Welcome to Canadian Punjabi Post
Follow us on

05

July 2020
ਨਜਰਰੀਆ

ਸੁੰਦਰ ਲਿਖਾਈ ਦੀ ਸਰਬ ਸੰਮਤੀ

June 01, 2020 10:16 AM

-ਸੁਪਿੰਦਰ ਸਿੰਘ ਰਾਣਾ
ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੀ ਮੀਟਿੰਗ ਵਿੱਚ ਤਲਖੀ ਹੋਣ ਤੇ ਪ੍ਰਧਾਨ ਨੇ ਜੇਬ ਵਿੱਚੋਂ ਅਸਤੀਫ਼ੇ ਦਾ ਕਾਗਜ਼ ਕੱਢ ਕੇ ਮੇਜ਼ ਉਤੇ ਰੱਖ ਦਿੱਤਾ। ਜਾਪਦਾ ਸੀ, ਜਿਵੇਂ ਉਹ ਸੋਚ ਕੇ ਆਏ ਹੋਣ ਕਿ ਜੇ ਗੱਲ ਨਾ ਮੰਨੀ ਗਈ ਤਾਂ ਅਸਤੀਫ਼ਾ ਦੇ ਦੇਣਾ ਹੈ। ਉਨ੍ਹਾਂ ਦੇ ਇੱਕ ਦੋ ਹੋਰ ਸਾਥੀਆਂ ਨੇ ਵੀ ਆਪਣੇ ਅਸਤੀਫ਼ੇ ਦੇ ਦਿੱਤੇ। ਅੱਧਾ ਘੰਟੇ ਪਹਿਲਾਂ ਕਿਸੇ ਮੈਂਬਰ ਨੂੰ ਚਿੱਤ ਚੇਤਾ ਨਹੀਂ ਸੀ ਕਿ ਇਹ ਭਾਣਾ ਵਾਪਰ ਜਾਵੇਗਾ। ਮੈਂ ਉਠ ਕੇ ਪ੍ਰਧਾਨ ਨੂੰ ਅਸਤੀਫ਼ਾ ਨਾ ਦੇਣ ਦੀ ਸਲਾਹ ਦਿੱਤੀ ਪਰ ਉਨ੍ਹਾਂ ਇੱਕ ਨਾ ਸੁਣੀ, ਸਗੋਂ ਕਮਰੇ ਵਿੱਚੋਂ ਬਾਹਰ ਨਿਕਲ ਗਏ। ਮੀਟਿੰਗ ਖ਼ਤਮ ਹੋ ਗਈ। ਦੋ ਚਾਰ ਦਿਨ ਇੱਕ ਦੂਜੇ ਨੂੰ ਮਨਾਉਣ ਦੀ ਬਥੇਰੀ ਕੋਸ਼ਿਸ਼ ਕੀਤੀ, ਪਰ ਸਫ਼ਲਤਾ ਹੱਥ ਨਾ ਲੱਗੀ। ਕਮੇਟੀ ਵਿੱਚ ਦੋ ਧੜੇ ਬਣ ਗਏ। ਇਸ ਨਾਲ ਹਰ ਕੋਈ ਆਪਣੇ ਪਾਸੇ ਵਾਲੇ ਨੂੰ ਪ੍ਰਧਾਨਗੀ ਤੇ ਹੋਰ ਅਹੁਦੇ ਦਿਵਾਉਣਾ ਚਾਹੁੰਦਾ ਸੀ। ਦੋਵੇਂ ਪਾਸਿਓਂ ਬੰਦੇ ਤੋੜਨ ਲਈ ਜ਼ੋਰ ਲੱਗ ਰਿਹਾ ਸੀ।
ਘਰਾਂ ਵਿੱਚ ਮੀਟਿੰਗਾਂ ਦਾ ਦੌਰ ਵਧ ਗਿਆ। ਆਪਸੀ ਪਿਆਰ ਵਿੱਚ ਵੀ ਤਰੇੜਾਂ ਪੈਣ ਦੀ ਨੌਬਤ ਆ ਗਈ। ਜੇ ਕੋਈ ਕਿਸੇ ਸ਼ਖ਼ਸ ਕੋਲ ਖੜ੍ਹਾ ਦਿੱਸ ਜਾਵੇ ਤਾਂ ਉਸੇ ਸਮੇਂ ਇਹ ਗੱਲ ਫੈਲ ਜਾਂਦੀ ਕਿ ਫਲਾਣਾ ਸ਼ਖ਼ਸ ਦੂਜੇ ਧੜੇ ਵਿੱਚ ਚਲੇ ਗਿਆ ਹੈ। ਇੱਕ ਧੜੇ ਨੇ ਗੁਰਦੁਆਰੇ ਦੇ ਬੋਰਡ ਤੇ ਨਵੀਂਆਂ ਵੋਟਾਂ ਬਣਾਉਣ ਦਾ ਨੋਟਿਸ ਲਾ ਦਿੱਤਾ। ਦੂਜੇ ਨੇ ਵੋਟਾਂ ਦੀ ਪ੍ਰਕਿਰਿਆ ਬੰਦ ਹੋਣ ਵਾਲੇ ਮਤੇ ਕਾਪੀ ਚਿਪਕਾ ਦਿੱਤੀ। ਦਹਾਕਿਆਂ ਦੇ ਇਤਿਹਾਸ ਵਿੱਚ ਗੁਰਦੁਆਰਾ ਕਮੇਟੀ ਲਈ ਇੱਕੋ ਵਾਰ ਵੋਟਾਂ ਪਈਆਂ ਸਨ। ਫਿਰ ਉਹੋ ਮਾਹੌਲ ਬਣ ਗਿਆ ਸੀ। ਅਸੀਂ ਕੁਝ ਮੈਂਬਰਾਂ ਨੇ ਹਿੰਮਤ ਕਰਕੇ ਦੋਵਾਂ ਧਿਰਾਂ ਵਿੱਚ ਸਰਬ ਸੰਮਤੀ ਦੀ ਕੋਸ਼ਿਸ਼ ਕੀਤੀ। ਦੋਵਾਂ ਧੜਿਆਂ ਦੇ ਚਾਰ ਚਾਰ ਲੈ ਕੇ ਉਨ੍ਹਾਂ ਨੂੰ ਨਵੀਂ ਕਮੇਟੀ ਬਾਰੇ ਫੈਸਲਾ ਲੈਣ ਦੇ ਅਧਿਕਾਰ ਦੇ ਦਿੱਤੇ।
ਮੀਟਿੰਗ ਸ਼ੁਰੂ ਹੋ ਗਈ। ਪਹਿਲਾਂ ਪੁਰਾਣੀ ਕਮੇਟੀ ਰੱਖਣ ਦੀ ਗੱਲ ਹੋਈ, ਪਰ ਬਹੁਤਾ ਸਹਿਯੋਗ ਨਾ ਮਿਲਿਆ। ਮੈਂ ਸੁਝਾਅ ਦਿੱਤਾ ਕਿ ਦੋਵਾਂ ਧੜਿਆਂ ਦੇ ਮੈਂਬਰਾਂ ਨੂੰ ਛੱਡ ਕੇ ਕਿਉਂ ਨਾ ਨਵੇਂ ਚਿਹਰੇ ਹੀ ਕਮੇਟੀ ਲਈ ਚੁਣ ਲਈਏ। ਸਭ ਨੇ ਵਿਚਾਰ-ਵਟਾਂਦਰੇ ਮਗਰੋਂ ਸਹਿਮਤੀ ਦੇ ਦਿੱਤੀ। ਪੰਦਰਾਂ ਵੀਹ ਮਿੰਟਾਂ ਵਿੱਚ ਨਵੀਂ ਕਮੇਟੀ ਲਈ ਉਮੀਦਵਾਰਾਂ ਦੀ ਲਿਸਟ ਬਣ ਗਈ। ਸਾਰੇ ਮੈਂਬਰਾਂ ਨੇ ਸਹਿਮਤੀ ਵਜੋਂ ਕਾਗਜ਼ ਉਤੇ ਉਮੀਦਵਾਰਾਂ ਤੇ ਅਹੁਦਿਆਂ ਦੇ ਨਾਂ ਲਿਖੇ ਅਤੇ ਦਸਤਖ਼ਤ ਕਰ ਦਿੱਤੇ। ਉਂਜ ਸਾਰੇ ਹੈਰਾਨ ਸਨ ਕਿ ਮਸਲਾ ਐਨੀ ਛੇਤੀ ਹੱਲ ਹੋ ਜਾਵੇਗਾ! ਸੰਗਤ ਤੋਂ ਪ੍ਰਵਾਨਗੀ ਦੀ ਵਾਰੀ ਸੀ। ਸਾਰਿਆਂ ਨੂੰ ਫ਼ੈਸਲਾ ਪਸੰਦ ਆ ਗਿਆ ਸੀ। ਦੋ ਚਾਰ ਦਿਨਾਂ ਮਗਰੋਂ ਜਨਰਲ ਹਾਊਸ ਸੱਦਣ ਲਈ ਕਿਹਾ ਗਿਆ।
ਇੰਨੇ ਨੂੰ ਜਿਸ ਸੱਜਣ ਨੂੰ ਜਨਰਲ ਸਕੱਤਰ ਥਾਪਿਆ ਸੀ, ਉਸ ਨੇ ਕੰਮ ਕਰਨ ਤੋਂ ਅਸਮਰਥਾ ਪ੍ਰਗਟਾ ਦਿੱਤੀ। ਸਾਨੂੰ ਅੱਠ ਮੈਂਬਰਾਂ ਨੂੰ ਫਿਰ ਹੱਥਾਂ ਪੈਰਾਂ ਦੀ ਪੈ ਗਈ। ਦੁਬਾਰਾ ਮੀਟਿੰਗ ਸੱਜੀ। ਇਸ ਦੌਰਾਨ ਕਿਸੇ ਇੱਕ ਨਾਂ ਉਤੇ ਸਹਿਮਤੀ ਨਾ ਹੁੰਦੀ ਦੇਖ ਮੇਰੇ ਮੂੰਹੋਂ ਸਹਿਜ ਸੁਭਾ ਨਿਕਲ ਗਿਆ ਕਿ ਨੋਟਿਸ ਬੋਰਡ ਤੇ ਸੁੰਦਰ ਲਿਖਾਈ ਲਿਖਣ ਵਾਲਾ ਸੱਜਣ ਕੌਣ ਹੈ! ਅਸਲ ਵਿੱਚ ਬੋਰਡ ਤੇ ਰੋਜ਼ ਹੁਕਮਨਾਮਾ ਅਤੇ ਹੋਰ ਜਾਣਕਾਰੀ ਸੋਹਣੇ ਅੱਖਰਾਂ ਨਾਲ ਲਿਖਿਆ ਦੇਖ ਕੇ ਆਉਣ ਵਾਲੇ ਹਰ ਸ਼ਰਧਾਲੂ ਦਾ ਮਨ ਖਿੜ ਉਠਦਾ ਸੀ। ਮੈਂ ਕਿਹਾ, ‘‘ਕਿਉਂ ਨਾ ਆਪਾਂ ਸੋਹਣੀ ਲਿਖਾਈ ਵਾਲੇ ਸੱਜਣ ਨੂੰ ਪੇਸ਼ਕਸ਼ ਕਰੀਏ।''
ਸਾਰੇ ਮੈਂਬਰਾਂ ਨੇ ਸਹਿਮਤੀ ਦੇ ਦਿੱਤੀ। ਕੁਝ ਮੈਂਬਰਾਂ ਨੇ ਕਿਹਾ ਕਿ ਗੱਲ ਠੀਕ ਹੈ ਪਰ ਉਸ ਤੋਂ ਪਹਿਲਾਂ ਪੁੱਛ ਲਓ, ਕਿਤੇ ਉਹੀ ਗੱਲ ਨਾ ਹੋਵੇ। ਖ਼ੈਰ ਉਸ ਨੂੰ ਫੋਨ ਉਤੇ ਇਸ ਬਾਰੇ ਪੁੱਛਿਆ ਤਾਂ ਉਹ ਬਹੁਤ ਸ਼ੁਕਰ ਗੁਜ਼ਾਰ ਹੋਇਆ। ਵੀਹ ਕੁ ਮਿੰਟਾਂ ਵਿੱਚ ਉਹ ਸੱਜਣ ਆ ਗਿਆ। ਮਗਰੋਂ ਪਤਾ ਲੱਗਾ ਕਿ ਉਨ੍ਹਾਂ ਬੋਰਡ ਤੇ ਹੁਕਮਨਾਮਾ ਲਿਖਣ ਦੀ ਸੇਵਾ ਮੰਗ ਕੇ ਲਈ ਸੀ। ਇਹ ਸੱਜਣ ਪੁਰਾਤੱਤਵ ਵਿਭਾਗ ਚੰਡੀਗੜ੍ਹ ਤੋਂ ਆਰਟ ਡਾਇਰੈਕਟਰ ਵਜੋਂ ਸੇਵਾਮੁਕਤ ਹੋਏ ਸਨ। ਨਵਾਂ ਸ਼ਹਿਰ ਨੇੜੇ ਕਸਬਾ ਜਾਡਲਾ ਦੇ ਜੰਮਪਲ ਇਸ ਸੱਜਣ ਅਮਰੀਕ ਸਿੰਘ ਨੇ ਫਾਈਨ ਆਰਟਸ ਕਾਲਜ, ਸ਼ਿਮਲਾ ਵਿੱਚ ਅੱਵਲ ਰਹਿ ਕੇ ਦੋ ਸਾਲਾ ਕੋਰਸ ਕੀਤਾ ਸੀ ਤੇ ਫਿਰ ਚੰਡੀਗੜ੍ਹ ਦੇ ਆਰਟ ਕਾਲਜ ਤੋਂ ਪੰਜ ਸਾਲਾ ਡਿਗਰੀ ਕੀਤੀ ਸੀ। ਸੇਵਾਮੁਕਤ ਹੋਣ ਮਗਰੋਂ ਦੋ ਤਿੰਨ ਵਿਦਿਅਕ ਸੰਸਥਾਵਾਂ ਵਿੱਚ ਕਈ ਸਾਲ ਸਿਖਿਆਰਥੀਆਂ ਨੂੰ ਆਰਟ ਦੀ ਸਿਖਲਾਈ ਦਿੱਤੀ।.. ਸੁੰਦਰ ਲਿਖਾਈ ਨੇ ਧੜੇਬੰਦੀ ਖ਼ਤਮ ਕਰ ਦਿੱਤੀ ਸੀ।

Have something to say? Post your comment