਝ ਨਹੀਂ ਵਿਗੜਦਾ। “
ਮੇਰੇ ਇੱਕ ਜਾਣਕਾਰ ਸੱਜਣ ਦਾ ਮੁੰਡਾ ਪੜ੍ਹਾਈ ਵਿੱਚ ਬੜਾ ਹੁਸ਼ਿਆਰ ਸੀ। ਉਸ ਨੇ ਮੈਡੀਕਲ ਦੇ ਨਾਲ ਬਾਰ੍ਹਵੀਂ ਜਮਾਤ ਪਾਸ ਕਰ ਲਈ। ਉਹ ਐੱਮ ਬੀ ਬੀ ਐੱਸ ਵਿੱਚ ਦਾਖਲਾ ਲੈਣਾ ਚਾਹੰੁਦਾ ਸੀ, ਪਰ ਧਨ ਦੀ ਕਿੱਲਤ ਉਸ ਦੇ ਰਾਹ ਵਿੱਚ ਔਕੜ ਬਣ ਰਹੀ ਸੀ। ਮੇਰੇ ਜਾਣਕਾਰ ਸੱਜਣ ਨੇ ਆਪਣੇ ਮੁੰਡੇ ਨੂੰ ਕਿਹਾ ਕਿ ਉਹ ਕੁਝ ਹੋਰ ਕਰ ਲਵੇ, ਡਾਕਟਰੀ ਕਰਵਾਉਣ ਦਾ ਖਰਚਾ ਦੇਣਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ। ਮੁੰਡੇ ਨੇ ਹਿੰਮਤ ਨਹੀਂ ਹਾਰੀ। ਉਸ ਦੇ ਮਾਸੜ ਜੀ ਪੈਸੇ-ਧੇਲੇ ਵਾਲੇ ਸਨ। ਉਸ ਨੇ ਆਪਣੇ ਮਾਸੜ ਨੂੰ ਜਾ ਕੇ ਕਿਹਾ ਕਿ ਉਹ ਉਸ ਨੂੰ ਡਾਕਟਰੀ ਕਰਵਾ ਦੇਵੇ, ਉਹ ਨੌਕਰੀ ਲੱਗ ਕੇ ਉਸ ਦਾ ਪੈਸਾ-ਪੈਸਾ ਚੁਕਾ ਦੇਵੇਗਾ। ਉਸ ਦੇ ਮਾਸੜ ਨੇ ਉਸ ਦੇ ਪਿਓ ਨੂੰ ਕਿਹਾ ਕਿ ਤੁਸੀਂ ਬਹੁਤ ਭਾਗਾਂ ਵਾਲੇ ਹੋ ਕਿ ਤੁਹਾਡੇ ਘਰ ਹੋਣਹਾਰ ਬੱਚਾ ਜੰਮਿਆ ਹੈ, ਮੈਂ ਇਸ ਦੀ ਵੱਧ ਤੋਂ ਵੱਧ ਮਦਦ ਕਰਾਂਗਾ, ਪਰ ਕੁਝ ਹਿੰਮਤ ਤੁਸੀਂ ਵੀ ਮਾਰੋ। ਪਿਓ-ਪੁੱਤ ਦਾ ਹੌਸਲਾ ਵਧ ਗਿਆ। ਮੁੰਡੇ ਦੇ ਮਾਸੜ ਨੇ ਉਸ ਦੀ ਬਾਂਹ ਫੜੀ ਰੱਖੀ। ਮੁੰਡਾ ਏਨਾ ਹੁਸ਼ਿਆਰ ਨਿਕਲਿਆ ਕਿ ਉਹ ਸਰਕਾਰੀ ਖਰਚੇ 'ਤੇ ਐੱਮ ਡੀ ਕਰ ਕੇ ਵਿਦੇਸ਼ ਚਲਿਆ ਗਿਆ।
ਕਿਸੇ ਨੇ ਸੱਚ ਕਿਹਾ ਹੈ ਕਿ ਕੋਈ ਨਹੀਂ ਜਾਣਦਾ ਕਿ ਉਪਰ ਵਾਲਾ ਕਿਹੜੀਆਂ ਖੇਡਾਂ ਖੇਡਦਾ ਹੈ। ਮੁੰਡੇ ਦੇ ਮਾਸੜ ਦੇ ਜਵਾਈ ਨੂੰ ਕੋਈ ਅਜਿਹੀ ਬਿਮਾਰੀ ਲੱਗ ਗਈ, ਜਿਸ ਦਾ ਇਲਾਜ ਸਿਰਫ ਅਮਰੀਕਾ 'ਚ ਹੀ ਸੀ। ਮੁੰਡੇ ਨੂੰ ਜਿਉਂ ਹੀ ਪਤਾ ਲੱਗਿਆ, ਉਸ ਨੇ ਝੱਟ ਉਸ ਨੂੰ ਆਪਣੇ ਖਰਚੇ 'ਤੇ ਅਮਰੀਕਾ ਬੁਲਾ ਲਿਆ। ਅਕਾਲ ਪੁਰਖ ਦੀ ਕਿਰਪਾ ਨਾਲ ਮਾਸੜ ਦਾ ਜਵਾਈ ਠੀਕ ਹੋ ਗਿਆ। ਪਰਮਾਤਮਾ ਆਪਣੇ ਹਿਸਾਬ ਨਾਲ ਹੀ ਸਭ ਕੁਝ ਕਰਦਾ ਹੈ, ਪਰ ਫਰਕ ਸਾਡੇ ਸਮਝਣ ਦਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ ਇਤਿਹਾਸ ਦੱਸਦੈ ਅਕਾਲੀ ਦਲ ਦਾ ਪਾਟਕ ਪੰਜਾਬ ਉੱਤੇ ਕੀ ਅਸਰ ਪਾ ਸਕਦੈ!