Welcome to Canadian Punjabi Post
Follow us on

19

March 2024
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ
 
ਨਜਰਰੀਆ

ਚਿੰਤਾ ਤੇ ਚਿੰਤਨ ਦਾ ਵਿਸ਼ਾ ਹੈ ਜਲ ਸੰਕਟ

May 29, 2020 07:13 AM

-ਇੰਜੀ. ਮਨਮੋਹਨ ਸਿੰਘ
ਧਰਤੀ 'ਤੇ ਪਾਣੀ ਦੀ ਹੋਂਦ ਸਦਕਾ ਹੀ ਮਨੁੱਖੀ ਜੀਵਨ ਦੀ ਹੋਂਦ ਸੰਭਵ ਹੋਈ ਹੈ। ਜਿੱਥੇ ਸਾਰੇ ਧਰਮਾਂ ਵਿੱਚ ਪਾਣੀ ਨੂੰ ਪਵਿੱਤਰ ਮੰਨਿਆ ਜਾਂਦਾ ਹੈ, ਉਥੇ ਵਿਗਿਆਨ ਅਨੁਸਾਰ ਪਾਣੀ ਤੋਂ ਬਿਨਾਂ ਜੀਵਨ ਅਸੰਭਵ ਹੈ। ਸਾਡੀ ਧਰਤੀ ਦੇ ਸੱਤਰ ਫੀਸਦੀ ਹਿੱਸੇ ਉਤੇ ਪਾਣੀ ਹੈ ਜਿਸ 'ਚੋਂ 97.5 ਫੀਸਦੀ ਸਮੁੰਦਰ ਤੇ ਹੋਰ ਖਾਰੇ ਪਾਣੀ ਦੇ ਸੋਮੇ ਹਨ। ਬਾਕੀ 2.5 ਫੀਸਦੀ ਪਾਣੀ 'ਚੋਂ 68.7 ਫੀਸਦੀ ਧਰੁਵਾਂ ਅਤੇ ਗਲੇਸ਼ੀਅਰਾਂ 'ਤੇ ਜੰਮਿਆ ਹੋਇਆ ਹੈ। ਕੇਵਲ ਤੀਹ ਫੀਸਦੀ ਪਾਣੀ ਭੂਮੀਗਤ ਹੈ। ਬਾਕੀ 1.2 ਫੀਸਦੀ ਸਤਹੀ ਪਾਣੀ ਦੇ ਰੂਪ ਵਿੱਚ ਹੈ। ਇੰਝ ਜੀਵਨ ਦੀ ਹੋਂਦ ਕਾਇਮ ਰੱਖਣ ਲਈ ਬੜਾ ਘੱਟ ਵਰਤੋਂ ਯੋਗ ਪਾਣੀ ਹੈ। ਮੌਜੂਦਾ ਦੌਰ ਵਿੱਚ ਪੰਜਾਬ ਵੀ ਪਾਣੀ ਦੇ ਗੰਭੀਰ ਸੰਕਟ 'ਚੋਂ ਗੁਜ਼ਰ ਰਿਹਾ ਹੈ।
ਪੰਜਾਬ ਦੇ ਪਾਣੀਆਂ ਦੀ ਸੰਭਾਲ ਲਈ ਹਰ ਪੰਜਾਬੀ ਦਾ ਯੋਗਦਾਨ ਲੋੜੀਂਦਾ ਹੈ। ਦੇਸ਼ ਵਿੱਚ ਨਹਿਰਾਂ ਦੇ ਜਾਲ ਵਿਛੇ ਹੋਣ ਦੇ ਬਾਵਜੂਦ ਪੀਣ ਯੋਗ ਪਾਣੀ ਤੇ ਸਿੰਚਾਈ ਯੋਗ ਪਾਣੀ ਲਗਾਤਾਰ ਘਟਦਾ ਜਾ ਰਿਹਾ ਹੈ। ਸੰਨ 2010 ਦੌਰਾਨ ਭਾਰਤ ਵਿੱਚ ਕੁੱਲ 761 ਕਿਊਬਿਕ ਕਿਲੋਮੀਟਰ ਭੂਮੀਗਤ ਪਾਣੀ ਵਰਤਿਆ ਗਿਆ ਜਿਸ 'ਚੋਂ 688 ਕਿਊਬਿਕ ਕਿਲੋਮੀਟਰ ਖੇਤੀ ਲਈ, 56 ਕਿਊਬਿਕ ਕਿਲੋਮੀਟਰ ਘਰੇੂਲ ਵਰਤੋਂ ਅਤੇ ਪੀਣ ਲਈ ਅਤੇ 17 ਕਿਊਬਿਕ ਕਿਲੋਮੀਟਰ ਉਦਯੋਗਿਕ ਖੇਤਰਾਂ ਵਿੱਚ ਵਰਤਿਆ ਜਾਂਦਾ ਸੀ। ਇਸ ਕੰਮ ਲਈ ਦੋ ਕਰੋੜ ਤੋਂ ਵੱਧ ਟਿਊਬਵੈਲ ਕੁਨੈਕਸ਼ਨ ਲੱਗੇ ਹੋਏ ਹਨ। ਕੇਂਦਰੀ ਭੂਮੀਗਤ ਪਾਣੀ ਬੋਰਡ ਅਨੁਸਾਰ ਭੂਮੀਗਤ ਪਾਣੀ ਦੀ ਮੌਜੂਦਗੀ ਸੰਨ 1947 ਵਿੱਚ 6008 ਕਿਊਬਿਕ ਮੀਟਰ ਸੀ, ਜਿਹੜੀ ਸੰਨ 2000 ਵਿੱਚ 2384 ਕਿਊਬਿਕ ਮੀਟਰ ਰਹਿ ਗਈ ਹੈ। ਕੁਦਰਤ ਨੇ ਪੰਜਾਬ ਨੂੰ ਅਨਮੋਲ ਪਾਣੀ ਅਤੇ ਜ਼ਰਖੇਜ਼ ਮਿੱਟੀ ਦਾ ਵਡਮੁੱਲਾ ਤੋਹਫਾ ਦਿੱਤਾ ਹੈ। ਹਰੀ ਕ੍ਰਾਂਤੀ ਦੌਰਾਨ ਭੂਮੀਗਤ ਪਾਣੀ ਦਾ ਪੱਧਰ ਤੇਜ਼ੀ ਨਾਲ ਥੱਲੇ ਡਿੱਗਿਆ। ਪੰਜਾਬ ਕੋਲ ਦੇਸ਼ ਦੇ ਭੂਗੋਲਿਕ ਖੇਤਰ ਦਾ ਕੇਵਲ ਡੇਢ ਫੀਸਦੀ ਹਿੱਸਾ ਹੈ। ਇਸ ਦੇ ਬਾਵਜੂਦ ਇਹ ਦੇਸ਼ ਦੀ ਕੁੱਲ ਪੈਦਾਵਾਰ ਦਾ ਪੰਜਾਹ ਫੀਸਦੀ ਅਨਾਜ ਪੈਦਾ ਕਰਦਾ ਹੈ। ਇਸ ਦਾ 85 ਫੀਸਦੀ ਭੂਗੋਲਿਕ ਖੇਤਰ ਖੇਤੀ ਹੇਠ ਹੋਣ ਕਾਰਨ ਇਸ ਦੀ ਆਰਥਿਕਤਾ ਮੁੱਖ ਤੌਰ 'ਤੇ ਖੇਤੀ ਆਸਰੇ ਹੈ। ਸੰਨ 2011 ਦੌਰਾਨ ਨਹਿਰੀ ਸਿੰਚਾਈ ਦਾ ਰਕਬਾ 27.4 ਫੀਸਦੀ ਸੀ ਤੇ ਟਿਊਬਵੈੱਲ ਰਾਹੀਂ ਸਿੰਚਾਈ ਹੇਠ ਰਕਬਾ ਸੱਤਰ ਫੀਸਦੀ ਸੀ। ਪੰਜਾਬ ਵਿੱਚ ਹਾੜੀ ਅਤੇ ਸਾਉਣੀ ਦੀਆਂ ਮੁੱਖ ਦੋ ਫਸਲਾਂ ਹੋਣ ਕਾਰਨ ਖੇਤੀ ਲਈ ਪਾਣੀ ਦੀ ਢੁੱਕਵੀਂ ਮਾਤਰਾ ਵਿੱਚ ਲੋੜ ਹੈ। ਇੱਕੀਵੀਂ ਸਦੀ ਵਿੱਚ ਫਸਲੀ ਚੱਕਰ ਦਾ ਮੁੱਖ ਕੇਂਦਰ ਝੋਨਾ-ਕਣਕ ਹਨ, ਜਿਸ ਕਾਰਨ ਸਿੰਚਾਈ ਲਈ ਪਾਣੀ ਦੀ ਮੰਗ ਵਧੀ ਹੈ। ਝੋਨੇ ਦੀ ਕਾਸ਼ਤ ਸੰਨ 1970-71 ਵਿੱਚ 54 ਫੀਸਦੀ ਸੀ, ਜੋ ਸੰਨ 2005-06 ਵਿੱਚ ਵਧ ਕੇ 76 ਫੀਸਦੀ ਹੋ ਗਈ ਅਤੇ ਟਿਊਬਵੈਲਾਂ ਰਾਹੀਂ ਸਿੰਚਾਈ 55 ਤੋਂ 72 ਫੀਸਦੀ ਹੋ ਗਈ।
ਸੰਨ 1970 ਦੌਰਾਨ ਲਗਭਗ ਦੋ ਲੱਖ ਟਿਊਬਵੈੱਲ, 1980 ਵਿੱਚ ਛੇ ਲੱਖ ਅਤੇ ਅੱਜ ਸੂਬੇ ਵਿੱਚ ਟਿਊਬਵੈੱਲਾਂ ਦੀ ਗਿਣਤੀ ਕਰੀਬ ਪੰਦਰਾਂ ਲੱਖ ਤੱਕ ਪਹੁੰਚ ਗਈ ਹੈ। ਟਿਊਬਵੈੱਲਾਂ ਦੇ ਇਸ ਵਾਧੇ ਨੇ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਨਾਲ ਥੱਲੇ ਕਰ ਦਿੱਤਾ ਹੈ। ਭੂਮੀਗਤ ਪਾਣੀ 'ਤੇ ਨਿਰਭਰਤਾ ਨਿਰੰਤਰ ਵਧ ਰਹੀ ਹੈ। ਸੰਨ 1965 ਤੋਂ ਸੰਨ 1995 ਤੱਕ ਵਾਹੀ ਯੋਗ ਰਕਬਾ ਦੁੱਗਣਾ ਹੋ ਗਿਆ ਸੀ। ਇੰਝ ਭੂਮੀਗਤ ਪਾਣੀ ਦੇ ਪੱਧਰ ਦੇ ਥੱਲੇ ਜਾਣ ਦੇ ਤਿੰਨ ਵੱਡੇ ਕਾਰਨ ਬਣਦੇ ਹਨ, ਮੱਕੀ ਦੀ ਫਸਲ ਦੀ ਜਗ੍ਹਾ ਝੋਨੇ ਦੀ ਖੇਤੀ, ਫਸਲੀ ਚੱਕਰ ਵਿੱਚ ਜ਼ਮੀਨ ਨੂੰ ਖਾਲੀ ਨਾ ਛੱਡਣਾ ਅਤੇ ਔਸਤ ਤੋਂ ਘੱਟ ਮੀਂਹ ਦਾ ਪੈਣਾ। ਪਾਣੀ ਦੀ ਬੇਤਹਾਸ਼ਾ ਵਰਤੋਂ ਨੇ ਜਲ ਸੰਤੁਲਨ ਨੂੰ ਵਿਗਾੜਿਆ ਹੈ ਜਿਹੜਾ ਭਵਿੱਖ ਵਿੱਚ ਖੇਤੀ ਲਈ ਵੱਡਾ ਖਤਰਾ ਸਿੱਧ ਹੋਵੇਗਾ। ਆਮ ਤੌਰ 'ਤੇ ਪੰਜਾਬੀ ਇਹੀ ਮੰਨ ਬੈਠੇ ਹਨ ਕਿ ਜ਼ਮੀਨ ਹੇਠਲਾ ਪਾਣੀ ਕਦੇ ਖਤਮ ਨਹੀਂ ਹੋਣਾ। ਇਸ ਧਾਰਨਾ ਬਾਰੇ ਗੰਭੀਰ ਚਿੰਤਨ ਦੀ ਲੋੜ ਹੈ। ਜ਼ਮੀਨਦੋਜ਼ ਪਾਣੀ ਮੁੱਕਣ ਦੇ ਭਿਆਨਕ ਨਤੀਜਿਆਂ ਦੀ ਮਿਸਾਲ ਮੈਕਸੀਕੋ ਸ਼ਹਿਰ ਹੈ ਜਿਹੜਾ ਜ਼ਮੀਨ ਹੇਠੋਂ ਵੱਧ ਪਾਣੀ ਕੱਢਣ ਕਾਰਨ ਹਰ ਸਾਲ 20 ਇੰਚ ਧਰਤੀ ਵਿੱਚ ਗਰਕ ਹੋ ਰਿਹਾ ਹੈ। ਪੰਜਾਬ ਵੀ ਇਸੇ ਪਾਸੇ ਵੱਲ ਵੱਧ ਰਿਹਾ ਹੈ। ਪੰਜਾਬ ਅਤੇ ਹਰਿਆਣਾ ਸਾਡੇ ਦੇਸ਼ ਦੇ ਦੋ ਖੇਤੀ ਪ੍ਰਧਾਨ ਸੂਬੇ ਹਨ। ਹਰੀ ਕ੍ਰਾਂਤੀ ਦੇ ਨਾਇਕ ਕਹੇ ਜਾਣ ਵਾਲੇ ਇਹ ਸੂਬੇ ਅੱਜ ਭੂਮੀਗਤ ਪਾਣੀ ਦੇ ਪੱਧਰ ਦੇ ਲਗਾਤਾਰ ਹੇਠਾਂ ਜਾਣ ਦੀ ਸਮੱਸਿਆ ਨਾਲ ਜੂਝ ਰਹੇ ਹਨ। ਭੂਮੀਗਤ ਪਾਣੀ ਦੇ ਨਿਕਾਸ ਦੀ ਸਭ ਤੋਂ ਵੱਧ ਦਰ ਫਤਿਹਗੜ੍ਹ ਸਾਹਿਬ, ਅੰਮ੍ਰਿਤਸਰ, ਜਲੰਧਰ, ਕਪੂਰਥਲਾ, ਲੁਧਿਆਣਾ, ਮਾਨਸਾ, ਮੋਗਾ, ਨਵਾਂ ਸ਼ਹਿਰ, ਪਟਿਆਲਾ ਤੇ ਸੰਗਰੂਰ ਵਿੱਚ ਹੈ। ਇਸ ਕਾਰਨ ਪਾਣੀ ਦਾ ਪੱਧਰ ਤੀਹ ਮੀਟਰ ਤੋਂ ਵੀ ਵਧੇਰੇ ਥੱਲੇ ਚਲਿਆ ਗਿਆ ਹੈ।
ਹੁਸ਼ਿਆਰਪੁਰ ਜ਼ਿਲੇ ਦੇ ਗੜ੍ਹਸ਼ੰਕਰ ਬਲਾਕ ਦਾ ਪਾਣੀ ਪੰਜਾਹ ਮੀਟਰ ਤੋਂ ਥੱਲੇ ਚਲਾ ਗਿਆ ਹੈ। ਭੂਮੀਗਤ ਪਾਣੀ ਦਾ ਪੱਧਰ ਖਤਰੇ ਦੀ ਹੱਦ ਪਾਰ ਕਰਨ ਵਾਲੇ 138 'ਚੋਂ 103 ਬਲਾਕ ਹਨ ਜਿਹੜੇ ਸੰਨ 1984 ਵਿੱਚ 64 ਸਨ। ਇਨ੍ਹਾਂ ਵਿੱਚੋਂ ਪੰਜ ਬਲਾਕ ਰੈੱਡ ਜ਼ੋਨ ਹਨ ਤੇ ਚਾਰ ਬਲਾਕ ਰੈੱਡ ਜ਼ੋਨ ਵੱਲ ਵੱਧ ਰਹੇ ਹਨ। ਸੂਬੇ ਅੰਦਰ ਖਾਰੇਪਣ ਦੀ ਮਾਰ ਹੇਠ ਕਰੀਬ 10 ਲੱਖ ਹੈਕਟੇਅਰ ਖੇਤਰ ਹੈ। ਧਰਤੀ ਹੇਠਲੇ ਪਾਣੀ ਦੀ ਸਭ ਤੋਂ ਵੱਧ ਤੇਜ਼ੀ ਨਾਲ ਹੇਠਾਂ ਜਾਣ ਦੀ ਦਰ ਸੰਗਰੂਰ ਜ਼ਿਲੇ ਦੀ (0.65 ਮੀਟਰ) ਹੈ। ਲੁਧਿਆਣਾ ਜ਼ਿਲਾ (0.11 ਮੀਟਰ ਤੋਂ 1.34 ਮੀਟਰ) ਦੂਜੇ ਨੰਬਰ 'ਤੇ ਹੈ ਕਿਉਂਕਿ ਉਦਯੋਗਿਕ ਵਰਤੋਂ ਲਈ ਭੂਮੀਗਤ ਪਾਣੀ ਦੀ ਵਰਤੋਂ ਵੱਡੇ ਪੱਧਰ 'ਤੇ ਹੁੰਦੀ ਹੈ। ਬੋਰਾਂ ਦਾ ਲਗਾਤਾਰ ਡੂੰਘੇ ਹੋਣਾ ਵੀ ਪਾਣੀ ਦੇ ਪੱਧਰ ਦੇ ਘਟਣ ਦਾ ਸੂਚਕ ਹੈ। ਮਨੁੱਖੀ ਜੀਵਨ ਦੀਆਂ ਤਿੰਨ ਚੌਥਾਈ ਲੋੜਾਂ ਭੂਮੀਗਤ ਪਾਣੀ 'ਤੇ ਨਿਰਭਰ ਹਨ। ਸੀਮਤ ਭੂਮੀਗਤ ਪਾਣੀ ਬਾਰੇ ਲੋਕਾਂ ਨੂੰ ਚੇਤੰਨ ਹੋਣ ਦੀ ਲੋੜ ਹੈ। ਪੰਜਾਬ ਦੇ ਪਾਣੀਆਂ ਦੇ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਹਰੀ ਕ੍ਰਾਂਤੀ ਦਾ ਮੁੱਖ ਉਦੇਸ਼ ਫਸਲਾਂ ਦੇ ਝਾੜ ਤੇ ਗੁਣਵੱਤਾ ਵਿੱਚ ਵਾਧਾ ਕਰਨਾ ਸੀ। ਰਸਾਇਣਕ ਖਾਦਾਂ/ ਕੀਟਨਾਸ਼ਕਾਂ ਦੇ ਨਾਲ-ਨਾਲ ਉਦਯੋਗਾਂ 'ਚੋਂ ਨਿਕਲਦੇ ਰਸਾਇਣਕ ਪਦਾਰਥ ਵੀ ਪ੍ਰਦੂਸ਼ਣ ਦੇ ਮੁੱਖ ਕਾਰਨ ਹਨ।
ਕੇਂਦਰੀ ਭੂਮੀਗਤ ਪਾਣੀ ਬੋਰਡ ਅਨੁਸਾਰ ਫਲੋਰਾਈਡ ਤੇ ਨਾਈਟ੍ਰੇਟ ਪੰਜਾਬ ਦੇ ਸਾਰੇ ਜ਼ਿਲਿਆਂ ਦੇ ਭੂਮੀਗਤ ਪਾਣੀ ਵਿੱਚ ਹੈ, ਪਰ ਸੱਤ ਜ਼ਿਲਿਆਂ ਵਿੱਚ ਫਲੋਰਾਈਡ ਦੀ ਮਾਤਰਾ ਵੱਧ ਹੈ। ਸਭ ਤੋਂ ਵੱਧ ਫਲੋਰਾਈਡ ਸੰਗਰੂਰ ਜ਼ਿਲੇ ਵਿੱਚ (1.71 ਤੋਂ 11.30 ਮਿਲੀ ਗ੍ਰਾਮ /ਲੀਟਰ) ਹੈ। ਪਟਿਆਲਾ ਜ਼ਿਲਾ (2.05-2.80 ਮਿਲੀ ਗ੍ਰਾਮ /ਲੀਟਰ) ਦੂਜੇ ਨੰਬਰ 'ਤੇ ਹੈ। ਅੱਠ ਜ਼ਿਲਿਆਂ ਦੇ ਭੂਮੀਗਤ ਪਾਣੀ 'ਚ ਨਾਈਟ੍ਰੇਟ ਦੀ ਮਾਤਰਾ ਵੱਧ ਹੈ। ਸਭ ਤੋਂ ਵੱਧ ਨਾਈਟ੍ਰੇਟ ਵੀ ਸੰਗਰੂਰ ਜ਼ਿਲੇ ਵਿੱਚ (107-1180 ਮਿਲੀ ਗ੍ਰਾਮ /ਲੀਟਰ) ਹੈ। ਮੁਕਤਸਰ ਸਾਹਿਬ (83-940 ਮਿਲੀ ਗ੍ਰਾਮ /ਲੀਟਰ ਦੂਜੇ ਨੰਬਰ 'ਤੇ ਹੈ। ਪ੍ਰਦੂਸ਼ਿਤ ਪਾਣੀ ਨਾਲ ਕੈਂਸਰ, ਹੈਜ਼ਾ, ਕਾਲਾ ਪੀਲੀਆ, ਗਠੀਆ, ਜਣਨ ਅੰਗਾਂ, ਮਚੜੀ, ਮਿਹਦੇ ਅਤੇ ਅੰਤੜੀਆਂ ਦੇ ਰੋਗਾਂ ਦਾ ਵਾਧਾ ਹੋਇਆ ਹੈ। ਕਈ ਵਿਦਵਾਨਾਂ ਅਨੁਸਾਰ ਅਗਲੀ ਵਿਸ਼ਵ ਜੰਗ ਪਾਣੀ ਬਾਰੇ ਹੋਵੇਗੀ।
ਪਾਣੀ ਦੀ ਸੰਭਾਲ ਦੇ ਪ੍ਰਬੰਧ ਨੂੰ ਅਸੀਂ ਦੋ ਭਾਗਾਂ ਵਿੱਚ ਵੰਡ ਸਕਦੇ ਹਾਂ। ਪਹਿਲਾ, ਧਰਤੀ ਹੇਠੋਂ ਪਾਣੀ ਦੇ ਨਿਕਾਸ ਨੂੰ ਘੱਟ ਕਰਨਾ ਅਤੇ ਦੂਜਾ ਭੂਮੀਗਤ ਪਾਣੀ ਵਿੱਚ ਰੀਚਾਰਜਿੰਗ ਨੂੰ ਵਧਾਉਣਾ। ਪਾਣੀ ਦਾ ਵੱਡਾ ਹਿੱਸਾ ਝੋਨਾ-ਕਣਕ ਦੇ ਫਸਲੀ ਚੱਕਰ ਦੀ ਭੇਟ ਚੜ੍ਹਦਾ ਹੈ। ਝੋਨਾ ਤੇ ਕਣਕ ਤੋਂ ਇਲਾਵਾ ਹੋਰ ਫਸਲਾਂ ਦੇ ਪੱਕੇ ਮੁੱਲ ਦੇ ਨਿਰਧਾਰਨ ਦੀ ਲੋੜ ਹੈ ਤਾਂ ਜੋ ਚੱਲ ਰਹੇ ਮੁੱਖ ਫਸਲੀ ਚੱਕਰ ਵਿੱਚ ਬਦਲਾਅ ਕੀਤਾ ਜਾ ਸਕੇ। ਪੰਜਾਬੀਆਂ ਨੂੰ ‘ਬਲਿਹਾਰੀ ਕੁਦਰਤਿ ਵਸਿਆ’ ਦੇ ਆਧਾਰ ਨੂੰ ਸਮਝਣ ਦੀ ਲੋੜ ਹੈ। ਸਿੰਚਾਈ ਲਈ ਕਿਸਾਨਾਂ ਨੂੰ ਤੁਪਕਾ ਅਤੇ ਫੁਹਾਰਾ ਪ੍ਰਣਾਲੀ ਅਪਣਾਉਣ ਦੀ ਲੋੜ ਹੈ। ਹਰ ਸਾਲ ਮੀਂਹ ਦਾ ਲਗਭਗ ਚਾਲੀ ਫੀਸਦੀ ਪਾਣੀ ਵਹਿ ਜਾਂਦਾ ਹੈ। ਪੰਜਾਬ ਵਿੱਚ ਮੌਜੂਦ ਡਰੇਨਾਂ (ਬਰਸਾਤੀ ਨਾਲਿਆਂ) ਦੇ ਜਾਲ 'ਤੇ ਛੋਟੇ ਛੋਟੇ ਡੈਮ ਬਣਾ ਕੇ ਬੋਰ ਰਾਹੀਂ ਪਾਣੀ ਨੂੰ ਜ਼ਮੀਨਦੋਜ਼ ਪਾਣੀ ਵਿੱਚ ਰੀਚਾਰਜ ਕੀਤਾ ਜਾ ਸਕਦਾ ਹੈ।
