Welcome to Canadian Punjabi Post
Follow us on

05

July 2020
ਨਜਰਰੀਆ

ਇਸ ਤੋਂ ਅੱਗੇ ਮੈਂ (ਸਿਵਿਆਂ ਦੇ ਰਾਹ ਉੱਤੇ) `ਕੱਲਾ ਜਾਊਂਗਾ

May 28, 2020 10:27 AM

-ਪ੍ਰੋਫੈਸਰ ਗੁਰਦੇਵ ਸਿੰਘ ਜੌਹਲ
ਸ਼ਿੰਗਾਰੇ ਦਾ ਸਾਰਾ ਪਰਵਾਰ ਅਮਰੀਕਾ ਚਲੇ ਗਿਆ ਸੀ ਅਤੇ ਉਹ ਵੀ। ਉਥੇ ਉਹਨੂੰ ਥੋੜ੍ਹਾ-ਬਾਹਲਾ ਕੰਮ ਤਾਂ ਕਰਨਾ ਪੈਂਦਾ ਸੀ, ਪਰ ਉਸ ਦਾ ਦਿਲ ਨਹੀਂ ਸੀ ਲੱਗਦਾ। ਇਸ ਲਈ ਉਹ ਸਾਲ 'ਚ ਦੋ-ਚਾਰ ਮਹੀਨੇ ਲਈ ਇੰਡੀਆ ਆ ਜਾਂਦਾ। ਉਹ ਕਾਮਰੇਡ ਸੀ, ਪਾਰਟੀ ਦਾ ਕਾਰਡ ਹੋਲਡਰ ਸੀ। ਕਿਸੇ ਸਮੇਂ ਉਹ ਉਚੀ ਅੱਡੀ ਵਾਲੇ ਕਾਮਰੇਡ ਦਾ ਸਮਰਥਕ ਸੀ, ਪਰ ਫਿਰ ਕਿਸੇ ਹੋਰ ਪਾਸੇ ਝੁਕ ਗਿਆ ਸੀ। ਇੱਕ ਵਾਰੀ ਉਸ ਨੇ ਪਾਰਟੀ ਵੱਲੋਂ ਨਕੋਦਰ ਤੋਂ ਅਸੈਂਬਲੀ ਚੋਣ ਵੀ ਲੜੀ, ਭਾਵੇਂ ਸਫਲ ਨਹੀਂ ਸੀ ਹੋ ਸਕਿਆ। ਸ਼ਾਇਦ ਜ਼ਮਾਨਤ ਵੀ ਜ਼ਬਤ ਹੋ ਗਈ ਸੀ। ਜਦ ਕਦੀ ਵੀ ਇੰਡੀਆ ਆਪਣੇ ਪਿੰਡ ਆਇਆ ਹੁੰਦਾ ਤਾਂ ਪਾਰਟੀ ਵਾਲੇ ਉਸ ਦੇ ਯਾਰ ਮਿੱਤਰ ਉਸ ਦੇ ਪਿੰਡ ਆਉਂਦੇ ਜਾਂਦੇ ਰਹਿੰਦੇ। ਹਵੇਲੀ ਵਿੱਚ ਮੇਲਾ ਲੱਗਿਆ ਰਹਿੰਦਾ।
