Welcome to Canadian Punjabi Post
Follow us on

19

March 2024
 
ਨਜਰਰੀਆ

ਲੋਕ ਗੀਤਾਂ ਵਿੱਚ ਖੇਤੀਬਾੜੀ ਦੀ ਝਲਕ

May 29, 2020 07:15 AM

-ਅੰਮ੍ਰਿਤ ਪਾਲ
ਪਿੰਡਾਂ ਦੇ ਲੋਕ ਜੀਵਕਾ ਕਮਾਉਣ ਦੇ ਜੱਦੀ ਪੁਸ਼ਤੀ ਧੰਦੇ ਖੇਤੀਬਾੜੀ ਨਾਲ ਮੁੱਢ ਕਦੀਮੋਂ ਜੁੜੇ ਹੋਏ ਹਨ। ਆਦਿ ਮਨੁੱਖ ਦੀਆਂ ਵਿਕਸਤ ਪੀੜ੍ਹੀਆਂ ਨੇ ਇੱਕ ਥਾਂ ਟਿਕ ਕੇ ਖੇਤੀ ਅਤੇ ਇਸ ਨਾਲ ਸੰਬੰਧਤ ਸਹਾਇਕ ਧੰਦਿਆਂ ਨੂੰ ਪਹਿਲ ਦਿੱਤੀ। ਵਸਤੂ ਵਟਾਂਦਰਾ ਪ੍ਰਣਾਲੀ ਦੇ ਸਮੇਂ ਤੋਂ ਵਰਤਮਾਨ ਕਰੰਸੀ ਯੁੱਗ ਤੱਕ ਲਾਭ ਕਮਾਉਣ ਵਾਲੇ ਧੰਦਿਆਂ ਵਿੱਚੋਂ ਖੇਤੀ ਨੂੰ ਇੱਕ ਅਹਿਮ ਧੰਦਾ ਮੰਨਿਆ ਜਾਂਦਾ ਹੈ। ਸਮਾਜ ਅਤੇ ਅਰਥਚਾਰੇ ਦੀ ਚਾਲਕ ਸ਼ਕਤੀ ਵਜੋਂ ਖੇਤੀਬਾੜੀ ਪੇਂਡੂ ਜੀਵਨ ਵਿੱਚ ਮਹੱਤਵ ਪੂਰਨ ਭੂਮਿਕਾ ਅਦਾ ਕਰਦੀ ਹੈ। ਵਿਸ਼ੇਸ਼ ਸਥਾਨ ਰੱਖਣ ਕਾਰਨ ਸਾਹਿਤ ਨੇ ਇਸ ਨੂੰ ਸਮੱਗਰੀ ਵਜੋਂ ਵਰਤਿਆ। ਖੇਤੀਬਾੜੀ ਨੂੰ ਵਿਸ਼ੇ ਵਜੋਂ ਲੋਕ ਕਾਵਿ ਨੇ ਵੀ ਆਪਣੀ ਕਲਾਵੇ ਵਿੱਚ ਲੈਂਦੇ ਹੋਏ ਇਸ ਦਾ ਖੁੱਲ੍ਹ ਕੇ ਵਰਣਨ ਕੀਤਾ।
ਖੇਤੀ ਬਾਰੇ ਇੱਕ ਪਾਸੇ ਕਿਹਾ ਜਾਂਦਾ ਹੈ ‘ਉਤਮ ਖੇਤੀ, ਮੱਧਮ ਵਪਾਰ, ਨਖਿੱਧ ਚਾਕਰੀ ਭੀਖ ਦਵਾਰ', ਪਰ ਲੋਕ ਗੀਤ ਖੇਤੀ ਨੂੰ ਔਖਿਆਈ ਭਰੀ ਜੂਨ ਕਰਾਰ ਦੇਂਦੇ ਹਨ, ਜੋ ਕਿਸਾਨ ਨੂੰ ਮਨੋ ਧਾਰ ਕੇ ਜਾਂ ਮਨ ਨੂੰ ਮਾਰ ਕੇ ਔਖਾ ਜਾਂ ਸੌਖਾ ਹੋ ਕੇ ਕੱਟਣੀ ਪੈਂਦੀ ਹੈ। ਖੇਤੀਬਾੜੀ ਕਰਨਾ ਮਾੜੇ ਧੀੜੇ ਜੀਵ ਦਾ ਕੰਮ ਨਹੀਂ। ਇਹ ਦਿਨ ਰਾਤ ਇੱਕ ਕਰਦੇ ਹੋਏ ਮੌਸਮਾਂ ਨਾਲ ਲੜ ਕੇ ਭੁੱਖੇ ਢਿੱਡ ਅਤੇ ਮਿੱਟੀ ਨਾਲ ਮਿੱਟੀ ਹੋ ਕੇ ਕਰਨੀ ਪੈਂਦੀ ਹੈ। ਤਾਰਿਆਂ ਦੀ ਲੋਏ ਦਿਨ ਦੀ ਸ਼ੁਰੂਆਤ ਹੁੰਦੀ ਹੈ ਅਤੇ ਤਾਰਿਆਂ ਦੀ ਲੋਏ ਸਮਾਪਤੀ। ਕੰਮਾਂ ਦੀ ਇੱਕ ਲੰਮੀ ਲੜੀ ਵਿੱਚੋਂ ਸਿਰ ਖੁਰਕਣ ਦਾ ਵਿਹਲ ਨਹੀਂ ਮਿਲਦਾ :
ਜੱਟਾ ਤੇਰੀ ਜੂਨ ਬੁਰੀ, ਹਲ ਛੱਡ ਕੇ ਚਰ੍ਹੀ ਨੂੰ ਜਾਣਾ
ਪੁਰਾਤਨ ਖੇਤੀ ਇਕੱਲੇਬੰਦ ਦਾ ਕੰਮ ਨਹੀਂ ਸੀ, ਜਿੰਨਾ ਲਾਣਾ ਵੱਧ ਹੁੰਦਾ ਸੀ, ਓਨਾ ਕੰਮ ਸੁਖਾਲਾ। ਵਾਹੁਣ ਜੋਤਣ, ਸਿੰਜਣ, ਗੁੱਡਣ, ਤੋੜਨ, ਵੱਢਣ, ਕੱਢਣ ਜਾਂ ਝਾੜਨ, ਛੱਟਣ ਸੁਆਰਨ, ਸਾਂਭਣ, ਪੀਣ ਨਾਲ ਸੰਬੰਧਤ ਕੰਮਾਂ ਕਾਰਾਂ ਨੂੰ ਸਿਰੇ ਚਾੜ੍ਹਨ ਲਈ ਸਾਰੇ ਮੈਂਬਰਾਂ ਨੂੰ ਹਿੰਮਤ ਜੁਟਾਉਣੀ ਪੈਂਦੀ ਸੀ। ਜਿਵੇਂ :
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਲੱਲੀਆਂ
ਉਥੋਂ ਦੇ ਦੋ ਬਲਦ ਸੁਣੀਂਦੇ,
ਗਲ ਜਿਨ੍ਹਾਂ ਦੇ ਟੱਲੀਆਂ
ਨੱਸ ਨੱਸ ਕੇ ਉਹ ਮੱਕੀ ਬੀਜਦੇ,
ਹੱਥ ਹੱਥ ਲੱਗੀਆਂ ਛੱਲੀਆਂ
ਬੰਤੇ ਦੇ ਬੈਲਾਂ ਨੂੰ,
ਪਾਓ ਗਵਾਰੇ ਦੀਆਂ ਫਲੀਆਂ
***
ਅੱਲ੍ਹੜ ਬੱਲ੍ਹੜ ਬਾਵੇ ਦਾ,
ਬਾਵਾ ਕਣਕ ਲਿਆਵੇਗਾ,
ਬਾਵੀ ਬੈਠੀ ਛੱਟੇਗੀ
ਘਰ ਦੇ ਸਾਰੇ ਮੈਂਬਰਾਂ ਦੇ ਰੁੱਝੇ ਹੋਣ ਦਾ ਕਾਰਨ ਮਸ਼ੀਨਾਂ ਦੀ ਘਾਟ ਤੇ ਉਤੋਂ ਸਾਂਭ ਸੰਭਾਲ ਲਈ ਜ਼ਿਆਦਾ ਮਿਹਨਤ ਮੰਗਦੀਆਂ ਫਸਲਾਂ ਸਨ। ਅੱਜ ਅਜਿਹੀਆਂ ਫਸਲਾਂ ਨੂੰ ਮਿਹਨਤੋਂ ਬਚਣ ਲਈ ਘੱਟ ਬੀਜਿਆ ਜਾਂਦਾ ਹੈ ਜਾਂ ਬੀਜਣ ਤੋਂ ਕੰਨੀ ਕਤਰਾਈ ਜਾਂਦੀ ਹੈ, ਪਰ ਧੰਨ ਸਨ ਉਹ ਲੋਕ, ਜੋ ਬਿਨਾਂ ਮਸ਼ੀਨਾਂ ਦੇ ਸਭ ਕੰਮ ਕਰਦੇ ਸਨ। ਲੋਕ ਗੀਤਾਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਫਸਲਾਂ, ਕਣਕ, ਬਾਜਰਾ, ਮੱਕੀ, ਕਮਾਦ ਦੇ ਨਾਲ ਨਰਮਾ, ਗਵਾਰਾ, ਚਰ੍ਹੀ, ਸਰ੍ਹੋਂ, ਦਾਲਾਂ-ਮੂੰਗੀ, ਛੋਲੇ, ਮੋਠ ਤੇ ਸਬਜ਼ੀਆਂ ਬੀਜਣ ਵੱਢਣ ਦਾ ਜ਼ਿਕਰ ਆਉਂਦਾ ਹੈ ਜਿਸ ਤੋਂ ਸਿੱਧ ਹੁੰਦਾ ਹੈ ਕਿ ਉਸ ਸਮੇਂ ਇਨ੍ਹਾਂ ਫਸਲਾਂ ਦੀ ਖੇਤੀ ਆਮ ਕੀਤੀ ਜਾਂਦੀ ਰਹੀ ਹੈ। ਫਸਲਾਂ ਬੱਚਿਆਂ ਨੂੰ ਪਾਲਣ ਬਰਾਬਰ ਹਨ। ਜਦੋਂ ਜਵਾਨ ਹੋ ਜਾਂਦੀਆਂ ਹਨ ਤਾਂ ਕਈ ਸੱਧਰਾਂ ਵੀ ਜਵਾਨ ਹੁੰਦੀਆਂ ਹਨ। ਪੱਕਦੀਆਂ ਫਸਲਾਂ ਨਾਲ ਕਿਸਾਨ ਦੇ ਸੁਫਨਿਆਂ ਨੂੰ ਵੀ ਬੂਰ ਪੈਂਦਾ ਹੈ :
ਪੱਕੀਆਂ ਫਸਲਾਂ ਪੱਕੇ ਕੋਠੇ,
ਸੁਫਾ ਬਣ ਗਏ ਢਾਰੇ
ਬਿਜਲੀ ਨੇ ਅੱਜ ਰੋਸ਼ਨ ਕੀਤੇ,
ਤਿੰਨ ਤਿੰਨ ਛੱਤੇ ਚੁਬਾਰੇ
ਭੰਗੜਾ ਪਾ ਮੁੰਡਿਆ,
ਤੈਨੂੰ ਕਣਕ ਸੈਨਤਾਂ ਮਾਰੇ
ਭਰਵੀਂ ਪੈਦਾਵਾਰ ਦੇਖ ਸੀਨਾ ਚੌੜਾ ਅਤੇ ਸਿਰ ਉਚਾ ਹੋ ਜਾਂਦਾ ਹੈ। ਫਿਰ ਉਹ ਕਿਸੇ ਦੀ ਟੈਂ ਨਹੀਂ ਮੰਨਦਾ ਇਥੋਂ ਤੱਕ ਕਿ ਪਿੰਡ ਦੇ ਸ਼ਾਹ ਨੂੰ ਵੀ ਕੁਝ ਨਹੀਂ ਜਾਣਦਾ।
ਜੱਟ ਸ਼ਾਹ ਨੂੰ ਖੰਘੂਰੇ ਮਾਰੇ, ਕਣਕਾਂ ਨਿੱਸਰੀਆਂ
ਆਧੁਨਿਕ ਸਮੇਂ ਖੇਤੀ ਦੇ ਉਪ ਨਿਰਯਾਤ ਨਾਲ ਅਰਥਚਾਰੇ ਨੂੰ ਕਾਫੀ ਸਹਾਰਾ ਮਿਲਿਆ ਹੈ। ਪੁਰਾਣੇ ਸਮੇਂ ਨਫ਼ੇ ਨੁਕਸਾਨ ਦੀ ਪ੍ਰਵਾਹ ਕੀਤੇ ਬਿਨਾਂ ਪੇਂਡੂ ਅਰਥਚਾਰਾ ਉਦੋਂ ਵੀ ਖੇਤੀ ਦੇ ਸਹਾਰੇੇ ਤੇ ਖੇਤੀ ਸਹਾਇਕ ਧੰਦਿਆਂ ਸਹਾਰੇ ਗੁਜ਼ਰ ਬਸਰ ਕਰਦਾ ਸੀ। ਜੇ ਕੋਈ ਫਸਲ ਬੀਜੀ ਜਾਂਦੀ ਹੈ ਤਾਂ ਉਸ ਵਿੱਚ ਨਫ਼ੇ ਨੁਕਸਾਨ ਦੇ ਪੂਰੇ ਆਸਾਰ ਹੁੰਦੇ ਹਨ। ਜੇ ਮੀਂਹ ਸਮੇਂ ਅਨੁਸਾਰ ਪੈਣ, ਕੁਦਰਤ ਦਾ ਕਹਿਰ ਨਾ ਟੁੱਟੇ, ਫਸਲਾਂ ਨੂੰ ਕੋਈ ਬਿਮਾਰੀ ਨਾ ਲੱਗੇ, ਮੰਡੀ ਵਿੱਚ ਸਹੀ ਮੁੱਲ ਲੱਗ ਜਾਵੇ ਤਾਂ ਲਾਭ, ਪਰ ਜੇ ਇਸ ਦੇ ਉਲਟ ਤਾਂ ਹਾਨੀ। ਮੌਸਮੀ ਧੰਦਾ ਹੋਣ ਕਰ ਕੇ ਖੇਤੀਬਾੜੀ ਸ਼ੁਰੂ ਤੋਂ ਹੀ ਜੂਆ ਰਹੀ ਹੈ। ਕੁਦਰਤ ਦੀ ਮਾਰ ਦਾ ਨਾ ਹੁਣ ਕੋਈ ਇਲਾਜ ਹੈ ਅਤੇ ਨਾ ਪਹਿਲਾਂ ਸੀ :
ਜਿਹੜੀ ਕਣਕ ਨੂੰ ਗੜੇ ਮਾਰ ਗਏ,
ਉਹਦੀ ਆਸ ਨਾ ਕਰੀਏ
ਆਮ ਜਾਂ ਛੋਟੇ ਕਿਸਾਨ ਲਈ ਘਰ ਦਾ ਨਿਕਸੁੱਕ ਖੇਤੀ ਕਰਨ ਦੇ ਸਮਰੱਥ ਨਹੀਂ ਕਿਉਂਕਿ ਮਹੀਨਿਆਂ ਬੱਧੀ ਪੈਸੇ ਦਾ ਮੂੰਹ ਦੇਖਿਆ ਜਾਂਦਾ ਹੈ। ਛੋਟੇ ਕਿਸਾਨ ਹਮੇਸ਼ਾ ਘਾਟੇ ਦੇ ਸੌਦੇ ਵਿੱਚ ਰਹੇ ਹਨ ਜਾਂ ਆਈ ਚਲਾਈ ਖੇਤੀਬਾੜੀ ਦੀ ਵਿਸ਼ੇਸ਼ਤਾ ਰਹੀ ਹੈ। ਹੱਡ ਭੰਨਵੀਂ ਮਿਹਨਤ ਨੇ ਵੀ ਰੰਗ ਨਾ ਦਿਖਾਇਆ, ਲੇਖਾ ਜੋਖਾ ਕਰਨ ਤੋਂ ਬਾਅਦ ਝੁੱਗੇ ਦਾ ਬੋਝਾ ਖਾਲੀ ਦਾ ਖਾਲੀ। ਲੈਣਦਾਰੀਆਂ ਅਤੇ ਦੇਣਦਾਰੀਆਂ ਸ਼ੁਰੂਆਤੀ ਜੀਵਨ ਤੋਂ ਨਾਲ ਨਾਲ ਚੱਲਦੀਆਂ ਆ ਰਹੀਆਂ ਹਨ। ਕਰਜ਼ੇ ਪਹਿਲਾਂ ਵੀ ਲਏ ਜਾਂਦੇ ਸਨ। ਬਾਣੀਏ, ਪਿੰਡ ਦੇ ਸ਼ਾਹੂਕਾਰ ਜਾਂ ਧਨਾਢ ਕਰਜ਼ੇ ਦੇਣ ਦਾ ਕਾਰਜ ਕਰਦੇ ਸਨ, ਜਿਨ੍ਹਾਂ ਵਿੱਚ ਉਨ੍ਹਾਂ ਦਾ ਆਪਣਾ ਜ਼ਿਆਦਾ ਸਵਾਰਥ ਛੁਪਿਆ ਹੁੰਦਾ ਸੀ। ਵਿਆਜ ਦੀ ਦਰ ਬਹੁਤ ਜ਼ਿਆਦਾ ਸੀ। ਲੋਕ ਕਰਜ਼ਾਈ ਹੋ ਜਾਂਦੇ ਸਨ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