ਮੀਂਹ ਦੇ ਪਾਣੀ ਨੂੰ ਬਚਾਉਣ ਲਈ ਘਰਾਂ ਵਿੱਚ ਰੀਚਾਰਜਿੰਗ ਸਿਸਟਮ ਬਣਾਉਣੇ ਚਾਹੀਦੇ ਹਨ। ਸੂਬਾ ਸਰਕਾਰ ਨੇ ਸੰਨ 2005 ਤੋਂ ਹਰ 200 ਵਰਗ ਮੀਟਰ ਤੋਂ ਵੱਡੀ ਇਮਾਰਤ ਉਸਾਰੀ ਕਰਨ ਲਈ ਰੀਚਾਰਜਿੰਗ ਬੋਰ ਕਰਾਉਣਾ ਲਾਜ਼ਮੀ ਕਰ ਦਿੱਤਾ ਹੈ। ਪੰਜਾਬ ਵਿੱਚ ਪਾਣੀ ਦੀ ਕਿੱਲਤ ਵਧਣ ਦੇ ਨਾਲ ਸੂਬੇ ਦੀ ਆਰਥਿਕਤਾ ਨੂੰ ਵੀ ਡੂੰਘੀ ਸੱਟ ਵੱਜੀ ਹੈ। ਸੂਬੇ ਦੀਆਂ ਵੱਖ-ਵੱਖ ਸਰਕਾਰਾਂ ਨੇ ਪੰਜਾਬ ਦੇ ਦਰਿਆਈ ਪਾਣੀਆਂ ਲਈ ਕਈ ਯਤਨ ਕੀਤੇ ਹਨ, ਪਰ ਇਹ ਕਦੇ ਸਿਰੇ ਨਹੀਂ ਚੜ੍ਹ ਸਕੇ। ਸੂਬੇ ਦੇ ਭੂਮੀਗਤ ਪਾਣੀ ਦਾ ਪੱਧਰ ਇਸ ਸਮੇਂ ਤੇਜ਼ੀ ਨਾਲ ਹੇਠਾਂ ਜਾਣ ਨਾਲ ਦੇਸ਼ ਦੀ ਅਨਾਜ ਸੁਰੱਖਿਆ ਦਾ ਭਵਿੱਖ ਖਤਰੇ ਵਿੱਚ ਹੈ। ਪਾਣੀ ਦੀ ਘਾਟ ਛੇਤੀ ਵੱਡੇ ਦੁਖਾਂਤ ਦਾ ਰੂਪ ਲੈ ਲਵੇਗੀ। ਸਰਕਾਰਾਂ ਨੂੰ ਪਾਣੀ ਸੰਕਟ ਬਾਰੇ ਸਹੀ ਨੀਤੀਆਂ ਘੜਨ ਦੀ ਲੋੜ ਹੈ। ਪਾਣੀ ਦਾ ਮਸਲਾ ਕੇਵਲ ਸਿਆਸੀ ਨਹੀਂ, ਸਗੋਂ ਦੇਸ਼ ਦੀ ਆਰਥਿਕਤਾ, ਮੁਨਾਫਾਖੋਰੀ ਅਤੇ ਮਾਨਸਿਕਤਾ ਨਾਲ ਜੁੜਿਆ ਹੋਇਆ ਹੈ। ਸਾਡੇ ਮਨਾਂ ਵਿੱਚ ਪਾਣੀ ਸੰਕਟ ਪ੍ਰਤੀ ਕੋਈ ਸੰਜੀਦਗੀ ਨਹੀਂ ਹੈ। ਪਾਣੀ ਦੇ ਸੰਕਟ ਦੇ ਹੱਲ ਲਈ ਜ਼ਰੂਰੀ ਹੈ ਕਿ ਹਰ ਪੰਜਾਬੀ ਪਾਣੀ ਦੇ ਪੱਧਰ 'ਦੇ ਥੱਲੇ ਜਾਣ ਤੇ ਪ੍ਰਦੂਸ਼ਣ ਸੰਬੰਧੀ ਚੇਤੰਨ ਤੇ ਜਾਗਰੂਕ ਹੋਵੇ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