ਇਸ ਵਾਰੀ ਉਹ ਪਿੰਡ ਆਇਆ ਹੋਇਆ ਸੀ। ਸਾਨੂੰ ਨਹੀਂ ਸੀ ਪਤਾ। ਇੱਕ ਦਿਨ ਸਵੇਰੇ ਸਵੇਰੇ ਜੱਗੀ ਦਾ ਫੋਨ ਆ ਗਿਆ ਕਿ ਸ਼ਿੰਗਾਰਾ ਭਾਅ ਜੀ ਪੂਰਾ ਹੋ ਗਿਆ ਹੈ। ਪਿੰਡ ਆਇਆ ਹੋਇਆ ਸੀ। ਸ਼ਿੰਗਾਰਾ ਜੱਗੀ ਦੀ ਪਤਨੀ ਦਾ ਭਰਾ ਸੀ। ਸ਼ਿੰਗਾਰੇ ਦੇ ਰੁਖ਼ਸਤ ਹੋਣ ਦੀ ਖਬਰ ਤੇ ਸਸਕਾਰ ਦਾ ਦਿਨ ਤੇ ਸਮੇਂ ਬਾਰੇ ਖਬਰ ਤਕਰੀਬਨ ਸਾਰੀਆਂ ਪੰਜਾਬੀ ਅਖਬਾਰਾਂ ਵਿੱਚ ਲੱਗ ਗਈ ਸੀ। ਅਸੀਂ ਸਸਕਾਰ ਦਾ ਸਮਾਂ 11 ਵਜੇ ਮਿੱਥ ਕੇ ਸਾਢੇ ਕੁ ਨੌਂ ਵਜੇ ਜਲੰਧਰੋਂ ਚੱਲ ਪਏ।
ਉਥੇ ਸਾਰਾ ਪਿੰਡ, ਦੋਸਤ-ਮਿੱਤਰ, ਰਿਸ਼ਤੇਦਾਰ ਤੇ ਪਾਰਟੀ ਵਰਕਰ 'ਕੱਠੇ ਹੋਏ ਸਨ। ਬੰਦੇ ਇੱਕ ਪਾਸੇ ਸਨ ਅਤੇ ਤੀਵੀਆਂ ਦੂਜੇ ਪਾਸੇ ਬੈਠੀਆਂ ਸਨ। ਉਥੇ ਜਾ ਕੇ ਪਤਾ ਲੱਗਾ ਕਿ ਸਸਕਾਰ ਇੱਕ ਵਜੇ ਹੋਏਗਾ। ਗਰਮੀ ਅੱਤ ਦੀ ਸੀ। ਪਾਣੀ ਪੀ ਪੀ ਕੇ ਪੇਟ ਭਰ ਗਿਆ। ਜੱਗੀ ਨੇ ਵੀ ਟਾਈਮ ਦੀ ਤਬਦੀਲੀ ਬਾਰੇ ਕੋਈ ਖਬਰ ਨਹੀਂ ਸੀ ਦਿੱਤੀ। ਖੈਰ! ਇੱਕ ਵੱਜਣ ਤੋਂ 15 ਕੁ ਮਿੰਟ ਪਹਿਲਾਂ ਲਾਲ ਝੰਡਿਆਂ ਵਾਲੇ ਮੋਟਰ ਸਾਈਕਲ ਸਵਾਰ ਬਹੁਤ ਸਾਰੇ ਮੁੰਡੇ ਨਾਅਰੇ ਲਾਉਂਦੇ ਆਏ। ਪਿੱਛੇ ਸ਼ਿੰਗਾਰੇ ਦੀ ਮ੍ਰਿਤਕ ਦੇਹ ਇੱਕ ਖੁੱਲ੍ਹੀ ਗੱਡੀ 'ਚ ਰੱਖੀ ਹੋਈ ਸੀ। ਦੋ-ਤਿੰਨ ਨਾਅਰੇ ਵਾਰ ਵਾਰ ਲੱਗ ਰਹੇ ਸਨ। ‘ਕਾਮਰੇਡ ਸ਼ਿੰਗਾਰਾ ਸਿੰਘ, ਅਮਰ ਰਹੇ’। ‘ਸ਼ਿੰਗਾਰਾ ਸਿੰਘ ਤੇਰੀ ਸੋਚ 'ਤੇ, ਪਹਿਰਾ ਦੇਵਾਂਗੇ ਠੋਕ ਕੇ।’
ਸ਼ਿੰਗਾਰੇ ਦੇ ਆਖਰੀ ਸਫਰ ਦੀ ਤਿਆਰੀ ਹੋਣ ਲੱਗ ਪਈ। ਅੱਜ ਤੋਂ ਬਾਅਦ ਨਾ ਉਸ ਨੇ ਮੁੜ ਕੇ ਪਿੰਡ ਆਉਣਾ ਸੀ ਅਤੇ ਨਾ ਮੁੜ ਕੇ ਅਮਰੀਕਾ ਜਾਣਾ ਸੀ। ਸਾਰੇ ਦੋਸਤਾਂ ਮਿੱਤਰਾਂ ਦੇ ਦਿਲ, ਮਨ ਮਸੋਸੇ ਹੋਏ ਸਨ। ਪਰਵਾਰ ਦੇ ਮੈਂਬਰਾਂ ਨੂੰ ਰੋਂਦਿਆਂ ਦੇਖਿਆ ਨਹੀਂ ਸੀ ਜਾ ਰਿਹਾ। ਫਿਰ ਵੀ ਉਹ ਪਰਵਾਰ ਦਾ ਮੁਖੀ ਸੀ। ਪਾਰਟੀ ਨੂੰ ਤਾਂ ਜਿਹੜਾ ਘਾਟਾ ਪਿਆ, ਉਹ ਪੂਰਾ ਨਹੀਂ ਸੀ ਹੋਣ ਵਾਲਾ, ਪਰ ਪਰਵਾਰ ਦੇ ਮੈਂਬਰਾਂ ਨੂੰ ਸੇਧ ਦੇਣ ਵਾਲਾ ਵੀ ਨਹੀਂ ਰਿਹਾ ਸੀ। ਭਾਵੇਂ ਤੁਰ ਜਾਣ ਵਾਲੇ ਦੇ ਨਾਲ ਨਹੀਂ ਜਾਇਆ ਜਾ ਸਕਦਾ ਅਤੇ ਇਹ ਵੀ ਸਭ ਨੂੰ ਪਤਾ ਹੈ ਕਿ ਹਰ ਇੱਕ ਬੰਦੇ ਦੇ ਪਰਵਾਰ ਦੇ ਮੈਂਬਰ, ਦੋਸਤ-ਮਿੱਤਰ, ਰਿਸ਼ਤੇਦਾਰ ਇੱਕ ਇੱਕ ਕਰ ਕੇ ਤੁਰੇ ਜਾ ਰਹੇ ਹਨ। ਸ਼ਿੰਗਾਰੇ ਦੀ ਅੰਤਿਮ ਯਾਤਰਾ ਸ਼ੁਰੂ ਹੋ ਗਈ। ਬੰਦੇ ਅਰਥੀ ਮਗਰ ਅਤੇ ਔਰਤਾਂ ਉਨ੍ਹਾਂ ਦੇ ਪਿੱਛੇ। ਕਹਿਰ ਦੀ ਗਰਮੀ ਅਤੇ ਸਿਖਰ ਦੁਪਹਿਰੇ ਪੈਰ ਨਹੀਂ ਸੀ ਪੁੱਟਿਆ ਜਾਂਦਾ। ਸਾਨੂੰ ਨਹੀਂ ਸੀ ਪਤਾ ਕਿ ਸਿਵੇ ਕਿੰਨੀ ਕੁ ਦੂਰ ਹਨ। ਇੱਕ-ਦੋ ਨੂੰ ਪੁੱਛਿਆ ਵੀ ਤਾਂ ਉਹ ਕਹਿੰਦੇ, ‘‘ਬੱਸ ਪਿੰਡੋਂ ਬਾਹਰ ਨਿਕਲ ਕੇ ਨੇੜੇ ਈ ਹਨ। ਖੇਤਾਂ 'ਚ ਬਹੁਤੇ ਲੋਕ ਤਾਂ ਇੱਕ ਵਜੇ ਦੇ ਹਿਸਾਬ ਨਾਲ ਆਏ ਸਨ।”
ਸਿਵਿਆਂ ਵੱਲ ਨੂੰ ਤੁਰੇ ਜਾਂਦੇ ਲੋਕ ਆਪੋ ਵਿਚੀ ਸ਼ਿੰਗਾਰੇ ਦੀਆਂ ਹੀ ਗੱਲਾਂ ਕਰਦੇ ਸਨ ਕਿ ਇਹ ਹਰ ਬੰਦੇ ਦੇ ਦੁੱਖ-ਸੁੱਖ 'ਚ ਸ਼ਾਮਲ ਹੁੰਦਾ ਸੀ। ਕਿਤੇ ਤਹਿਸੀਲੇ ਜਾਂ ਕਚਹਿਰੀ ਜਾਣਾ ਹੋਵੇ, ਕਦੇ ਨਾਂਹ ਨਹੀਂ ਸੀ ਕਰਦਾ। ਹਰ ਅੜੇ-ਥੁੜ੍ਹੇ ਦੀ ਮਦਦ ਕਰਦਾ ਸੀ। ਜਦੋਂ ਅਮਰੀਕਾ ਤੋਂ ਆਉਂਦਾ ਤਾਂ ਹਰ ਕੋਈ ਉਸ ਨੂੰ ਮਿਲਣ ਜਾਂਦਾ। ਬੜੀ ਸੇਵਾ ਕਰਦਾ ਸੀ। ਮਜ਼ਦੂਰ ਜਮਾਤ ਦੇ ਹਰ ਦੁੱਖ ਸੁੱਖ ਵੇਲੇ ਸਹਾਈ ਹੁੰਦਾ। ਏਨਾ ਖੁੱਲ੍ਹਦਿਲਾ ਕਿ ਮਦਦ ਮੰਗਣ ਵਾਲਾ ਜ਼ਰਾ ਵੀ ਝਿਜਕਦਾ ਨਹੀਂ ਸੀ। ਆਪਣੇ ਭੈਣ-ਭਰਾਵਾਂ ਲਈ ਮਾਂ ਦੇ ਥਾਂ ਵੀ ਉਹੀ ਤੇ ਪਿਓ ਦੇ ਥਾਂ ਵੀ ਉਹੀ। ਪਿੰਡ ਦਾ ਕੋਈ ਮਸਲਾ ਹੋਵੇ, ਉਹਦੀ ਹਾਜ਼ਰੀ ਵਿੱਚ ਰਾਜ਼ੀਨਾਮਾ ਹੁੰਦਾ। ਉਹਦੇ ਹੁੰਦਿਆਂ ਕਦੇ ਪੁਲਸ ਪਿੰਡ ਵੜੀ ਨਹੀਂ ਸੀ। ਗਰੀਬ-ਗੁਰਬੇ ਆਪਣੀਆਂ ਲੋੜਾਂ-ਗਰਜਾਂ ਦੀ ਪੂਰਤੀ ਲਈ ਉਹਦੇ ਮੂੰਹ ਵੱਲ ਦੇਖਦੇ ਅਤੇ ਉਹ ਕਹਿੰਦਾ, ‘‘ਤੁਸੀਂ ਮੂੰਹ ਕਿਉਂ ਲਟਕਾਇਆ ਹੈ, ਜਦ ਤੱਕ ਮੈਂ ਹਾਂ, ਕੋਈ ਚਿੰਤਾ ਨਾ ਕਰੇ। 'ਨ੍ਹੇਰੇ ਸਵੇਰੇ ਜਦੋਂ ਮਰਜ਼ੀ ਆ ਜਾਇਓ।” ਕਈ ਵਾਰੀ ਉਹਨੂੰ ਦੁੱਖ ਵੀ ਹੁੰਦਾ ਕਿ ਜਦੋਂ ਭੱਠੇ ਵਾਲੇ ਮਜ਼ਦੂਰ ਜਾਂ ਖੇਤ ਮਜ਼ਦੂਰ ਲਾਲ ਝੰਡੇ ਵਾਲੇ ਨੌਜਵਾਨ ਕਿਤੇ ਮੁਜ਼ਾਹਰਾ ਕਰਨ ਜਾਂਦੇ ਤਾਂ ਉਨ੍ਹਾਂ ਦੀ ਗਿਣਤੀ ਸੈਂਕੜਿਆਂ-ਹਜ਼ਾਰਾਂ ਵਿੱਚ ਹੁੰਦੀ, ਪਰ ਜਦੋਂ ਵੋਟਾਂ ਪੈਂਦੀਆਂ ਤਾਂ ਪਤਾ ਨਹੀਂ ਇਹ ਲੋਕ ਕਿੱਥੇ ਚਲੇ ਜਾਂਦੇ। ‘ਮੇਰੀ ਪਾਰਟੀ ਦੇ ਲੋਕ ਅਸੈਂਬਲੀ ਤੱਕ ਕਿਉਂ ਨਹੀਂ ਪਹੁੰਚਦੇ? ਉਸ ਨੂੰ ਮੂਲ ਕਮਿਊਨਿਸਟ ਪਾਰਟੀ ਦਾ ਟੁੱਟ ਕੇ ਕਈ ਪਾਰਟੀਆਂ 'ਚ ਬਦਲ ਜਾਣਾ ਦੁੱਖ ਦਿੰਦਾ। ਉਹ ਕਹਿੰਦਾ, ‘‘ਪਤਾ ਸਭ ਨੂੰ ਹੈ ਕਿ ਏਕੇ 'ਚ ਬਰਕਤ ਹੈ ਅਤੇ ਅਸੀਂ 'ਕੱਠੇ ਰਹਿ ਕੇ ਲੋਕ ਘੋਲ 'ਚ ਕਾਮਯਾਬ ਹੋ ਸਕਦੇ ਹਾਂ। ਫਿਰ ਇਹ ਗੱਲਾਂ ਸਭ ਲੋਕੀਂ ਕਿਉਂ ਭੁੱਲ ਜਾਂਦੇ ਹਨ। ਸ਼ਿੰਗਾਰੇ ਦੇ ਬਹੁਤੇ ਰਿਸ਼ਤੇਦਾਰ ਵੀ ਕਾਮਰੇਡ ਹੀ ਸਨ। ਉਸ ਦਾ ਸੁਫਨਾ ਸੀ ਕਿ ਮੇਰਾ ਪਿੰਡ ਸ਼ਹਿਰ ਦੇ ਨੇੜੇ ਹੋਣ ਕਰ ਕੇ ਸ਼ਹਿਰ ਵਾਲੀਆਂ ਸਾਰੀਆਂ ਸੁੱਖ-ਸਹੂਲਤਾਂ ਮੇਰੇ ਪਿੰਡ ਦੇ ਲੋਕਾਂ ਨੂੰ ਵੀ ਮਿਲਣ। ਉਸ ਨੂੰ ਪਤਾ ਸੀ ਕਿ ਕਈ ਪੰਚ-ਸਰਪੰਚ ਬਣ ਕੇ ਵਸਣ ਸ਼ਹਿਰ ਵਿੱਚ ਲੱਗ ਪੈਂਦੇ ਹਨ। ਜਿਹਨੂੰ ਲੋੜ ਹੋਊ ਆਪੇ ਸ਼ਹਿਰ ਸੰਪਰਕ ਕਰੂ।”
ਅਰਥੀ ਮਗਰ ਜਾ ਰਹੀ ਭੀੜ 'ਚ ਕਈ ਲੋਕ ਸਤਿਨਾਮ-ਵਾਹਿਗੁਰੂ ਦਾ ਜਾਪ ਕਰ ਰਹੇ ਸਨ। ਕਈ ਚੁੱਪ ਚੁਪੀਤੇ ਚੱਲ ਰਹੇ ਸਨ। ਕਿਸੇ ਕਿਸੇ ਦੇ ਮੋਬਾਈਲ ਦੀ ਘੰਟੀ ਵੀ ਵੱਜਣ ਲੱਗ ਪੈਂਦੀ। ਕੁਝ ਤਾਂ ਘੰਟੀ ਬੰਦ ਕਰ ਦਿੰਦੇ, ਪਰ ਇੱਕਾ-ਦੁੱਕਾ ਸੁਣ ਲੈਂਦੇ ਅਤੇ ਲੇਟ ਹੋਣ ਦਾ ਕਾਰਨ ਦੱਸਦੇ ਕਿ ਦਾਗ਼ ਦਾ ਸਮਾਂ ਬਦਲ ਗਿਆ ਸੀ। ਕਿਸੇ ਕਿਸੇ ਨੂੰ ਆਪਣੇ ਪਰਵਾਰ ਦੇ ਰੁਖ਼ਸਤ ਹੋਏ ਮੈਂਬਰ, ਤੁਰ ਗਏ ਯਾਰ ਮਿੱਤਰ ਵੀ ਯਾਦ ਆਉਣ ਲੱਗੇ। ਕਈ ਵਡੇਰੀ ਉਮਰ ਦੇ ਸ਼ਿੰਗਾਰੇ ਦੇ ਬੱਚਿਆਂ ਨੂੰ ਭਾਣਾ ਮੰਨਣ ਲਈ ਕਹਿੰਦੇ। ਮੈਂ ਵੀ ਪਲ ਭਰ ਲਈ ਵਿਛੋੜਾ ਦੇ ਗਏ ਆਪਣੇ ਮਾਂ-ਪਿਓ, ਭਰਾਵਾਂ, ਭੈਣ-ਜੀਜੇ ਨੂੰ ਯਾਦ ਕੀਤਾ। ਆਪਣੀ ਮਾਂ ਦੇ ਆਖਰੀ ਸਫਰ 'ਚ ਮੈਂ ਸ਼ਾਮਲ ਨਹੀਂ ਸੀ ਹੋ ਸਕਿਆ। ਬਾਪ ਨੇ ਮੇਰੇ ਕੋਲ ਰਹਿੰਦਿਆਂ ਆਖਰੀ ਸਾਹ ਲਿਆ ਸੀ। ਮੈਂ ਆਪਣੇ ਬਾਪ ਨੂੰ ਦਮ ਤੋੜਦੇ ਦੇਖਿਆ। ਬਾਕੀ ਪਰਦੇਸਾਂ 'ਚ ਹੀ ਪੂਰੇ ਹੋ ਗਏ।
ਰਾਹ 'ਚ ਅਰਥੀ ਨੂੰ ਮੋਢਾ ਦੇ ਰਹੇ ਲੋਕਾਂ ਨੂੰ ਸਾਰੇ ਵਾਰੀ-ਵਾਰੀ ਸਾਹ ਦੁਆ ਰਹੇ ਸਨ। ਸ਼ਮਸ਼ਾਨਘਾਟ ਦਾ ਪ੍ਰਵੇਸ਼ ਦੁਆਰ ਆ ਗਿਆ ਸੀ। ਇਹ ਪਹਿਲੀ ਵਾਰ ਸੀ ਜਦ ਮੈਂ ਪ੍ਰਵੇਸ਼ ਦੁਆਰ ਦੇ ਉਪਰ ਲੱਗਾ ਬੋਰਡ ਪੜ੍ਹਿਆ। ਮੋਟਾ ਅੱਖਰਾਂ 'ਚ ਲਿਖਿਆ ਸੀ, ‘‘ਇਸ ਤੋਂ ਅੱਗੇ ਮੈਂ 'ਕੱਲਾ ਜਾਵਾਂਗਾ।” ਇਹ ਬਿਲਕੁਲ ਸਹੀ ਸੀ। ਇੰਝ ਲੱਗਦਾ ਸੀ ਜਿਵੇਂ ਇਹ ਸ਼ਿੰਗਾਰਾ ਹੀ ਬੋਲ ਰਿਹਾ ਸੀ। ਅਗਲੀ ਦੁਨੀਆ ਚਲੇ ਗਏ ਬੰਦੇ ਨਾਲ ਕੋਈ ਨਹੀਂ ਜਾਂਦਾ।

Have something to say? Post your comment